SBP GROUP

SBP GROUP

Search This Blog

Total Pageviews

Saturday, October 30, 2021

ਡੀ.ਏ.ਪੀ ਖਾਦ ਦੀ ਘਾਟ ਕਾਰਨ ਵਧੀ ਕਾਲਾਬਾਜ਼ਾਰੀ ਬਾਰੇ ਵੀ ਸੁੱਤੀ ਪਈ ਹੈ ਕਾਂਗਰਸ ਸਰਕਾਰ : ਕੁਲਤਾਰ ਸਿੰਘ ਸੰਧਵਾਂ

 ਚੰਡੀਗੜ੍ਹ, 30 ਅਕਤੂਬਰ : ਪੰਜਾਬ ਵਿੱਚ ਡੀ.ਏ.ਪੀ. ਖਾਦ ਦੀ ਭਾਰੀ ਕਮੀ ਹੋਣ ’ਤੇ ਆਮ ਆਦਮੀ ਪਾਰਟੀ (ਆਪ) ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖਾਦ ਦੀ ਘਾਟ ਕਾਰਨ ਹਾੜੀ ਦੀਆਂ ਫ਼ਸਲਾਂ ਖਾਸ ਕਰਕੇ ਕਣਕ ਦੀ ਬਿਜਾਈ ’ਤੇ ਬਹੁਤ ਹੀ ਮਾੜਾ ਅਸਰ ਪਵੇਗਾ। ਜਿਸ ਕਾਰਨ ਸੂਬੇ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਡੀ.ਏ.ਪੀ ਦੀ ਘਾਟ ਲਈ ਨਰਿੰਦਰ ਮੋਦੀ ਸਰਕਾਰ ਅਤੇ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ‘ਆਪ’ ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋੋਸ਼ ਲਾਇਆ ਕਿ ਖਾਦ ਦੀ ਘਾਟ ਕਾਰਨ ਕਾਲਾਬਾਜ਼ਾਰੀ ਵੱਧ ਗਈ ਹੈ ਅਤੇ ਕਿਸਾਨਾਂ ਦੀ ਆਰਥਿਕ ਲੁੱਟ ਵੀ ਸ਼ੁਰੂ ਹੋ ਗਈ ਹੈ। 

ਸ਼ੁਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘‘ਸਮੁੱਚੇ ਪੰਜਾਬ ਵਿੱਚ ਡੀ.ਏ.ਪੀ ਖਾਦ ਦੀ ਵੱਡੇ ਪੱਧਰ ’ਤੇ ਘਾਟ ਪਾਈ ਜਾ ਰਹੀ ਹੈ, ਕਿਉਂਕਿ ਪੰਜਾਬ ਵਿੱਚ ਹਾੜੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀ.ਏ.ਪੀ ਦੀ ਲੋੜ ਹੈ। ਪਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਸਾਜਿਸ਼ ਦੇ ਤਹਿਤ ਪੰਜਾਬ ਨੂੰ ਡੀ.ਏ.ਪੀ ਦੀ ਸਪਲਾਈ ਨਹੀਂ ਦੇ ਰਹੀ।’’ ਉਨ੍ਹਾਂ ਕਿਹਾ ਕਿ  ਡੀ.ਏ.ਪੀ. ਖਾਦ ਦੀ ਘਾਟ ਕਾਰਨ ਨਾ ਕੇਵਲ ਕਣਕ ਬਲਕਿ ਹਾੜੀ ਦੀਆਂ ਸਾਰੀਆਂ ਫ਼ਸਲਾਂ ਗੰਨਾ, ਆਲੂ, ਜੌਂ, ਜਵੀ, ਸਬਜੀਆਂ ਅਤੇ ਪਸ਼ੂਆਂ ਦੇ ਚਾਰਿਆਂ ਆਦਿ ਸਭ ’ਤੇ ਬੁਰਾ ਅਸਰ ਪੈਣਾ ਲਾਜ਼ਮੀ ਹੈ, ਕਿਉਂਕਿ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਇਹਨਾਂ ਫ਼ਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ, ਜਿਨਾਂ ਲਈ ਡੀ.ਏ.ਪੀ. ਖਾਦ ਦੀ ਬਹੁਤ ਹੀ ਜ਼ਿਆਦਾ ਲੋੜ ਹੁੰਦੀ ਹੈ। 



ਸੰਧਵਾਂ ਨੇ ਕਿਹਾ ਕਿ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ ਖਾਦ ਦਾ ਪ੍ਰਬੰਧ ਕਰਨਾ ਨਰਿੰਦਰ ਮੋਦੀ ਅਤੇ ਚੰਨੀ ਸਰਕਾਰ ਦੀ ਜ਼ਿੰਮੇਵਾਰੀ ਸੀ, ਪਰ ਇੰਝ ਜਾਪਦਾ ਡੀ.ਏ.ਪੀ. ਖਾਦ ਦੀ ਸਮੇਂ ਸਿਰ ਲੋੜੀਂਦੀ ਸਪਲਾਈ ਨਾ ਦੇ ਕੇ ਜਿੱਥੇ ਮੋਦੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ੍ਹ ਕੱਢ ਰਹੀ ਹੈ, ਉਥੇ ਪੰਜਾਬ ਸਰਕਾਰ ਦੀ ਨਲਾਇਕੀ ਵੀ ਨੰਗੀ ਹੋਈ ਹੈ। ਜਿਸ ਨੇ ਡੀ.ਏ.ਪੀ ਦੀ ਪੂਰਤੀ ਲਈ ਕੇਂਦਰ ਨਾਲ ਸਮੇਂ ਸਿਰ ਤਾਲਮੇਲ ਨਹੀਂ ਕੀਤਾ,  ਜਦਕਿ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਨੂੰ ਇਸ ਬਾਰੇ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਤੱਕ ਨੂੰ ਮਿਲਣਾ ਚਾਹੀਦਾ ਸੀ। ਪ੍ਰੰਤੂ ਚੰਨੀ ਸਰਕਾਰ ਨੂੰ ਕਿਸਾਨਾਂ ਦੀ ਥਾਂ ਕਾਂਗਰਸ ਦੇ ਦਿੱਲੀ ਦਰਬਾਰ ’ਚ ਗੇੜੇ ਮਾਰਨ ਤੋਂ ਵਿਹਲ ਹੀ ਨਹੀਂ ਮਿਲ ਰਹੀ। ਉਨ੍ਹਾਂ ਸੰਕਾ ਜਾਹਰ ਕੀਤੀ ਕਿ ਪੰਜਾਬ ’ਚ ਕਣਕ ਦੀ ਬਿਜਾਈ ਖ਼ਰਾਬ ਕਰਨ ਦੀ ਸਾਜਿਸ਼ ਤਹਿਤ ਡੀ.ਏ.ਪੀ. ਖਾਦ ਦੀ ਕਿੱਲਤ ਪੈਦਾ ਕੀਤੀ ਜਾ ਰਹੀ ਹੈ, ਕਿਉਂਕਿ ਬਿਜਾਈ ਸਿਰ ’ਤੇ ਹੋਣ ਦੇ ਬਾਵਜੂਦ ਪੰਜਾਬ ਨੂੰ ਲੋੜੀਂਦੀ ਡੀ.ਏ.ਪੀ. ਖਾਦ ਨਹੀਂ ਮਿਲੀ ਰਹੀ। 
‘ਆਪ’ ਆਗੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਅੰਨਦਾਤਾ ਨੂੰ ਨਿਸ਼ਾਨਾ ਬਣਾ ਰਹੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਝੰਡਾ ਬੁਲੰਦ ਕਰਨ ਦੀ ਸਜ਼ਾ ਦਿੱਤੀ ਜਾ ਸਕੇ। ਇਸੇ ਤਰ੍ਹਾਂ ਚੰਨੀ ਸਰਕਾਰ ਦੀ ਅਲੋਚਨਾ ਕਰਦਿਆਂ ਸੰਧਵਾਂ ਨੇ ਕਿਹਾ, ‘‘ਪੰਜਾਬ ਸਰਕਾਰ ਆਪਸੀ ਲੜਾਈ ਦੇ ਚੱਲਦਿਆਂ ਲੋਕ ਮੁੱਦਿਆਂ ਅਤੇ ਕਿਸਾਨੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਲਗਾਤਾਰ ਨਿਕੰਮੀ ਸਾਬਤ ਹੋ ਰਹੀ ਹੈ। 
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ, ‘‘ਡੀ.ਏ.ਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਦੀ ਲੁੱਟ ਵੀ ਸ਼ੁਰੂ ਹੋ ਗਈ ਹੈ। ਖਾਦ ਦਾ ਜਿਹੜਾ ਕੱਟਾ 1200 ਰੁਪਏ ਦੀ ਦਰ ’ਤੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ, ਕਿਸਾਨਾਂ ਨੂੰ ਹੁਣ ਇਹ ਕੱਟਾ 1400 ਰੁਪਏ ਵਿੱਚ ਖ਼ਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੰਧਵਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੰਜਾਬ ਨੂੰ ਡੀ.ਏ.ਪੀ. ਖਾਦ ਦੀ ਲੋੜੀਂਦੀ ਸਪਲਾਈ ਦਿੱਤੀ ਜਾਵੇ, ਤਾਂ ਜੋ ਸੂਬੇ ਵਿੱਚ ਹਾੜੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਹੋ ਜਾਵੇ।     


No comments:


Wikipedia

Search results

Powered By Blogger