Tuesday, February 7, 2023

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਕੂਲਾਂ ਵਿੱਚ ਕਰੀਅਰ ਟਾਕ ਕੈਂਪ

ਐਸ.ਏ.ਐਸ.ਨਗਰ, 07 ਫਰਵਰੀ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵਲੋਂ ਸ਼ਾਸਤਰੀ ਮਾਡਲ ਸਕੂਲ ਫੇਜ਼-1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਵਿਖੇ ਕਰੀਅਰ ਟਾਕ ਅਤੇ ਵੱਟ ਐਨ ਆਈਡੀਆ-ਏ ਸਟਾਰਟਅੱਪ ਚੈਲੰਜ ਬਾਰੇ ਜਾਗਰੂਕਤਾ ਕੈਂਪ ਲਾਇਆ ਗਿਆ।


ਇਸ ਕੈਂਪ ਵਿੱਚ ਤਿੰਨੇ ਸਕੂਲਾਂ ਦੇ ਲਗਭਗ 250 ਦੇ ਕਰੀਬ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ  ਨੌਜਵਾਨਾਂ ਨੂੰ "ਵੱਟ ਐਨ ਆਈਡੀਆ- ਏ ਸਟਾਰਟਅੱਪ" ਚੈਲੈਂਜ ਬਾਰੇ ਜਾਗਰੂਕ ਕੀਤਾ ਗਿਆ। ਇਸ ਚੈਲੇਂਜ ਦਾ ਮੂਲ ਉਦੇਸ਼ ਨਵੀਨਤਾਕਾਰੀ ਉਦਮੀਆਂ ਨੂੰ ਇੱਕ ਮੰਚ ਰਾਹੀਂ ਮੌਕਾ ਪ੍ਰਦਾਨ ਕਰਨਾ ਹੈ। ਜਿੱਥੇ ਉਹਨਾਂ ਨੂੰ ਆਪਣਾ ਬਿਜ਼ਨਸ ਪ੍ਰੋਜੈਕਟ ਸ਼ੁਰੂ ਕਰਨ ਲਈ ਮਾਹਿਰਾਂ ਦੁਆਰਾ ਉਚਿਤ ਸਲਾਹ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ।



ਕੈਂਪ ਵਿੱਚ ਮੌਜੂਦ ਉਦਮੀਆਂ ਨੂੰ ਅਪੀਲ ਕੀਤੀ ਗਈ ਕਿ ਚਾਹਵਾਨ ਪ੍ਰਾਰਥੀ ਆਪਣੀਆਂ ਅਰਜ਼ੀਆਂ https://bit.ly/WhatAnIdeaMohali 'ਤੇ 15 ਫਰਵਰੀ 2023 ਤੱਕ ਆਨਲਾਈਨ ਸਬਮਿਟ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਬਿਊਰੋ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ, ਬੇਰੁਜ਼ਗਾਰਾਂ ਲਈ ਆਨਲਾਈਨ-ਮੈਨੂਅਲ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਭਵਿੱਖੀ ਸੰਭਾਵਨਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।

ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ ਕੈਂਪ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।  

ਡਿਪਟੀ ਡਾਇਰੈਕਟਰ ਵਲੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਟਾਰਟਅੱਪ ਚੈਲੰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

No comments:

Post a Comment