SBP GROUP

SBP GROUP

Search This Blog

Total Pageviews

Saturday, August 20, 2022

ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸ਼ਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ

ਐਸ.ਏ.ਐਸ. ਨਗਰ, 20 ਅਗਸਤ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸ਼ਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ। ਇਹ ਗੱਲ ਉਨ੍ਹਾਂ ਅੱਜ ਇੱਥੇ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਹੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਨਿੱਜੀ ਤੌਰ ਉੱਤੇ ਖੇਡਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਗੁਜਰਾਤ ਵਿਖੇ ਅਗਲੇ ਮਹੀਨੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖੇਡ ਦਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਸੂਬਾ ਸਰਕਾਰ ਵੱਲੋਂ ਐਸੋਸੀਏਸ਼ਨ ਨੂੰ ਖੇਡ ਦਲ ਲਈ 50 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਹੋਰ ਸਹਾਇਤਾ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਵਿਸ਼ਵਾਸ ਦਿਵਾਇਆ। 


ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਤਿਆਰ ਕਰ ਰਹੀ ਹੈ ਜਿਸ ਵਿੱਚ ਖਿਡਾਰੀਆਂ ਲਈ ਨਗਦ ਇਨਾਮ, ਨੌਕਰੀ ਦੇਣੀ, ਛੋਟੀ ਉਮਰ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਜਿਸ ਦਾ 29 ਅਗਸਤ ਨੂੰ ਮੁੱਖ ਮੰਤਰੀ ਜਲੰਧਰ ਵਿਖੇ ਉਦਘਾਟਨ ਕਰਨਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਜਿਸ ਤੋਂ ਬਾਅਦ ਸੂਬਾ ਪੱਧਰੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਪੂਲ ਬਣ ਜਾਵੇਗਾ ਜੋ ਅਗਾਂਹ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੱਲਾਂ ਮਾਰਨਗੇ।ਇਸ ਟੂਰਨਾਮੈਂਟ ਦਾ ਮਕਸਦ ਪੰਜਾਬ ਵਿੱਚ ਖਿਡਾਰੀਆਂ ਵਿਚਲੀ ਪ੍ਰਤਿਭਾ ਤੇ ਹੁਨਰ ਦੀ ਤਲਾਸ਼ ਕਰਨਾ ਹੈ।ਉਨ੍ਹਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਸੱਦਾ ਪੱਤਰ ਵੀ ਦਿੱਤਾ।

ਮੀਤ ਹੇਅਰ ਨੇ ਕਿਹਾ ਕਿ ਪੰਜਾਬ 2001 ਵਿੱਚ ਕੌਮੀ ਖੇਡਾਂ ਵਿੱਚ ਪਹਿਲੇ ਨੰਬਰ ਉੱਤੇ ਸੀ ਪਰ ਫੇਰ ਸੂਬਾ ਲਗਾਤਾਰ ਪਛੜਦਾ ਗਿਆ।ਸੂਬਾ ਸਰਕਾਰ ਹੁਣ ਦੂਜੇ ਸੂਬਿਆਂ ਦੀਆਂ ਖੇਡ ਨੀਤੀਆਂ ਦਾ ਅਧਿਐਨ ਕਰਨ ਦੇ ਨਾਲ ਖੇਡ ਮਾਹਿਰਾਂ ਦੀ ਕਮੇਟੀ ਬਣਾਉਣ ਜਾ ਰਹੀ ਹੈ। ਇਸ ਦੇ ਨਾਲ ਹੀ 220 ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕੋਚਾਂ ਦੀਆਂ ਪੋਸਟਾਂ ਪੈਦਾ ਕਰਕੇ ਪਿੰਡ, ਬਲਾਕ ਤੇ ਤਹਿਸੀਲ ਪੱਧਰ ਉੱਤੇ ਤਾਇਨਾਤੀ ਕੀਤੀ ਜਾਵੇਗੀ।ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਸਿਰਫ ਹੁਨਰ ਤਲਾਸ਼ ਕਰਕੇ ਨਿਖਾਰਨ ਦੀ ਲੋੜ ਹੈ। ਖੇਡ ਬਜਟ ਵਧਾਇਆ ਜਾ ਰਿਹਾ ਹੈ।ਖੇਡ ਸਮਾਨ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਜ਼ਮੀਨੀ ਪੱਧਰ ਉੱਤੇ ਖੇਡ ਢਾਂਚਾ ਦੇਖਣ ਲਈ ਜਾਇਜ਼ਾ ਲਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਦਾ ਹੱਲ ਸਿਰਫ ਖੇਡ ਮਾਹੌਲ ਸਿਰਜਣ ਨਾਲ ਹੀ ਹੋਵੇਗੀ। ਨੌਜਵਾਨਾਂ ਦੀ ਊਰਜਾ ਖੇਡਾਂ ਵੱਲ ਲਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਪੱਕਾ ਰੋਜ਼ਗਾਰ ਦਿੱਤਾ ਜਾਵੇਗਾ।ਡਾਈਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਲੋੜ ਪੈਣ ਉੱਤੇ ਖੇਡ ਵਿਭਾਗ ਵਿਦੇਸ਼ੀ ਕੋਚਾਂ ਦੀਆਂ ਸੇਵਾਵਾਂ ਲਵੇਗਾ।

ਇਸ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਵੱਲੋਂ ਖੇਡ ਮੰਤਰੀ ਮੀਤ ਹੇਅਰ ਨੂੰ ਐਸੋਸੀਏਸ਼ਨ ਦਾ ਪੈਟਰਨ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਉਪਰੰਤ ਐਸੋਸੀਏਸ਼ਨ ਵੱਲੋਂ ਖੇਡ ਮੰਤਰੀ ਦਾ ਸਨਮਾਨ ਕੀਤਾ ਗਿਆ ਇਸ ਤੋਂ ਪਹਿਲਾ ਬ੍ਰਹਮ ਮਹਿੰਦਰਾ ਵੱਲੋਂ ਮੀਤ ਹੇਅਰ ਨੂੰ ਪੈਟਰਨ ਬਣਾਉਣ ਲਈ ਮਤਾ ਪਾਇਆ ਗਿਆ ਜਿਸ ਉੱਤੇ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। 

ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ ਨੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਖਿਡਾਰੀਆਂ ਨੂੰ ਨਿੱਜੀ ਤੌਰ ਉੱਤੇ ਹੱਲਾਸ਼ੇਰੀ ਦੇਣ ਅਤੇ ਖੇਡਾਂ ਵਿੱਚ ਦਿਲਚਸਪੀ ਦਿਖਾਉਣ ਦੀ ਸ਼ਲਾਘਾ ਕਰਦਿਆਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਖੇਡ ਵਿਭਾਗ ਤੇ ਐਸੋਸੀਏਸ਼ਨ ਨਾਲ ਮਿਲ ਕੇ ਉਪਰਾਲੇ ਕਰਨ ਦੀ ਗੱਲ ਕੀਤੀ। 

ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ ਨੇ ਖੇਡ ਮੰਤਰੀ ਦਾ ਓਲੰਪਿਕ ਭਵਨ ਪਹੁੰਚਣ ਉੱਤੇ ਧੰਨਵਾਦ ਕਰਦਿਆਂ ਸਵਾਗਤ ਕੀਤਾ।

ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖ਼ਜ਼ਾਨਚੀ ਕਰਮਵੀਰ ਸਿੰਘ ਸਿੱਧੂ, ਕਾਰਜਕਾਰਨੀ ਮੈਂਬਰ ਤੇਜਾ ਸਿੰਘ ਧਾਲੀਵਾਲ, ਅਰਜੁਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ, ਕੁਸ਼ਲਦੀਪ ਸਿੰਘਕਿੱਲੀ ਢਿੱਲੋਂ, ਕੇ.ਪੀ.ਐਸ. ਬਰਾੜ, ਸੰਤੋਸ਼ ਦੱਤਾ, ਪ੍ਰਭਜੋਤ ਸਿੰਘ, ਮਨਿੰਦਰ ਕੌਰ ਵਿਰਕ, ਅਸ਼ੋਕ ਰੌਣੀ, ਆਰ.ਕੇ.ਬਾਲੀ, ਅਰਜੁਨਾ ਐਵਾਰਡੀ ਜਗਜੀਤ ਸਿੰਘ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ ਤੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਵੀ ਹਾਜ਼ਰ ਸਨ।

No comments:


Wikipedia

Search results

Powered By Blogger