SBP GROUP

SBP GROUP

Search This Blog

Total Pageviews

Wednesday, December 15, 2021

ਸੁਰ ਸੰਗਮ ਸੋਸਾਇਟੀ ਵੱਲੋਂ ਕਰਵਾਏ ਪ੍ਰੋਗਰਾਮ ‘ਚ ”ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ” ਨੇ ਪੱਟੀਆਂ ਧੂੜਾਂ

 ਮੋਹਾਲੀ: 15 ਦਸੰਬਰ : ਸੁਰ ਸੰਗਮ ਸੋਸਾਇਟੀ ਸੈਕਟਰ 70 ਮੋਹਾਲੀ ਵੱਲੋਂ ਭਾਰਤ ਦੇ ਅੰਨਦਾਤਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਜਿੱਤ ਨੂੰ ਸਮਰਪਿਤ ‘ਗੀਤਾਂ ਦੀ ਮਹਿਫਲ‘ ਪ੍ਰੋਗਰਾਮ ਕਰਵਾਇਆ ਗਿਆ।

ਲਈਅਰ ਵੈਲੀ ਪਾਰਕ ਸੈਕਟਰ 62 (ਫੇਜ਼ 8) ਮੋਹਾਲੀ ਵਿੱਚ ਹੋਏ ਇਸ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਸੋਸਾਇਟੀ ਦੇ ਪੈਟਰਨ ਸੁਖਦੇਵ ਸਿੰਘ ਪਟਵਾਰੀ ਵੱਲੋਂ ‘ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲਿਆ‘ ਗਾ ਕੇ  ਮਾਹੌਲ ‘ਚ ਜੋਸ਼ ਭਰ ਦਿੱਤਾ ਅਤੇ ਸਰੋਤਿਆਂ ਨੇ ਆਪ ਮੁਹਾਰੇ ਕਿਸਾਨਾਂ ਦੇ ਹੱਕ ਵਿੱਚ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਸੋਸਾਇਟੀ ਦੇ ਪ੍ਰਧਾਨ ਆਰ ਕੇ ਗੁਪਤਾ ਨੇ ਕਿਸਾਨਾਂ ਵੱਲੋਂ ਸਿਰਜੇ ਭਾਈਚਾਰੇ ਨੂੰ ਸਮਰਪਿਤ ‘ਨਾ ਹਿੰਦੂ ਬਣੇਗਾ, ਨਾ ਮੁਸਲਮਾਨ ਬਣੇਗਾ, ਇਨਸਾਨ ਦੀ ਔਲਾਦ ਹੈ ,ਇਨਸਾਨ ਬਣੇਗਾ‘ ਗਾ ਕੇ ਮਾਹੌਲ ਖੁਸ਼ਗਵਾਰ ਕਰ ਦਿੱਤਾ।


 ਪ੍ਰੋ. ਗੁਲਦੀਪ ਸਿੰਘ ਨੇ ”ਅਭੀ ਅਭੀ ਹਵਾ ਕਾ ਝੋਂਕਾ, ਯਾਦ ਤੇਰੀ ਵਿੱਚ ਆਇਆ” ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸ਼ੋਭਾ ਗੌਰੀਆ ਤੇ ਹਰਿੰਦਰ ਕੌਰ ਨੇ ”ਚੰਨਾ ਕਿੱਥੇ ਗੁਜ਼ਾਰੀ ਆ ਰਾਤ ਵੇ” ਗਾ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਫਿਰ ਵਾਰੀ ਆਈ ਨਰਿੰਦਰ ਕੌਰ ਦੀ ਜਿਸ ਨੇ ਦਿੱਲੀ ਦੇ ਤਾਜ਼ਦਾਰਾਂ ਵੱਲੋਂ ਕੀਤੇ ਜ਼ਬਰ ਦੌਰਾਨ ਸ਼ਹੀਦੀਆਂ ਪਾ ਗਏ ਕਿਸਾਨਾਂ ਦੇ ਪਿਆਰਿਆਂ ਵੱਲੋਂ ਕੀਤੀਆਂ ਉਡੀਕਾਂ ”ਢਲ ਗਈ ਦੁਪਹਿਰ, ਪੈ ਗਈਆਂ ਤਰਕਾਲਾਂ ਵੇ” ਗਾ ਕੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ। ਫਿਰ ”ਦਿੱਲੀਏ ਨੀ ਸੁੱਤੀਏ ਜਗਾਉਣ ਤੈਨੂੰ ਆਏ ਹਾਂ, ਤੇਰੀ ਕੀ ਔਕਾਤ ਦਿਖਾਉਣ ਤੈਨੂੰ ਆਏ ਹਾਂ” ਕਵਿਤਾ ਗਾ ਕੇ ਸੁਖਵਿੰਦਰ ਕੌਰ ਨੇ ਫਿਰ ਸਾਰੀ ਮਹਿਫਲ ਨੂੰ ਟਿੱਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰਾਂ ‘ਤੇ ਕਿਸਾਨਾਂ ਦੇ ਜ਼ੋਸ਼ੀਲੇ ਹੜ੍ਹ ਦਾ ਨਜ਼ਾਰਾ ਪੇਸ਼ ਕਰ ਦਿੱਤਾ। ਸੁਸ਼ਮਾ ਸ਼ਰਮਾਂ ਨੇ ”ਵੋ ਭਾਰਤ ਦੇਸ਼ ਹਮਾਰਾ” ਅਤੇ ਨੀਲਮ ਚੋਪੜਾ ਨੇ ”ਦਿਲ ਤੋ ਪਾਗਲ ਹੈ” ਗਾ ਕੇ ਮਾਹੌਲ ਨੂੰ ਰੋਮਾਂਟਿਕ ਮੋੜਾ ਦਿੱਤਾ। ਐਕਸੀਅਨ ਚਮਨਦੇਵ ਸ਼ਰਮਾ ਨੇ ਗਾਇਕ ਜੱਗੇ ਦਾ ਗੀਤ ”ਤੇਰੀ ਮਾਂ ਨੇ ਸ਼ੀਸ਼ਾ ਤੋੜਤਾ” ਨੂੰ ਬੜੇ ਵਧੀਆ ਅੰਦਾਜ਼ ‘ਚ ਗਾ ਕੇ ਸਰੋਤਿਆਂ ਨੂੰ ਆਕਰਸ਼ਿਤ ਕੀਤਾ। 

ਸੋਸਾਇਟੀ ਦੇ ਸਿਰਕੱਢ ਕਲਾਕਾਰ ਪੰਕੇਸ਼ ਕੁਮਾਰ ਨੇ ”ਯਾਰਾ ਓ ਯਾਰਾ, ਇਸ਼ਕ ਨੇ ਮਾਰਾ, ਮੈਂ ਬੇਨਾਮ ਹੋ ਗਿਆ” ਬਹੁਤ ਹੀ ਵਧੀਆ ਅੰਦਾਜ਼ ‘ਚ ਗਾ ਕੇ ਸਭ ਦੀ ਵਾਹ ਵਾਹ ਖੱਟੀ। ਸ਼ਸ਼ਪਾਲ ਦੁੱਗਲ, ਸੁਦਰਸ਼ਨ ਕੁਮਾਰ, ਰਾਣੀ ਗੁਪਤਾ ਤੇ ਰਾਹੁਲ ਨੇ ਵੀ ਆਪਣੇ ਆਪਣੇ ਵਧੀਆ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।

ਬਾਅਦ ਵਿੱਚ ਪ੍ਰੋਗਰਾਮ ਦੀ ਸਭ ਤੋਂ ਵਧੀਆ ਆਈਟਮ ਗਿੱਧਾ ਪੇਸ਼ ਕੀਤਾ ਗਿਆ। ਸੇਵਾ ਮੁਕਤ ਡੀ ਆਈ ਜੀ ਦਰਸ਼ਨ ਸਿੰਘ ਮਹਿਮੀ, ਸਰਬਜੀਤ ਕੌਰ, ਵਰਿੰਦਰਪਾਲ ਕੌਰ, ਨਿਰੂਪਮਾ, ਚਿੰਕੀ ਗੌਰੀਆ, ਸ਼ਾਲੂ, ਸੋਭਾ ਗੌਰੀਆ ਅਤੇ ਹਰਿੰਦਰ ਕੌਰ ਨੇ ਪੰਜਾਬੀ ਬੋਲੀਆਂ ਪਾਈਆਂ। ਅੰਤ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਹਰ ਦੋ ਮਹੀਨੇ ਬਾਅਦ ਅਜਿਹਾ ਪ੍ਰੋਗਰਾਮ ਕੀਤਾ ਜਾਇਆ ਕਰੇਗਾ।

No comments:


Wikipedia

Search results

Powered By Blogger