ਵਿਦਿਆਰਥੀਆਂ ਦੀ ਜਿਗਿਆਸਾ ਨੂੰ ਸ਼ਾਂਤ ਕਰਨ ਅਤੇ ਬਾਹਰੀ ਦੁਨੀਆ ਤੇ ਖੋਜਾਂ ਨਾਲ ਵਾਹ ਵਾਸਤਾ ਕਰਵਾਉਣ ਲਈ ਵਿਦਿਅਕ ਯਾਤਰਾਵਾਂ ਵੀ ਕਰਵਾਉਣ ਲਈ ਆਖਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਜੁਲਾਈ :ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਕਿਹਾ ਕਿ ਸਮਰ ਕੈਂਪ ਵਿਦਿਆਰਥੀਆਂ ਵਿੱਚ ਸਿਰਜਣਾਤਮਕਤਾ ਅਤੇ ਨਵੀਨਤਮ ਵਿਚਾਰਾਂ ਦੇ ਸਰੋਤ ਵਜੋਂ ਉਭਰ ਰਹੇ ਹਨ। ਜਿਸ ਦਾ ਪਤਾ ਸਮਰ ਕੈਂਪਾਂ ਵਿੱਚ ਵਿਦਿਆਰਥੀਆਂ ਵੱਲੋਂ ਕਮਾਲ ਦੇ ਮਾਡਲ ਅਤੇ ਹੋਰ ਰਚਨਾਤਮਕਤਾਵਾਂ ਦੇ ਪ੍ਰਦਰਸ਼ਨ ਤੋਂ ਲੱਗਦਾ ਹੈ।
ਡੀ ਸੀ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਨੋਬਲ ਵਧਾਉਣ ਦੇ ਮਕਸਦ ਨਾਲ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੁਹਾਲੀ ਦਾ ਦੌਰਾ ਕੀਤਾ।
ਉਹ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਪੇਸ਼ਕਾਰੀ ਦੀ ਸ਼ੈਲੀ ਅਤੇ ਰਚਨਾਤਮਕਤਾ ਦੇ ਪਿੱਛੇ ਦੇ ਵਿਚਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ, ਇਸ ਪ੍ਰਦਰਸ਼ਨੀ ਵਿੱਚ ਵਾਟਰ ਡਿਸਪੈਂਸਰ, ਵਾਟਰ ਟੈਂਕ, ਖਿਡੌਣੇ ਟੈਲੀਫੋਨ, ਵੈਕਿਊਮ ਕਲੀਨਰ, ਫੋਟੋਸਿੰਥੇਸਿਸ, ਸੋਲਰ ਇਰੀਗੇਸ਼ਨ ਦੇ ਮਾਡਲ ਸ਼ਾਮਲ ਸਨ।
ਡੀ ਸੀ ਨੇ ਕਿਹਾ, "ਇੰਝ ਜਾਪਦਾ ਹੈ ਕਿ ਉਹਨਾਂ ਨੇ ਇਹਨਾਂ ਮਾਡਲਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਅਧਿਆਪਕਾਂ ਤੋਂ ਬਹੁਤ ਚੰਗੀ ਤਰ੍ਹਾਂ ਗਿਆਨ ਪ੍ਰਾਪਤ ਕੀਤਾ ਹੈ ਜੋ ਕਿ ਉਨ੍ਹਾਂ ਦੀ ਗ੍ਰਹਿਣ ਕਰਨ ਦੀ ਸ਼ਕਤੀ ਅਤੇ ਸਿੱਖਣ ਦੇ ਹੁਨਰ ਨੂੰ ਵੀ ਸਾਬਤ ਕਰਦਾ ਹੈ"। ਡੀ ਸੀ ਨੇ ਕਿਹਾ ਕਿ ਇਹ ਛੋਟੇ ਛੋਟੇ ਉਭਰਦੇ ਵਿਗਿਆਨੀ ਰਾਸ਼ਟਰ ਦੀ ਸੇਵਾ ਲਈ ਆਪਣੇ ਭਵਿੱਖ ਦੇ ਟੀਚਿਆਂ ਨੂੰ ਯਕੀਨੀ ਤੌਰ 'ਤੇ ਪ੍ਰਾਪਤ ਕਰਨਗੇ।
ਸਮਰ ਕੈਂਪ ਦੌਰਾਨ ਵਿਗਿਆਨਕ ਮਾਡਲਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਉਨ੍ਹਾਂ ਨੂੰ ਆਪਣੀ ਪਸੰਦ ਤੇ ਰੁਚੀ ਵਾਲੇ ਖੇਤਰ ਵਿੱਚ ਵਿਸ਼ੇਸ਼ਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਡੀ ਸੀ ਨੇ ਉਨ੍ਹਾਂ ਨੂੰ ਜ਼ਿੰਦਗੀ ਦਾ ਆਪਣਾ ਟੀਚਾ ਹੁਣ ਤੋਂ ਹੀ ਮਿੱਥਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿਉਂਕਿ ਇੱਕ ਵਾਰ ਟੀਚਾ ਮਿੱਥ ਲਿਆ ਜਾਵੇ ਤਾਂ ਉਸ ਨੂੰ ਹਾਸਲ ਕਰਨ ਲਈ ਅੱਗੇ ਪੂਰੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਗਿਆਨਕ ਮਾਡਲ, ਗਣਿਤ ਦੇ ਮਾਡਲ ਅਤੇ ਸਿੱਖਣ ਦੀਆਂ ਤਕਨੀਕਾਂ, ਡਰਾਇੰਗ ਸ਼ੀਟਾਂ 'ਤੇ ਰਚਨਾਤਮਕਤਾ ਦੇ ਕੰਮ ਦਿੱਤੇ ਗਏ, ਜਿੱਥੇ ਉਨ੍ਹਾਂ ਨੇ ਪੂਰੀ ਲਗਨ ਨਾਲ ਆਪਣੀ ਯੋਗਤਾ ਨੂੰ ਸਾਬਤ ਕੀਤਾ।
ਇਸ ਮੌਕੇ ਸੋਲਰ ਇਰੀਗੇਸ਼ਨ ਸਿਸਟਮ, ਬੇਸਟ ਆਫ ਵੇਸਟ, ਮੌਲਿਕ ਅਧਿਕਾਰ, ਮਿੱਟੀ ਦੀਆਂ ਕਿਸਮਾਂ, ਜਵਾਲਾਮੁਖੀ ਫਟਣਾ, ਹਾਈਡਰੋ ਇਲੈਕਟ੍ਰੀਸਿਟੀ, ਈਵੀਐਮ, ਉਮਰ ਪਤਾ ਕਰਨ ਵਾਲਾ ਕੈਲਕੂਲੇਟਰ, ਅਬੈਕਸ, ਜੋੜ ਅਤੇ ਘਟਾਓ, ਫੈਕਟਰ ਟ੍ਰੀ ਵਿਧੀਆਂ ਵੀ ਧਿਆਨ ਖਿੱਚ ਰਹੀਆਂ ਸਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਸਾਇੰਸ ਸਿਟੀ, ਚਿੜੀਆਘਰ ਅਤੇ ਇਤਿਹਾਸਕ ਸਥਾਨਾਂ ਦੀਆਂ ਯਾਤਰਾਵਾਂ ਕਰਨ ਦਾ ਮੌਕਾ ਪ੍ਰਦਾਨ ਕਰਨ ਤਾਂ ਜੋ ਉਨ੍ਹਾਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਵੀ ਗਿਆਨ ਪ੍ਰਾਪਤ ਹੋ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਤੈਰਾਕੀ ਸਿੱਖਣ ਲਈ ਗਮਾਡਾ ਦੇ ਸਵਿਮਿੰਗ ਪੂਲ ਵਿੱਚ ਭੇਜਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਸਕੂਲ ਆਫ਼ ਐਮੀਨੈਂਸ ਅਧੀਨ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਨਿਰੀਖਣ ਵੀ ਕੀਤਾ। ਉਨ੍ਹਾਂ ਨੇ ਸਕੂਲ ਵਿੱਚ ਬਣਾਇਆ ਮਿਊਜ਼ੀਅਮ ਵੀ ਦੇਖਿਆ ਜਿੱਥੇ ਵਿਦਿਆਰਥੀਆਂ ਨੂੰ ਦਿਖਾਉਣ ਲਈ ਪ੍ਰਮੁੱਖ ਥਾਵਾਂ ਦੇ ਮਹੱਤਵਪੂਰਨ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਡਲ ਤੱਕ ਦੇ ਵਿਦਿਆਰਥੀਆਂ ਨੂੰ ਸਮਰ ਕੈਂਪਾਂ ਦਾ ਹਿੱਸਾ ਬਣਾਇਆ ਗਿਆ ਹੈ। ਇਹ ਸਮਰ ਕੈਂਪ 15 ਜੁਲਾਈ ਤੱਕ ਲਗਾਏ ਜਾਣਗੇ ਅਤੇ 3 ਜੁਲਾਈ ਨੂੰ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਸ਼ੁਰੂ ਕੀਤੇ ਗਏ ਹਨ।
ਡੀ ਸੀ ਆਸ਼ਿਕਾ ਜੈਨ ਦੇ ਦੌਰੇ ਦੌਰਾਨ ਡਿਪਟੀ ਡੀ ਈ ਓ ਅੰਗਰੇਜ ਸਿੰਘ, ਪ੍ਰਿੰਸੀਪਲ ਸਲਿੰਦਰ ਸਿੰਘ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।


No comments:
Post a Comment