ਖਰੜ, ਜਸਬੀਰ ਸਿੰਘ 30 ਅਪ੍ਰੈਲ : ਖੋਜ ਅਤੇ ਨਵੀਨਤਾ ਕਿਸੇ ਵੀ ਦੇਸ਼ ਦੇ ਵਿਕਾਸ ਦਾ ਆਧਾਰ ਹੈ ਅਤੇ ਖੋਜ ਕਾਰਜਾਂ ਦੀ ਅਹਿਮੀਅਤ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅੱਜ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ‘ਸੀਯੂਸੈਟ’ ਲਾਂਚ ਕਰਨ ਜਾ ਰਹੀ ਹੈ।ਚੰਡੀਗੜ੍ਹ ਯੂਨੀਵਰਸਿਟੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ, ਜੋ ਸੈਟੇਲਾਈਟ ਸਿਸਟਮ ਡਿਜ਼ਾਈਨ ਐਂਡ ਬਿਲਡਿੰਗ ’ਤੇ ਆਧਾਰਿਤ ਕੋਰਸ ਸ਼ੁਰੂ ਕਰਨ ਜਾ ਰਹੀ ਹੈ।ਇਸ ਸਬੰਧੀ ਵਰਚੁਅਲੀ ਹੋਣ ਵਾਲੇ ਉਦਘਾਟਨੀ ਸਮਾਗਮ ’ਚ ਇਸਰੋ ਦੇ ਸਾਬਕਾ ਪ੍ਰੋਫੈਸਰ ਅਤੇ ਡੀ.ਓ.ਐਸ ਅਤੇ ਚੇਅਰਮੈਨ, ਬੀ.ਓ.ਜੀ ਐਨ.ਆਈ.ਟੀ ਮਨੀਪੁਰ ਪਦਮਸ਼੍ਰੀ ਡਾ. ਵਾਈ.ਐਸ ਰਾਜਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਇਸਰੋ ਹੈਡਕੁਆਟਰ ਵਿਖੇ ਐਡਵਾਂਸਡ ਟੈਕਨਾਲੋਜੀ ਐਂਡ ਪਲਾਨਿੰਗ ਦੇ ਡਾਇਰੈਕਟਰ ਪਦਮਸ਼੍ਰੀ ਪ੍ਰੋ. ਆਰ.ਐਮ ਵਸਾਗਮ ਅਤੇ ਚੰਦਰਯਾਨ-1 ਅਤੇ ਮੰਗਲਯਾਨ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਮੂਨ ਮੈਨ ਆਫ਼ ਇੰਡੀਆ ਦੇ ਨਾਮ ਨਾਲ ਪ੍ਰਸਿੱਧ ਪਦਮਸ਼੍ਰੀ ਡਾ. ਐਮ. ਅਨਾਦੁਰਾਈ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੀ ਮੁਹਿੰਮ ’ਲੋਕਾਂ ਲਈ ਇਨੋਵੇਸ਼ਨ ਅਤੇ ਲੋਕਾਂ ਦੁਆਰਾ’ ’ਚ ਹਿੱਸਾ ਲੈਂਦਿਆਂ ‘ਸੀਯੂਸੈਟ’ ਨਾਮਕ ਨੈਨੋ ਸੈਟੇਲਾਈਟ ਬਣਾਉਣ ਦੀ ਤਿਆਰੀ ’ਚ ਹੈ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਗਏ ਕੋਰਸ ’ਚ ਇਸ ਦੇ ਉੱਘੇ ਸਾਬਕਾ ਵਿਗਿਆਨੀਆਂ ਸਮੇਤ ਟੀ.ਐਸ.ਸੀ ਟੈਕਨਾਲੋਜੀ, ਸਪੇਸ ਡਿਵੈਲਪਮੈਂਟ ਕਮੇਟੀ (ਸਰਬੀਆ), ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ, ਯੂਨੈਸਕ ਇੰਡੀਆ, ਇੰਡੀਅਨ ਇੰਸਟੀਚਿਊਟ ਆਫ਼ ਐਚ.ਏ.ਐਮ.ਐਸ, ਇੰਡੀਅਨ ਟੈਕਨਾਲੋਜੀ ਕਾਂਗਰਸ ਐਸੋਸੀਏਸ਼ਨ, ਗੀਕਸਪੇਸ ਲੈਬ ਵਿਦਿਆਰਥੀਆਂ ਨੂੰ ਜੁਆਇੰਟ ਪ੍ਰੋਗਰਾਮ ’ਚ ਸਿਖਲਾਈ ਪ੍ਰਦਾਨ ਕਰਨਗੇ। ਚਾਰ ਮਹੀਨੇ ਦੀ ਮਿਆਦ ਵਾਲੇ ਕੋਰਸ ’ਚ ਵਿਦਿਆਰਥੀਆਂ ਨੂੰ ਸੈਟੇਲਾਈਟ ਪ੍ਰਣਾਲੀਆਂ ਦੀ ਸਿਖਲਾਈ, ਸੈਟੇਲਾਈਟ ਟੈ੍ਰਕਿੰਗ ਅਤੇ ਸੰਚਾਰ ਸਿਖਲਾਈ, ਐਂਟੀਨਾ ਡਿਜ਼ਾਈਨ ਅਤੇ ਸਿਮੂਲੇਸ਼ਨ, ਟੈਲੀਮੈਟਰੀ ਕਮਿਊਨੀਕੇਸ਼ਨ (ਐਨਾਲਾਗ ਅਤੇ ਡਿਜੀਟਲ) ਅਤੇ ਟੈਲੀਕਮਾਂਡ ਅਤੇ ਗਰਾਉਂਡ ਸਟੇਸ਼ਨ ਦੇ ਸੰਚਾਲਨ ਸਬੰਧੀ ਤਜ਼ਰਬਾ ਅਤੇ ਸਮਝ ਪ੍ਰਦਾਨ ਕਰਵਾਕੇ ਖੋਜ ਖੇਤਰ ’ਚ ਹੁਨਰਮੰਦ ਬਣਾਇਆ ਜਾਵੇਗਾ।
ਮਹੱਤਵਪੂਰਣ ਗੱਲ ਇਹ ਹੈ ਕਿ ਯੂਨੀਵਰਸਿਟੀ ਦੇ 65 ਵਿਦਿਆਰਥੀਆਂ ਨੂੰ ਜਨਵਰੀ ਮਹੀਨੇ ’ਚ ਲਿਖਤੀ ਇਮਤਿਹਾਨ ਅਤੇ ਇੰਟਰਵਿਊ ਦੇ ਪੜਾਵਾਂ ਵਿਚੋਂ ਪਾਸ ਕਰਕੇ ਇਸ ਪ੍ਰਾਜੈਕਟ ਲਈ ਚੁਣਿਆ ਗਿਆ ਹੈ।ਜਿਸ ਵਿੱਚ ਸਾਇੰਸ ਖੇਤਰ ਦੇ 6, ਮੈਕਾਟ੍ਰਾਨਿਕਸ ਦੇ 8, ਮਕੈਨੀਕਲ/ਆਟੋਮੋਬਾਇਲ ਦੇ 4, ਇਲੈਕਟ੍ਰਾਨਿਕਸ/ਇਲੈਕਟ੍ਰੀਕਲ ਦੇ 15, ਕੰਪਿਊਟਰ ਸਾਇੰਸ ਦੇ 14 ਅਤੇ ਏਅਰੋਸਪੇਸ ਖੇਤਰ ਦੇ 17 ਵਿਦਿਆਰਥੀ ਸ਼ਾਮਲ ਹਨ।ਇਸ ਕੋਰਸ ਅਧੀਨ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਹੋਣ ’ਤੇ ਸਰਟੀਫ਼ਿਕੇਟ ਪ੍ਰਦਾਨ ਕੀਤਾ ਜਾਵੇਗਾ।ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਨੈਨੋ ਸੈਟੇਲਾਈਟ ਦਾ ਨਿਰਮਾਣ ਕੀਤਾ ਜਾਵੇਗਾ ਜੋ ਭਾਰਤ ਦੁਆਰਾ ਸਾਲ 2022 ਤੱਕ ਲਾਂਚ ਕੀਤੇ ਜਾਣ ਵਾਲੇ 72 ਸੈਟੇਲਾਈਟਾਂ ਵਿਚੋਂ ਇੱਕ ਹੋਵੇਗਾ।ਚੰਡੀਗੜ੍ਹ ਯੂਨੀਵਰਸਿਟੀ ਸੈਟੇਲਾਈਟ ਨਿਰਮਾਣ ’ਤੇ ਨਿਰੰਤਰ ਕਾਰਜ ਕਰੇਗੀ, ਜਿਸ ਦੇ ਸਤੰਬਰ 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਉਦਘਾਟਨੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ’ਵਰਸਿਟੀ ਵੱਲੋਂ 1 ਮਈ, 2021 ਨੂੰ ਸ਼ਾਮ 4 ਵਜੇ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ’ਸੀਯੂਸੈਟ’ ਸਬੰਧੀ ਵਰਚੁਅਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਖੋਜ ਅਤੇ ਨਵੀਨਤਾ ਦੇ ਖੇਤਰ ਦੀਆਂ ਉਘੀਆਂ ਸ਼ਖ਼ਸੀਅਤਾਂ ਸੈਸ਼ਨ ਨੂੰ ਸੰਬੋਧਨ ਕਰਨਗੀਆਂ।ਉਦਘਾਟਨੀ ਸਮਾਗਮ ਦਾ ਸਿੱਧਾ ਪ੍ਰਸਾਰਣ ’ਵਰਸਿਟੀ ਦੇ ਫੇਸਬੁੱਕ, ਯੂ-ਟਿਊਬ ਪੇਜਾਂ ਤੋਂ ਇਲਾਵਾ ਅਧਿਕਾਰਿਤ ਵੈਬਸਾਈਟ ’ਤੇ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ, ਨਵੀਨਤਾ ਭਰਪੂਰ ਅਤੇ ਹੁਨਰਮੰਦ ਸਿੱਖਿਆ ਪ੍ਰਦਾਨ ਕਰਨਾ ਹੈ।ਇਸ ਦੇ ਮੱਦਨਜ਼ਰ ਖੋਜ ਅਤੇ ਨਵੀਨਤਾ ਦੇ ਖੇਤਰ ’ਚ ਨੌਜਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਸੀਯੂ ਸੈਟੇਲਾਈਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪੁਲਾੜ ਤਕਨਾਲੋਜੀ ਦੇ ਖੇਤਰ ’ਚ ਤਕਨੀਕੀ ਸਿਖਲਾਈ ਅਤੇ ਪ੍ਰੈਕਟੀਕਲ ਤਜ਼ਰਬਾ ਪ੍ਰਦਾਨ ਕਰਵਾਇਆ ਜਾਵੇਗਾ।


No comments:
Post a Comment