ਐੱਸ ਏ ਐੱਸ 19 ਨਵੰਬਰ : ਡਿਪਟੀ ਕਮਿਸ਼ਨਰ, ਐੱਸ.ਏ.ਐੱਸ ਨਗਰ ਅਮਿਤ ਤਲਵਾੜ, ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਸਮੀਖਿਆ ਕੀਤੀ ਗਈ।
ਜ਼ਿਲੇ ਵਿੱਚ ਇਸ ਸਕੀਮ ਦੇ ਅਮਲ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫਸਰ, ਸੁਖਦੀਪ ਸਿੰਘ ਝੱਜ ਨੇ ਦੱਸਿਆ ਕਿ ਇਸ ਸਕੀਮ ਅਧੀਨ ਹੁਣ ਤੱਕ ਸਾਰੀਆਂ ਔਰਤਾਂ, ਬਸ਼ਰਤੇ ਕਿ ਉਹ ਸਰਕਾਰੀ ਮੁਲਾਜਮ ਜਾਂ ਆਮਦਨ ਕਰਦਾਤਾ ਨਾ ਹੋਣ, ਨੂੰ ਪਹਿਲੇ ਬੱਚੇ ਦੇ ਜਨਮ ਵੇਲੇ ਤਿੰਨ ਕਿਸ਼ਤਾਂ ਵਿੱਚ 5,000/- ਦੀ ਰਾਸ਼ੀ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ ਇਮਦਾਦ ਦੇ ਤੌਰ ਤੇ ਦਿੱਤੀ ਜਾਂਦੀ ਹੈ। ਜ਼ਿਲੇ ਵਿੱਚ ਹੁਣ ਤੱਕ ਇਸ ਸਕੀਮ ਅਧੀਨ 18,212 ਲਾਭਪਾਤਰੀ ਰਜਿਸਟਰ ਕੀਤੇ ਗਏ ਹਨ, ਜਿਨਾਂ ਨੂੰ ਹੁਨ ਤੱਕ ਤਕਰੀਬਨ ਰੁ: 7 ਕਰੋੜ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਜ਼ਿਲਾ ਪ੍ਰੋਗਰਾਮ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਭਾਰਤ ਸਰਕਾਰ ਵੱਲੋਂ ਟੀਚੇ ਫ਼ਿਕਸ ਕੀਤੇ ਜਾਂਦੇ ਹਨ ਅਤੇ ਜ਼ਿਲਾ ਐੱਸ.ਏ.ਐੱਸ ਨਗਰ (ਮੋਹਾਲੀ) ਵਿੱਚ ਇਸ ਸਕੀਮ ਦੀ ਕਾਰਗੁਜ਼ਾਰੀ ਹੁਣ ਤੱਕ ਸਾਰੇ ਜ਼ਿਲਿਆਂ ਵਿੱਚੋਂ ਬਿਹਤਰ ਰਹੀ ਹੈ ਅਤੇ ਟੀਚੇ ਦੀ ਪ੍ਰਾਪਤੀ 122 ਫੀਸਦੀ ਹੈ। ਇਸੇ ਸੰਦਰਭ ਵਿੱਚ ਮਿਤੀ 27 ਅਕਤੂਬਰ 2022 ਨੂੰ ਜਲੰਧਰ ਵਿਖੇ ਹੋਏ ਰਾਜ ਪੱਧਰੀ ਫੰਕਸ਼ਨ ਵਿੱਚ ਉਹਨਾਂ ਨੂੰ ਸ਼੍ਰੀਮਤੀ ਬਲਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਇਸ ਸਕੀਮ ਵਿੱਚ ਤਬਦੀਲੀ ਕਰਦਿਆਂ ਜੇਕਰ ਦੂਜਾ ਬੱਚਾ ਲੜਕੀ ਹੈ, ਤਾਂ ਬੱਚੇ ਦੇ ਜਨਮ ਉਪਰੰਤ 6,000/- ਦੀ ਰਾਸ਼ੀ ਵੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਸਕੀਮ ਅਧੀਨ ਹਰ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਉਹਨਾਂ ਜ਼ਿਲਾ ਪ੍ਰੋਗਰਾਮ ਅਫਸਰ ਨੂੰ ਆਦੇਸ਼ ਦਿੱਤੇ ਕਿ ਇਸ ਸਬੰਧੀ ਪ੍ਰਸਤਾਵ ਜਲਦ ਪੇਸ਼ ਕੀਤਾ ਜਾਵੇ, ਤਾਂ ਜੋ ਬਿਨਾਂ ਕਿਸੇ ਦੇਰੀ ਦੇ ਅਗਲੇਰੀ ਕਾਰਵਾਈ ਹੋ ਸਕੇ।

No comments:
Post a Comment