ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੁਲਾਈ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲ਼ੇ ਅਧਿਆਪਕਾਂ ਨੂੰ ਅੱਜ ਇੱਥੇ ਮੁਹਾਲੀ ਦੇ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੇਂਟ ਸਕੂਲ ਦੇ ਆਡੀਟੋਰੀਅਮ ਵਿਖੇ ਸਨਮਾਨਿਤ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਪਰਮਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਇੱਕ ਸਾਦੇ ਸਨਮਾਨ ਸਮਾਰੋਹ ਵਿੱਚ ਜ਼ਿਲ੍ਹੇ ਦੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਦਾਖ਼ਲਾ ਮੁਹਿੰਮ 2023-24 ਵਿੱਚ ਲਾ-ਮਿਸਾਲ ਯੋਗਦਾਨ ਪਾਇਆ ਹੈ,ਜਿਸ ਸਦਕਾ ਸੂਬਾ ਪੱਧਰ ਤੇ ਜ਼ਿਲ੍ਹੇ ਨੂੰ ਦਾਖ਼ਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਮਿਲਿਆ ਹੈ।
ਜੋ ਕਿ ਜ਼ਿਲ੍ਹੇ ਲਈ ਮਾਣ ਵਾਲ਼ੀ ਗੱਲ ਹੈ। ਇਸੇ ਤਰ੍ਹਾਂ ਉਨ੍ਹਾਂ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਪਿਛਲੇ ਸਾਲਾਂ ਵਿੱਚ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਪੰਜਾਬ ਸਰਕਾਰ ਦੀਆਂ ਦਿੱਤੀਆਂ ਗ੍ਰਾਂਟਾਂ ਅਤੇ ਆਪਣੇ ਵਸੀਲਿਆਂ ਨਾਲ਼ ਸਕੂਲਾਂ ਦੀ ਦਿੱਖ ਸੰਵਾਰਨ ਵਿੱਚ ਯੋਗਦਾਨ ਪਾਇਆ। ਇਸ ਮੌਕੇ ਡੀ ਈ ਓ (ਐਲੀਮੈਂਟਰੀ) ਅਸ਼ਵਨੀ ਕੁਮਾਰ ਦੱਤਾ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਉਪਰਾਲਾ ਕਰੀਏ ਅਤੇ ਆਪਣੇ ਸਕੂਲ਼ਾਂ ਨੂੰ ਸੁੰਦਰ ਬਣਾਉਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਲੈਣ ਲਈ ਆਪਣੀ ਯੋਜਨਾਵਾਂ ਅਤੇ ਲੋੜਾਂ ਜ਼ਿਲ੍ਹਾ ਦਫ਼ਤਰ ਨੂੰ ਭੇਜੀਆਂ ਜਾਣ।
ਇਸ ਤੋਂ ਪਹਿਲਾਂ ਕਲੱਸਟਰ ਮੁਖੀਆਂ ਨੂੰ ਈ-ਪੰਜਾਬ ਸਕੂਲ ਸਾਈਟ ਅਤੇ ਹੋਰ ਤਕਨੀਕੀ ਜਾਣਕਾਰੀ ਦੀ ਸਿਖਲਾਈ ਜ਼ਿਲ੍ਹਾ ਐੱੱਮ ਆਈ ਐੱਸ ਵਿੰਗ ਵੱਲੋਂ ਦਿੱਤੀ ਗਈ। ਸਮਾਰਟ ਸਕੂਲ ਕੋਆਰਡੀਨੇਟਰ ਜ਼ਿਲ੍ਹਾ ਮੋਹਾਲੀ ਵਰਿੰਦਰ ਪਾਲ ਸਿੰਘ ਵੱਲੋਂ ਸਕੂਲਾਂ ਦੇ ਰੱਖ ਰਖਾਅ, ਗ੍ਰਾਂਟਾਂ, ਸਕੂਲਾਂ ਦੇ ਬੁਨਿਆਦੀ ਢਾਂਚੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਜਸਵਿੰਦਰ ਸਿੰਘ ਵੱਲੋਂ ਮੁਫ਼ਤ ਪਾਠ ਪੁਸਤਕਾਂ ਦੀ ਵੰਡ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਬੀ ਪੀ ਈ ਓਜ਼ਵਿੱਚ ਨੀਨਾ ਰਾਣੀ, ਕਮਲਜੀਤ ਸਿੰਘ,ਗੁਰਮੀਤ ਕੌਰ, ਜਸਵੀਰ ਕੌਰ ਅਤੇ ਖੁਸ਼ਪ੍ਰੀਤ ਸਿੰਘ,ਦੇਵ ਕਰਨ ਸਿੰਘ,ਸਮੇਤ ਕਲੱਸਟਰ ਮੁਖੀ ਹਾਜ਼ਰ ਸਨ।


No comments:
Post a Comment