ਐੱਸ ਏ ਐੱਸ ਨਗਰ,13 ਨਵੰਬਰ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਜਾਰੀ ਪ੍ਰੋਗਰਾਮ ਅਤੇ ਮਿਸਟਰ ਜਸਟਿਸ ਤੇਜਿੰਦਰ ਸਿੰਘ ਢੀਂਡਸਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਦੋ ਕੈਪੇਨਾਂ ‘ਹੱਕ ਹਮਾਰਾ ਭੀ ਤੋ ਹੈ’ ਅਤੇ ‘ਇੰਪਾਵਰਮੈਂਟ ਆਫ ਸਿਟੀਜ਼ਨਸ ਥਰੂ ਲੀਗਲ ਅਵੇਅਰਨੈਸ ਐਂਡ ਆਊਟਰੀਚ’ ਨੂੰ ਸਫਲਤਾਪੂਰਵਕ ਢੰਗ ਨਾਲ ਪੂਰਾ ਕੀਤਾ ਗਿਆ। ਇਨਾਂ ਕੈਂਪੇਨਾਂ ਦੀ ਸ਼ੁਰੁਆਤ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਮਿਤੀ 31.10.2022 ਨੂੰ ਕੀਤੀ ਗਈ ਸੀ। ‘ਹੱਕ ਹਮਾਰਾ ਭੀ ਤੋ ਹੈ’ ਕੈਂਪੇਨ ਵੱਖ-ਵੱਖ ਜੇਲ੍ਹਾਂ, ਜਿਨ੍ਹਾਂ ਵਿਚ ਜਿਲ੍ਹਾ ਐਸ.ਏ.ਐਸ. ਨਗਰ ਨਾਲ ਸਬੰਧਤ ਹਵਾਲਾਤੀ ਅਤੇ ਕੈਦੀ ਬੰਦ ਹਨ, ਵਿਚ ਚਲਾਈ ਗਈ ਸੀ ਅਤੇ ਨਾਲਸਾ ਵਲੋ ਤਿਆਰ ਕੀਤੇ ਗਏ ਨਿਰਧਾਰਤ ਪ੍ਰੋਫਾਰਮੇ ਤੇ ਉਨ੍ਹਾਂ ਦਾ ਡਾਟਾ ਤਿਆਰ ਕੀਤਾ ਗਿਆ ਸੀ। ਜਿਲ੍ਹਾ ਜੇਲ੍ਹ ਰੂਪਨਗਰ, ਕੇਂਦਰੀ ਜੇਲ੍ਹ ਪਟਿਆਲਾ ਅਤੇ ਨਵੀਂ ਜਿਲ੍ਹਾ ਜੇਲ੍ਹ, ਨਾਭਾ ਵਿਚ ਬੰਦ ਹਰ ਕੈਦੀ ਅਤੇ ਹਵਾਲਾਤੀ ਨਾਲ ਫੀਲਡ ਪ੍ਰਿਜ਼ਨ ਟੀਮ ਵਲੋਂ ਇੰਟਰਵਿਊ ਕੀਤੀ ਗਈ ਸੀ। ਕੈਦੀਆਂ ਅਤੇ ਹਵਾਲਾਤੀਆਂ ਵਲੋਂ ਦੱਸੀਆਂ ਗਈਆਂ ਮੁਸ਼ਕਲਾਂ ਸਬੰਧੀ ਫੀਲਡ ਪ੍ਰਿਜ਼ਨ ਟੀਮ ਵਲੋਂ ਕੋਰ ਟੀਮ ਨਾਲ ਮਸ਼ਵਰਾ ਕੀਤਾ ਗਿਆ ਸੀ। ਕੋਰ ਟੀਮ ਵਲੋਂ ਹਵਾਲਾਤੀਆਂ ਅਤੇ ਕੈਦੀਆਂ ਵਲੋਂ ਦੱਸੀਆਂ ਗਈਆਂ ਮੁਸ਼ਕਲਾਂ ਦੇ ਹੱਲ ਲਈ ਸਬੰਧਤ ਅਥਾਰਟੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
‘ਇੰਪਾਵਰਮੈਂਟ ਆਫ ਸਿਟੀਜ਼ਨਸ ਥਰੂ ਲੀਗਲ ਅਵੇਅਰਨੈਸ ਐਂਡ ਆਊਟਰੀਚ’ ਕੈਂਪੇਨ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਜਿਲ੍ਹੇ ਤੇ ਸਾਰੇ ਪਿੰਡਾਂ ਤੱਕ ਪਹੁੰਚ ਕਰਨ ਲਈ 14 ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਜੁਡੀਸ਼ੀਅਲ ਅਧਿਕਾਰੀ, ਪੈਨਲ ਦੇ ਵਕੀਲ, ਪੈਰਾ ਲੀਗਲ ਵਲੰਟੀਅਰ, ਐਨ.ਜੀ.ਓਜ਼ ਅਤੇ ਲਾਅ ਦੇ ਵਿਦਿਆਰਥੀ ਸ਼ਾਮਲ ਸਨ। ਇਸ ਤੋਂ ਇਲਾਵਾ ਨਾਲਸਾ ਸਕੀਮਾਂ ਦੇ ਪ੍ਰਚਾਰ ਲਈ ਡੋਰ ਟੂ ਡੋਰ ਕੈਂਪੇਨ ਵੀ ਚਲਾਈ ਗਈ ਜਿਸ ਵਿਚ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਜਿਲੇ ਦੇ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਪੈਂਫਲੈਟ ਵੰਡੇ ਗਏ। ਇਨ੍ਹਾਂ ਕੈਂਪੇਨਾਂ ਦੀ ਸਫਲਤਾਪੂਰਵਕ ਸਮਾਪਤੀ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਮਿਤੀ 13.11.2022, ਐਤਵਾਰ ਨੂੰ ਤਿੰਨ ਥਾਂ ਤੇ ਵਾਕਾਥਾਨ ਦਾ ਆਯੋਜਨ ਕੀਤਾ ਗਿਆ। ਪਹਿਲੀ ਵਾਕਾਥਾਨ ਆਰਮੀ ਲਾਅ ਕਾਲਜ ਵਲੋਂ ਸੈਕਟਰ 68 ਵਿਚ ਕੀਤੀ ਗਈ। ਦੂਸਰੀ ਵਾਕਾਥਾਨ ਐਮਿਟੀ ਯੂਨੀਵਰਸਿਟੀ ਵਲੋਂ ਕੀਤੀ ਗਈ ਜਿਸ ਵਿਚ ਯੂਨੀਵਰਸਿਟੀ ਤੋਂ ਲੈ ਕੇ ਪਿੰਡ ਪਾਪੜੀ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਤੀਸਰੀ ਵਾਕਾਥਾਨ ਸ੍ਰੀ ਸੁਖਮਨੀ ਕਾਲਜ ਆਫ਼ ਲਾਅ ਵਲੋਂ ਕੀਤੀ ਗਈ ਜਿਸ ਵਿਚ ਡੇਰਾਬਸੀ ਦਾ ਇਲਾਕਾ ਕਵਰ ਕੀਤਾ ਗਿਆ। ਇਨ੍ਹਾਂ ਵਾਕਾਥਾਨਾਂ ਵਿਚ 300 ਦੇ ਲਗਭਗ ਕਾਨੂੰਨ ਦੇ ਵਿਦਿਆਰਥੀਆਂ ਨੇ ਭਾਗ ਲਿਆ।


No comments:
Post a Comment