SBP GROUP

SBP GROUP

Search This Blog

Total Pageviews

Monday, December 20, 2021

ਕਾਂਗਰਸ, ਬਾਦਲ ਅਤੇ ਭਾਜਪਾ ਬਥੇਰੇ ਪਰਖ਼ ਲਏ, ਹੁਣ ਇੱਕ ਮੌਕਾ ‘ਆਪ’ ਨੂੰ ਦੇਉ: ਭਗਵੰਤ ਮਾਨ

ਦਸੂਹਾ/ ਮੁਕੇਰੀਆਂ (ਹੁਸ਼ਿਆਰਪੁਰ), 20 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਦਸੂਹਾ ਅਤੇ ਮੁਕੇਰੀਆਂ ਵਿੱਚ ਆਮ ਆਦਮੀ ਪਾਰਟੀ ਦੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਦੱਬ ਕੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ‘‘ਢਿੱਡ ਦਾ ਭੁੱਖਾ ਤਾਂ ਰੱਜ ਜਾਂਦਾ, ਪਰ ਨੀਅਤ ਦਾ ਭੁੱਖਾ ਨਹੀਂ ਰੱਜਦਾ। ਸਾਲ 1966 ਤੋਂ ਬਾਅਦ ਕਾਂਗਰਸ ਪਾਰਟੀ 25 ਸਾਲ ਅਤੇ ਅਕਾਲੀ ਦਲ ਬਾਦਲ ਨੇ ਸਾਢੇ 19 ਸਾਲ ਪੰਜਾਬ ’ਤੇ ਰਾਜ ਕੀਤਾ ਅਤੇ ਰੱਜ ਕੇ ਕੁੱਟਿਆ, ਪਰ ਨਾ ਪੈਸੇ ਅਤੇ ਨਾ ਹੀ ਚੌਧਰ ਦੀ ਭੁੱਖ ਮਿਟੀ, ਦੋਵੇਂ ਪਾਰਟੀਆਂ ਅੱਜ ਵੀ ਪੰਜਾਬ ਵਾਸੀਆਂ ਨੂੰ ਕਹਿੰਦੀਆਂ ਇੱਕ ਮੌਕਾ ਹੋਰ ਦੇ ਦੇਵੋ, ਕਿਉਂਕਿ ਇਨਾਂ ਪਾਰਟੀਆਂ ਦੀ ਨੀਅਤ ਲੋਕਾਂ ਦੀ ਸੇਵਾ ਕਰਨ ਦੀ ਨਹੀਂ, ਸਗੋਂ ਲੋਕਾਂ ਨੂੰ ਲੁੱਟਣ ਦੀ ਹੈ ਅਤੇ ਲੁੱਟਣ ਵਾਲਿਆਂ ਦੀ ਨੀਅਤ ਕਦੇ ਭਰਦੀ ਨਹੀਂ ਹੁੰਦੀ।’’
ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ‘‘ਆਓ ਪੰਜਾਬ ਵਾਸਤੇ ਆਪਾਂ ਸਾਰੇ ਇਕੱਠੇ ਹੋ ਜਾਈਏ। ਜੇ ਬੱਚਿਆਂ ਦੀ ਕਿਸਮਤ ਤੇ ਘਰ ਦੀ ਸਥਿਤੀ ਬਦਲਣੀ ਹੈ ਤਾਂ ਵੋਟਾਂ ਵਾਲੀ ਮਸ਼ੀਨ ਦਾ ਬਟਨ ਬਦਲ ਲਈਏ। ਤੱਕੜੀ, ਪੰਜਾ, ਕਮਲ ਆਦਿ ਨੂੰ ਛੱਡ ਕੇ ‘ਝਾੜੂ’ ਵਾਲਾ ਬਟਨ ਦਬਾਈਏ।’’
ਭਗਵੰਤ ਮਾਨ ਨੇ ਦਸੂਹਾ ਅਤੇ ਮੁਕੇਰੀਆਂ ’ਚ  ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਦੋਸ਼ ਲਾਇਆ ਕਿ ਇਨਾਂ ਪਾਰਟੀਆਂ ਦੇ ਆਗੂਆਂ ਨੇ ‘ਆਟਾ ਪੀਹਣ ਵਾਲੀ ਚੱਕੀ ਦੇ ਪੁੜਾਂ’ ਵਾਂਗ ਸੂਬੇ ਦੇ ਲੋਕਾਂ ਨੂੰ ਨਪੀੜਿਆ ਹੈ। ਕਦੇ ਕਾਂਗਰਸ ਰੂਪੀ ਪੁੜ ਖੜ੍ਹ ਜਾਂਦਾ ਤਾਂ ਅਕਾਲੀ ਦਲ ਬਾਦਲ ਰੂਪੀ ਪੁੜ ਚੱਲ ਪੈਂਦਾ ਅਤੇ ਕਦੇ ਬਾਦਲ ਰੂਪੀ ਪੁੜ ਖੜ੍ਹ ਜਾਂਦਾ ਤਾਂ ਕਾਂਗਰਸ ਰੂਪੀ ਪੁੜ ਚੱਲ ਪੈਂਦਾ, ਪਰ ਇਨਾਂ ਪੁੜਾਂ ਵਿਚਾਲੇ ਵੋਟਰ ਰੂਪੀ ਦਾਣੇ ਪਿੱਸਦੇ ਰਹਿੰਦੇ। ਉਨ੍ਹਾਂ ਕਿਹਾ ਕਿ ਰੱਬ ਦੀ ਮਿਹਰਬਾਨੀ ਨਾਲ ‘ਝਾੜੂ’ ਵਾਲਾ ਅਰਵਿੰਦ ਕੇਜਰੀਵਾਲ ਆ ਗਿਆ, ਜਿਹੜਾ ਪਿਸ ਰਹੇ ਦਾਣੇ ਰੂਪੀ ਪੰਜਾਬ ਦੇ ਵੋਟਰਾਂ ਨੂੰ ਅਕਾਲੀ- ਕਾਂਗਰਸ ਦੇ ਪੁੜਾਂ ਵਿਚਾਕਾਰੋਂ ਝਾੜੂ ਨਾਲ ਬਾਹਰ ਕੱਢ ਲਵੇਗਾ ਤਾਂ ਜੋ ਪੰਜਾਬ ਵਿੱਚ ਲੋਕਾਂ ਦੀ ਸਰਕਾਰ ਬਣਾਈ ਜਾਵੇ, ਨਾ ਕਿ ਕਾਂਗਰਸੀ ਅਤੇ ਅਕਾਲੀਆਂ ਦੀ ਸਰਕਾਰ ਬਣੇ। 
ਸੱਤਾਧਾਰੀ ਕਾਂਗਰਸ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੇ ਆਗੂ 80 ਦਿਨ ਇਕੱਠੇ ਨਹੀਂ ਰਹਿ ਸਕੇ, ਪਰ ਲੋਕਾਂ ਕੋਲੋਂ 5 ਸਾਲ ਹੋਰ ਰਾਜ ਕਰਨ ਲਈ ਮੰਗਦੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ ਅਤੇ ਹੋਰ ਆਗੂ ਆਪਸ ਵਿੱਚ ਲੜਦੇ ਰਹਿੰਦੇ ਹਨ ਅਤੇ ਇਹ ਲੋਕ ਪੰਜਾਬ ਦੇ ਲੋਕਾਂ ਦਾ ਕੀ ਭਵਿੱਖ ਸੰਵਾਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਵਾਅਦੇ ਹਵਾਈ ਕਿਲ੍ਹੇ ਬਣ ਗਏ ਹਨ, ਜੋ ਜ਼ਮੀਨ ’ਤੇ ਉਤਰੇ ਹੀ ਨਹੀਂ ਭਾਵ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ।
ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਕਿ ਭਗਵੰਤ ਮਾਨ ਨੇ ਕਿਹਾ, ‘‘ਰਾਜ ਨਹੀਂ ਸੇਵਾ ਦਾ ਹੋਕਾ ਦੇ ਕੇ ਬਾਦਲ ਪਰਿਵਾਰ ਪੰਜਾਬੀਆਂ ਕੋਲੋਂ ਸੱਤਾ ਦੇ ਮੌਕੇ ਹੀ ਮੰਗਦਾ ਰਿਹਾ ਹੈ,  ਪਰ ਸੱਤਾ ’ਚ ਆ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਦੇ ਨਹੀਂ ਕੀਤੀ। ਅੱਜ ਵੀ ਸਤਿਕਾਰਯੋਗ ਪਰਕਾਸ਼ ਸਿੰਘ ਬਾਦਲ ਨੂੰ ਚਾਰ ਬੰਦੇ ਫੜ੍ਹ ਕੇ ਸਟੇਜ ’ਤੇ ਲਿਆਂਉਂਦੇ ਹਨ ਤਾਂ ਬਾਦਲ ਸਾਬ ਸਟੇਜ ’ਤੇ ਆ ਕੇ ਕਹਿੰਦੇ ਹਨ ‘ਇੱਕ ਮੌਕਾ ਹੋਰ ਦਿਓ’। ਮਾਨ ਨੇ ਪਰਕਾਸ਼ ਸਿੰਘ ਬਾਦਲ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘‘ਬਾਬਾ ਬੱਸ ਕਰ। ਨਵਿਆਂ ਨੂੰ ਵੀ ਮੌਕਾ ਦੇਵੋ। ਸਿਕੰਦਰ ਦੁਨੀਆਂ ਜਿੱਤ ਕੇ ਵੀ ਖਾਲ੍ਹੀ ਹੱਥ ਇਥੋਂ ਗਿਆ ਅਤੇ ਆਪਣੀ ਧਨ- ਦੌਲਤ ਸਭ ਇੱਥੇ ਹੀ ਛੱਡ ਗਿਆ।’’ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਐਨਾ ਝੂਠ ਬੋਲਦੇ ਹਨ ਕਿ ਉਨ੍ਹਾਂ ਨੂੰ ਵੀ ਯਾਦ ਨਹੀਂ ਰਹਿੰਦਾ ਮੈਂ ਕੱਲ੍ਹ ਕੀ ਕਿਹਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਪ੍ਰਾਈਵੇਟ ਕੰਪਨੀ ਬਣਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਹੋਣਾ ਤੋਂ ਪਹਿਲਾ ਫਿਰ ਪੰਥ ਅਤੇ ਪੰਜਾਬ ਦਾ ਮੋਹ ਆਉਣ ਲੱਗਿਆ ਹੈ, ਕਿਉਂਕਿ ਹੁਣ ਸੱਤਾ ’ਚ ਨਹੀਂ ਹਨ।



‘ਆਪ’ ਦੇ ਸੂਬਾ ਪ੍ਰਧਾਨ ਨੇ ਲੋਕਾਂ ਝੰਜੋੜਦਿਆਂ ਕਿਹਾ ਕਿ ਬਾਬੇ ਨਾਨਕ, ਪੀਰਾਂ- ਫ਼ਕੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਨੂੰ ਛੱਡ ਕੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਮਾਂ- ਬਾਪ ਵੀ ਆਪਣੇ ਹੱਥੀਂ ਧੀਆਂ- ਪੁੱਤਾਂ ਨੂੰ ਪੰਜਾਬ ਤੋਂ ਦੂਰ ਭੇਜ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ‘ਗਲਤ ਰਾਹ ’ਤੇ ਨਾ ਪੈ ਜਾਣ’। ਵੋਟ ਦੀ ਸਹੀ ਵਰਤੋਂ ਦਾ ਸੱਦਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਵੋਟਰ ਕਾਰਡ ਨਾਲ ਕਰਤਾਰ ਸਿੰਘ ਸਰਾਭਾ, ਗ਼ਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਦੇ ਸੁਫ਼ਨੇ ਜੁੜੇ ਹੋਏ ਹਨ। ਇਸ ਲਈ ਵੋਟਰ ਕਾਰਡ ਦੀ ਵਰਤੋਂ ਆਪਣੀ ਮਰਜੀ ਨਾਲ ਚੰਗੇ ਭਵਿੱਖ ਲਈ ਕਰੋ, ਨਾ ਕਿ ਕਿਸੇ ਦੇ ਕਹਿਣ ’ਤੇ, ਬੋਤਲ ਜਾਂ ਪੈਸੇ ਦੀ ਲਾਲਚ ’ਚ ਸ਼ਹੀਦਾਂ ਦੇ ਸੁੁਫ਼ਨੇ ਮਿੱਟੀ ਰੋਲ਼ਣ ਲਈ। 
ਭਗਵੰਤ ਮਾਨ ਨੇ ਕਿਹਾ, ‘‘ਤੁਸੀਂ ਮੇਰੀ ਆਵਾਜ਼ ਨੂੰ ਮਾਣ ਦਿੱਤਾ। ਮੇਰੇ ਚਿਹਰੇ ਨੂੰ ਪਛਾਣ ਦਿੱਤੀ। ਮੈਂ ਤੁਹਾਡੀ ਆਵਾਜ਼ ਅਤੇ ਚਿਹਰਾ ਬਣ ਕੇ ਸੰਸਦ ਵਿੱਚ ਗਰਜ਼ ਰਿਹਾ ਹਾਂ। ਪੰਜਾਬ ਨੂੰ ਬਦਲਣ ਲਈ ਪੁਰਾਣੇ ਇੰਜਣ ਬਦਲ ਦੇਵੋ, ਨਵਾਂ ਇੰਜਣ ਜੋੜੋ, ਜਿਹੜਾ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ ’ਤੇ ਲੈ ਕੇ ਜਾਵੇ।’’ ਉਨ੍ਹਾਂ ਕਿਹਾ ਕਿ ਝਾੜੂ ਦੀ ਵਰਤੋਂ ਸਭ ਤੋਂ ਜ਼ਿਆਦਾ ਬੀਬੀਆਂ ਕਰਦੀਆਂ ਹਨ, ਉਹ ਵੀ ਦੋਵੇਂ ਪਾਸਿਆਂ ਤੋਂ। ਇਸ ਲਈ ਪੰਜਾਬ ਵਿੱਚ ਵੀ ਇੱਕ ਵਾਰ ਝਾੜੂ ਦਾ ਬਟਨ ਦਬਾ ਦਿਓ ਤਾਂ ਕਿ ਘਰ ਦੀ ਸਫ਼ਾਈ ਦੇ ਨਾਲ- ਨਾਲ ਰਾਜਨੀਤਿਕ ਗੰਦਗੀ ਵੀ ਸਾਫ਼ ਹੋ ਜਾਵੇ।

No comments:


Wikipedia

Search results

Powered By Blogger