ਐੱਸ.ਏ.ਐੱਸ.ਨਗਰ, 04 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮਗਨਰੇਗਾ ਸਕੀਮ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ ਤੇ ਵਿੱਤੀ ਵਰ੍ਹੇ 2023-2024 ਦੌਰਾਨ ਹੁਣ ਤੱਕ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ 1.26 ਲੱਖ ਦਿਹਾੜੀਆਂ ਦਾ ਰੁਜ਼ਗਾਰ ਦਿੱਤਾ ਗਿਆ ਹੈ ਜਦਕਿ 480.59 ਲੱਖ ਖਰਚੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿੱਤੀ ਸਾਲ 2022-23 ਦੌਰਾਨ ਕੁੱਲ 32,302 ਜੌਬ ਕਾਰਡ ਧਾਰਕ ਸਨ ਤੇ 4.18 ਲੱਖ ਦਿਹਾੜੀਆਂ ਦਾ ਰੋਜ਼ਗਾਰ ਦੇ ਕੇ 2,260.35 ਲੱਖ ਖਰਚੇ ਗਏ ਸਨ। ਇਸ ਮਾਲੀ ਸਾਲ ’ਚ ਜ਼ਿਲ੍ਹੇੇ ’ਚ ਇਸ ਵੇਲੇ 31,858 ਮਨਰੇਗਾ ਕਾਮੇ ਰਜਿਸਟ੍ਰਡ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਂਝਾ ਜਲ ਤਲਾਬ (ਅੰਮਿ੍ਰਤ ਸਰੋਵਰਾਂ) ਦੇ 34 ਪ੍ਰੋਜੈਕਟ ਜਾਰੀ ਹਨ ਤੇ 41 ਪੂਰੇ ਹੋ ਚੁੱਕੇ ਹਨ। ਇਸ ਤੋਂ ਇਲਾਵਾ 22 ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਤੇ 7 ਦਾ ਕੰਮ ਪੂਰਾ ਹੋ ਗਿਆ ਹੈ। ਇਸੇ ਤਰ੍ਹਾਂ 60 ਸਕਰੀਨਿੰਗ ਚੈਂਬਰ ਬਣ ਚੁੱਕੇ ਹਨ ਤੇ 28 ਬਾਬਤ ਕੰਮ ਜਾਰੀ ਹੈ। ਸੌਲਿਡ ਵੇਸਟ ਮੈਨੇਜਮੈਂਟ ਸਬੰਧੀ 18 ਪ੍ਰੋਜੈਕਟ ਪੂਰੇ ਹੋ ਗਏ ਹਨ ਤੇ 48 ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਜ਼ਿਲ੍ਹੇ ’ਚ 05 ਪਾਰਕਾਂ ਦਾ ਕੰਮ ਚੱਲ ਰਿਹਾ ਹੈ ਤੇ 08 ਪਾਰਕ ਬਣ ਕੇ ਤਿਆਰ ਹੋ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਮਗਨਰੇਗਾ ਤਹਿਤ ਸਾਂਝਾ ਜਲ ਤਲਾਬਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਜਾ ਸਕੇਗਾ।
ਪਿੰਡਾਂ ਦੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਮਿੰਨੀ ਜੰਗਲ ਲਏ ਜਾ ਰਹੇ ਹਨ, ਜਿਸ ਨਾਲ ਜਿਥੇ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ ਉਥੇ ਹੀ ਵੱਧ ਤੋਂ ਵੱਧ ਬੂਟੇ ਲਗਾ ਕੇ ਪਿੰਡਾਂ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ। ਪਿੰਡਾਂ ਵਿੱਚ ਘਰਾਂ ਦੇ ਕੂੜਾ ਕਰਕਟ ਦੀ ਸੁਚੱਜੀ ਸੰਭਾਲ ਲਈ ਬਣਾਏ ਜਾ ਰਹੇ ਸੌਲਿਡ ਵੇਸਟ ਤੇ ਲਿਕੁਅਡ ਵੇਸਟ ਮੈਨੇਜਮੈਂਟ ਪਲਾਂਟ ਦਾ ਨਿਰਮਾਣ ਹੋਣ ਨਾਲ ਪਿੰਡਾਂ ਦੇ ਘਰਾਂ ਤੇ ਆਲੇ ਦੁਆਲੇ ਦੀ ਸਾਫ ਸਫਾਈ ਵੀ ਯਕੀਨੀ ਬਣਾਈ ਜਾ ਸਕੇਗੀ ਅਤੇ ਕੂੜਾ ਕਰਕਟ ਨੂੰ ਵੱਖ-ਵੱਖ ਕਰ ਕੇ ਆਲੇ ਦੁਆਲੇ ਨੂੰ ਸੰਵਾਰਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਬਣਾਏ ਜਾ ਰਹੇ ਮਾਡਲ ਖੇਡ ਮੈਦਾਨ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਨਗੇ ਅਤੇ ਪਿੰਡਾਂ ਦੇ ਨੌਜਵਾਨ ਆਪਣੀ ਖੇਡ ਪ੍ਰਤਿਭਾ ਨਾਲ ਵੱਡੀਆਂ ਮੱਲ੍ਹਾ ਮਾਰ ਸਕਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆ ਸਹੂਲਤਾਂ ਦੇਣ ਦੇ ਮੰਤਵ ਨਾਲ ਉਸਾਰੇ ਜਾ ਰਹੇ ਪਾਰਕਾਂ ਨਾਲ ਪਿੰਡਾਂ ਦੇ ਲੋਕ ਸਵੇਰੇ ਤੇ ਸ਼ਾਮ ਨੂੰ ਸੈਰ ਕਰ ਸਕਣਗੇ ਤੇ ਤੰਦਰੁਸਤ ਰਹਿ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਮਗਨਰੇਗਾ ਅਧੀਨ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ। ਮਗਨਰੇਗਾ ਅਧੀਨ ਜਿਥੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਉਥੇ ਹੀ ਲੋਕਾਂ ਨੂੰ 100 ਦਿਨ ਦਾ ਯਕੀਨੀ ਰੋਜ਼ਗਾਰ ਵੀ ਮੁਹੱਈਆ ਹੁੰਦਾ ਹੈ।

No comments:
Post a Comment