ਐਸਏਐਸ ਨਗਰ, 15 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਨੇ ਵਣ ਮੰਡਲ ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਅੱਜ 'ਸ਼ਹੀਦ ਏ ਆਜ਼ਮ, ਸਰਦਾਰ ਭਗਤ ਸਿੰਘ ਹਰਿਆਵਲ ਲਹਿਰ' ਸਰਕਾਰ ਦੀ ਫਲੈਗਸ਼ਿਪ ਹਰਿਆਲੀ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਸਮਾਗਮ ਸਿਟੀ ਪਾਰਕ ਸੈਕਟਰ 68, ਐਸ.ਏ.ਐਸ.ਨਗਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਕੁਲਵੰਤ ਸਿੰਘ ਐਮ.ਐਲ.ਏ ਵਿਧਾਨ ਸਭਾ ਹਲਕਾ ਐਸ.ਏ.ਐਸ.ਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ, ਸੀ.ਆਰ.ਪੀ.ਐਫ ਦੀ 2 ਬਟਾਲੀਅਨ, ਸਥਾਨਕ ਐਨ.ਜੀ.ਓਜ਼, ਸਕੂਲੀ ਬੱਚੇ ਤੇ ਬਹੁਤ ਸਾਰੇ ਵਰਗਾਂ ਦੇ ਲੋਕ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਕੰਵਰ ਦੀਪ ਸਿੰਘ ਨੇ ਦੱਸਿਆ ਕਿ ਇਹ ਸਕੀਮ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਨੂੰ ਮਨਾਉਣ ਲਈ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੇ 115 ਵਿਧਾਨ ਸਭਾ ਹਲਕਿਆਂ ਵਿੱਚੋਂ ਹਰੇਕ ਵਿੱਚ ਪੰਜਾਹ ਹਜ਼ਾਰ ਪੌਦੇ ਲਗਾਏ ਜਾਣਗੇ। ਸਬੰਧਤ ਵਿਧਾਇਕ ਆਪਣੇ ਹਲਕੇ ਵਿੱਚ ਬੂਟੇ ਲਗਾਉਣ ਲਈ ਮਾਰਗਦਰਸ਼ਕ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅੱਜ ਮੁਹਾਲੀ ਹਲਕੇ ਵਿੱਚ ਸਿਟੀ ਪਾਰਕ ਸੈਕਟਰ 68 ਮੁਹਾਲੀ ਵਿਖੇ ਵਿਸ਼ਾਲ ਇੱਕ ਰੋਜ਼ਾ ਬੂਟੇ ਲਗਾਉਣ ਦੀ ਮੁਹਿੰਮ ਅਤੇ ਵਣ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਦੇ ਸਵੈ-ਸਹਾਇਤਾ ਸਮੂਹਾਂ ਦੁਆਰਾ ਜੰਗਲੀ ਉਪਜਾਂ ਤੋਂ ਬਣਾਏ ਗਏ ਇੱਕ ਨਵੀਨਤਮ ਸਾਰੇ ਜੈਵਿਕ ਉਤਪਾਦ, ਵਣ ਰੱਖੜੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਵਣ ਮਹਾਂਉਤਸਵ ਮਨਾਉਣ ਲਈ ਵਾਤਾਵਰਨ ਜਾਗਰੂਕਤਾ ਬਾਰੇ ਸਕਿੱਟ ਅਤੇ ਭੰਗੜਾ ਪੇਸ਼ ਕੀਤਾ ਗਿਆ।
ਡੀ.ਐਫ.ਓ ਨੇ ਅੱਗੇ ਦੱਸਿਆ ਕਿ ਪੌਦੇ ਲਗਾਉਣ ਦਾ ਕੰਮ ਵਿਲੱਖਣ ਢੰਗ ਨਾਲ ਕੀਤਾ ਗਿਆ, ਜਿਸ ਤਹਿਤ ਇਹ ਨਾ ਸਿਰਫ਼ ਸਿਟੀ ਪਾਰਕ ਵਿੱਚ, ਬਲਕਿ ਜ਼ਿਲ੍ਹੇ ਵਿੱਚ 20,000 ਤੋਂ ਵੱਧ ਪੌਦਿਆਂ ਵਾਲੀਆਂ 50 ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਲਗਾਇਆ ਗਿਆ ਅਤੇ ਇਸ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸੂਬੇ ਵਿੱਚ ਗਰੀਨ ਕਵਰ ਨੂੰ ਵਧਾਉਣ ਲਈ ਸਰਕਾਰ ਦੀ ਇਹ ਸਕੀਮ ਸ਼ਲਾਘਾਯੋਗ ਕਦਮ ਹੈ ਜੋ ਕਿ ਸੂਬੇ ਦੇ ਹਰਿਆਵਲ ਵਿੱਚ ਹੋਰ ਵਾਧਾ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਤਲਵਾੜ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਅਸੀਂ ਮੋਹਾਲੀ ਜ਼ਿਲ੍ਹੇ ਵਿੱਚ 10 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ ਤਾਂ ਜੋ ਹਰਿਆਲੀ ਨੂੰ ਵਧਾਉਣ ਅਤੇ ਹਰਿਆਲੀ ਦੇ ਸੰਦੇਸ਼ ਨੂੰ ਫੈਲਾਇਆ ਜਾ ਸਕੇ।
ਡੀ.ਐਫ.ਓ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਨਸੂਨ ਸੀਜ਼ਨ ਦੌਰਾਨ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲੇ ਦੀ ਹਰਿਆਲੀ ਨੂੰ ਸਿਰਫ਼ ਜੰਗਲਾਂ ਵਿਚ ਹੀ ਨਹੀਂ ਸਗੋਂ ਜੰਗਲੀ ਖੇਤਰਾਂ ਤੋਂ ਬਾਹਰ ਵੀ ਵਧਾਉਣਾ ਹੈ।

No comments:
Post a Comment