SBP GROUP

SBP GROUP

Search This Blog

Total Pageviews

Showing posts with label SAS NAGAR NEWS. Show all posts
Showing posts with label SAS NAGAR NEWS. Show all posts

ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਸ਼ੁੱਧ ਤੇ ਮਿਆਰੀ ਮਠਿਆਈਆਂ ਵੇਚਣ ਦੀਆਂ ਹਦਾਇਤਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ, : ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ ਖ਼ਾਸਕਰ ਹਲਵਾਈਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓਜ਼.) ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ। 


      ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਆਖਿਆ ਕਿ ਜੇ ਕੋਈ ਹਲਵਾਈ ਜਾਂ ਹੋਰ ਦੁਕਾਨਦਾਰ ਮਿਲਾਵਟੀ ਖਾਧ ਪਦਾਰਥ ਬਣਾਉਂਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ। ਉੁਨ੍ਹਾਂ ਇਹ ਵੀ ਕਿਹਾ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।

     ਡਾ. ਰੇਨੂੰ ਸਿੰਘ ਨੇ ਦਸਿਆ ਕਿ ਤਿਉਹਾਰਾਂ ਦੇ ਚਾਲੂ ਸੀਜ਼ਨ ਦੌਰਾਨ ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਬ੍ਰਾਂਚ ਨੂੰ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿਚ ਜਾਂਚ ਤੇਜ਼ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦਿਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਜਾਂਚ ਦਾ ਮੰਤਵ ਕਿਸੇ ਦੁਕਾਨਦਾਰਾਂ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਖ਼ੁਰਾਕ ਸੁਰੱਖਿਆ ਕਾਨੂੰਨ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾ ਰਿਹਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤੀ ਜਾ ਰਹੀ।

      ਸੀਨੀਅਰ ਸਿਹਤ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਕਿ ਸਿਹਤ ਵਿਭਾਗ ਜਾਂ ਫ਼ੂਡ ਸੇਫ਼ਟੀ ਵਿੰਗ ਦੇ ਕਿਸੇ ਵੀ ਅਧਿਕਾਰੀ ਦੇ ਨਾਮ ’ਤੇ ਕਿਸੇ ਕਿਸਮ ਦੀ ਰਿਸ਼ਵਤ ਜਾਂ ਪੈਸੇ ਮੰਗੇ ਜਾਣ ’ਤੇ ਤੁਰੰਤ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਜਾਵੇ ਤਾਕਿ ਅਜਿਹੇ ਮਾੜੇ ਅਨਸਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਕਿਸੇ ਵੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।


ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਡਾ. ਰੇਨੂੰ ਸਿੰਘ।

ਏ.ਡੀ.ਸੀ. ਵੱਲੋਂ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਫਰਮ ਦਾ ਲਾਇਸੰਸ ਰੱਦ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਕਤੂਬਰ  : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਫਰਮ ਪਲਾਟ ਨੰਬਰ ਈ.328, ਦੂਜੀ ਮੰਜ਼ਿਲ ਫੇਜ਼-8 ਏ, ਸੈਕਟਰ-75,ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਦੇ ਮਾਲਕ ਜਗਦੀਪ ਸਿੰਘ ਸੰਧੂ ਪੁੱਤਰ ਨਿਹਾਲ ਸਿੰਘ ਅਤੇ ਨਵਨੀਤ ਢਿੱਲੋਂ ਪਤਨੀ ਜਗਦੀਪ ਸਿੰਘ ਸੰਧੂ ਦੋਵੇਂ ਵਾਸੀ ਮਕਾਨ ਨੰ: 282, ਤਸਕਨ ਰੈਜੀਡੈਂਸੀ, ਟੀ.ਡੀ.ਆਈ ਸਿਟੀ, ਸੈਕਟਰ-111, ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 227/ਆਈ.ਸੀ, ਮਿਤੀ 31.10.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 30-10-2023 ਨੂੰ ਖਤਮ ਹੋ ਚੁੱਕੀ ਹੈ। 


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ, ਮੋਹਾਲੀ ਦੀ ਰਿਪੋਰਟ ਅਨੁਸਾਰ , ਦਫਤਰ ਬੰਦ ਹੋਣ ਕਰਕੇ, ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਾਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਪ੍ਰੀਮੀਅਰ ਕੰਸਲਟੈਂਟਸ ਪ੍ਰਾਇ: ਲਿਮਿ: ਨੂੰ ਜਾਰੀ ਲਾਇਸੰਸ ਨੰਬਰ 227/ਆਈ.ਸੀ. ਮਿਤੀ 31.20.2018  ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/

ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ  ਜਿੰਮੇਵਾਰ ਹੋਣਗੇ।

ਸ਼ੈਮਰਾਕ ਸਕੂਲ ਵੱਲੋਂ ਦੋ ਦਿਨਾਂ ਰਾਜ ਪੱਧਰ ਦੇ ਇੰਟਰ ਸਕੂਲ ਈਵੈਂਟ ਬਿਜ਼ਨਸ ਮੁਕਾਬਲੇ ਕਰਵਾਏ ਗਏ

ਉੱਤਰੀ ਭਾਰਤ ਦੇ ਵੱਖ-ਵੱਖ ਸਕੂਲਾਂ ਤੋਂ 410 ਵਿਦਿਆਰਥੀਆਂ ਨੇ ਭਾਗ ਲਿਆ

ਮੋਹਾਲੀ, 15 ਅਕਤੂਬਰ : ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਵਿਦਿਆਰਥੀਆਂ ਦੇ ਵਪਾਰਕ ਹੁਨਰ ਨੂੰ ਨਿਖਾਰਨ ਲਈ ਦੋ ਦਿਨਾਂ ਰਾਜ ਪੱਧਰ ਦੇ ਇੰਟਰ ਸਕੂਲ ਈਵੈਂਟ ਬਿਜ਼ਨਸ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ 410 ਵਿਦਿਆਰਥੀਆਂ ਨੇ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਦਾ ਮੁੱਖ ਮੰਤਵ ਭਵਿੱਖ ਦੇ ਉੱਦਮੀਆਂ ਨੂੰ ਐਕਸਪੋਜਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਉੱਜਵਲ ਅਤੇ ਸਫਲ ਭਵਿੱਖ ਲਈ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਲਈ ਕੀਤਾ ਗਿਆ ਸੀ। ਜਿਊਰੀ ਮੈਂਬਰਾਂ ਆਪੋ-ਆਪਣੇ ਖੇਤਰ ਵਿਚ ਪ੍ਰਸਿੱਧੀ ਅਤੇ ਮੁਹਾਰਤ ਵਾਲੇ ਪੇਸ਼ੇਵਾਰ ਅਤੇ ਸਿੱਖਿਅਕ ਸਨ।

ਇਸ ਈਵੈਂਟ ਨੇ ਭਵਿੱਖ ਦੇ ਉੱਦਮੀਆਂ ਨੂੰ ਐਕਸਪੋਜਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਇੱਕ ਉੱਜਵਲ ਅਤੇ ਸਫਲ ਭਵਿੱਖ ਲਈ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦਾ ਪ੍ਰਸਤਾਵ ਦਿੱਤਾ। ਸਟੇਜ ਨੇ ਨੌਜਵਾਨ ਦਿਮਾਗਾਂ ਦੀ ਸਿਰਜਣਾਤਮਿਕ ਸੂਝ-ਬੂਝ ਨੂੰ ਇਕੱਠਾ ਕੀਤਾ ਜਿਨ੍ਹਾਂ ਨੇ ਆਪਣੀ ਨਵੀਨਤਾ ਕਾਰੀ, ਉੱਦਮੀ ਸਮਰੱਥਾ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਵਪਾਰਕ ਭਾਵਨਾ, ਰਚਨਾਤਮਿਕਤਾ, ਭਾਸ਼ਣ ਕਲਾ ਅਤੇ ਰਵੱਈਏ ਦੀ ਪਰਖ ਕੀਤੀ।
ਅਖੀਰ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਡਿਬੇਟ ਵਿਚ ਸ਼ਿਵਾਲਿਕ ਸਕੂਲ ਸੈਕਟਰ-41 ਦੀ ਆਸ਼ਿਮਾ ਕਪੂਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੈਕਰਡ ਹਾਰਟ ਸਕੂਲ ਦੀ ਦਿਵਸ਼ੀ ਅਤੇ ਜੰਨਤ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੁਆਡ ਸਪਟੈਟ ਮੁਕਾਬਲੇ ਵਿਚ ਸ਼ੈਮਰਾਕ ਸਕੂਲ ਦੀ ਰਵਾਸਵੀ ਸ਼ਰਮਾ ਪਹਿਲੇ ਸਥਾਨ 'ਤੇ ਰਹੀ। ਬੀ ਸੀ ਐਮ ਆਰੀਆ ਸਕੂਲ ਲੁਧਿਆਣਾ ਦੀ ਇਸ਼ਮੀਤ ਕੌਰ ਅਤੇ ਰੋਹਨ ਅਰੋੜਾ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਇਸੇ ਤਰਾਂ ਟਰੇਡ ਜਿਮਮਿਕ ਮੁਕਾਬਲੇ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੇ ਗਿਮਿਕ ਨੇ ਪਹਿਲਾ ਸਥਾਨ ਹਾਸਲ ਕੀਤਾ।ਜਦ ਕਿ ਸੀ ਵੀ, ਜੀ ਡੀ ਅਤੇ ਕਾਰਪੋਰੇਟ ਇੰਟਰਵਿਊ ਵਿਚ ਸਿਮਰਜੋਤ ਪਹਿਲੇ ਸਥਾਨ 'ਤੇ ਰਹੀ। ਬਰਾਂਡ ਟੋਸਟਿੰਗ ਦ ਮਿਲੇਨੀਅਮ ਸਕੂਲ ਵਿਚ ਮੁਹਾਲੀ ਦੀ ਟੀਮ ਜੇਤੂ ਰਹੀ।
ਸਕੂਲ ਦੇ ਐਮ ਡੀ ਕਰਨ ਬਾਜਵਾ ਅਤੇ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ । ਅਖੀਰ ਵਿਚ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਬਾਜਵਾ ਨੇ ਜੱਜਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਜੇਤੂਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ।

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਸਾਲਾਨਾ ਗੁਰਮਤਿ ਸਮਾਗਮ ਮਿੱਠੀਆਂ ਯਾਦਾਂ ਨਾਲ ਸਮਾਪਤ ਹੋਇਆ

ਮੋਹਾਲੀ, 15 ਅਕਤੂਬਰ : ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਗ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ  ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ  ਸੰਗਤਾਂ ਨੇ ਜੁੜਦੇ ਹੋਏ ਸ਼ਾਮ ਪੰਜੇ ਵਜੇ ਸ਼ੁਰੂ ਹੋ ਕੇ ਰਾਤ ਗਿਆਰਾਂ ਵਜੇ ਤਕ ਗੁਰਬਾਣੀ ਦਾ ਸਰਵਣ ਕੀਤਾ। ਇਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ। 


 ਇਸ ਦੌਰਾਨ ਤਿੰਨੇ ਦਿਨ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਹੋਏ ੇ ਭੈਣ ਰਵਿੰਦਰ ਕੌਰ ਵੱਲੋਂ ਗੁਰ ਕੀ ਗੁਰਬਾਣੀ ਦਾ ਸਿਮਰਨ ਕੀਤਾ। ਜਦ ਕਿ ਅਖੀਰੀ ਦਿਨ ਦੇ ਦੀਵਾਨ ਵਿਚ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਖੰਨਾ ਵਾਲੇ, ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਪ੍ਰਦੀਪ ਸਿੰਘ, ਭਾਈ ਸਰਬਜੀਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕੀਤਾ।  ਇਸ ਦੇ  ਨਾਲ ਹੀ ਇਨ੍ਹਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਫਤਿਹ ਟੀ ਵੀ ਚੈਨਲ, ਸੰਗਤ ਟੀ ਵੀ ਅਤੇ ਯੂ ਟਿਊਬ ਤੇ ਬਾਣੀ ਡੋਟ ਨੈੱਟ ਤੇ ਕੀਤਾ  ਗਿਆ।  ਜਿਸ ਨਾਲ ਦੇਸ਼ ਵਿਦੇਸ਼ ਦੂਰ ਥਾਵਾਂ ਤੇ ਸੰਗਤ ਨੇ ਵੀ  ਗੁਰੁ ਕੀ ਇਲਾਹੀ ਬਾਣੀ ਦਾ ਅਨੰਦ ਮਾਣਿਆ।  
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ' ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਭਾਈ ਜਸਬੀਰ ਸਿੰਘ ਖ਼ਾਲਸਾ ਜੀ ਦੀ ਯਾਦ ਵਿਚ ਲੋੜਵੰਦਾਂ ਲਈ ਫ਼ਰੀ ਮੈਮੋਗਰਾਫੀ ਅਤੇ ਖ਼ੂਨਦਾਨ ਕੈਂਪ ਵੀ ਲਗਾਇਆਂ ਗਿਆ। ਇਸ ਸਮਾਗਮ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚਲਾਇਆਂ ਗਿਆ।

ਭਗਵੰਤ ਮਾਨ ਸਰਕਾਰ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ: ਅਨਮੋਲ ਗਗਨ ਮਾਨ

ਐਸ.ਏ.ਐਸ.ਨਗਰ, 14 ਅਕਤੂਬਰ, : ਖਰੜ ਵਾਸੀਆਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਵਿੱਚ ਇੱਕ ਹੋਰ ਪੁਲਾਂਘ ਪੁੱਟਦੇ ਹੋਏ ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਸ਼ੁਰੂਆਤ ਕੀਤੀ।




      ਸੰਨੀ ਐਨਕਲੇਵ ਵਿਖੇ 66 ਕੇ.ਵੀ. ਦੇ ਵਧੀ ਹੋਈ ਸਮਰਥਾ ਵਾਲੇ ਗਰਿੱਡ ਦਾ ਉਦਘਾਟਨ ਕਰਦੇ ਹੋਏ, ਜਿਸ ਦੇ 40 ਐਮ.ਵੀ.ਏ. ਦੇ ਟਰਾਂਸਫਾਰਮਰਾਂ ਨੂੰ 63 ਐਮ.ਵੀ.ਏ. ਦੀ ਸਮਰੱਥਾ ਨਾਲ ਬਦਲਿਆ ਗਿਆ ਹੈ, ਵਿਧਾਇਕ ਮਾਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਖਰੜ ਸ਼ਹਿਰ ਨਿਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ 30 ਕਰੋੜ ਰੁਪਏ ਦੇ ਅਪਗ੍ਰੇਡੇਸ਼ਨ ਪ੍ਰੋਜੈਕਟ ਸ਼ੁਰੂ ਕੀਤੇ ਹਨ। ਇਹ ਗ੍ਰਿਡ ਪ੍ਰੋਜੈਕਟ 7.6 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਵਧੀ ਹੋਈ ਸਮਰੱਥਾ ਖਪਤਕਾਰਾਂ ਦੀ ਬਿਹਤਰ ਤਰੀਕੇ ਨਾਲ ਸੇਵਾ ਕਰਨ ਦੀ ਵਚਨਬੱਧਤਾ ਨੂੰ ਯਕੀਨੀ ਬਣਾਉਣ ਲਈ ਸਪਲਾਈ ਦੀ ਵਧਦੀ ਮੰਗ ਨੂੰ ਪੂਰਾ ਕਰੇਗੀ। 

      ਇਸ ਤੋਂ ਇਲਾਵਾ, ਮੌਜੂਦਾ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਹਰ ਕਲੋਨੀ ਵਿੱਚ 2-3 ਵਾਧੂ ਟ੍ਰਾਂਸਫਾਰਮਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 20 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖਰੜ ਵਿੱਚ ਵੱਧ ਰਹੇ ਸ਼ਹਿਰੀਕਰਨ ਨੇ ਬਿਜਲੀ ਦੀ ਖਪਤ ਵਿੱਚ ਵਾਧਾ ਕੀਤਾ ਹੈ ਅਤੇ ਇਸ ਲਈ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਲੋੜ ਹੈ। 

     ਵਿਧਾਇਕ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਛੱਜੂ ਮਾਜਰਾ ਖੇਤਰ ਵਿੱਚ 66 ਕੇਵੀ ਦਾ ਨਵਾਂ ਗਰਿੱਡ ਬਣਾਉਣ ਦੀ ਤਜਵੀਜ਼ ਹੈ ਜੋ ਅਗਲੇ ਕੁਝ ਮਹੀਨਿਆਂ ਵਿੱਚ ਚਾਲੂ ਹੋ ਜਾਵੇਗਾ। ਇਸੇ ਤਰ੍ਹਾਂ ਮੋਹਾਲੀ ਤੋਂ 66 ਕੇਵੀ ਸੰਨੀ ਐਨਕਲੇਵ ਤੱਕ 66 ਕੇਵੀ ਲਾਈਨ ਨੂੰ ਵੀ ਵਧੀ ਹੋਈ ਸਮਰੱਥਾ ਨਾਲ ਬਦਲਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗਰਿੱਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ 220 ਕੇਵੀ ਗਰਿੱਡ ਖਰੜ ਵਿਖੇ ਦੋ ਨਵੇਂ ਟਰਾਂਸਫਾਰਮਰ ਵੀ ਲਗਾਏ ਗਏ ਹਨ। ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਹ ਕੰਮ 4 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

       ਉਨ੍ਹਾਂ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਖਰੜ ਸ਼ਹਿਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਲਗਭਗ 30 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਵਸਨੀਕਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ 30-40 ਕਰੋੜ ਰੁਪਏ ਹੋਰ ਖਰਚਣ ਦੀ ਤਜਵੀਜ਼ ਹੈ, ਜਿਸ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾਜਾਵੇਗਾ ​​ਅਤੇ ਸੁਧਾਰਿਆ ਜਾਵੇਗਾ।

ਏ.ਡੀ.ਸੀ. ਵੱਲੋਂ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਗਲੋਬਲ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਲੋਬਲ ਕੰਸਲਟੈਂਟਸ ਫਰਮ ,ਐਸ.ਸੀ.ਓ. ਨੰਬਰ:63, ਦੂਜੀ ਮੰਜ਼ਿਲ ਸੈਕਟਰ 82, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀਮਤੀ ਪਵਨੀਤ ਕੌਰ ਪੁੱਤਰੀ ਤਰਲੋਚਨ ਸਿੰਘ ਪਤਨੀ ਚਰਨਪਾਲ ਸਿੰਘ ਵਾਸੀ ਮਕਾਨ ਨੰ:692, ਐਚ.ਜੇ. ਬਲਾਕ ਬੀਹਾਇੰਡ ਵੈਸਟਐਂਡ ਮਾਲ, ਬੀ.ਆਰ.ਐਸ. ਨਗਰ (Behind Westend Mall, B.R.S. Nagar) ਲੁਧਿਆਣਾ ਅਤੇ ਮਾਲਕ ਪਰਵਾਰ ਨਿਸ਼ਾਨ ਸਿੰਘ ਪੁੱਤਰ ਸ੍ਰੀ ਸਰਬਜੀਤ ਸਿੰਘ, ਵਾਸੀ ਮਕਾਨ ਨੰ. 3002-ਏ., ਸੈਕਟਰ-39-ਡੀ., ਚੰਡੀਗੜ੍ਹ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸੀਚਿਊਟ ਆਫ ਆਈਲੈਟਸ ਦੇ ਕੰਮ ਲਈ ਲਾਇਸੰਸ ਨੰ: 286/ਆਈ.ਸੀ, ਮਿਤੀ 25.03.2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 24-03-2024 ਨੂੰ ਖਤਮ ਹੋ ਚੁੱਕੀ ਹੈ। 


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲਦਾਰ, ਮੋਹਾਲੀ ਦੀ ਰਿਪੋਰਟ ਅਨੁਸਾਰ ਇਸ ਪਤੇ ਤੇ ਕੋਈ ਵੀ ਦਫਤਰ ਅਤੇ ਇਸ ਨਾਮ ਦਾ ਪ੍ਰਾਰਥੀ ਨਾ ਹੋਣ ਕਰਕੇ, ਦਫਤਰ ਬੰਦ ਹੋਣ ਕਰਕੇ, ਪੱਤਰ ਅਣਡਲੀਵਰ ਪ੍ਰਾਪਤ ਹੋਣ ਕਰਕੇ, ਮਹੀਨਾਵਰ ਰਿਪੋਰਟ ਜਮ੍ਹਾਂ ਨਾ ਕਰਵਾਉਣ ਕਰਕੇ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਗਲੋਬਲ ਕੰਸਲਟੈਂਟਸ ਨੂੰ ਜਾਰੀ ਲਾਇਸੰਸ ਨੰਬਰ 286/ਆਈ.ਸੀ. ਮਿਤੀ 25.03.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/

ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

ਡੀਐਸਪੀ ਕਰਨੈਲ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਵਿਚਾਰ ਚਰਚਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐਸਏਐਸ ਨਗਰ ਆਈਪੀਐਸ ਦੀਪਕ ਪਾਰਿਕ ਦੇ ਦਿਸ਼ਾ- ਨਿਰਦੇਸ਼ਾਂ ਹੇਠ  ਪੁਲਿਸ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਡੀਐਸਪੀ ਟਰੈਫਿਕ ਕਰਨੈਲ ਸਿੰਘ ਦੀ ਅਗੁਵਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਦਰੀਨਰਾਇਣ ਮੰਦਿਰ ਫੇਸ-11, ਇਮਾਰ  ਹਿਲਸ ਮੋਹਾਲੀ ਸੈਕਟਰ 105 ਅਤੇ ਸੈਕਟਰ 80 ਦੇ ਵਸਨੀਕਾ , ਸੁਸਾਇਟੀਆਂ, ਨਗਰ ਵਾਸੀਆਂ ਤੇ ਸੈਕਟਰਾ ਵਿਚ ਜਾ ਕੇ ਜਨਤਕ ਮੀਟਿੰਗ ਕੀਤੀਆਂ ਗਈਆਂ।


 ਇਸ ਮੌਕੇ ਡੀਐਸਪੀ ਕਰਨੈਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਜਾਂ ਸਮੱਸਿਆ ਆਉਂਦੀ ਹੈ ਜਾਂ ਉਨ੍ਹਾਂ ਨੂੰ ਕੋਈ ਸ਼ਰਾਰਤੀ ਅਨਸਰ ਦਿਖਦਾ ਹੈ ਤਾਂ ਉਹ ਬਿਨਾਂ ਕਿਸੇ ਝਿੱਜਕ ਦੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਵੇ। ਪੁਲਿਸ ਵੱਲੋਂ ਜਨਤਾ ਦੀ ਸਮੱਸਿਆ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਪੁਲਿਸ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਮੀਟਿੰਗ ਦੌਰਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਪੁਰਜ਼ੋਰ ਸਮਰਥਨ ਪੁਲਿਸ ਨਾਲ ਹੈ। ਅਸੀਂ ਪੁਲਿਸ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਬਹੁਤ ਸ਼ੁਕਰਗੁਜਾਰ ਹਾਂ। ਅਜਿਹੇ ਉਪਰਾਲਿਆ ਨਾਲ ਅਪਰਾਧਿਕ ਗਤੀਵਿਧੀਆ ਤੇ ਨੱਥ ਪਵੇਗੀ ਤੇ ਆਉਣ ਵਾਲੇ ਸਮੇਂ ਵਿਚ ਅਣਸੁਖਾਵੀ ਘਟਨਾ ਵੀ ਨਹੀਂ ਵਾਪਰੇਗੀ। ਡੀਐਸਪੀ ਕਰਨੈਲ ਸਿੰਘ ਨੇ ਭਰੋਸਾ ਦਿੱਤਾ ਕਿ ਇਹ ਮੁਹਿੰਮ ਆਉਣ ਵਾਲੇ ਭਵਿੱਖ ਵਿਚ ਵੀ ਜਾਰੀ ਰਹੇਗੀ।

ਡਿਪਟੀ ਕਮਿਸ਼ਨਰ ਵੱਲੋਂ ਡੇਰਾਬੱਸੀ ਮੰਡੀ ’ਚ ਖਰੀਦ ਦਾ ਜਾਇਜ਼ਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਅੱਜ ਡੇਰਾਬੱਸੀ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਦੁਹਰਾਇਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਕਲ੍ਹ ਸ਼ਾਮ ਤੱਕ 42501 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 40259 ਮੀਟ੍ਰਿਕ ਟਨ ਉਪਜ ਖਰੀਦ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਨਿਰੰਤਰ ਜਾਰੀ ਹੈ ਅਤੇ ਇਸ ਵਿੱਚ ਕੋਈ ਛੁੱਟੀ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਕਲ੍ਹ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 84.03 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਏਜੰਸੀਆਂ ਨੂੰ ਲਿਫ਼ਟਿੰਗ ’ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਮੰਡੀਆਂ ’ਚ ਭੀੜ-ਭੜੱਕੇ ਨੂੰ ਰੋਕਣ ਲਈ ਲਿਫ਼ਟਿੰਗ ’ਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕੁੱਝ ਹੋਰ ਮੰਡੀਆਂ ਐਫ਼ ਸੀ ਆਈ ਨੂੰ ਖਰੀਦ ਕਾਰਜਾਂ ਲਈ ਸੌਂਪੀਆਂ ਗਈਆਂ ਹਨ ਤਾਂ ਉੱਥੋਂ ਨਾਲ ਦੀ ਨਾਲ ਲਿਫ਼ਟਿੰਗ ਹੋ ਸਕੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਝੋਨੇ ਦੀ ਖਰੀਦ ਨੂੰ ਨਿਰਵਿਘਨ ਚਲਾਉਣ ਲਈ ਰੋਜ਼ਾਨਾ ਸਵੇਰੇ ਖਰੀਦ ਕਾਰਜਾਂ ਦੀ ਸਮੀਖਿਆ ਕਰਦਾ ਹੈ ਅਤੇ ਮੀਟਿੰਗ ’ਚ ਹਾਜ਼ਰ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਮੰਡੀਆਂ ’ਚ ਦਰਪੇਸ਼ ਮੁਸ਼ਕਿਲਾਂ ਅਤੇ ਰੁਕਾਵਟਾਂ ਬਾਰੇ ਪੁੱਛ ਕੇ, ਉਨ੍ਹਾਂ ਨੂੰ ਦੂਰ ਕਰਦਾ ਹੈ। 

ਇਸ ਮੌਕੇ ਉਨ੍ਹਾਂ ਨੇ ਮੰਡੀ ’ਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਬਾਤ ਕਰਕੇ, ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਜਾਣੀਆਂ ਅਤੇ ਉਨ੍ਹਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਜੇ ਕੁਮਾਰ ਸਿੰਗਲਾ ਵੀ ਮੌਜੂਦ ਸਨ।

ਫ਼ੋਟੋ ਕੈਪਸ਼ਨ:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਡੇਰਾਬੱਸੀ (ਧਨੌਨੀ) ਦੀ ਮੰਡੀ ’ਚ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ।

ਮੋਹਾਲੀ ’ਚ ਸੈਕਟਰ 80, 85, 99 ਤੇ 105 ਚ ਰੋਜ਼ਾਨਾ ਛੇ ਕਲਾਸਾਂ ਲਾ ਕੇ ਲੋਕਾਂ ਨੂੰ ਦੱਸੇ ਜਾ ਰਹੇ ਨੇ ਤੰਦਰੁਸਤ ਜੀਵਨ ਸ਼ੈਲੀ ਦੇ ਗੁਣ

 ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਮੁਸ਼ਕਿਲਾਂ ਤੋਂ ਦੇ ਰਹੀ ਹੈ ਰਾਹਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਕਤੂਬਰ, : ਸੀ ਐਮ ਦੀ ਯੋਗਸ਼ਾਲਾ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭੇ ਉਪਰਾਲੇ ਆਮ ਲੋਕਾਂ ਲਈ ਨਿੱਤ ਦਿਨ ਦੀਆਂ ਮੁਸ਼ਕਿਲਾਂ ਤੋਂ ਯੋਗ ਰਾਹੀਂ ਰਾਹਤ ਪਾਉਣ ’ਚ ਮੱਦਦਗਾਰ ਹੋ ਰਹੇ ਹਨ।


ਮੋਹਾਲੀ ’ਚ ਸੈਕਟਰ 80 ਦੇ ਐਕਸਟੈਨਸ਼ਨ ਪਾਰਕ ਵਿਖੇ ਸਵੇਰ ਅਤੇ ਸ਼ਾਮ, ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ, ਸੈਕਟਰ 105 ਦੀ ਐਮ ਆਰ ਸੁਸਾਇਟੀ, ਸੈਕਟਰ 85 ਦੀ ਵੇਵ ਐਸਟੇਟ ਅਤੇ ਸੈਕਟਰ 80 ਦੇ ਗੋਲਡਨ ਟੋਨ ਸੁਸਾਇਟੀ ’ਚ ਰੋਜ਼ਾਨਾ ਇੱਕ-ਇੱਕ ਕਲਾਸ ਲਗਾ ਰਿਹਾ ਯੋਗਾ ਇੰਸਟ੍ਰੱਕਟਰ ਕਪਿਲ ਚੌਧਰੀ ਦੱਸਦਾ ਹੈ ਕਿ ਉਹ ਕੋਲ 150 ਤੋਂ 200 ਲੋਕ ਰੋਜ਼ਾਨਾ ਯੋਗ ਸਿੱਖਣ ਆਉਂਦੇ ਹਨ।

ਉਸ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬੇਹਤਰੀਨ ਉਪਾਅ ਸਮਝਦੇ ਹਨ। ਕਪਿਲ ਅਨੁਸਾਰ ਉਸ ਕੋਲ ਯੋਗਾ ਕਲਾਸ ’ਚ ਆਉਣ ਵਾਲੀ ਸ਼ਿਖਾ ਮਿਸ਼ਰਾ ਥਾਈਰਾਇਡ ਦੀ ਸਮੱਸਿਆ ਤੋਂ ਪੀੜਿਤ ਸੀ ਪਰ ਹੁਣ ਯੋਗਾ ਕਲਾਸਾਂ ਲਾਉਣ ਬਾਅਦ ਉਹ ਰਾਹਤ ਮਹਿਸੂਸ ਕਰਨ ਲੱਗੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਫ਼ਰੋਜ਼ਨ ਸ਼ੋਲਡਰ ਜਿਹੀਆਂ ਸਮੱਸਿਆਵਾਂ ਤੋਂ ਪੀੜਿਤ ਹੁੰਦੇ ਹਨ, ਉਹ ਵੀ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।

ਕਪਿਲ ਨੇ ਦੱਸਿਆ ਕਿ ਯੋਗਾ ਨੂੰ ਜੀਵਨ ਦਾ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਆਸਣਾਂ ਦੀ ਮੱਦਦ ਨਾਲ ਹੀ ਛੁਟਕਾਰਾ ਪਾ ਸਕਦੇ ਹਾਂ। 

ਜ਼ਿਲ੍ਹਾ ਯੋਗਾ ਸੁਪਰਵਾਈਜ਼ਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਈ ਹੈ ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।

ਫ਼ੋਟੋ ਕੈਪਸ਼ਨ: 

ਸੀ ਐਮ ਦੀ ਯੋਗਸ਼ਾਲਾ ਤਹਿਤ ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ ’ਚ ਚੱਲ ਰਹੀ ਯੋਗਾ ਕਲਾਸ ’ਚ ਭਾਗ ਲੈ ਰਹੇ ਲੋਕ।

ਸਿੱਖਿਆ ਵਿਭਾਗ ਨੇ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲੀ

 ਮੋਹਾਲੀ, 14 ਅਕਤੂਬਰ, : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ 2024 ਮੰਗਲਵਾਰ ਕੀਤੀ ਗਈ ਹੈ।

ਹੁਣ ਤੋਂ ਖੇਤਾਂ ਚ ਹੋਰ ਅੱਗ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ, ਡੀ ਸੀ ਨੇ ਐਸ ਡੀ ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ

ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਐਸ.ਐਚ.ਓਜ਼ ਖ਼ਿਲਾਫ਼ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ

ਐਸ ਐਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਪਰਾਲੀ ਨੂੰ ਖੇਤਾਂ ਚ ਅੱਗ ਲਾਉਣ ਦੀਆਂ ਅੱਗ ਦੀਆਂ ਘਟਨਾਵਾਂ ਦੀ ਸਮੀਖਿਆ 

ਐਸ.ਏ.ਐਸ.ਨਗਰ, 13 ਅਕਤੂਬਰ, : ਲੰਘੇ ਕਲ੍ਹ ਖੇਤਾਂ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਹੋਏ ਵਾਧੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸੀਨੀਅਰ ਪੁਲੀਸ ਕਪਤਾਨ ਅਤੇ ਤਾਇਨਾਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ।



       ਸਾਰੇ ਭਾਗੀਦਾਰਾਂ ਨੂੰ ਸਖ਼ਤ ਸੰਕੇਤ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੋਂ ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਸਬੰਧਤ ਐਸ ਐਚ ਓ/ਬੀਟ ਅਫਸਰ ਖ਼ਿਲਾਫ਼ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਾਲੀਆ ਹਦਾਇਤਾਂ ਅਨੁਸਾਰ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ। ਕਮਿਸ਼ਨ ਨੇ 10 ਅਕਤੂਬਰ, 2024 ਦੇ ਆਪਣੇ ਆਦੇਸ਼ ਵਿੱਚ ਕਿਹਾ ਹੈ, “ਸੈਕਸ਼ਨ ਐਲ 4(2) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ, ਪੰਜਾਬ, ਹਰਿਆਣਾ, ਐਨ.ਸੀ.ਆਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਖੇਤਰ ਅਤੇ ਦਿੱਲੀ ਦੇ ਐਨ ਸੀ ਟੀ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ/ਜ਼ਿਲ੍ਹਾ ਕੁਲੈਕਟਰ/ਜ਼ਿਲ੍ਹਾ ਮੈਜਿਸਟ੍ਰੇਟ ਨੂੰ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਰੋਕਣ ਲਈ ਵੱਖ-ਵੱਖ ਪੱਧਰਾਂ ਅਤੇ ਸਟੇਸ਼ਨਾਂ 'ਤੇ ਤਾਇਨਾਤ ਨੋਡਲ ਅਫ਼ਸਰ, ਸੁਪਰਵਾਈਜ਼ਰੀ ਅਫ਼ਸਰ ਅਤੇ ਸਟੇਸ਼ਨ ਹਾਊਸ ਅਫਸਰ, ਜੋ ਕਿ ਇਨ੍ਹਾਂ ਰੋਕ ਦੇ ਹੁਕਮਾਂ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹਨ, ਦੀ ਅਯੋਗਤਾ ਦੇ ਸਬੰਧ ਵਿੱਚ ਇਲਾਕਾ ਜੁਡੀਸ਼ੀਅਲ ਮੈਜਿਸਟਰੇਟ ਕੋਲ ਸ਼ਿਕਾਇਤ / ਮੁਕੱਦਮਾ ਦਰਜ ਕਰਨ ਲਈ ਅਧਿਕਾਰਤ ਕੀਤਾ ਜਾਂਦਾ ਹੈ।”

      ਡਿਪਟੀ ਕਮਿਸ਼ਨਰ ਨੇ ਕੱਲ੍ਹ ਵਾਪਰੀਆਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਘਟਨਾਕ੍ਰਮ ਵਾਰ ਜਾਇਜ਼ਾ ਲੈਂਦਿਆਂ ਕਿਹਾ ਕਿ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਜ਼ਿੰਮੇਵਾਰ ਵਿਅਕਤੀਆਂ ਸਮੇਤ ਅਧਿਕਾਰੀਆਂ ਨੂੰ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ 'ਤੇ ਜਵਾਬ ਦਾਇਰ ਕਰਨਾ ਹੋਵੇਗਾ।

       ਉਨ੍ਹਾਂ ਕਿਹਾ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਵੱਡੀ ਗਿਣਤੀ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਸਾਨਾਂ ਤੱਕ ਇਨ੍ਹਾਂ ਮਸ਼ੀਨਾਂ ਦੀ ਪਹੁੰਚ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਨੋਡਲ ਅਫ਼ਸਰਾਂ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ। 

      ਡਿਪਟੀ ਕਮਿਸ਼ਨਰ ਨੇ ਸੀਨੀਅਰ ਪੁਲਿਸ ਕਪਤਾਨ ਨੂੰ ਫੀਲਡ ਪੁਲਿਸ ਅਧਿਕਾਰੀਆਂ ਨੂੰ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਸਰਗਰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐਸ ਐਸ ਪੀ ਨੂੰ ਇਹ ਵੀ ਬੇਨਤੀ ਕੀਤੀ ਕਿ ਖੇਤ ਮਾਲਕਾਂ ਦੇ ਵਿਰੋਧ ਨੂੰ ਰੋਕਣ ਲਈ, ਅੱਗ ਦੀਆਂ ਲਪਟਾਂ ਨੂੰ ਬੁਝਾਉਣ ਲਈ ਤਾਇਨਾਤ ਫਾਇਰ ਟੈਂਡਰਾਂ ਨਾਲ ਪੁਲਿਸ ਮੁਲਾਜ਼ਮਾਂ ਨੂੰ ਲਾਇਆ ਜਾਵੇ।

      ਐਸ.ਏ.ਐਸ.ਨਗਰ ਦੇ ਐਸ.ਐਸ.ਪੀ ਦੀਪਕ ਪਾਰੀਕ ਨੇ ਡਿਪਟੀ ਕਮਿਸ਼ਨਰ ਨੂੰ ਫੀਲਡ ਪੁਲਿਸ ਅਧਿਕਾਰੀਆਂ ਦੀ ਸਰਗਰਮ ਭਾਗੀਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਐਸ.ਐਚ.ਓਜ਼ ਅਤੇ ਬੀਟ ਅਧਿਕਾਰੀਆਂ ਨੂੰ ਤੁਰੰਤ ਹਦਾਇਤ ਕੀਤੀ ਜਾਵੇਗੀ ਕਿ ਉਹ ਪਰਾਲੀ ਨੂੰ ਅੱਗ ਲੱਗਣ ਦੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕਰਨ। 

      ਮੀਟਿੰਗ ਵਿੱਚ ਏ ਡੀ ਸੀ (ਜਨਰਲ) ਵਿਰਾਜ ਐਸ ਤਿੜਕੇ, ਏ ਡੀ ਸੀ (ਵਿਕਾਸ) ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ, ਐਸ ਪੀ (ਸ਼ਹਿਰੀ) ਹਰਵੀਰ ਸਿੰਘ ਅਟਵਾਲ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਡੀ ਐਮ ਡੇਰਾਬੱਸੀ ਅਮਿਤ ਗੁਪਤਾ, ਐਸ ਡੀ ਐਮ ਖਰੜ ਗੁਰਮੰਦਰ ਸਿੰਘ, ਡਿਪਟੀ ਰਜਿਸਟਰਾਰ (ਸਹਿਕਾਰੀ ਸਭਾਵਾਂ) ਗੁਰਬੀਰ ਸਿੰਘ ਢਿੱਲੋਂ, ਕਾਰਜਕਾਰੀ ਇੰਜਨੀਅਰ ਪੀ.ਪੀ.ਸੀ.ਬੀ.ਰਣਤੇਜ ਸ਼ਰਮਾ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 


ਫੋਟੋ ਕੈਪਸ਼ਨ:

ਡੀ ਸੀ ਆਸ਼ਿਕਾ ਜੈਨ, ਐਸ ਐਸ ਪੀ ਦੀਪਕ ਪਾਰੀਕ ਨਾਲ ਮੁਹਾਲੀ ਵਿੱਚ ਐਤਵਾਰ ਨੂੰ ਖੇਤਾਂ ਵਿੱਚ ਪਰਾਲੀ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਦਾ ਜਾਇਜ਼ਾ ਲੈਂਦੇ ਹੋਏ।


ਐਸ ਡੀ ਐਮ ਗੁਰਮੰਦਰ ਸਿੰਘ ਨੇ ਐਤਵਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਕੁਰਾਲੀ ਖੇਤਰ ਵਿੱਚ ਖੇਤ ਚ ਲਾਈ ਅੱਗ ਤੇ ਖੁਦ ਆਪਣੀ ਨਿਗਰਾਨੀ ਹੇਠ ਕਾਬੂ ਪੁਆਇਆ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਬਲਾਕ ਮਾਜਰੀ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਅਚਨਚੇਤ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਅਕਤੂਬਰ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਮਾਜਰੀ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਦੌਰਾ ਕਰਕੇ ਲਾਭਕਾਰੀ ਸਕੀਮਾਂ ਦਾ ਨਿਰੀਖਣ ਕੀਤਾ। ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਕਮਿਸ਼ਨ ਦਾ ਸ਼ਿਕਾਇਤ ਨੰਬਰ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।


ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਬਲਾਕ ਮਾਜਰੀ ਦੇ ਪਿੰਡ ਕਰਤਾਰਪੁਰ ਦੇ ਆਂਗਣਵਾੜੀ ਸੈਂਟਰ ਦੇ ਅੰਦਰਲੇ ਰਸਤੇ ਵਿੱਚ ਉੱਚੀਆਂ-ਉੱਚੀਆਂ ਜੰਗਲੀ ਬੂਟੀਆਂ ਦੇਖ ਕੇ ਚਿੰਤਾ ਜ਼ਾਹਰ ਕੀਤੀ ਕਿ ਇੱਥੇ ਛੋਟੇ ਬੱਚੇ ਆਉਂਦੇ ਹਨ ਅਤੇ ਕੋਈ ਵੀ ਸੱਪ ਜਾਂ ਕੀੜਾ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਂਗਣਵਾੜੀ ਹੈਲਪਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀ ਅਤੇ ਪਿੰਡ ਦੀ ਪੰਚਾਇਤ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਅਜੇ ਤੱਕ ਸਫ਼ਾਈ ਨਹੀਂ ਹੋਈ। ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਨੂੰ ਨੋਟਿਸ ਜਾਰੀ ਕਰਕੇ ਸਬੰਧਤ ਵਿਭਾਗ ਦੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਪਿੰਡ ਕਰਤਾਰਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਕੰਸਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਮਿਡਲ ਸਕੂਲ ਅਤੇ ਆਂਗਣਵਾੜੀ ਸੈਂਟਰ, ਪਿੰਡ ਬੂਥਗੜ੍ਹ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਤੇ ਆਂਗਣਵਾੜੀ ਕੇਂਦਰ, ਪਿੰਡ ਮਾਣਕਪੁਰ ਸ਼ਰੀਫ਼ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਆਂਗਣਵਾੜੀ ਕੇਂਦਰ ਦਾ ਦੌਰਾ ਕੀਤਾ।

ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਫੂਡ ਸਵਾਦ ਰਜਿਸਟਰ ਨੂੰ ਬਣਾਈ ਰੱਖਣ, ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਕਮਿਸ਼ਨ ਦੇ ਮੈਂਬਰ ਨੇ ਸਕੂਲੀ ਵਿਦਿਆਰਥੀਆਂ ਨਾਲ ਮਿਡ-ਡੇ-ਮੀਲ ਸਬੰਧੀ ਗੱਲਬਾਤ ਕੀਤੀ ਅਤੇ ਬੱਚਿਆਂ ਨਾਲ ਖੁਦ ਮਿਡ-ਡੇ-ਮੀਲ ਵੀ ਖਾਧਾ। ਕਮਿਸ਼ਨ ਦੇ ਮੈਂਬਰ ਨੇ ਹਦਾਇਤ ਕੀਤੀ ਕਿ ਸਕੂਲ ਵਿੱਚ ਟੀ.ਡੀ.ਐਸ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਸਬੰਧਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕੀਤੀ ਜਾਵੇ। ਇਸ ਤੋਂ ਇਲਾਵਾ ਕਮਿਸ਼ਨ ਨੇ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ। ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕਰਦਿਆਂ ਇੰਚਾਰਜਾਂ ਅਤੇ ਹੈਲਪਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਨਵੀਨਤਮ ਸਕੀਮਾਂ ਬਾਰੇ ਜਾਣਕਾਰੀ ਦੇਣ।

ਦੌਰੇ ਦੌਰਾਨ ਕਮਿਸ਼ਨ ਮੈਂਬਰ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਅਣ-ਅਧਿਕਾਰਤ ਕਲੋਨੀਆਂ ਖਿਲਾਫ ਸਖ਼ਤ ਕਾਰਵਾਈ ਅਤੇ ਨਵੀਂ ਅਜਿਹੀ ਕੋਈ ਵੀ ਕਲੋਨੀ ਹੋਂਦ ‘ਚ ਨਾ ਆਉਣੀ ਯਕੀਨੀ ਜਾਵੇ

ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਅਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇ: ਹਰਦੀਪ ਸਿੰਘ ਮੁੰਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੀ ਪਲੇਠੀ ਮੀਟਿੰਗ ਵਿੱਚ ਸਮੂਹ ਵਿਕਾਸ ਅਥਾਰਟੀਆਂ ਦੀ ਕੀਤੀ ਸਮੀਖਿਆ

ਐਸ.ਏ.ਐਸ. ਨਗਰ , 9 ਅਕਤੂਬਰ : ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਲੋਕਾਂ ਦੇ ਕੰਮ ਬਿਨਾਂ ਕਿਸੇ ਖੱਜਲ ਖੁਆਰੀ ਅਤੇ ਦੇਰੀ ਦੇ ਸਮਾਂਬੱਧ ਮੁਹੱਈਆ ਕਰਵਾਈਆਂ ਜਾਣ ਅਤੇ ਯੋਜਨਾਬੱਧ ਤਰੀਕੇ ਨਾਲ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਸਾਰਿਆ ਜਾਵੇ।ਅੱਜ ਇੱਥੇ ਪੁੱਡਾ ਭਵਨ ਵਿਖੇ ਵਿਭਾਗ ਅਤੇ ਇਸ ਦੇ ਅਧੀਨ ਵਿਕਾਸ ਅਥਾਰਟੀਆਂ ਦੀ ਪਲੇਠੀ ਸਮੀਖਿਆ ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਸ੍ਰੀ ਮੁੰਡੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਬਿਹਤਰ ਨਾਗਰਿਕ ਸੇਵਾਵਾਂ ਦੇਣਾ ਪ੍ਰਮੁੱਖ ਪਹਿਲ ਹੈ ਅਤੇ ਇਸੇ ਵਚਨਬੱਧਤਾ ਉੱਤੇ ਡੱਟ ਕੇ ਪਹਿਰਾ ਦਿੱਤਾ ਜਾਵੇ। 


ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਹੁਲ ਤਿਵਾੜੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਮੁੰਡੀਆ ਨੂੰ ਜਾਣੂੰ ਕਰਵਾਇਆ ਗਿਆ ਕਿ ਵਿਭਾਗ ਵੱਲੋਂ ਜਾਇਦਾਦ ਦੀ ਆਕਸ਼ਨ ਰਾਹੀਂ 3000 ਕਰੋੜ ਰੁਪਏ ਮਾਲੀਆ ਜੁਟਾਇਆ ਗਿਆ ਅਤੇ ਆਉਂਦੇ ਸਮੇਂ ਵਿੱਚ 1500 ਕਰੋੜ ਰੁਪਏ ਹੋਰ ਕਮਾਉਣ ਦਾ ਟੀਚਾ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਨੂੰ ਨੇਪਰੇ ਚਾੜ੍ਹਿਆ ਜਾਵੇ ਅਤੇ ਲੋਕਾਂ ਨੂੰ ਵੀ ਆਪਣੇ ਸੁਫ਼ਨਿਆਂ ਦਾ ਘਰ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਰੇਲ-ਟੈਲ ਪੋਰਟਲ ਰਾਹੀਂ ਜਾਇਦਾਦਾਂ ਦੀ ਪਾਰਦਰਸ਼ਤਾ ਢੰਗ ਨਾਲ ਈ-ਆਕਸ਼ਨ ਕਰਵਾਈ ਜਾਵੇ ਤਾਂ ਜੋ ਸਰਕਾਰ ਲਈ ਵੱਧ ਤੋਂ ਵੱਧ ਮਾਲੀਆ ਜੁਟਾਇਆ ਜਾ ਸਕੇ।

ਸ੍ਰੀ ਮੁੰਡੀਆ ਨੇ ਕਿਹਾ ਕਿ ਲੋਕਾਂ ਦੀ ਕੰਮਾਂ ਦੀ ਪੈਂਡੇਸੀ ਬਿਲਕੁਲ ਖਤਮ ਕੀਤੀ ਜਾਵੇ। ਸਿਟੀਜਨ ਸਰਵਿਸ ਪੋਰਟਲ ਅਧੀਨ ਲੋਕਾਂ ਦੀ ਸਹੂਲਤ ਲਈ ਮੌਜੂਦਾ ਸਮੇਂ ਜੋ ਵੀ ਸੇਵਾਵਾਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਜੇਕਰ ਕਿਸੇ ਕੇਸ ਵਿੱਚ ਕੋਈ ਇਤਰਾਜ਼ ਹੈ ਤਾਂ ਇੱਕ ਵਾਰ ਹੀ ਅਲਾਟੀ ਨੂੰ ਸੂਚਿਤ ਕੀਤਾ ਜਾਵੇ ਅਤੇ ਬਾਰ-ਬਾਰ ਇਤਰਾਜ਼ ਨਾ ਲਗਾ ਕੇ ਖੱਜਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਵਿਭਾਗ ਦੇ ਜਨਤਕ ਕੰਮਾਂ ਲਈ ਹਰ ਮਹੀਨੇ ਕੰਮਾਂ ਦੀ ਕਲੀਅਰੈਂਸ ਲਈ ਕੈਂਪ ਲਗਾਏ ਜਾਣ।

ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਸਭ ਤੋਂ ਵੱਡੀ ਤਰਜੀਹ ਹੈ। ਭ੍ਰਿਸ਼ਟਚਾਰ ਅਤੇ ਕੰਮ ਵਿੱਚ ਕੋਤਾਹੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਹੇਠਲੇ ਪੱਧਰਾਂ ਦੀ ਕੰਮਾਂ ਦੀ ਉਹ ਅਤੇ ਉੱਚ ਅਧਿਕਾਰੀ ਨਿੱਜੀ ਤੌਰ ਉੱਤੇ ਨਿਗਰਾਨੀ ਰੱਖਣਗੇ। ਉਨ੍ਹਾਂ ਕਿਹਾ ਇਹ ਵਿਭਾਗ ਸਿੱਧਾ ਲੋਕਾਂ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਅਤੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਖੜ੍ਹਾ ਕਰਨ ਦੀ ਮੁਹਿੰਮ ਨੂੰ ਸਫਲਤਾਪੂਰਵਕ ਨੇ ਨੇਪਰੇ ਚਾੜ੍ਹਨ ਦਾ ਕੰਮ ਮਿਲ-ਜੁਲ ਕੇ ਕਰਨਾ ਹੈ। 

ਇਸ ਤੋਂ ਪਹਿਲਾਂ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਹੁਲ ਤਿਵਾੜੀ ਨੇ ਕੈਬਨਿਟ ਮੰਤਰੀ ਸ੍ਰੀ ਮੁੰਡੀਆ ਦਾ ਸਵਾਗਤ ਕਰਦਿਆਂ ਵਿਭਾਗ ਅਤੇ ਸਾਰੀਆਂ ਵਿਕਾਸ ਅਥਾਰਟੀਆਂ ਦੇ ਕੰਮਕਾਜ ਬਾਰੇ ਸੰਖੇਪ ਜਾਣ-ਪਛਾਣ ਕਰਵਾਈ।ਸ੍ਰੀ ਤਿਵਾੜੀ ਨੇ ਅੱਗੇ ਕਿਹਾ ਕਿ ਸ਼ਹਿਰਾਂ ਦੇ ਯੋਜਨਾਬੱਧ ਵਿਕਾਸ ਨੂੰ ਤਰਜੀਹ ਦਿੰਦਿਆਂ ਅਣ-ਅਧਿਕਾਰਤ ਕਲੋਨੀਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਨਤੀਜਾਮੁਖੀ ਕਰ ਕੇ ਤੁਰੰਤ ਰਿਪੋਰਟ ਦਿੱਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਵਿੱਚ ਕੋਈ ਸਿਫਾਰਸ਼ ਅਤੇ ਲਿਹਾਜ਼ ਨਹੀਂ ਚੱਲਣ ਦਿੱਤੀ ਜਾਵੇਗੀ। ਅਥਾਰਟੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਕੋਈ ਅਣ-ਅਧਿਕਾਰਤ ਕਲੋਨੀ ਹੋਂਦ ਵਿੱਚ ਨਾ ਆਵੇ ਅਤੇ ਇਸ ਬਾਬਤ ਵਿਭਾਗ ਰੈਗੂਲੇਟਰੀ ਵਿੰਗ ਨੂੰ ਮਜਬੂਤ ਅਤੇ ਚੁਸਤ ਦਰੁਸਤ ਬਣਾਇਆ ਜਾ ਰਿਹਾ ਹੈ।

 ਮੀਟਿੰਗ ਦੌਰਾਨ ਗਮਾਡਾ ਦੇ ਸੀ.ਏ. ਮੋਨੀਸ਼ ਕੁਮਾਰ, ਪੁੱਡਾ ਦੇ ਸੀ.ਏ. ਤੇ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਤਿਆਲ ਗੁਪਤਾ, ਬੀ.ਡੀ.ਏ. ਤੇ ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ, ਏ.ਡੀ.ਏ. ਤੇ ਜੇ.ਡੀ.ਏ. ਦੇ ਸੀ.ਏ. ਅੰਕੁਰਜੀਤ ਸਿੰਘ, ਗਲਾਡਾ ਦੇ ਸੀ.ਏ. ਹਰਪ੍ਰੀਤ ਸਿੰਘ ਨੇ ਵੱਖ-ਵੱਖ ਵਿਕਾਸ ਅਥਾਰਟੀਆਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਜਾਣਕਾਰੀ ਸਾਂਝੀ ਕੀਤੀ।

———

ਦੀਵਾਲੀ/ਗੁਰਪੁਰਬ ਦੇ ਮੌਕੇ ‘ਤੇ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ ਆਰਜ਼ੀ ਲਾਇਸੰਸਾਂ ਦੇ ਡਰਾਅ 21 ਅਕਤੂਬਰ ਨੂੰ ਕੱਢੇ ਜਾਣਗੇ

 ਚਾਹਵਾਨ ਵਿਅਕਤੀ 10, 11 ਅਕਤੂਬਰ ਅਤੇ 14 ਨੂੰ ਆਪਣੀਆਂ ਦਰਖਾਸਤਾਂ ਸੇਵਾ ਕੇਂਦਰਾਂ ਵਿਖੇ ਦੇਣ  


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਅਕਤੂਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਤੇ ਡਾਇਰੈਕਟਰ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ, ਚੰਡੀਗੜ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੀਵਾਲੀ/ਗੁਰਪੁਰਬ ਦੇ ਮੌਕੇ ਤੇ ਪਟਾਖਿਆਂ ਦੀਆਂ ਆਰਜ਼ੀ ਦੁਕਾਨਾਂ ਲਗਾਉਣ ਲਈ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਣ ਦੀ ਮਿਤੀ 21 ਅਕਤੂਬਰ ਨੂੰ ਦੁਪਹਿਰ 12 ਵਜੇ ਨਿਰਧਾਰਤ ਕੀਤੀ ਗਈ ਹੈ। 


     ਜਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਕੇਵਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚਾਹਵਾਨ ਵਿਅਕਤੀ ਪੰਜਾਬ ਸਰਕਾਰ ਦੀ ਵੈੱਬਸਾਈਟ https://punjab.gov.in/forms/ ਤੋਂ ਐਪਲੀਕੇਸ਼ਨ ਫਾਰਮ ਜੋ ਕਿ "ਟੈਂਪਰੇਰੀ ਲਾਇਸੰਸ ਫਾਰ ਸੇਲ ਆਫ ਫਾਇਰਕਰੈਕਰਸ" ਤਹਿਤ ਅਪਲੋਡ ਹੈ, ਨੂੰ ਡਾਊਨਲੋਡ ਕਰਕੇ ਮਿਤੀ 10, 11 ਅਕਤੂਬਰ ਅਤੇ 14 ਅਕਤੂਬਰ ਤੱਕ ਸ਼ਾਮ 5.00 ਵਜੇ ਤੋਂ ਪਹਿਲਾ-ਪਹਿਲਾਂ ਆਪਣੀਆਂ ਦਰਖਾਸਤਾਂ, ਰਿਹਾਇਸ਼ ਦੇ ਘੱਟੋ-ਘੱਟ ਦੋ ਸਬੂਤਾਂ ਸਮੇਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਖੇ ਪੇਸ਼ ਕਰ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਦਰਖਾਸਤਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇੱਕ ਵਿਅਕਤੀ ਇੱਕ ਹੀ ਦਰਖਾਸਤ ਪੇਸ਼ ਕਰ ਸਕਦਾ ਹੈ। ਇੱਕ ਤੋਂ ਵੱਧ ਦਰਖਾਸਤ ਮੰਨਣ ਯੋਗ ਨਹੀਂ ਹੋਵਗੀ।

ਮੋਹਾਲੀ ਪ੍ਰੈਸ ਕਲੱਬ ਲਈ ਪੱਕੀ ਥਾਂ ਦੇਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਜਲਦ ਠੋਸ ਕਦਮ ਚੁੱਕੇ ਜਾਣਗੇ : ਗੁਰਮੀਤ ਸਿੰਘ ਖੁੱਡੀਆਂ

ਵਿਧਾਇਕ ਕੁਲਵੰਤ ਸਿੰਘ ਤੇ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਵੀ ਹੋਏ ਸਮਾਗਮ ਚ ਸ਼ਾਮਲ 

ਐਸ.ਏ.ਐਸ. ਨਗਰ, 09 ਅਕਤੂਬਰ : ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਫ਼ੂਡ ਪ੍ਰਾਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੀ ਕਾਰਜਕਾਰਨੀ ਦੀ 26ਵੀਂ ਵਰ੍ਹੇਗੰਢ ਅਤੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਪ੍ਰੈਸ ਕਲੱਬ ਦੀ ਪੱਕੀ ਥਾਂ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਇਸ ਸਬੰਧੀ ਜਲਦ ਠੋਸ ਹੱਲ ਕਰਵਾਉਣ ਦਾ ਐਲਾਨ ਕੀਤਾ।


 

     ਅੱਜ ਇਥੇ ਸੈਕਟਰ 71 ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਅਹਿਮ ਅੰਗ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ। ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਮੀਡੀਆ ਉਹ ਹੈ ਜੋ ਹਮੇਸ਼ਾ ਲੋਕਾਂ ਦੀ ਗੱਲ ਕਰਦਾ ਹੈ ਅਤੇ ਸਮਾਜਿਕ ਤੇ ਧਾਰਮਿਕ ਵੰਡੀਆਂ ਤੋਂ ਪਰਹੇਜ਼ ਕਰਦਾ ਹੈ।

     ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਹੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਅਹਿਮ ਅਤੇ ਵੱਡੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਦੀ ਉਸਾਰੀ ਲਈ ਵਿਧਾਇਕ ਕੁਲਵੰਤ ਸਿੰਘ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਸਹਿਯੋਗ ਨਾਲ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਜੋ ਵੀ ਫੰਡਾਂ ਦੀ ਲੋੜ ਹੋਵੇਗੀ ਉਹ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੀ ਪਛਾਣ ਅੰਤਰ ਰਾਸ਼ਟਰੀ ਪੱਧਰ ਦੀ ਬਣ ਗਈ ਹੈ, ਜਿਸ ਲਈ ਇੱਥੇ ਪ੍ਰੈਸ ਕਲੱਬ ਦੀ ਇਮਾਰਤ ਲਈ ਯਤਨ ਕੀਤੇ ਜਾਣਗੇ।

     ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰ ਸਮਾਜ ਅਤੇ ਲੋਕਤੰਤਰ ਦੇ ਅਹਿਮ ਅੰਗ ਹਨ। ਉਨ੍ਹਾਂ ਕਲੱਬ ਦੀ ਮੰਗ ਦੀ ਪ੍ਰੋੜਤਾ ਕਰਦਿਆਂ ਸੁਝਾਅ ਦਿੱਤਾ ਕਿ ਇਸ ਸਬੰਧੀ ਸਰਕਾਰ ਪੱਧਰ ਤੇ ਨਿੱਗਰ ਅਤੇ ਸਾਂਝੇ ਯਤਨ ਕਰਕੇ ਗਮਾਡਾ ਤੋਂ ਢੁਕਵੀਂ ਜ਼ਮੀਨ ਹਾਸਲ ਕੀਤੀ ਜਾ ਸਕਦੀ ਹੈ।

     ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੀਡੀਆ ਦੀ ਇਸ ਮੰਗ ਦਾ ਉਹ ਵੀ ਸਮਰਥਨ ਕਰਦੇ ਹਨ ਅਤੇ ਸਾਂਝੇ ਯਤਨਾਂ ਤਹਿਤ ਉਹ ਵੀ ਕਲੱਬ ਨਾਲ ਸਹਿਯੋਗ ਕਰਨਗੇ।

     ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਵਿੱਚ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੁਸ਼ੀਲ ਗਰਚਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਖ਼ਜ਼ਾਨਚੀ, ਧਰਮ ਸਿੰਘ ਤੇ ਰਾਜੀਵ ਤਨੇਜਾ ਮੀਤ ਪ੍ਰਧਾਨ, ਨੀਲਮ ਠਾਕੁਰ ਅਤੇ ਮਾਇਆ ਰਾਮ ਸੰਯੁਕਤ ਸਕੱਤਰ, ਵਿਜੇ ਕੁਮਾਰ ਜਥੇਬੰਦਕ ਸਕੱਤਰ ਸ਼ਾਮਲ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਮੰਤਰੀ ਸ. ਖੁੱਡੀਆਂ ਵੱਲੋਂ ਸੋਵੀਨਰ ਵੀ ਜਾਰੀ ਕੀਤਾ ਗਿਆ।

      ਇਸ ਮੌਕੇ ਐੱਸ ਡੀ ਐਮ ਮੋਹਾਲੀ ਦਮਨਦੀਪ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ ਵੀ ਮੌਜੂਦ ਸਨ।

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਨੌਜਵਾਨ ਉੱਦਮੀਆਂ ਲਈ ਸਟਾਰਟ ਅੱਪ ਸ਼ੁਰੂ ਕਰਨ ਦੇ ਸ਼ਾਨਦਾਰ ਮੌਕੇ ਪ੍ਰਦਾਨ ਕੀਤੇ ਗਏ

ਮੋਹਾਲੀ, 05 ਅਕਤੂਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਬਿਜ਼ਨਸ ਇਨਕਿਊਬੇਟਰ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਵਿਚ ਨਵੀਨਤਮ ਸੋਚ ਅਤੇ ਅਗਾਂਹ-ਵਧੂ ਬਿਜ਼ਨੇਸ ਪਲੈਨਿੰਗ ਨੂੰ ਪ੍ਰਫੁਲਿਤ ਕਰਨ ਲਈ ਵੈਂਚਰਨੈਸਟ ਵਾਲਟ ਦਾ ਆਯੋਜਨ ਕੀਤਾ ਗਿਆ। ਇਸ ਉਪਰਾਲੇ ਦਾ ਉਦੇਸ਼ ਕਾਬਿਲ ਨੌਜਵਾਨ ਵਿਦਿਆਰਥੀਆਂ ਨੂੰ ਇੱਕ ਗਤੀਸ਼ੀਲ ਪਲੇਟਫ਼ਾਰਮ ਰਾਹੀਂ ਸਫਲ ਉੱਦਮੀ ਬਣਨ ਦੇ ਸੁਪਨੇ ਨੂੰ ਉਤਸ਼ਾਹਿਤ ਕਰਦੇ ਹੋਏ ਨਵੇਂ ਸਟਾਰਟ ਅੱਪ ਸ਼ੁਰੂ ਕਰਨ ਲਈ ਸਫਲ ਪਲੇਟਫ਼ਾਰਮ ਉਪਲਬਧ ਕਰਵਾਉਣਾ ਸੀ। ਕੁਸ਼ਲ ਸੋਚ ਦੇ ਇਸ ਈਵੈਂਟ ਵਿਚ ਅਠਾਰਾਂ ਰਾਜਾਂ ਦੇ ਸੱਠ ਦੇ ਕਰੀਬ ਸਟਾਰਟ ਆਪਸ ਨੇ ਆਪਣੇ ਦੂਰਅੰਦੇਸ਼ੀ ਵਿਚਾਰਾਂ ਨੂੰ ਵੀਹ ਕੌਮੀ ਅਤੇ ਕੌਮਾਂਤਰੀ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਇਨ੍ਹਾਂ ਨਿਵੇਸ਼ਕਾਂ ਵੱਲੋਂ ਸਬੰਧਿਤ ਸਟਾਰਟ ਅੱਪ ਲਈ ਬਾਰਾਂ ਕਰੋੜ ਦੀ ਫੰਡਿਗ ਦਾ ਟੀਚਾ ਰੱਖਿਆਂ ਗਿਆ ਸੀ।ਇਸ ਈਵੈਂਟ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਨ।


ਸਪੀਕਰ ਸੰਧਵਾ ਨੇ ਇਸ ਉਪਰਾਲੇ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਝੰਜੇੜੀ ਕੈਂਪਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਇਸ ਖ਼ਿੱਤੇ ਵਿਚ ਕੀਤਾ ਗਿਆ ਨਿਵੇਕਲਾ ਉਪਰਾਲਾ ਹੈ। ਜਿਸ ਰਾਹੀਂ ਨਾ ਸਿਰਫ਼ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਬਣਾਏਗਾ ਬਲਕਿ ਉਨ੍ਹਾਂ ਨੂੰ ਪੰਜਾਬ ਦੇ ਹੋਰ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਗੇ।  ਸਪੀਕਰ ਸੰਧਵਾ ਨੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੂੰ ਸਿੱਖਿਆਂ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਦਿਤੇ ਜਾ ਰਹੇ ਵਡਮੁੱਲੇ ਯੋਗਦਾਨ ਦੀ ਵਧਾਈ ਦਿੰਦੇ ਹੋਏ ਝੰਜੇੜੀ ਕੈਂਪਸ ਵੱਲੋਂ ਤਿਆਰ ਕੀਤੇ ਜਾ ਰਹੇ ਪ੍ਰੈਕਟੀਕਲ ਮੈਨੇਜਰ ਅਤੇ ਇੰਜੀਅਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਦੇ ਨਾਲ ਹੀ ਡਾ. ਜੇ.ਕੇ.ਸ਼ਰਮਾ, ਸਟਾਰਟ ਅੱਪ ਐਂਡ ਐਂਟਰਪ੍ਰੀਨਿਓਰਸ਼ਿਪ ਫੋਰਮ ਦੇ ਚੇਅਰਮੈਨ , ਸੀ.ਆਈ.ਆਈ ਮੋਹਾਲੀ ਜ਼ੋਨ ਦੇ ਵਾਈਸ ਚੇਅਰਮੈਨ ਵਿਵੇਕ ਕਪੂਰ,  ਰਾਕੇਸ਼ ਕੁਮਾਰ ਵਰਮਾ,ਐਸ.ਟੀ.ਪੀ.ਆਈ ਮੁਹਾਲੀ ਦੇ ਵਧੀਕ ਡਾਇਰੈਕਟਰ, ਸੁਖਮਨ ਮਾਨ, ਈ ਜੀ ਐਸ ਡੀ ਟੀ ਓ, ਰੋਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ, ਪੰਜਾਬ ਸਰਕਾਰ ਸਮੇਤ ਸਿੱਖਿਆਂ ਜਗਤ ਅਤੇ ਉਦਯੋਗ ਜਗਤ ਦੀਆਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਝੰਜੇੜੀ ਕੈਂਪਸ ਵੱਲੋਂ ਨੌਜਵਾਨਾਂ ਦੇ ਉੱਜਲ ਭਵਿੱਖ  ਲਈ ਕੀਤੇ  ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਧਾਲੀਵਾਲ ਨੇ ਦੱਸਿਆਂ ਕਿ ਝੰਜੇੜੀ ਕੈਂਪਸ ਵੱਲੋਂ ਜਿੱਥੇ ਹਰ ਸਾਲ ਗੂਗਲ, ਮਾਈਕਰੋਸੋਫਟ ਸਮੇਤ ਹੋਰ ਕੌਮਾਂਤਰੀ ਕੰਪਨੀਆਂ ਵਿਚ ਆਪਣੇ ਵਿਦਿਆਰਥੀਆਂ ਦੀ ਬਿਹਤਰੀਨ ਚੋਣ ਕਰਵਾਈ ਜਾਂਦੀ ਹੈ। ਉੱਥੇ ਹੀ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਉਪਰਾਲਾ ਉਸੇ ਕੜੀ ਦਾ ਹਿੱਸਾ ਹੈ।ਜਿਸ ਵਿਚ ਸੱਠ ਦੇ ਕਰੀਬ ਸਟਾਰਰਟ ਅੱਪਸ ਬਾਰਾਂ ਕਰੋੜ ਦੀ ਫੰਡਿਗ ਰਾਹੀਂ ਆਪਣੇ ਨਵੇਂ ਰੁਜ਼ਗਾਰ ਸ਼ੁਰੂ ਕਰ ਸਕਣਗੇ। ਇਹ ਸਟਾਰਟ ਅੱਪ, ਸੰਭਾਵੀ ਨਾਲ ਭਰਪੂਰ, ਤਕਨਾਲੋਜੀ, ਸਿਹਤ ਸੰਭਾਲ, ਸਥਿਰਤਾ, ਅਤੇ ਸਮਾਜਿਕ ਨਵੀਨਤਾ ਦੇ ਰੂਪ ਵਿਚ ਵਿਭਿੰਨ ਖੇਤਰਾਂ ਵਿਚ ਫੈਲੇ ਹੋਏ ਹਨ। ਹਰ ਪਿੱਚ ਸਿਰਫ਼ ਇੱਕ ਵਪਾਰਕ ਵਿਚਾਰ ਨਹੀਂ, ਸਗੋਂ ਅਸਲ-ਸੰਸਾਰ ਦੀਆਂ ਚੁਨੌਤੀਆਂ ਨੂੰ ਹੱਲ ਕਰਨ ਅਤੇ ਸਥਾਈ ਪ੍ਰਭਾਵ ਬਣਾਉਣ ਲਈ ਇੱਕ ਦੂਰ-ਅੰਦੇਸ਼ੀ ਦ੍ਰਿਸ਼ਟੀ ਦਾ ਪ੍ਰਤੀਕ ਹੈ।
ਇਸ ਦੌਰਾਨ ਸਟੇਜ ਨੂੰ ਹੋਰ ਪ੍ਰਸਿੱਧ ਬੁਲਾਰਿਆਂ ਵੱਲੋਂ ਵੀ ਮੌਕੇ ਤੇ ਹਾਜ਼ਰ ਸੈਂਕੜੇ ਨੌਜਵਾਨਾਂ ਨੂੰ ਆਪਣੀ ਸਫਲ ਸਵੈ ਜੀਵਨੀ ਸਮੇਤ ਬਿਹਤਰੀਨ ਜਾਣਕਾਰੀ ਰਾਹੀਂ ਪ੍ਰਭਾਵਿਤ ਕੀਤਾ। ਜਿਸ ਵਿਚ ਸ਼ਕਤੀ ਵੇਅਰੇਬਲਜ਼ ਦੀ ਮੈਨੇਜਿੰਗ ਡਾਇਰੈਕਟਰ ਡਾ. ਸ੍ਰਿਸਟੀ ਨੇ ਇਕ ਲੜਕੀ ਰਾਹੀਂ ਸਮਾਜਿਕ ਜ਼ੰਜੀਰਾਂ ਨੂੰ ਤੋੜਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ। ਜਿਸ ਵਿਚ ਉਨ੍ਹਾਂ ਭਾਰਤ ਦੀ ਪਹਿਲੀ ਆਲ-ਇਨ-ਵਨ ਔਰਤਾਂ ਦੀ ਸੁਰੱਖਿਆ ਬੈਂਗਲ ਤਕਨਾਲੋਜੀ ਅਤੇ ਮਹਿਲਾਂ ਸਸ਼ਕਤੀਕਰਨ  ਦੇ ਆਪਣੇ ਸਫਲ ਸਟਾਰਟ ਅੱਪ ਨੂੰ ਸਾਂਝਾ ਕੀਤਾ। ਇਸ ਦੇ ਨਾਲ ਹੀ ਸੁਧੀਰ ਕੁਮਾਰ ਚੌਹਾਨ, ਐੱਚ ਪੀ ਈ ਇੰਡੀਆ ਦੇ ਕੰਟਰੀ ਕਲੈਕਸ਼ਨ ਮੈਨੇਜਰ ਅਤੇ ਸਫਲ ਬਿਜ਼ਨਸਮੈਨ ਮਨਰਾਜ ਸਿੰਘ ਨੇ ਗੁੰਝਲਦਾਰ ਕਾਰੋਬਾਰੀ ਮਾਹੌਲ ਨੂੰ ਸਫਲ ਤਰੀਕੇ ਸੁਲਝਾਉਣ ਦੇ ਤਰੀਕੇ ਸਾਂਝੇ ਕੀਤੇ। ਇਸ ਤੋਂ ਬਾਅਦ ਕਿ ਇਕ ਕਰਕੇ ਵਿਦਿਆਰਥੀਆਂ ਨੇ ਸਫਲ ਸਟਾਰਟ ਅੱਪ ਨੂੰ ਦੇ ਆਈਡੀਆ ਨਿਵੇਸ਼ਕਾਂ ਨਾਲ ਸਾਂਝੇ ਕੀਤੇ ਗਏ।ਜਿਨ੍ਹਾਂ ਤੇ ਲੰਬੀ ਵਿਚਾਰ ਚਰਚਾ ਚੱਲੀ ਅਤੇ ਇਨ੍ਹਾਂ ਆਈਡੀਆ ਨਿਵੇਸ਼ਕਾਂ ਵੱਲੋਂ ਅਪਣਾ ਲਿਆ ਗਿਆ।

ਫ਼ੋਟੋ ਕੈਪਸ਼ਨ-  ਸੀ ਜੀ ਸੀ ਝੰਜੇੜੀ ਕੈਂਪਸ ਵਿਚ ਕਰਵਾਏ ਵੈਂਚਰਨੈਸਟ ਵਾਲਟ ਵਿਚ ਹਿੱਸਾ ਲੈਂਦੇ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ।

ਬਿਲਡਰ ਦੀ ਧੱਕੇਸ਼ਾਹੀ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਏ ਹੀਰੋ ਹੋਮਜ਼ ਦੇ ਵਾਸੀ

ਵਸਨੀਕਾਂ ਦੀ ਬਿਜਲੀ ਚਾਰਜ ਦੇ ਨਾ ਉਤੇ ਹੋ ਰਹੀ ਹੈ ਸ਼ਰੇਆਮ ਲੁੱਟ : ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ

ਮੋਹਾਲੀ, 5 ਅਕਤੂਬਰ : ਮੋਹਾਲੀ ਦੇ ਸੈਕਟਰ 88 ਵਿੱਚ ਬਣੀ ਹੀਰੋ ਹੋਮਜ਼ ਦੇ ਵਾਸੀ ਲੱਖਾਂ ਰੁਪਏ ਦੀ ਖਰਚਣ ਦੇ ਬਾਵਜੂਦ ਬਿਲਡਰ ਦੀਆਂ ਗਲਤ ਨੀਤੀਆਂ ਅਤੇ ਆਪ ਹੁਦਰੀਆਂ ਕਾਰਨ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਮੁਸ਼ਕਲਾਂ ਭਰੀ ਜ਼ਿੰਦਗੀ ਜੀ ਰਹੇ ਹਨ।

ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਹੀਰੋ ਹੋਮਜ਼ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਬਿਲਡਰ ਉਤੇ ਗੰਭੀਰ ਦੋਸ਼ ਲਗਾਏ ਗਏ। ਪ੍ਰਧਾਨ ਮਨਜੀਤ ਪੁਰੀ, ਜਨਰਲ ਸਕੱਤਰ ਅਮਨਦੀਪ ਸਿੰਘ, ਹਿੰਮਤ ਅਰੋੜਾ ਮੀਤ ਪ੍ਰਧਾਨ ਸ਼ਵਿੰਦਰਪਾਲ ਸਿੰਘ ਓਬਰਾਏ ਸਕੱਤਰ ਨੇ ਕਿਹਾ ਕਿ ਬਿਲਡਰ ਵੱਲੋਂ ਬਿਜਲੀ ਬੋਰਡ ਨਾਲ ਐਗਰੀਮੈਂਟ ਕਰਨ ਤੋਂ ਪਹਿਲਾਂ ਹੀ ਆਫਰ ਆਫ ਪੋਜੈਸ਼ਨ ਦੇ ਪੱਤਰ ਦਿੱਤੇ ਗਏ। ਪੱਤਰ ਜਨਵਰੀ 2021 ਵਿੱਚ ਦਿੱਤੇ, ਜਦੋਂ ਕਿ ਬਿਜਲੀ ਬੋਰਡ ਨਾਲ ਡੀਐਫ ਮਈ 2021 ਵਿੱਚ ਹੋਈ। ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਜੋ ਸਮਾਰਟ (ਏਐਮਆਰ) ਮੀਟਰ ਲਗਾਏ ਹਨ ਉਹ ਵੀ ਬਿਨਾਂ ਕਿਸੇ ਟੈਸਟ ਰਿਪੋਰਟ ਤੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਲੋਡ ਫਿਕਸ ਚਾਰਜ 990 ਕਿਲੋਵਾਟ ਦਾ ਹੈ, ਜਦੋਂ ਕਿ ਸੁਸਾਇਟੀ ਵਾਸੀਆਂ ਤੋਂ 7000 ਕਿਲੋਵਾਟ ਦਾ ਬਿਲ ਲਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 4 ਤੋਂ 6 ਕਿਲੋਵਾਟ ਤੱਕ ਸਿੰਗਲ ਫੇਜ ਮੀਟਰ ਲਗਾਇਆ ਜਾਣਾ ਚਾਹੀਦਾ ਸੀ, ਪਰ ਸਾਡੇ 3 ਫੇਜ ਦੇ ਮੀਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ 2022 ਵਿੱਚ ਬਿਨਾਂ ਕਿਸੇ ਜਾਣਕਾਰੀ ਦਿੱਤੇ ਹੀ ਮੀਟਰ ਦਾ ਲੋਡ ਵਧਾ ਕੇ 7 ਤੋਂ 20 ਕਿਲੋਵਾਟ ਕਰ ਦਿੱਤਾ ਗਿਆ।


ਉਨ੍ਹਾਂ ਇਹ ਵੀ ਕਿਹਾ ਕਿ ਬਿਲਡਰ ਦੀ ਆਪ ਹੁਦਰੀ ਕਾਰਨ ਹੀ ਹੀਰੋ ਹੋਮਜ਼ ਦੇ ਵਾਸੀ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਜਾਂਦੇ ਬਿਜਲੀ ਦੇ 300 ਯੂਨਿਟ ਵੀ ਨਹੀਂ ਮਿਲ ਰਹੇ ਅਤੇ ਨਾ ਹੀ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਡੀਐਫ ਮੁਤਾਬਕ ਕੂਨੈਕਟਡ ਚਾਰਜ ਵਸਨੀਕਾਂ ਤੋਂ 80 ਫੀਸਦੀ ਲਿਆ ਜਾਣਾ ਚਾਹੀਦਾ, ਪਰ ਸਾਡੇ ਤੋਂ 100 ਫੀਸਦੀ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੀਟਰ ਵਿਚੋਂ ਪੈਸੇ ਖਤਮ ਹੋ ਜਾਂਦੇ ਹਨ ਤਾਂ ਬਿਨਾਂ ਕਿਸੇ ਨੋਟਿਸ ਦੇ ਰਾਤ ਨੂੰ ਹੀ ਘਰ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਰੇਰਾ ਐਕਟ ਦੀਆਂ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਗੈਸਟ ਪਾਰਕਿੰਗ ਦੇ ਨਾਮ ਉਤੇ ਹੀ ਘਪਲੇਬਾਜ਼ੀ ਸਾਹਮਣੇ ਆਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਮੈਟੀਨੈਂਸ ਦੇ 3 ਰੁਪਏ 20 ਪੈਸੇ ਵਰਗ ਫੁੱਟ ਦੇ ਹਿਸਾਬ ਨਾਲ ਲਿਆ ਜਾਂਦਾ ਹੈ, ਪ੍ਰੰਤੂ ਖਰਚੇ ਦੇ ਵੇਰਵਾ ਤੱਕ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਨਕਸ਼ੇ ਵਿੱਚ ਬਿਨਾਂ ਕਿਸੇ ਮਨਜ਼ੂਰੀ ਛੇੜਛਾੜ ਕੀਤੀ ਗਈ ਹੈ। ਹੀਰੋ ਹੋਮਜ਼ ਵਾਸੀਆਂ ਨੇ ਇਹ ਵੀ ਕਿਹਾ ਕਿ 999 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਲੱਬ ਮੈਟੀਨੈਂਸ ਲਈ ਜਾਂਦੀ ਹੈ, ਪ੍ਰੰਤੂ ਸਹੂਲਤ ਦਿੱਤੀ ਨਹੀਂ ਜਾ ਰਹੀ। ਕਲੱਬ ਹਾਊਸ ਵਿੱਚ ਬਿਲਡਰ ਨੇ ਆਪਣਾ ਸੇਲਜ਼ ਦਫ਼ਤਰ ਬਣਾਇਆ ਹੋਇਆ ਹੈ, ਜਿਸ ਦੀ ਬਿਜਲੀ ਦਾ ਖਰਚ ਵੀ ਵਸਨੀਕਾਂ ਤੋਂ ਲਿਆ ਜਾ ਰਿਹਾ ਹੈ। ਕਲੱਬ ਹਾਊਸ ਵਿੱਚ ਐਂਟਰੀ ਲਈ ਵੀ ਕੋਈ ਬਾਈਓਮੈਟ੍ਰਿਕ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੁਸਾਇਟੀ ਵਿੱਚ ਸਕਿਊਰਿਟੀ ਨੂੰ ਲੈ ਕੇ ਵੀ ਚੰਗੇ ਪ੍ਰਬੰਧ ਨਹੀਂ ਹਨ, ਇੱਥੋਂ ਤੱਕ ਕੇ ਗੱਡੀਆਂ ਵੀ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਸੋਂ ਦੇ ਨੇੜੇ ਹੀ ਐਸਟੀਪੀ ਲਗਾਇਆ ਗਿਆ ਹੈ, ਜਿਸ ਕਾਰਨ ਬਦਬੂ, ਸ਼ੋਰ ਸਰਾਬੇ ਕਾਰਨ ਲੋਕਾਂ ਨੂੰ ਰਹਿਣਾ ਮੁਸ਼ਕਲ ਹੈ ਅਤੇ ਨਾ ਹੀ ਸੁਸਾਇਟੀ ਵਿੱਚ ਸਫਾਈ ਵਿਵਸਥਾ ਵਧੀਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਬਿਜਲੀ ਵਿਭਾਗ ਦੀ ਸੀਐਮਡੀ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਰ ਉਤੇ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਅਤੇ ਇਨਸਾਫ ਦਿਵਾਇਆ ਜਾਵੇ।

ਇਸ ਮੌਕੇ ਮਨਪ੍ਰੀਤ ਸਿੰਘ ਮਾਵੀ ਮੈਂਬਰ, ਗੋਪਾਲ ਕ੍ਰਿਸ਼ਨ ਕਾਨੂੰਨੀ ਸਲਾਹਕਾਰ, ਤੇਜਿੰਦਰ ਸਿੰਘ ਮੈਂਬਰ, ਇੰਦਰਜੀਤ ਮੈਂਬਰ, ਅਨੂਪ ਸਿੰਘ, ਵਿਕਰਮ ਕਪੂਰ, ਗੁਰਵਿੰਦਰ ਸਿੰਘ ਹਾਜ਼ਰ ਸਨ।

ਡੱਬੀ ਦੂਜੇ ਪਾਸੇ  ਹੀਰੋ ਹੋਮਜ ਦੇ ਪੀਆਰ ਓ ਸੁਮੇਂਦਰ ਸਾਹੂ ਨੇ ਕਿਹਾ ਕਿ ਕੰਪਨੀ ਕੁੱਝ ਵੀ ਗਲਤ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਰੇਰਾ ਨੂੰ ਕਰਨ। ਉਹਨਾਂ ਕਿਹਾ ਕਿ ਬਿਜਲੀ ਦਾ ਮੀਟਰ ਓਨਾ ਚਿਰ ਕੰਪਨੀ ਦੇ ਨਾਂ ਹੀ ਰਹੇਗਾ ਜਦੋਂ ਤੱਕ ਪ੍ਰੋਜੈਕਟ ਰੇਰਾ ਨੂੰ ਹੈਂਡਓਵਰ ਨਹੀਂ ਹੋ ਜਾਂਦਾ। ਇਸਤੋਂ ਬਾਅਦ ਹੀ ਮੀਟਰ ਲੋਕਾਂ ਦੇ ਨਾਂ ਲੱਗ ਸਕਣਗੇ। ਕਲੱਬ ‘ਚ ਦਫ਼ਤਰ ਬਾਰੇ ਵੀ ਉਹਨਾਂ ਕਿਹਾ ਕਿ ਇਹ ਰੇਰਾ ਦੀ ਮਨਜ਼ੂਰੀ ਨਾਲ ਹੀ ਹੈ। ਜੇਕਰ ਅਸੀਂ ਠੀਕ ਹਾਂ ਤਦ ਹੀ ਰੇਰਾ ਕੋਈ ਕਾਰਵਾਈ ਨਹੀਂ ਕਰ ਰਿਹਾ।

ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਨੂੰ ਗ੍ਰਾਮ ਪੰਚਾਇਤਾਂ ਲਈ ਐਸ.ਏ.ਐਸ.ਨਗਰ ਵਿਖੇ ਚੋਣ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ

 ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਡੀ ਸੀ ਅਤੇ ਐਸ ਐਸ ਪੀ ਨਾਲ ਮੀਟਿੰਗ ਕੀਤੀ 

ਐਸ.ਏ.ਐਸ.ਨਗਰ, 04 ਅਕਤੂਬਰ : ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਜਸਵਿੰਦਰ ਕੌਰ ਸਿੱਧੂ, ਆਈ.ਏ.ਐਸ, ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਪੰਜਾਬ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

     ਪੰਚਾਇਤੀ ਚੋਣਾਂ ਦੀ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਲਈ ਡੀ ਸੀ, ਐਸ ਐਸ ਪੀ, ਏ ਡੀ ਸੀਜ਼ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ।


     ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਵੋਟਰਾਂ ਅਤੇ ਗ੍ਰਾਮ ਪੰਚਾਇਤਾਂ ਦੇ ਵੇਰਵਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 332 ਗ੍ਰਾਮ ਪੰਚਾਇਤਾਂ ਹਨ ਜਿਨ੍ਹਾਂ ਦੀ ਗਿਣਤੀ 422 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 296860 ਵੋਟਰ (ਪੁਰਸ਼ 159028, ਇਸਤਰੀ 137823, ਹੋਰ 9) ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਲਈ ਕੁੱਲ 46 ਆਰ.ਓ./ਏ.ਆਰ.ਓ. ਦਫ਼ਤਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ, ਸਾਰੇ ਬੀ ਡੀ ਪੀ ਓ ਦਫ਼ਤਰ 2 ਅਤੇ 3 ਅਕਤੂਬਰ ਦੀਆਂ ਛੁੱਟੀਆਂ ਨੂੰ ਐਨ ਓ ਸੀ ਅਤੇ ਐਨ ਡੀ ਸੀ ਜਾਰੀ ਕਰਨ ਲਈ ਖੁੱਲ੍ਹੇ ਰੱਖੇ ਗਏ। ਇਸ ਤੋਂ ਇਲਾਵਾ ਐਸ.ਡੀ.ਐਮਜ਼ ਵੱਲੋਂ ਪੋਲਿੰਗ ਕਰਮੀਆਂ ਦੀ ਸਿਖਲਾਈ ਲਈ ਮਿਤੀਆਂ ਅਤੇ ਸਥਾਨਾਂ ਨੂੰ ਵੀ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਡੀ ਸੀ ਨੇ ਅੱਗੇ ਦੱਸਿਆ ਕਿ ਡੀ.ਡੀ.ਪੀ.ਓ. ਬਲਜਿੰਦਰ ਸਿੰਘ ਨੂੰ ਪੰਚਾਇਤੀ ਚੋਣਾਂ ਸਬੰਧੀ ਸ਼ਿਕਾਇਤਾਂ ਲਈ ਨੋਡਲ ਅਫ਼ਸਰ, ਜ਼ਿਲ੍ਹਾ ਕੰਟਰੋਲ ਰੂਮ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਦਿਨੇ 9 ਤੋਂ 5 ਵਜੇ ਤੱਕ ਸੰਪਰਕ ਨੰਬਰ 0172-2219250 'ਤੇ ਸੰਪਰਕ ਕੀਤਾ ਜਾ ਸਕਦਾ ਹੈ।

      ਐਸ ਐਸ ਪੀ ਦੀਪਕ ਪਾਰੀਕ ਨੇ ਚੋਣ ਅਬਜ਼ਰਵਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਰ.ਓ ਦਫ਼ਤਰਾਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਬੰਧਾਂ ਦੇ ਹੋਰ ਵੇਰਵੇ ਵੀ ਸਾਂਝੇ ਕੀਤੇ। 

    ਚੋਣ ਅਬਜ਼ਰਵਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਮਨ-ਸ਼ਾਂਤੀ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੋਂ ਇਲਾਵਾ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ। 

     ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਚੋਣਾਂ ਸਬੰਧੀ ਕਿਸੇ ਵੀ ਸ਼ਿਕਾਇਤ ਸਬੰਧੀ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਨਾਈਪਰ ਰੈਸਟ ਹਾਊਸ, ਸੈਕਟਰ 67, ਮੁਹਾਲੀ ਵਿਖੇ ਸੰਪਰਕ ਕਰ ਸਕਦ ਹੈ। ਉਨ੍ਹਾਂ ਨਾਲ ਮੋਬਾਈਲ ਨੰਬਰ 98556-72443 ਅਤੇ 98140-11984 ਤੋਂ ਇਲਾਵਾ ਈਮੇਲ ਆਈਡੀ Electionobserverpanchayatmhl@gamil.com 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

     ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ, ਏ ਡੀ ਸੀ (ਡੀ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਪੰਚਾਇਤੀ ਚੋਣਾਂ) ਸੋਨਮ ਚੌਧਰੀ, ਸੀ ਐਮ ਐਫ ਓ ਦੀਪਾਂਕਰ ਗਰਗ ਅਤੇ ਚੋਣ ਅਬਜ਼ਰਵਰ ਦੇ ਐਲ ਓ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼ਿਵਪ੍ਰੀਤ ਸਿੰਘ ਸ਼ਾਮਲ ਸਨ। 

     ਬਾਅਦ ਵਿੱਚ ਚੋਣ ਅਬਜ਼ਰਵਰ ਨੇ ਨਗਰ ਨਿਗਮ ਦਫ਼ਤਰ ਮੁਹਾਲੀ ਅਤੇ ਮੁਬਾਰਕਪੁਰ (ਡੇਰਾਬੱਸੀ) ਵਿਖੇ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦਾ ਦੌਰਾ ਕੀਤਾ ਅਤੇ ਆਰ.ਓਜ਼ ਨਾਲ ਗੱਲਬਾਤ ਕੀਤੀ।

ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਗਿਆਰ੍ਹਵੀਂ ਜਮਾਤ ਸਾਲ 2025-26 ਲਈ ਚੋਣ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 04  ਅਕਤੂਬਰ : ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਮੋਹਾਲੀ ਜ਼ਿਲ੍ਹੇ ਦੇ ਪਿੰਡ ਰਕੌਲੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਅਗਲੇ ਵਿੱਦਿਅਕ ਸਾਲ 2025-26 ਦੀ ਗਿਆਰ੍ਹਵੀਂ ਜਮਾਤ ਲਈ ਇਸ ਵਿੱਦਿਅਕ ਸਾਲ 2024-25 ਵਿੱਚ ਦਸਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।


 ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੁਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਦਸਵੀਂ ਜਮਾਤ ਵਿੱਚ ਪੜ੍ਹਦਾ ਹੋਣਾ ਚਾਹੀਦਾ ਹੈ। ਉਸ ਦਾ ਜਨਮ 01.06.2008 ਤੋਂ 31.07.2010  (ਦੋਹਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੇ, ਓ.ਬੀ.ਸੀ. ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿਚ ਪੰਜਾਬ ਦੇ ਓ.ਬੀ.ਸੀ.ਵਿਚ ਆਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਆਉਂਦੇ ਤਾਂ ਜਨਰਲ ਵਰਗ ਵਿਚ ਰਜਿਸ਼ਟ੍ਰੇਸ਼ਨ ਕਰਾਉਣ। ਉਨ੍ਹਾਂ ਕਿਹਾ ਕਿ ਆਨਲਾਈਨ ਲਿੰਕ http://cbseitms.nic.in/2024/nvsxi_11  ‘ਤੇ ਰਜਿਸ਼ਟ੍ਰੇਸ਼ਨ ਕਰਾਉਣ ਦੀ ਆਖ਼ਰੀ ਮਿਤੀ 30 ਅਕਤੂਬਰ, 2024 ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰੀਖਿਆ 08.02.2025 ਨੂੰ ਮੋਹਾਲੀ ਜ਼ਿਲ੍ਹੇ ਦੇ ਚੋਣਵੇਂ ਪ੍ਰੀਖਿਆ ਸੈਂਟਰਾਂ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ  ਪ੍ਰੋਸਪੈਕਟ ਵਿਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ।

ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 07 ਅਕਤੂਬਰ ਨੂੰ ਲਗਾਇਆ ਜਾਵੇਗਾ ਰੋਜ਼ਗਾਰ ਕੈਂਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ¸ 04 ਅਕਤੂਬਰ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਮਿਤੀ 07-10-2024 (ਸੋਮਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 461, ਤੀਜੀ ਮੰਜਿਲ, ਸੈਕਟਰ-76,ਵਿਖੇ ਕੀਤਾ ਜਾ ਰਿਹਾ ਹੈ ਜਿਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।


ਡੀ.ਬੀ.ਈ.ਈ.ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੋਮਵਾਰ ਮਿਤੀ 07-10-2024 ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ। ਜਿਸ ਵਿੱਚ ਗਲੋਬ ਆਟੋ ਮੋਬਾਇਲ (ਟੋਯੋਟਾ), ਪ੍ਰੋਟਾਕ ਸੋਲੂਸ਼ਨਜ਼, ਪ੍ਰੋਮਾਰਕ ਟੈਕ ਸੋਲੂਸ਼ਨਜ, ਆਈ.ਸੀ.ਆਈ.ਸੀ.ਆਈ. ਬੈਂਕ (ਆਈਪ੍ਰੋਸੈਸ), ਐਕਸਿਸ ਬੈਂਕ (Globe Auto Mobiles (Toyota), Protalk Solutions, Promark Tech Solutions, ICICI Banik (iProcess), Axis Bank) ਸ਼ਾਮਲ ਹੋਣਗੀਆਂ। ਇਨ੍ਹਾਂ ਕੰਪਨੀਆਂ ਵੱਲੋਂ ਸੇਲਜ਼ ਅਫਸਰ/ਟੈਲੀਕੇਅਰ/ਟੈਕਨੀਸੀਅਨ/ਵਰਕਰ, ਕਸਟਮਰ ਕੇਅਰ ਸਪੋਰਟ ਐਕਜੀਕਿਊਟਿਵ, ਟੈਲੀਕੇਅਰਜ਼ ਸੇਲਜ਼, ਸੇਲਜ਼ ਐਕਸੀਕਿਊਟਿਵ ਇੰਨ ਹੋਮ ਲੋਨ ਐਂਡ ਕਮਰਸੀਅਲ ਕਾਰਡ, ਫੀਲਡ ਵਰਕ (Sales Officer/Telecallers/Technician/Worker, Customer Support Executive, Tele callersTele sales, Sales executive in Home loan & Commercial Card, Field work) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਚੁਣੇ ਗਏ ਪ੍ਰਾਰਥੀਆਂ ਦੀ ਘੱਟੋ ਘੱਟ ਤਨਖਾਹ 12000 ਤੋਂ 16000 ਤੱਕ ਹੋਵੇਗੀ।

ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ ਦਸਵੀਂ, ਬਾਰਵੀਂ, ਗ੍ਰੈਜੁਏਸ਼ਨ, ਵਿੱਚ ਆਦਿ ਪਾਸ ਕੀਤਾ ਹੋਵੇ,  ਭਾਗ ਲੈ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਆਉਣ ਦੀ ਖੇਚਲ ਕਰਨ।


Wikipedia

Search results

Powered By Blogger