ਚੰਡੀਗੜ੍ਹ, 25 ਨਵੰਬਰ : ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਸੂਬੇ ਦੇ ਪਾਣੀਆਂ ਅਤੇ ਜੁਮਲਾ ਮੁਸ਼ਤਰਕਾ ਮਾਲਕਾਨ ਵਾਲੀਆਂ ਜ਼ਮੀਨਾਂ ਪੰਚਾਇਤਾਂ ਨੂੰ ਸੌਂਪਣ ਵਿਰੁੱਧ ਲਾਮਬੰਦ ਹੋ ਗਈਆਂ ਹਨ। ਇਨ੍ਹਾਂ ਜਥੇਬੰਦੀਆਂ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਕਰਵਾਏ ਸੈਮੀਨਾਰ ਤੋਂ ਬਾਅਦ 30 ਨਵੰਬਰ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ 2 ਤੋਂ 15 ਦਸੰਬਰ ਤੱਕ ਸੂਬੇ ਭਰ ਵਿੱਚ ਝੰਡਾ ਮਾਰਚ ਕਰਨ ਦਾ ਵੀ ਐਲਾਨ ਕੀਤਾ ਗਿਆ।
ਸੈਮੀਨਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਗਲੇ ਮਹੀਨੇ ਤੋਂ ਪੰਜਾਬ ਦੇ ਪਾਣੀਆਂ ਦੀ ਲੜਾਈ ਸ਼ੁਰੂ ਕਰ ਰਹੀਆਂ ਹਨ, ਜਿਸ ਤਹਿਤ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਚੰਡੀਗੜ੍ਹ ਵਿੱਚ ਸੈਮੀਨਾਰ ਤੋਂ ਬਾਅਦ 28 ਨਵੰਬਰ ਨੂੰ ਜਲੰਧਰ ਅਤੇ 30 ਨਵੰਬਰ ਨੂੰ ਬਠਿੰਡਾ ਵਿੱਚ ਸੈਮੀਨਾਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 50 ਹਜ਼ਾਰ ਪੋਸਟਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ 50 ਹਜ਼ਾਰ ਹੋਰ ਪੋਸਟਰ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ 2 ਤੋਂ 15 ਦਸੰਬਰ ਤੱਕ ਕਿਸਾਨ ਜਥੇਬੰਦੀਆਂ ਸੂਬੇ ਭਰ ਵਿੱਚ ਝੰਡਾ ਮਾਰਚ ਕਰਨਗੀਆਂ।


No comments:
Post a Comment