ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 02 ਮਈ : ਕੋਵਿਡ-19 ਦੇ ਵੱਧ ਰਹੇ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਥਿਤੀ
'ਤੇ ਨਜ਼ਰ ਰੱਖਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲੇ ਵਿਚ ਆਈ.ਵੀ.ਆਰ
ਕਾਲਿੰਗ ਨਾਲ ਮੈਨੂਅਲ ਕਾਲ ਸਿਸਟਮ ਦੀ ਮੌਜੂਦਾ ਪ੍ਰਣਾਲੀ ਵਿਚ ਵਾਧਾ ਕੀਤਾ ਗਿਆ ਹੈ। ਇਹ
ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਇਸ ਤੋਂ ਪਹਿਲਾਂ,
ਡਿਸਟ੍ਰਿਕਟ ਕੋਵਿਡ ਪੇਸ਼ੈਂਟ ਟਰੈਕਿੰਗ ਅਫਸਰ (ਸੀਪੀਟੀਓ) ਦੀ ਨਿਗਰਾਨੀ ਹੇਠ ਟੈਲੀ-ਕਾਲ
ਕਰਨ ਵਾਲਿਆਂ ਦੀ ਇਕ ਟੀਮ ਘਰੇਲੂ ਇਕਾਂਤਵਾਸ ਅਧੀਨ ਹਰੇਕ ਕੋਵਿਡ ਪਾਜੇਟਿਵ ਮਰੀਜ਼ ਨਾਲ
ਸੰਪਰਕ ਕਰਦੀ ਸੀ ਅਤੇ ਸਿਹਤ ਸਥਿਤੀ ਦਾ ਅਪਡੇਟ ਲੈਣ ਲਈ ਉਹਨਾਂ ਨੂੰ ਹਰ ਰੋਜ਼ ਕਾਲ ਕਰਦੀ
ਸੀ। ਪਰ, ਪਾਜ਼ੇਟਿਵ ਮਾਮਲਿਆਂ ਵਿਚ ਰੋਜ਼ਾਨਾ ਭਾਰੀ ਵਾਧੇ ਨਾਲ 9000 ਤੋਂ ਵੱਧ ਐਕਟਿਵ ਕੇਸ
ਹੋ ਗਏ ਹਨ ਜਿਸ ਨਾਲ ਇਹਨਾਂ ‘ਤੇ ਮੈਨੂਅਲ ਢੰਗ ਨਾਲ ਨਿਗਰਾਨੀ ਰੱਖਣਾ ਮੁਸ਼ਕਲ ਹੋ ਗਿਆ
ਹੈ। ਅਸੀਂ ਉਪਲਬਧ ਤਕਨਾਲੋਜੀ ਨਾਲ ਕਾਲਿੰਗ ਪ੍ਰਣਾਲੀ ਦੀ ਪੂਰਤੀ ਕੀਤੀ ਹੈ ਅਤੇ ਇੱਕ
ਐਨਜੀਓ- ਸਟੈਪਵਨ ਨਾਲ ਜੁੜੇ ਹਾਂ ਜੋ ਆਈਵੀਆਰ ਕਾਲਾਂ ਦੁਆਰਾ ਘਰੇਲੂ ਇਕਾਂਤਵਾਸ ਅਧੀਨ
ਮਰੀਜ਼ਾਂ ਦੇ ਨਾਲ ਸੰਪਰਕ ਰੱਖਣ ਅਤੇ ਨਿਗਰਾਨੀ ਵਿੱਚ ਪ੍ਰਸ਼ਾਸਨ ਦੀ ਸਹਾਇਤਾ ਕਰੇਗਾ।
ਇਹ ਸਿਸਟਮ ਖੁਦ ਘਰੇਲੂ ਇਕਾਂਤਵਾਸ ਅਧੀਨ ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਡਾਟਾ ਇਕੱਤਰ ਕਰੇਗਾ ਅਤੇ ਹਰੇਕ ਨੰਬਰ ‘ਤੇ ਕਾਲ ਕਰੇਗਾ। ਮਰੀਜ਼ ਨੂੰ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦੇਣੇ ਪੈਣਗੇ ਅਤੇ ਖੁਦ ਆਪਣੀ ਸਥਿਤੀ ਦੇ ਮੁਲਾਂਕਣ ਕੀਤੇ ਅਨੁਸਾਰ ਅਪਡੇਟ ਕਰਨਾ ਹੋਵੇਗਾ। ਮਰੀਜ਼ ਦੇ ਜਵਾਬ ਦੇ ਅਧਾਰ ‘ਤੇ ਇਹ ਸਿਸਟਮ ਜਿਹਨਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ ਉਹਨਾਂ ਲਈ ਰੈਡ ਫਲੈਗ ਦਰਸਾਏਗਾ ਅਤੇ ਬਾਅਦ ਵਿੱਚ ਉਹਨਾਂ ਦੇ ਅਗਲੇਰੇ ਇਲਾਜ ਲਈ ਡਾਕਟਰਾਂ ਦੀ ਟੀਮ ਨਾਲ ਸੰਪਰਕ ਕੀਤਾ ਜਾਵੇਗਾ।
ਹਾਲਾਂਕਿ, ਇਹ ਦੇਖਿਆ ਗਿਆ ਹੈ ਕਿ ਆਮ ਤੌਰ 'ਤੇ ਲੋਕ ਜਾਂ ਤਾਂ ਆਟੋਮੈਟਿਕ ਕਾਲਾਂ ਦਾ ਜਵਾਬ ਨਹੀਂ ਦਿੰਦੇ ਜਾਂ ਉਚਿਤ ਜਵਾਬ ਦਿੱਤੇ ਬਿਨਾਂ ਕਾਲ ਕੱਟ ਦਿੰਦੇ ਹਨ। ਆਈਵੀਆਰ ਕਾਲਾਂ ਵਿੱਚ ਹੋਰ ਭਾਸ਼ਾਵਾਂ ਵਿੱਚ ਗੱਲ ਕਰਨ ਦਾ ਵਿਕਲਪ ਹੈ ਤਾਂ ਜੋ ਵਿਅਕਤੀ ਉਸ ਭਾਸ਼ਾ ਦੀ ਚੋਣ ਕਰ ਸਕੇ ਜਿਸ ਨਾਲ ਉਹ ਆਰਾਮ ਨਾਲ ਗੱਲ ਕਰ ਸਕਦਾ ਹੋਵੇ ਅਤੇ ਉਸ ਅਨੁਸਾਰ ਜਵਾਬ ਦੇ ਸਕੇ। ਘਰੇਲੂ ਇਕਾਂਤਵਾਸ ਅਧੀਨ ਕੋਵਿਡ -19 ਦੇ ਮਰੀਜ਼ਾਂ ਨੂੰ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਸਬੰਧੀ ਜਾਣਕਾਰੀ ਮਰੀਜ਼ਾਂ ਦੇ ਹਿੱਤ ਵਿਚ ਹੁੰਦੀ ਹੈ ਇਸ ਲਈ ਉਨ੍ਹਾਂ ਨੂੰ ਕਾਲ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਪੁੱਛੇ ਜਾਣ ‘ਤੇ ਆਪਣੀ ਸਿਹਤ ਸਥਿਤੀ ਨੂੰ ਅਪਡੇਟ ਕਰਨਾ ਚਾਹੀਦਾ ਹੈ।
ਜ਼ਿਲ੍ਹੇ ਦੇ ਐਸਪੀ ਦਿਹਾਤੀ-ਕਮ- ਕੋਵਿਡ ਪੇਸ਼ੈਂਟ ਟਰੈਕਿੰਗ ਅਫਸਰ (ਸੀਪੀਟੀਓ) ਰਵਜੋਤ ਕੌਰ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਕੋਵਿਡ-19 ਮਰੀਜ਼ਾਂ ਦੀ ਨਿਗਰਾਨੀ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਕੋਲ ਸਹੀ ਜਾਣਕਾਰੀ ਹੈ ਅਤੇ ਉਹ ਘਰੇਲੂ ਇਕਾਂਤਵਾਸ ਦੌਰਾਨ ਸਿਹਤ ਨਾਲ ਜੁੜੀਆਂ ਕੋਈ ਮੁਸ਼ਕਲਾਂ ਦਾ ਹੱਲ ਕਰਨ ਦੇ ਯੋਗ ਹਨ। ਇਸ ਲਈ, ਕੋਵਿਡ ਮਰੀਜ਼ਾਂ ਦੀ ਸਮੇਂ ਸਿਰ ਦੇਖਭਾਲ ਲਈ ਤਾਲਮੇਲ ਅਤੇ ਭਰਵੇਂ ਹੁੰਗਾਰੇ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਨਾਲ ਚੱਲਣ ਵਾਲੀ ਆਟੋਮੈਟਿਕ ਕਾਲ ਵਾਲਾ ਸਿਸਟਮ ਸਮੇਂ ਦੀ ਮੰਗ ਹੈ। ਲੋਕਾਂ ਨੂੰ ਆਈਵੀਆਰ ਕਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਉਹ 'ਉਨ੍ਹਾਂ ਦੀ ਮਦਦ ਕਰਨ ਲਈ ਸਾਡੀ ਸਹਾਇਤਾ ਕਰਨ'।


No comments:
Post a Comment