ਐੱਸ ਏ ਐੱਸ 19 ਨਵੰਬਰ : ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਪ੍ਰਿੰਸੀਪਲ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਅੱਜ ਸੜਕ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਅਤੇ ਮੁਢਲੀ ਸਹਾਇਤਾ ਬਾਰੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਏ. ਐੱਸ. ਪੀ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਟਰੈਫਿਕ ਪੁਲਸ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐੱਸ. ਆਈ. ਜਨਕ ਰਾਜ ਨੇ ਅੰਕੜਿਆਂ ਨਾਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੁੰਦੇ ਹਾਦਸਿਆਂ ਦੀ ਗੰਭੀਰ ਸਥਿਤੀ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਹਰ ਚਾਰ ਮਿੰਟ ਵਿਚ ਇਕ ਮੌਤ ਸਿਰਫ ਸੜਕ ਹਾਦਸਿਆਂ ਕਾਰਨ ਹੋ ਰਹੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਹੈਲਮਟ ਪਾਉਣ, ਟਰੈਫਿਕ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ, ਨਸ਼ੇ ਕਰਕੇ ਵਾਹਨ ਨਾ ਚਲਾਉਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਸਦੇ ਨਾਲ ਹੀ ਇੰਡਸ ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਦੋ ਮੈਂਬਰੀ ਟੀਮ ਨੇ ਵਿਦਿਆਰਥੀਆਂ ਨੂੰ ਕਿਸੇ ਅਣਸੁਖਾਵੀਂ ਘਟਨਾ ਵੇਲੇ ਮੁਢਲੀ ਸਹਾਇਤਾ ਦੇਣ ਬਾਰੇ ਵਿਸਥਾਰ ਸਹਿਤ ਦੱਸਿਆ। ਉਹਨਾਂ ਮੁਢਲੀ ਸਹਾਇਤਾ ਦੀ ਮਹੱਤਤਾ ਅਤੇ ਢੰਗ ਤਰੀਕਿਆਂ ਬਾਰੇ ਵੱਡਮੁੱਲੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਇਸਦੇ ਨਾਲ ਹੀ ਟਰੈਫਿਕ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਹੈਲਮਟ ਵੀ ਵੰਡੇ ਗਏ। ਪ੍ਰਿੰਸੀਪਲ ਕਾਮਨਾ ਗੁਪਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕੁਦਰਤ ਵੱਲੋਂ ਬਖਸ਼ੀ ਜੀਵਨ ਦੀ ਦਾਤ ਨੂੰ ਅਸੀਂ ਆਪਣੀਆਂ ਗਲਤੀਆਂ ਨਾਲ ਅਜਾਂਈ ਗੁਆ ਦਿੰਦੇ ਹਾਂ। ਮਨੁੱਖੀ ਜੀਵਨ ਅਨਮੋਲ ਹੈ ਅਤੇ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਅਸੀਂ ਇਸ ਅਨਮੋਲ ਜ਼ਿੰਦਗੀ ਨੂੰ ਖੁਦ ਹੀ ਨਸ਼ਟ ਕਰਨ ਦਾ ਖਤਰਾ ਉਠਾਉਂਦੇ ਹਾਂ। ਉਹਨਾਂ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਖੁਦ ਸੁਚੇਤ ਹੋਣ ਅਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਏ. ਐੱਸ. ਪੀ. ਡੇਰਾ ਬੱਸੀ ਦਰਪਣ ਆਹਲੂਵਾਲੀਆ ਅਤੇ ਟਰੈਫਿਕ ਪੁਲਸ ਐਜੂਕੇਸ਼ਨ ਸੈੱਲ ਤੋਂ ਏ. ਐੱਸ. ਆਈ. ਸ੍ਰੀ ਜਨਕ ਰਾਜ ਦਾ ਅਤੇ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਦੇਣ ਵਾਲੇ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਲੈਕਚਰ ਵਿਚ ਕਾਲਜ ਸਟਾਫ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

No comments:
Post a Comment