ਤਿੰਨ ਮੈਂਬਰੀ ਸਿੱਟ ਕਰੇਗੀ ਇਸ ਕੇਸ ਦੀ ਜਾਂਚ
ਮੋਹਾਲੀ, 01 ਮਈ : ਸੀਨੀਅਰ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਝੂਠੇ ਕੇਸ ਵਿਚ ਗ੍ਰਿਫ਼ਤਾਰੀ ਖਿ਼ਲਾਫ਼ ਅੱਜ ਮੋਹਾਲੀ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਦਾ ਇਕ ਵਫਦ ਡੀਜੀਪੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਆਈ.ਜੀ. ਰੋਪੜ ਰੇਂਜ ਸ੍ਰੀਮਤੀ ਨਿਲੰਬਰੀ ਵਿਜੇ ਜਗਦਲੇ ਨੂੰ ਮਿਲਿਆ। ਵਫ਼ਦ ਵਿਚ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਪੰਜਾਬ ਐਂਡ ਚੰਡੀਗੜ੍ਹ ਜਨਰਾਲਿਸਟ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਮੋਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੀ. ਵਾਇਸ ਪ੍ਰਧਾਨ ਸੁਸ਼ੀਲ ਗਰਚਾ, ਕੈਸ਼ੀਅਰ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਧਰਮ ਸਿੰਘ, ਸਾਗਰ ਪਾਹਵਾ ਅਤੇ ਵਿਜੇ ਪਾਲ ਸ਼ਾਮਲ ਸਨ।
ਇਸ ਦੌਰਾਨ ਵਫ਼ਦ ਨੇ ਡੀਆਈਜੀ ਨੂੰ ਮਿਲ ਕੇ ਪੁਲਿਸ ਥਾਣਾ ਫੇਜ਼-1 ਦੇ ਐਸ.ਐਚ.ਓ. ਸੁਖਬੀਰ ਸਿੰਘ ਵੱਲੋਂ ਰਜਿੰਦਰ ਤੱਗੜ ਨਾਲ ਇਕ ਗੈਂਗਸਟਰ ਵਰਗਾ ਸਲੂਕ ਕੀਤੇ ਜਾਣ ਅਤੇ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਬਦਸਲੂਕੀ ਅਤੇ ਧੱਕੇਸ਼ਾਹੀ ਦੀ ਵੀ ਸ਼ਿਕਾਇਤ ਕੀਤੀ। ਵਫ਼ਦ ਨੇ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸ੍ਰੀ ਤੱਗੜ ਨੂੰ ਇਨਸਾਫ ਦੇਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ।
ਇਸ ਦੌਰਾਨ ਡੀ.ਆਈ.ਜੀ. ਰੋਪੜ ਰੇਂਜ ਸ੍ਰੀਮਤੀ ਨਿਲੰਬਰੀ ਵਿਜੇ ਜਗਦਲੇ ਨੇ ਇਸ ਸਾਰੇ ਮਾਮਲੇ ਦੀ ਜਾਂਚ ਆਪਣੀ ਨਿਗਰਾਨੀ ਹੇਠ ਕਰਵਾਉਣ ਵਾਸਤੇ ਇਕ ਤਿੰਨ ਮੈਂਬਰੀ ਸਿੱਟ, ਜਿਸ ਵਿਚ ਐਸ.ਪੀ. ਤੁਸ਼ਾਰ ਗੁਪਤਾ (ਆਈਪੀਐਸ), ਡੀਐਸਪੀ ਦਿਲਸ਼ੇਰ ਸੰਧੂ ਅਤੇ ਮੋਹਿਤ ਅਗਰਵਾਲ ਸ਼ਾਮਲ ਹਨ, ਦਾ ਗਠਨ ਕੀਤਾ, ਜੋ ਕਿ ਡੀਆਈਜੀ ਦੀ ਦੇਖ ਰੇਖ ਹੇਠ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ। ਇਸ ਮੌਕੇ ਵਫ਼ਦ ਨੇ ਡੀਆਈਜੀ ਨੂੰ ਦੱਸਿਆ ਕਿ ਰਜਿੰਦਰ ਤੱਗੜ ਦੇ ਵੀਡੀਓ ਐਡੀਟਰ ਨੂੰ ਮੋਹਾਲੀ ਪੁਲਿਸ ਵੱਲੋਂ ਨਜਾਇਜ਼ ਤੌਰ ਉਤੇ ਚੁੱਕ ਕੇ ਮਟੌਰ ਥਾਣੇ ਵਿਖੇ ਲਿਆਂਦਾ ਗਿਆ ਅਤੇ ਪੁੱਛਗਿੱਛ ਕਰਨ ਦੇ ਬਹਾਨੇ ਕੁੱਟਮਾਰ ਕੀਤੀ ਗਈ ਅਤੇ ਤਿੰਨ ਸੀਨੀਅਰ ਪੁਲਿਸ ਅਫਸਰਾਂ ਦੀ ਹਾਜ਼ਰੀ ਵਿਚ ਉਸਦੀ ਪੱਗ ਉਤਾਰ ਕੇ ਕੇਸਾਂ ਦੀ ਬੇਅਦਬੀ ਕਰਦਿਆਂ ਸਿਰ ਉਤੇ ਚੱਪਲਾਂ ਵੀ ਮਾਰੀਆਂ ਗਈਆਂ। ਉਸ ਨੂੰ ਮੋਹਾਲੀ ਸ਼ਹਿਰ ਤੋਂ ਭੱਜ ਜਾਣ ਅਤੇ ਤੱਗੜ ਕੋਲ ਭਵਿੱਖ ਵਿਚ ਨੌਕਰੀ ਛੱਡ ਜਾਣ ਦਾ ਹੁਕਮ ਸੁਣਾਇਆ। ਨਾਲ ਹੀ ਉਸਦਾ ਮੋਬਾਇਲ ਫੋਨ ਵੀ ਖੋਹ ਲਿਆ ਗਿਆ।
ਇਸ ਦੌਰਾਨ ਡੀਆਈਜੀ ਨੇ ਵਫ਼ਦ ਕੋਲੋਂ ਜਾਂਚ ਲਈ ਥੋੜ੍ਹੇ ਦਿਨਾਂ ਤੱਕ ਇਸ ਮਾਮਲੇ ਦੀ ਜਾਂਚ ਨੂੰ ਨਤੀਜੇ ਦੀ ਤਹਿ ਤੱਕ ਪਹੁੰਚਾਇਆ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੀਡੀਆ ਕਰਮੀਆਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਦੇ ਖਿਲਾਫ਼ ਮੋਹਾਲੀ ਪ੍ਰੈਸ ਕਲੱਬ ਦੇ ਨਾਲ ਚੰਡੀਗੜ੍ਹ ਪ੍ਰੈਸ ਕਲੱਬ, ਜ਼ੀਰਕਪਰ ਪ੍ਰੈਸ ਕਲੱਬ, ਬਨੂੜ ਪ੍ਰੈਸ ਕਲੱਬ ਅਤੇ ਪੰਜਾਬ ਐਂਡ ਚੰਡੀਗੜ੍ਹ ਜਨਰਾਲਿਸਟ ਯੂਨੀਅਨ ਦੇ ਸਮੂਹ ਮੈਂਬਰਾਂ ਨੇ ਇਨਸਾਫ਼ ਮਿਲਣ ਤੱਕ ਤਕੜੇ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

No comments:
Post a Comment