SBP GROUP

SBP GROUP

Search This Blog

Total Pageviews

Wednesday, September 1, 2021

ਵਿਧਾਨ ਸਭਾ ਮੈਂਬਰਾਂ ਦੀ ਕਮੇਟੀ ਕੋਲੋਂ ਕਰਵਾਈ ਜਾਵੇ ਜੱਲਿ੍ਹਆਂਵਾਲਾ ਬਾਗ ਮਾਮਲੇ ਦੀ ਜਾਂਚ: ਕੁਲਤਾਰ ਸੰਧਵਾਂ

ਚੰਡੀਗੜ੍ਹ,  01 ਸਤੰਬਰ : ਨਰਿੰਦਰ ਮੋਦੀ ਸਰਕਾਰ ਵੱਲੋਂ ਜੰਗੇ ਆਜ਼ਾਦੀ ਦੀ ਵਿਰਾਸਤ ‘ਜੱਲਿ੍ਹਆਂਵਾਲਾ ਬਾਗ’ ਨੂੰ ਨਵੀਨੀਕਰਨ ਦੇ ਨਾਂਅ ’ਤੇ ਮਿਟਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਨੂੰ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਾਰ ਦਿੱਤਾ ਹੈ। ਇਸ ਦੇ ਨਾਲ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜੱਲਿ੍ਹਆਂਵਾਲੇ ਬਾਗ ਵਿਵਾਦ ਸੰਬੰਧੀ ਵਿਧਾਨ ਸਭਾ ਮੈਂਬਰਾਂ ਦੀ ਇੱਕ ਸਰਬ ਪਾਰਟੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਇੱਕ ਮਹੀਨੇ ’ਚ ਜਾਂਚ ਮੁਕੰਮਲ ਕਰੇ ਅਤੇ ਇਹ ਜਾਂਚ ਰਿਪੋਰਟ ਵਿਧਾਨ ਸਭਾ ’ਚ ਰੱਖੀ ਜਾਵੇ । ਕੁਲਤਾਰ ਸਿੰਘ ਸੰਧਵਾਂ ਬੁੱਧਵਾਰ ਨੂੰ ਪਾਰਟੀ ਦਫ਼ਤਰ ’ਚ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਵੀ ਮੌਜ਼ੂਦਗੀ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।


ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਜੱਲਿਆਂਵਾਲਾ ਬਾਗ ਵਿੱਚ ਆਜ਼ਾਦੀ ਪ੍ਰਵਾਨਿਆਂ ਦੀ ਰੱਤ ਡੁਲੀ ਸੀ ਅਤੇ ਇੱਥੋਂ ਦੀ ਮਿੱਟੀ ਅਣਖ ਤੇ ਆਜ਼ਾਦੀ ਦੀ ਪ੍ਰਤੀਕ ਹੈ। ਇਹ ਮਿੱਟੀ ਜਿਥੇ ਆਜ਼ਾਦੀ ਪ੍ਰਵਾਨਿਆਂ ਦੀ ਯਾਦ ਦਿਵਾਉਂਦੀ ਹੈ, ਉਥੇ ਹੀ ਅੰਗਰੇਜ਼ਾਂ ਦੇ ਝੋਲੀ ਚੁੱਕ ਗਦਾਰਾਂ ਬਾਰੇ ਵੀ ਦੱਸਦੀ ਹੈ। ਇਸੇ ਲਈ ਇਹ ਮਿੱਟੀ ਸੌੜੀ ਸੋਚ, ਵੰਡ ਪਾਓ ਤਾਕਤਾਂ ਅਤੇ ਫਿਰੰਗੀ ਸੋਚ ਵਾਲੇ ਮੁਠੀ ਭਰ ਲੋਕਾਂ ਦੀਆਂ ਅੱਖਾਂ ’ਚ ਹਮੇਸ਼ਾਂ ਰੜਕਦੀ ਰਹੀ ਹੈ।’ 

ਸੰਧਵਾਂ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਜੱਲਿ੍ਹਆਂਵਾਲਾ ਬਾਗ ਦੇ ਨਵੀਨੀਕਰਨ ਕੀਤਾ ਗਿਆ ਹੈ, ਜਿਸ ਬਾਰੇ ਸ੍ਰੀ ਅੰਮ੍ਰਿਤਸਰ ਦੇ ਵਸਨੀਕਾਂ ਸਮੇਤ ਇਤਿਹਾਸਕਾਰਾਂ ਵੱਲੋਂ ਜੱਲਿ੍ਹਆਂਵਾਲ ਬਾਗ ਦੀ ਇਤਿਹਾਸਕ ਦਿੱਖ ਮਿਟਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਜੇ ਅਜਿਹਾ ਹੋਇਆ ਹੈ ਤਾਂ ਇਹ ਅਣਗਹਿਲੀ ਹੀ ਨਹੀਂ ਸਗੋਂ ਇਤਿਹਾਸ ਖਾਸਕਰ ਪੰਜਾਬ ਇਤਿਹਾਸ ਮਿਟਾਉਣ ਦੀ ਇੱਕ ਸਾਜਿਸ਼ ਹੈ। 

ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ,‘‘ਭਾਜਪਾ ਦੇਸ਼ ਦਾ ਇਤਿਹਾਸ ਬਦਲਣ ਵੱਲ ਚੱਲੀ ਹੋਈ ਹੈ। ਹੁਣ ਤੱਕ ਦੇਸ਼ ’ਚ ਅਣਗਿਣਤ ਇਤਿਹਾਸਕ ਸਥਾਨਾਂ ਅਤੇ ਧਰੋਹਰਾਂ ਨੂੰ ਬਦਲ ਦਿੱਤਾ ਗਿਆ ਹੈ। ਇਸੇ ਤਹਿਤ ਜੱਲਿ੍ਹਆਂਵਾਲਾ ਬਾਗ ਦੀ ਇਤਿਹਾਸਕ ਦਿੱਖ ਨੂੰ ਵੀ ਮਿਟਾਇਆ ਗਿਆ ਹੈ।’’ ਉਨ੍ਹਾਂ ਕਿਹਾ ਜੱਲਿ੍ਹਆਂਵਾਲਾ ਬਾਗ ’ਚ ਵੱਖ ਵੱਖ ਥਾਵਾਂ ’ਤੇ ਲਾਏ ਬੋਰਡਾਂ ’ਚ ਜਿਸ ਤਰ੍ਹਾਂ ਹਿੰਦੀ ਭਾਸ਼ਾ ਨੂੰ ਸਭ ਤੋਂ ਉਪਰ ਰੱਖ ਕੇ ਪੰਜਾਬੀ ਭਾਸ਼ਾ ਦਾ ਨਿਰਾਦਰ  ਕੀਤਾ ਗਿਆ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਹੈ, ਪਰ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਉਚਿਤ ਸਨਮਾਨ ਮਿਲਣਾ ਚਾਹੀਦਾ ਹੈ। 

ਜੱਲਿ੍ਹਆਂਵਾਲੇ ਬਾਗ ਮਾਮਲੇ ’ਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੱਲੋਂ ਕੀਤੇ ਟਵੀਟ ਨਾਲ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਇਤਿਹਾਸ ਅਤੇ ਇਤਿਹਾਸਕ ਸਥਾਨਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ‘ਮੈਨੂੰ ਨਹੀਂ ਪਤਾ ਕੀ ਤਬਦੀਲੀ ਕੀਤੀ ਗਈ ਹੈ ਮੈਨੂੰ ਇਹ ਚੰਗਾ ਲੱਗਿਆ’  ਆਪਣੇ ਹੀ ਆਗੂ ਰਾਹੁਲ ਗਾਂਧੀ ਨੂੰ ਨੀਵਾਂ ਦਿਖਾਇਆ ਹੈ। ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਫਾਰਮ ਹਾਊਸ ’ਚ ਬੈਠਿਆ ਹੀ ਕਿਵੇਂ ਪਤਾ ਲੱਗ ਗਿਆ ਕਿ ਸਭ ਠੀਕ ਹੈ? ਉਨਾਂ ਕਿਹਾ ਕਿ ਬਾਦਲਾਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਚਾਬੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿੱਚ ਹੈ। ਸੰਧਵਾਂ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਨੇ ਵੀ ਪੰਜਾਬ ਦੀ ਆਨ ਅਤੇ ਸ਼ਾਨ ਨੂੰ ਖ਼ਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਭਗਤੀ ਨਹੀਂ ਦਿਖਾਉਣੀ ਚਾਹੀਦੀ। 

ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੱਲਿ੍ਹਆਂਵਾਲਾ ਬਾਗ ਦਾ ਨਵੀਨੀਕਰਨ ਕਰਨ ਵਾਲੀ ਗੁਜਰਾਤ ਦੀ ਪ੍ਰਾਈਵੇਟ ਕੰਪਨੀ ਦੇ ਕੰਮਾਂ ਅਤੇ 20 ਕਰੋੜ ਦੇ ਖਰਚੇ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ ਅਤੇ ਜਾਂਚ ਦਾ ਜ਼ਿੰਮਾ ਵਿਧਾਨ ਸਭਾ ਵੱਲੋਂ ਗਠਤ ਕਮੇਟੀ ਮੈਂਬਰਾਂ ਨੂੰ ਦਿੱਤਾ ਜਾਵੇ।

No comments:


Wikipedia

Search results

Powered By Blogger