ਮੋਰਿੰਡਾ 22 ਨਵੰਬਰ : ਗੁਰਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਪਿੰਡ ਘੜੂੰਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਪ੍ਰਭਾਤ ਫ਼ੇਰੀਆਂ ਨਿਰੰਤਰ ਜਾਰੀ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਈ ਦੀਪ ਸਿੰਘ ਘੜੂੰਆਂ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ 28 ਅਕਤੂਬਰ ਤੋਂ ਨਿਰੰਤਰ ਜਾਰੀ ਹਨ ਜਿਨ੍ਹਾਂ ਵਿਚ ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਤੇ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੋਹਨ ਸਿੰਘ ਦੀ ਦੇਖ-ਰੇਖ ਹੇਠ ਕੱਢੀਆਂ ਜਾ ਰਹੀਆਂ ਇਹ ਪ੍ਰਭਾਤ ਫੇਰੀਆਂ, ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਦੇ ਵੱਖ ਵੱਖ ਗਲੀ-ਮੁਹੱਲਿਆਂ ਵਿਚੋਂ ਗੁਜ਼ਰਦੀਆਂ ਹੋਈਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਬਾਣੀ ਦਾ ਜਸ ਗਾਇਨ ਕਰਦੀਆਂ ਅਤੇ ਸ਼ਰਧਾਲੂ ਸਿੱਖ ਸੰਗਤਾਂ ਦੇ ਘਰਾਂ ਵਿਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਸ਼ਹਾਦਤ ਸਬੰਧੀ ਜਾਣੂ ਕਰਵਾਉਂਦੀਆਂ ਮੁੜ ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਵਿਖੇ ਹੀ ਸਮਾਪਤ ਹੁੰਦੀਆਂ ਹਨ। ਬਾਈ ਦੀਪ ਸਿੰਘ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਤ ਸਾਲਾਨਾ ਸ਼ਹੀਦੀ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ 26, 27, ਅਤੇ 28 ਨਵੰਬਰ ਨੂੰ ਗੁਰਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ, 27 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 28 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਦਾ ਹਜ਼ੂਰੀ ਕੀਰਤਨੀ ਜਥਾ, ਭਾਈ ਕੁਲਵੰਤ ਸਿੰਘ ਕਥਾਵਾਚਕ ਅਤੇ ਗਿਆਨੀ ਸੁਖਜਿੰਦਰ ਸਿੰਘ ਚੰਗਿਆੜਾ ਦਾ ਢਾਡੀ ਜਥਾ ਸੰਗਤਾਂ ਨੂੰ ਕਥਾ, ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰੇਗਾ । ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।


No comments:
Post a Comment