ਚੰਡੀਗੜ੍ਹ, 15 ਜਨਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ
ਗੰਭੀਰਤਾ ਨਾਲ ਲਏ ਜਾਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮਾਣਯੋਗ
ਰਾਜਪਾਲ ਕੋਲੋਂ ਮੰਗ ਕੀਤੀ ਹੈ ਕਿ ਕੋਰੋਨਾ ਦੇ ਪਿਛਲੇ ਹਮਲਿਆਂ ਤੋਂ ਸਬਕ ਸਿਖਦੇ ਹੋਏ
ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ’ਚ ਜੰਗੀ ਪੱਧਰ ਦਾ ਸੁਧਾਰ ਬੇਹੱਦ ਜ਼ਰੂਰੀ ਹੈ ਅਤੇ
ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਵਿੱਚ ਮੌਜ਼ੂਦ ਕਮੀਆਂ- ਖਾਮੀਆਂ ਦੂਰ ਕਰਨ ਲਈ ਸਰਕਾਰ
ਫੌਰੀ ਕਦਮ ਚੁੱਕੇ। ਇਸ ਦੇ ਨਾਲ ਹੀ ਨਿੱਜੀ ਖੇਤਰ ਦੀਆਂ ਸਿਹਤ ਸੇਵਾਵਾਂ ਬਾਰੇ ਵਿਸ਼ੇਸ਼
ਦਿਸ਼ਾ - ਨਿਰਦੇਸ਼ (ਗਾਇਨਲਾਇਨਜ਼) ਜਾਰੀ ਕੀਤੀਆਂ ਜਾਣ ਤਾਂ ਕਿ ਪ੍ਰਾਈਵੇਟ ਹਸਪਤਾਲ ਅਤੇ
ਲੈਬਾਟਰੀਜ਼ ਮਰੀਜਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਪਹਿਲਾਂ ਵਾਂਗ ਅੰਨ੍ਹੀ ਲੁੱਟ ਨਾ ਕਰ
ਸਕਣ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਅਮਨ ਅਰੋੜਾ ਨੇ ਕਿਹਾ
ਕਿ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਹਰ
ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਮਰੀਜ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 14
ਜਨਵਰੀ ਦੇ ਦਿਨ 7600 ਤੋਂ ਜ਼ਿਆਦਾ ਕੋਰੋਨਾ ਮਰੀਜ਼ ਸਾਹਮਣੇ ਆਏ ਹਨ,
ਜਦੋਂ ਕਿ 21 ਮਰੀਜ਼ਾਂ
ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਇਸ ਤਰ੍ਹਾਂ 14 ਜਨਵਰੀ ਤੱਕ ਕਰੀਬ 34 ਹਜ਼ਾਰ ਕੋਰੋਨਾ
ਕੇਸ ਪੰਜਾਬ ਵਿੱਚ ਪਾਏ ਗਏ ਹਨ।
ਵਿਧਾਇਕ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦਾ ਵੱਧ ਰਿਹਾ ਪ੍ਰਭਾਵ ਬਹੁਤ ਹੀ
ਚਿੰਤਾਜਨਕ ਹੈ ਅਤੇ ਇਸ ਦੇ ਲਈ ਸੱਤਾ ਵਿੱਚ ਰਹੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਤੇ
ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹਨ, ਕਿਉਂਕਿ ਇਨਾਂ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ
ਸਰਕਾਰੀ ਸਿਹਤ ਢਾਂਚੇ ਨੂੰ ਇੱਕ ਸਾਜਿਸ਼ ਦੇ ਤਹਿਤ ਬਰਬਾਦ ਕੀਤਾ ਅਤੇ ਪ੍ਰਾਈਵੇਟ ਹਸਪਤਾਲਾਂ
ਨੂੰ ਪ੍ਰਫੁੱਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਂ ਰਹਿੰਦੇ ਕੋਰੋਨਾ
ਮਹਾਂਮਾਰੀ ਤੋਂ ਬਚਾਅ ਲਈ ਜ਼ਰੂਰੀ ਪ੍ਰਬੰਧ ਨਹੀਂ ਕੀਤੇ। ਸਗੋਂ 'ਮਿਸ਼ਨ ਫ਼ਤਹਿ' ਅਧੀਨ
ਸਰਕਾਰੀ ਖਜ਼ਾਨੇ 'ਚੋਂ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ। ਸੱਤਾਧਾਰੀ ਕਾਂਗਰਸ
ਟੀਕਾਕਰਨ ਮੁਹਿੰਮ ਨੂੰ ਪ੍ਰਭਾਵੀ ਬਣਾਉਣ ਵਿੱਚ ਲਾਪ੍ਰਵਾਹ ਰਹੀ ਹੈ, ਜਿਸ ਕਾਰਨ ਸੂਬੇ ਦੇ
ਲੋਕਾਂ ਨੂੰ ਅਜੇ ਤੱਕ ਵੀ ਕੋਰੋਨਾਂ ਤੋਂ ਬਚਾਅ ਲਈ ਜ਼ਰੂਰੀ ਟੀਕਾ ਨਹੀਂ ਲੱਗਿਆ। ਸੂਬੇ ਦੇ
ਲੋਕ ਸਰਕਾਰੀ ਹਸਪਤਾਲਾਂ ਅਤੇ ਕੋਵਿਡ ਕੇਅਰ ਕੇਂਦਰਾਂ ਵਿੱਚ ਟੀਕਾ ਲਗਵਾਉਣ ਲਈ ਖੱਜਲ ਖੁਆਰ
ਹੋ ਰਹੇ ਹਨ।
'ਆਪ' ਆਗੂਆਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਕੁਰਸੀ ਦੀ ਆਪਸੀ ਲੜਾਈ ਦੌਰਾਨ ਪੰਜਾਬ
ਦੇ ਸਾਰੇ ਅਹਿਮ ਮੁੱਦਿਆਂ ਨੂੰ ਛਿੱਕੇ ਟੰਗ ਦਿੱਤਾ ਹੈ। ਕਾਂਗਰਸੀਆਂ ਨੇ ਦਿੱਲੀ ਦੇ ਜਿੰਨੇ
ਗੇੜੇ 'ਕੁਰਸੀ' ਖੋਹਣ ਜਾਂ ਬਚਾਉਣ ਲਈ ਲਾਏ ਹਨ, ਜੇਕਰ ਕੋਵਿਡ 19 ਟੀਕਾਕਰਨ ਟੀਕਿਆਂ ਲਈ
ਲਾਏ ਹੁੰਦੇ ਤਾਂ ਟੀਕਾਕਰਨ ਮੁਹਿੰਮ ਮੁਕੰਮਲ ਪੂਰੀ ਹੋ ਜਾਂਦੀ ਅਤੇ ਪੰਜਾਬ ਵਾਸੀ ਕੋਰੋਨਾ
ਦੀ ਤੀਜ਼ੀ ਲਹਿਰ ਤੋਂ ਪੀੜਤ ਨਾ ਹੁੰਦੇ।
ਅਰੋੜਾ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਪੰਜਾਬ ਨਾਲ ਮਿੱਥ ਕੇ ਵਿਤਕਰਾ ਕਰਨ ਦਾ
ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਲਈ ਲੋੜੀਂਦੇ ਟੀਕਿਆਂ ਦਾ ਪ੍ਰਬੰਧ
ਨਹੀਂ ਕੀਤਾ, ਜਿਸ ਕਾਰਨ ਪੰਜਾਬਵਾਸੀ ਟੀਕੇ ਲਵਾਉਣ ਤੋਂ ਪਿੱਛੇ ਰਹਿ ਗਏ ਹਨ। ਉਨ੍ਹਾਂ
ਕਿਹਾ ਕਿ ਟੀਕੇ ਨਾ ਲੱਗਣ ਕਾਰਨ ਪੰਜਾਬ ਵਿੱਚ ਕੋਰੋਨਾ ਫ਼ੈਲਣ ਦੀ ਦਰ 21. 19 ਫ਼ੀਸਦ ਤੱਕ
ਪਹੁੰਚ ਗਈ ਹੈ, ਇਸ ਲਈ ਮੋਦੀ ਸਰਕਾਰ ਬਦਲੇਖੋਰੀ ਵਾਲੀ ਭਾਵਨਾ ਤਿਆਗ ਕੇ ਸੂਬੇ ਦੇ ਲੋਕਾਂ
ਲਈ ਕਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਲੋੜੀਂਦੀ ਮਾਤਰਾ 'ਚ ਭੇਜੇ ਤਾਂ ਕਿ ਪੰਜਾਬ ਦੀ ਜਨਤਾ
ਕਰੋਨਾ ਦੇ ਤੀਸਰੇ ਹਮਲੇ ਤੋਂ ਸੁਰੱਖਿਅਤ ਰਹਿ ਸਕੇ।
ਅਮਨ ਅਰੋੜਾ ਨੇ ਮੰਗ ਕੀਤੀ ਕਿ ਪੰਜਾਬ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ
ਬਚਾਅ ਲਈ ਜ਼ਰੂਰੀ ਹੈ ਕਿ ਸਰਕਾਰੀ ਸਿਹਤ ਸੇਵਾਵਾਂ ਮਜ਼ਬੂਤੀ ਕੀਤੀਆਂ ਜਾਣ ਅਤੇ ਪਿਛਲੇ
ਕੋਰੋਨਾ ਹਮਲਿਆਂ ਤੋਂ ਸਬਕ ਲੈਂਦਿਆਂ ਕੋਰੋਨਾ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ
ਰਹਿਮੋਂ ਕਰਮ ’ਤੇ ਨਾ ਛੱਡਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਾਸੀਆਂ ਨੇ ਸੂਬੇ
ਵਿੱਚ ‘ਆਪ’ ਦੀ ਸਰਕਾਰ ਬਣਾਉਣ ਦਾ ਨਿਸ਼ਚਾ ਕਰ ਲਿਆ ਹੈ, ਕਿਉਂਕਿ ਦਿੱਲੀ ਵਿੱਚ ਕੇਜਰੀਵਾਲ
ਸਰਕਾਰ ਨੇ ਸਿਹਤ, ਸਿੱਖਿਆ ਅਤੇ ਜਨ ਸੁਵਿਧਾਵਾਂ ਦੇਣ ’ਚ ਲਾਮਿਸਾਲ ਕੰਮ ਕੀਤਾ ਹੈ।

No comments:
Post a Comment