ਐਸ.ਏ.ਐਸ. ਨਗਰ, 27 ਨਵੰਬਰ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਅੱਜ ਕੋਵਿਡ-19 ਦੀ ਸੰਭਾਈ ਦੂਜੀ ਲਹਿਰ ਦੇ ਪ੍ਰਬੰਧਨ ਦੀਆਂ ਗਤੀਵਿਧੀਆਂ ਦਾ ਧੁਰਾ ਰਿਹਾ, ਜਿਥੇ ਸੂਬੇ ਦੇ ਸੀਨੀਅਰ ਡਾਕਟਰਾਂ ਅਤੇ ਅਫ਼ਸਰਸ਼ਾਹਾਂ ਨੇ ਪ੍ਰਾਇਵੇਟ ਅਤੇ ਸਰਕਾਰੀ ਅਦਾਰਿਆਂ ਦੇ ਡਾਕਟਰਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ, ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ, ਹੁਸਨ ਲਾਲ, ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਐਮ.ਡੀ. ਪੀ.ਐਚ.ਐਸ.ਸੀ. ਤਨੂ ਕਸ਼ਯਪ, ਪੀਜੀਆਈ ਦੇ ਡੀਨ ਡਾ. ਜੀ.ਡੀ. ਪੁਰੀ, ਪੀਜੀਆਈ ਦੇ ਐਸੋਸੀਏਟ ਪ੍ਰੋਫੈਸਰ ਡਾ. ਕਮਲ ਕਾਜਲ, ਗਿਰੀਸ਼ ਦਿਆਲਨ ਆਈ.ਏ.ਐੱਸ., ਅਸ਼ਿਕਾ ਜੈਨ ਆਈ.ਏ.ਐੱਸ. ਮੌਜੂਦ ਸਨ।
ਡਾ. ਕੇ.ਕੇ. ਤਲਵਾੜ ਨੇ ਮੁਹਾਲੀ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ ਜਿਸ ਨਾਲ ਪੰਚਕੂਲਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਮਰੀਜ਼ ਮੁਹਾਲੀ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਹਨ। ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੀ ਨਿਗਰਾਨੀ ਹੇਠ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ਵਿਚਾਲੇ ਤਾਲਮੇਲ ਦੀ ਵੀ ਸ਼ਲਾਘਾ ਕੀਤੀ ਗਈ। ਉਹਨਾਂ ਕੋਵਿਡ-19 ਵਿਰੁੱਧ ਲੜਾਈ ਵਿਚ ਇਕ ਵਧੀਆ ਭੂਮਿਕਾ ਨਿਭਾਉਣ ਲਈ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕੋਵਿਡ ਦੀ ਸੰਭਾਵੀ ਦੂਜੀ ਲਹਿਰ ਵਾਸਤੇ ਤਿਆਰ ਰਹਿਣ ਲਈ ਕਿਹਾ।
ਇਸ ਮੌਕੇ ਵੱਧ ਤੋਂ ਵੱਧ ਨਮੂਨੇ ਲੈਣ ਅਤੇ ਬੈੱਡਾਂ ਦੀ ਢੁੱਕਵੀਂ ਸਮਰੱਥਾ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਮੌਤ ਦਰ (ਸੀ.ਐੱਫ.ਆਰ) ਨੂੰ ਘਟਾਉਣਾ ਲਈ ਲੰਮੀ ਚਰਚਾ ਕੀਤੀ ਗਈ। ਡਾਕਟਰਾਂ ਨੇ ਅਮਲੀ ਸੁਝਾਅ ਅਤੇ ਉਤਮ ਡਾਕਟਰੀ ਅਭਿਅਸ ਸਾਂਝੇ ਕੀਤੇ ਜੋ ਮੌਤ ਦਰ ਨੂੰ ਘਟਾਉਣ ਵਿੱਚ ਸਾਰੇ ਹਸਪਤਾਲਾਂ ਲਈ ਸਹਾਇਕ ਸਿੱਧ ਹੋਣਗੇ।
ਇਹ ਵਿਚਾਰ ਕੀਤਾ ਗਿਆ ਕਿ ਲੈਵਲ 1 ਸਿਹਤ ਸੰਸਥਾਵਾਂ ਵਿਚ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਦਰ ਘੱਟ ਹੈ, ਇਸ ਲਈ ਸੂਬੇ ਭਰ ਵਿੱਚ ਲੈਵਲ 1 ਸਿਹਤ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ। ਬਿਨ੍ਹਾਂ ਲੱਛਣਾਂ ਵਾਲੇ/ ਹਲਕੇ ਜਿਹੇ ਲੱਛਣਾਂ ਵਾਲੇ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਲਈ ਉਤਸ਼ਾਹਤ ਕਰਨ ਦਾ ਫੈਸਲਾ ਲਿਆ ਗਿਆ। ਲੋੜਵੰਦ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਕਿੱਟਾਂ ਵੰਡੀਆਂ ਜਾਣੀਆਂ ਹਨ। ਮਰੀਜ਼ਾਂ ਦੇ ਜਲਦੀ ਠੀਕ ਹੋਣ ਅਤੇ ਉਨ੍ਹਾਂ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ, ਸੂਬਾ ਸਰਕਾਰ ਵੱਲੋਂ ਪੋਸਟ ਕੋਵਿਡ ਕੇਅਰ ਕਿੱਟਾਂ ਵੀ ਤਿਆਰ ਕੀਤੀਆਂ ਗਈਆਂ ਹਨ ਜੋ ਲੋੜਵੰਦ ਮਰੀਜ਼ਾਂ ਨੂੰ ਵੰਡੀਆਂ ਜਾਣੀਆਂ ਹਨ।
ਪ੍ਰਾਈਵੇਟ ਹਸਪਤਾਲਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਹੋਮ ਕਾਊਸਲਿੰਗ ਸੇਵਾਵਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੇਵਾਵਾਂ ਲਈ ਜਾਇਜ਼ ਕੀਮਤ ਵਸੂਲਣ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਮਰੀਜ਼ਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸਾਰੇ ਪ੍ਰਾਈਵੇਟ ਹਸਪਤਾਲ ਵੈਂਟੀਲੇਟਰ ਸਪੋਰਟ ਪ੍ਰੋਫੋਰਮਾ ਅਤੇ ਬੁਨਿਆਦੀ ਢਾਂਚੇ ਦੀ ਉਪਲਬਧਤਾ ਸਬੰਧੀ ਪ੍ਰੋਫੋਰਮਾ ਭਰਨਗੇ ਤਾਂ ਜੋ ਮਾਹਰ ਕਮੇਟੀ ਇਸ ਦਾ ਵਿਸ਼ਲੇਸ਼ਣ ਕਰ ਸਕੇ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰ ਸਕੇ। ਇਹ ਵੀ ਦੱਸਿਆ ਗਿਆ ਕਿ ਸਿਹਤ ਸੰਸਥਾਵਾਂ ਨੂੰ ਮੌਤ ਸਬੰਧੀ ਆਡਿਟ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਮਾਹਰ ਇਸ ਸਬੰਧੀ ਪੰਜਾਬ ਵਿੱਚ ਹੋ ਰਹੀਆਂ ਮੌਤਾਂ ਦਾ ਸਹੀ ਵਿਸ਼ਲੇਸ਼ਣ ਕਰ ਸਕਣ ਅਤੇ ਮੌਤ ਦਰ ਨੂੰ ਘੱਟ ਕਰ ਸਕਣ।
ਸਾਰੇ ਹਸਪਤਾਲਾਂ ਨੂੰ ਡਾ. ਕੇ. ਕੇ. ਤਲਵਾੜ ਅਤੇ ਹੋਰ ਮਾਹਰ ਡਾਕਟਰਾਂ ਅਧੀਨ ਕਰਵਾਏ ਜਾਂਦੇ ਹਫ਼ਤਾਵਾਰੀ ਲਾਈਵ ਸੈਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ ਗਿਆ।
No comments:
Post a Comment