SBP GROUP

SBP GROUP

Search This Blog

Total Pageviews

Showing posts with label CHANDIGHAR NEWS. Show all posts
Showing posts with label CHANDIGHAR NEWS. Show all posts

ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

 ਚੰਡੀਗੜ੍ਹ, 15 ਅਕਤੂਬਰ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦੀ ਹੀ ਦੇਸ਼ ਦੇ ਡਿਜੀਟਲ ਹੱਬ ਵਜੋਂ ਉੱਭਰੇਗਾ।


ਆਊਟਸੋਰਸਡ ਡਿਜ਼ੀਟਲ ਕਾਰੋਬਾਰੀ ਸੇਵਾਵਾਂ ਲਈ ਗਲੋਬਲ ਲੀਡਰ ਟੈਲੀਪਰਫਾਰਮੈਂਸ (ਟੀ.ਪੀ.) ਦੇ ਚੇਅਰਮੈਨ ਅਤੇ ਸੀ.ਈ.ਓ. ਡੇਨੀਅਲ ਜੂਲੀਅਨ ਨਾਲ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਸ ਵਿਸ਼ਾਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟੈਲੀਪਰਫਾਰਮੈਂਸ ਦੇ ਮੋਹਾਲੀ ਵਿੱਚ 16 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਉਨ੍ਹਾਂ ਜੂਲੀਅਨ ਨੂੰ ਪੰਜਾਬ ਵਿੱਚ ਹੋਰ ਵਿਸਥਾਰ ਲਈ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਜੂਲੀਅਨ ਨੇ ਇਸ ਪੇਸ਼ਕਸ਼ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੈਲੀਪਰਫਾਰਮੈਂਸ ਸੇਵਾਵਾਂ ਦੀਆਂ ਮੋਹਾਲੀ ਵਿੱਚ ਆਪਣੀਆਂ ਤਿੰਨ ਸਾਈਟਾਂ ਹਨ, ਜਿਨ੍ਹਾਂ ਕੋਲ ਬੀ.ਐਫ.ਐਸ., ਟਰੈਵਲ, ਈ-ਕਾਮਰਸ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸਮੇਤ ਸਾਰੇ ਉਦਯੋਗਾਂ ਦੇ ਮੋਹਰੀ ਗਾਹਕ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਸੱਚਮੁੱਚ ਭਾਰਤ ਦੇ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ ਅਤੇ ਕਿਹਾ ਕਿ ਟੈਲੀਪਰਫਾਰਮੈਂਸ ਦੁਨੀਆ ਭਰ ਦੇ 100 ਦੇਸ਼ਾਂ ਵਿੱਚ ਪੰਜ ਲੱਖ ਤੋਂ ਵੱਧ ਕਰਮਚਾਰੀਆਂ ਦੇ ਨਾਲ ਆਊਟਸੋਰਸਡ ਡਿਜੀਟਲ ਬਿਜ਼ਨਸ ਸੇਵਾਵਾਂ ਪ੍ਰਦਾਨ ਕਰਨ ਵਾਲੀ ਮੋਹਰੀ ਆਲਮੀ ਕੰਪਨੀ ਹੈ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਸੂਬੇ ਵਿੱਚ ਵਿਸਥਾਰ ਦੀਆਂ ਯੋਜਨਾਵਾਂ ਲਈ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਟੈਲੀਪਰਫਾਰਮੈਂਸ ਗਰੁੱਪ ਦਾ ਹੋਰ ਵਿਸਤਾਰ ਇੱਕ ਪਾਸੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰੇਗਾ।

ਇਸ ਦੌਰਾਨ ਡੇਨੀਅਲ ਜੂਲੀਅਨ ਨੇ ਸੂਬੇ ਵਿੱਚ ਉਨ੍ਹਾਂ ਦੇ ਉੱਦਮ ਨੂੰ ਪੂਰਾ ਸਮਰਥਨ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ 90,000 ਕਰਮਚਾਰੀਆਂ ਦੇ ਨਾਲ ਟੈਲੀਪਰਫਾਰਮੈਂਸ ਸਮੂਹ ਦੇ ਅੰਦਰ ਟੀ.ਪੀ. ਇੰਡੀਆ ਸਭ ਤੋਂ ਵੱਡੀ ਬਹੁ-ਸੱਭਿਆਚਾਰਕ ਟੀਮ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੁਨੀਆ ਭਰ ਦੇ ਵੱਖ-ਵੱਖ ਉਦਯੋਗਾਂ ਵਿੱਚ ਦੋ ਸੌ ਤੋਂ ਵੱਧ ਗਾਹਕਾਂ ਨੂੰ ਵਿਸ਼ਵ ਪੱਧਰੀ ਸੀ.ਐਕਸ. ਸੇਵਾਵਾਂ ਪ੍ਰਦਾਨ ਕਰਦੀ ਹੈ।

ਜੂਲੀਅਨ ਨੇ ਕਿਹਾ ਕਿ ਕੰਪਨੀ ਦੀ ‘ਹਾਈ-ਟੈਕ, ਹਾਈ-ਟਚ, ਹਾਈ ਸਟੈਂਡਰਡ’ ਪਹੁੰਚ ਦੁਨੀਆ ਦੇ ਪ੍ਰਮੁੱਖ ਬ੍ਰਾਂਡਾਂ ਨੂੰ ਸਹਿਜ ਗਾਹਕ ਅਨੁਭਵ, ਬੈਕ-ਆਫਿਸ ਅਤੇ ਪਰਿਵਰਤਨ ਸੇਵਾਵਾਂ ਪ੍ਰਦਾਨ ਕਰਨ ਲਈ ਸਭ ਤੋਂ ਉੱਨਤ ਡਿਜੀਟਲ ਅਤੇ ਤਕਨਾਲੋਜੀ ਹੱਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਟੈਲੀਪਰਫਾਰਮੈਂਸ ਨੇ ਵੱਡੀ ਪੱਧਰ ਉੱਤੇ ਵਿਕਾਸ ਕੀਤਾ ਹੈ, ਜਿਸ ਨਾਲ ਮੌਜੂਦਾ 16 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਗਿਣਤੀ ਵਾਲੇ ਇਸ ਖੇਤਰੀ ਪ੍ਰਤਿਭਾ ਪੂਲ ਵਿੱਚ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ।

3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ SE, Xen, DCFA ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ

 ਚੰਡੀਗੜ੍ਹ, 15 ਅਕਤੂਬਰ, : ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਲੁਧਿਆਣਾ ਵਿਖੇ ਤਾਇਨਾਤ ਸੁਪਰਡੰਟ ਇੰਜੀਨੀਅਰ ਰਾਜਿੰਦਰ ਸਿੰਘ (ਹੁਣ ਸੇਵਾਮੁਕਤ), ਕਾਰਜਕਾਰੀ ਇੰਜਨੀਅਰ (ਐਕਸੀਅਨ) ਰਣਬੀਰ ਸਿੰਘ ਅਤੇ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀ.ਸੀ.ਐਫ.ਏ.) ਪੰਕਜ ਗਰਗ ਵਿਰੁੱਧ 3,16,58,421 ਰੁਪਏ ਦੇ ਗਬਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਕੇਸ ਵਿੱਚ ਐਕਸੀਅਨ ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਇਹ ਕੇਸ ਜਸਪਿੰਦਰ ਸਿੰਘ, ਇਲੈਕਟ੍ਰਿਕ ਪੰਪ ਡਰਾਈਵਰ, ਜ਼ੋਨ ਸੀ, ਨਗਰ ਨਿਗਮ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਨੰਬਰ 359/2023  ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸੰਚਾਲਨ ਅਤੇ ਰੱਖ-ਰਖਾਅ ਸ਼ਾਖਾ ਵਿੱਚ ਤਾਇਨਾਤ ਐਕਸੀਅਨ ਰਣਬੀਰ ਸਿੰਘ ਨੇ ਵੱਖ-ਵੱਖ ਟਿਊਬਵੈੱਲਾਂ ਸਬੰਧੀ ਕਾਰਜਾਂ ਲਈ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਅਦਾਇਗੀਆਂ ਕਰਨ ਲਈ ਐਮ.ਸੀ. ਖਾਤਿਆਂ ਵਿੱਚੋਂ ਮਈ 2021 ਤੋਂ ਸਤੰਬਰ 2022 ਤੱਕ 3,16,58,421 ਰੁਪਏ ਪੇਸ਼ਗੀ ਰਕਮ ਵਜੋਂ ਪ੍ਰਾਪਤ ਕੀਤੇ ਸਨ ਪਰ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਇਨ੍ਹਾਂ ਫੰਡਾਂ ਦਾ ਗਬਨ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੂੰ ਲੁਧਿਆਣਾ ਸ਼ਹਿਰ ਵਿੱਚ ਟਿਊਬਵੈੱਲ ਸਬੰਧੀ ਕਾਰਜਾਂ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪੇਸ਼ਗੀ ਰਕਮ ਦੇ ਭੁਗਤਾਨ ਬਾਰੇ ਕਿਸੇ ਪ੍ਰਸਤਾਵ ਜਾਂ ਮੰਗ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਮਿਲਿਆ ਪਰ ਐਕਸੀਅਨ ਰਣਬੀਰ ਸਿੰਘ ਵੱਲੋਂ ਇਹ ਫੰਡ ਪ੍ਰਾਪਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਕਿਰਿਆ ਅਨੁਸਾਰ ਸਬੰਧਤ ਜੂਨੀਅਰ ਇੰਜਨੀਅਰ (ਜੇ.ਈ.) ਜਾਂ ਉਪ ਮੰਡਲ ਅਫ਼ਸਰ (ਐਸ.ਡੀ.ਓ.) ਵੱਲੋਂ ਲੋੜੀਂਦੀ ਤਜਵੀਜ਼ ਤਿਆਰ ਕੀਤੀ ਜਾਣੀ ਬਣਦੀ ਸੀ ਅਤੇ ਇਸ ਨੂੰ ਯੋਗ ਪ੍ਰਣਾਲੀ ਰਾਹੀਂ ਸਬੰਧਤ ਐਕਸੀਅਨ ਅੱਗੇ ਪੇਸ਼ ਕੀਤਾ ਜਾਣਾ ਸੀ ਪਰ ਉਕਤ ਮੁਲਜ਼ਮਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਫੰਡਾਂ ਦੇ ਗਬਨ ਕਰਨ ਦੇ ਉਦੇਸ਼ ਨਾਲ ਅਜਿਹੀ ਕੋਈ ਪ੍ਰਕਿਰਿਆ ਅਮਲ ਵਿੱਚ ਨਹੀਂ ਲਿਆਂਦੀ ਗਈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਐਕਸੀਅਨ ਰਣਬੀਰ ਸਿੰਘ ਨੇ ਖੁਦ ਹੀ ਫਾਈਲ ‘ਤੇ ਨੋਟਿੰਗ ਲਗਾ ਕੇ ਪੀ.ਐਸ.ਪੀ.ਸੀ.ਐਲ. ਵੱਲੋਂ ਫ਼ਰਜ਼ੀ ਮੰਗ ਪੇਸ਼ ਕੀਤੀ ਸੀ ਅਤੇ ਇਸਨੂੰ ਸੀਨੀਅਰ ਨਗਰ ਨਿਗਮ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਸੁਪਰਡੰਟ ਇੰਜੀਨੀਅਰ (ਐਸ.ਈ.) ਰਜਿੰਦਰ ਸਿੰਘ ਨੂੰ ਭੇਜ ਦਿੱਤਾ ਸੀ। ਐਸ.ਈ. ਰਜਿੰਦਰ ਸਿੰਘ ਨੇ ਪੇਸ਼ਗੀ ਰਕਮ ਦਾ ਭੁਗਤਾਨ ਪ੍ਰਾਪਤ ਕਰਨ ਸਬੰਧੀ ਫਾਈਲ ਨਾਲ ਭੇਜੇ ਦਸਤਾਵੇਜ਼ਾਂ ਦੀ ਤਸਦੀਕ ਨਹੀਂ ਕੀਤੀ ਅਤੇ ਫਾਇਲ ਨੂੰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਦੀ ਪ੍ਰਵਾਨਗੀ ਲਈ ਅੱਗੇ ਭੇਜ ਦਿੱਤਾ। ਮੁਲਜ਼ਮ ਐਕਸੀਅਨ ਅਤੇ ਐਸ.ਈ. ਨੇ ਆਪਣੇ ਵਿਭਾਗ ਦੇ ਨਿਯਮਾਂ ਤੋਂ ਜਾਣੂ ਹੋਣ ਦੇ ਬਾਵਜੂਦ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕੇਸ ਨੂੰ ਪ੍ਰਵਾਨਗੀ ਲਈ ਅੱਗੇ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ। ਇਸ ਤੋਂ ਇਲਾਵਾ, ਨਗਰ ਨਿਗਮ ਦੇ ਤਤਕਾਲੀ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਨੇ ਫਾਈਲ ਵਿਚ ਮੌਜੂਦ ਦਸਤਾਵੇਜ਼ਾਂ ਜਾਂ ਤੱਥਾਂ ਦੀ ਜਾਂਚ/ਪੜਤਾਲ ਕੀਤੇ ਬਿਨਾਂ ਇਨ੍ਹਾਂ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੀ ਮਨਜ਼ੂਰੀ ਉਪਰੰਤ ਆਰਜ਼ੀ ਪੇਸ਼ਗੀ ਰਕਮ ਦੇ ਭੁਗਤਾਨ ਦੀ ਫਾਈਲ ਸਾਲ 2021-2022 ਵਿੱਚ ਲੇਖਾ ਬ੍ਰਾਂਚ ਦੇ ਇੰਚਾਰਜ ਤਤਕਾਲੀ ਡੀ.ਸੀ.ਐਫ.ਏ. ਪੰਕਜ ਗਰਗ ਨੂੰ ਕੇਸ-ਅਧਾਰਤ ਪ੍ਰਣਾਲੀ ਰਾਹੀਂ ਜਾਰੀ ਕਰਨ ਲਈ ਭੇਜੀ ਗਈ ਸੀ ਕਿਉਂਕਿ ਪੇਸ਼ਗੀ ਰਕਮ 42 ਟਿਊਬਵੈੱਲ ਦੇ ਕਾਰਜਾਂ ਨਾਲ ਸਬੰਧਤ ਸੀ।
ਡੀ.ਸੀ.ਐਫ.ਏ. ਦਾ ਫਰਜ਼ ਪੇਸ਼ਗੀ ਸਬੰਧੀ ਅਦਾਇਗੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫਾਈਲ ਨਾਲ ਲਗਾਏ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕਰਨਾ ਸੀ ਪਰ ਉਸਨੇ ਇਸ ਸਬੰਧੀ ਕੋਈ ਇਤਰਾਜ਼ ਨਹੀਂ ਉਠਾਇਆ ਅਤੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਡੀ.ਸੀ.ਐਫ.ਏ. ਨੇ ਐਕਸੀਅਨ ਅਤੇ ਐਸ.ਈ. ਨਾਲ ਮਿਲੀਭੁਗਤ ਕਰਕੇ ਅਸਥਾਈ ਪੇਸ਼ਗੀ ਨਾਲ ਸਬੰਧਤ ਬਿੱਲ ਪਾਸ ਕੀਤੇ ਸਨ ਅਤੇ ਰਕਮ ਨਗਰ ਨਿਗਮ ਦੇ ਦੋ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਨੇ ਨਗਰ ਨਿਗਮ ਦੇ ਖਾਤਿਆਂ ਵਿੱਚੋਂ ਆਪਣੇ-ਆਪ ਨੂੰ ਚੈਕਾਂ ਰਾਹੀਂ ਵੱਖ-ਵੱਖ ਮਿਤੀਆਂ ਨੂੰ 3,16,58,421 ਰੁਪਏ ਦੀ ਰਾਸ਼ੀ ਹਾਸਲ ਕੀਤੀ ਅਤੇ ਆਪਸੀ ਮਿਲੀਭੁਗਤ ਨਾਲ ਫੰਡਾਂ ਦਾ ਗਬਨ ਕੀਤਾ।
ਜ਼ਿਕਰਯੋਗ ਹੈ ਕਿ ਜਦੋਂ ਇਸ ਸਬੰਧੀ ਤਿੰਨ ਸਾਲਾਂ ਬਾਅਦ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਤਾਂ ਐਕਸੀਅਨ ਰਣਬੀਰ ਸਿੰਘ ਨੇ ਉਕਤ ਰਾਸ਼ੀ ਐਮ.ਸੀ. ਲੁਧਿਆਣਾ ਦੇ ਖਾਤੇ ਵਿੱਚ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ 30.01.2024 ਤੋਂ 21.03.2024 ਤੱਕ ਦੋ ਮਹੀਨਿਆਂ ਵਿੱਚ 3,12,23,729 ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਉਕਤ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਵੱਲ ਆਰਜ਼ੀ ਪੇਸ਼ਗੀ ਦੇ 4,34,692 ਰੁਪਏ ਅਜੇ ਵੀ ਬਕਾਇਆ ਹਨ।
ਇਸ ਸਬੰਧੀ ਉਪਰੋਕਤ ਸਾਰੇ ਮੁਲਜ਼ਮਾਂ ਸੁਪਰਡੈਂਟ ਇੰਜੀਨੀਅਰ ਰਾਜਿੰਦਰ ਸਿੰਘ, ਐਕਸੀਅਨ ਰਣਬੀਰ ਸਿੰਘ, ਅਤੇ ਡੀ.ਸੀ.ਐਫ.ਏ. ਪੰਕਜ ਗਰਗ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ ਧਾਰਾ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466 467, 468, 471, 120-ਬੀ ਤਹਿਤ ਐਫ.ਆਈ.ਆਰ. ਨੰਬਰ 32 ਮਿਤੀ 14.10.2024 ਨੂੰ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੇਸ ਦੀ ਜਾਂਚ ਦੌਰਾਨ ਨਗਰ ਨਿਗਮ ਲੁਧਿਆਣੇ ਵਿਖੇ ਉਸ ਸਮੇਂ ਤਾਇਨਾਤ ਹੋਰ ਸ਼ੱਕੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਜਪਾ ਦੀ ਸੋਚੀ ਸਮਝੀ ਚਾਲ ਹੈ ਗੋਦਾਮਾਂ ਦਾ ਖਾਲੀ ਨਾ ਹੋਣਾ - ਟੀਨੂੰ

ਚੰਡੀਗੜ੍ਹ, 14 ਅਕਤੂਬਰ : ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ।  ‘ਆਪ’ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੇਂਦਰ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਗੁਦਾਮ ਖਾਲੀ ਨਹੀਂ ਕਰਵਾਏ।


ਪਵਨ ਟੀਨੂੰ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸਵਾਲ ਕੀਤਾ ਕਿ ਇਸ ਵਾਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਵਾਰ ਤਾਂ ਅਨਾਜ ਨਹੀਂ ਆਇਆ, ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਜਗ੍ਹਾ ਖਾਲੀ ਕਿਉਂ ਨਹੀਂ ਕਰਵਾਈ?  ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਹਫੜਾ-ਦਫੜੀ ਮਚਾ ਕੇ ਅਤੇ ਮਾਹੌਲ ਖਰਾਬ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ।  ਇਸ ਦੇ ਲਈ ਪੰਜਾਬ ਸਰਕਾਰ ਐਫਸੀਆਈ ਅਤੇ ਕੇਂਦਰ ਸਰਕਾਰ ਨੂੰ ਲਗਾਤਾਰ ਪੱਤਰ ਲਿਖ ਰਹੀ ਸੀ।  ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਪਰ ਜਾਣਬੁੱਝ ਕੇ ਦੇਰੀ ਕੀਤੀ ਗਈ

ਟੀਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਹੈ ਅਤੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਹੈ। ਪੰਜਾਬ ਦੇ ਕਿਸਾਨਾਂ ਕਾਰਨ ਦੇਸ਼ ਵਿੱਚ ਲਗਭਗ ਛੇ ਦਹਾਕਿਆਂ ਤੋਂ ਅਨਾਜ ਦੀ ਕੋਈ ਕਮੀ ਨਹੀਂ ਹੋਈ।  ਇਸ ਦੇ ਲਈ ਸਾਡੇ ਕਿਸਾਨਾਂ ਨੇ ਆਪਣਾ ਪਾਣੀ ਖਤਮ ਕਰ ਦਿੱਤਾ।  ਫਿਰ ਵੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।  ਇਹ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਦਾ ਮਤਲਬ ਇੱਥੋਂ ਦੀ ਸਮੁੱਚੀ ਆਰਥਿਕਤਾ ਦਾ ਹਿੱਲਣਾ ਹੈ। ਇੱਥੋਂ ਦਾ ਸਿਸਟਮ ਖੇਤੀ 'ਤੇ ਨਿਰਭਰ ਹੈ। ਇਹ ਜਾਣਦੇ ਹੋਏ ਕੇਂਦਰ ਸਰਕਾਰ ਅਜਿਹਾ ਕੰਮ ਕਰ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਜਾਣਬੁੱਝ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ। 

ਉਨ੍ਹਾਂ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਐਫਸੀਆਈ ਦੇ ਗੁਦਾਮਾਂ ਵਿੱਚੋਂ ਅਨਾਜ ਖਾਲੀ ਨਹੀਂ ਕਰਾਇਆ।  ਉਹ ਦਿੱਲੀ ਅਤੇ ਪੰਜਾਬ ਦੀ 'ਆਪ' ਸਰਕਾਰ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ

ਭਾਜਪਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਮਿਲਣ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। ਝੋਨੇ ਦੀ ਖਰੀਦ ਵਿੱਚ ਦੇਰੀ ਵੀ ਜਾਣਬੁੱਝ ਕੇ ਇਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।

ਟੀਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ 31 ਮਾਰਚ, 2025 ਤੱਕ 120 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ ਸਪੇਸ ਉਪਲਬਧ ਕਰਵਾਈ ਜਾਵੇਗੀ ਅਤੇ ਕੇਂਦਰ  ਆਵਾਜਾਈ ਦਾ ਖਰਚਾ ਚੁੱਕਣ ਲਈ ਵੀ ਤਿਆਰ ਹੈ।  ਜਿਹੜਾ ਝੋਨਾ ਸੁਖ ਜਾਂਦਾ ਹੈ ਅਤੇ ਜਿਸ ਨੂੰ ਬਿਨਾਂ ਕਿਸੇ ਮੀਟਿੰਗ ਅਤੇ ਸਲਾਹ-ਮਸ਼ਵਰੇ ਦੇ 1 ਫੀਸਦੀ ਤੋਂ ਘਟਾ ਕੇ ਅੱਧਾ ਫੀਸਦੀ ਕਰ ਦਿੱਤਾ ਗਿਆ ਸੀ ਤੇ ਵੀ ਕੇਂਦਰ ਸਰਕਾਰ ਵਿਚਾਰ ਕਰੇਗੀ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਕਿਹਾ ਕਿ ਅਸੀਂ ਇੱਕ ਹੋਰ ਫਸਲ ਉਗਾਉਣ ਲਈ ਤਿਆਰ ਹਾਂ ਪਰ ਕੇਂਦਰ ਸਰਕਾਰ ਇਸ ਦੀ ਖਰੀਦ ਦੀ ਗਰੰਟੀ ਲਵੇ।

ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ

ਚੰਡੀਗੜ੍ਹ, 14 ਅਕਤੂਬਰ :  ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਾਈ ਕੋਰਟ ਦਾ ਧੰਨਵਾਦ ਕੀਤਾ ਹੈ।


 ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਹਾਈਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ "ਮਾਨਯੋਗ ਹਾਈ ਕੋਰਟ ਦਾ ਧੰਨਵਾਦ... ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਰਸਤਾ ਸਾਫ ਹੋ ਚੁੱਕਿਆ ਹੈ.. ਕੱਲ੍ਹ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ, ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕੱਲ੍ਹ 15 ਅਕਤੂਬਰ ਨੂੰ ਅਮਨ ਸ਼ਾਂਤੀ ਨਾਲ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਵੋਟਾਂ ਪਾਓ ਤੇ ਆਪਣੇ ਆਪਣੇ ਪਿੰਡਾਂ ਦੇ ਚੰਗੇ ਨੁਮਾਇੰਦੇ ਚੁਣੋ ਜੋ ਪਿੰਡਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਣ...ਪੰਚਾਇਤੀ ਚੋਣਾਂ ਵਾਸਤੇ ਜਿੰਨੇ ਵੀ ਉਮੀਦਵਾਰ ਮੈਂਬਰ ਜਾਂ ਸਰਪੰਚ ਚੋਣਾਂ ਲੜ ਰਹੇ ਨੇ ਸਭ ਨੂੰ ਮੇਰੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ"।

ਆਪ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ 'ਤੇ ਕਰਾਰੀ ਚਪੇੜ ਹੈ। ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠੇ ਬਿਰਤਾਂਤ ਫੈਲਾ ਰਹੇ ਹਨ ਅਤੇ ਸਾਡੇ 'ਤੇ ਝੂਠੇ ਦੋਸ਼ ਲਗਾ ਰਹੇ ਹਨ।  ਉਨ੍ਹਾਂ ਕਿਹਾ ਕਿ ਕਾਂਗਰਸ ‘ਦਬਾਅ ਦੀ ਰਾਜਨੀਤੀ’ ਖੇਡ ਰਹੀ ਸੀ, ਪਰ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ।  ਹੁਣ ਪੰਜਾਬ ਦੇ ਲੋਕ ਕਾਂਗਰਸ ਨੂੰ ਵੀ ਨਕਾਰ ਦੇਣਗੇ।

 ਗਰਗ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਸਿਆਸਤ ਤੋਂ ਪ੍ਰੇਰਿਤ ਸਨ ਅਤੇ ਇਨ੍ਹਾਂ ਦਾ ਮਕਸਦ ਆਮ ਆਦਮੀ ਪਾਰਟੀ ਅਤੇ ਸਾਡੀ ਸਰਕਾਰ ਨੂੰ ਬਦਨਾਮ ਕਰਨਾ ਸੀ ਪਰ ਹਾਈ ਕੋਰਟ ਨੇ ਇਨ੍ਹਾਂ ਨੂੰ ਸਬਕ ਸਿਖਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਹੱਕ ਵਿੱਚ ਰਹੀ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਨਾਲ ਸਰਕਾਰ ਅਤੇ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਚੋਣ ਪ੍ਰਕਿਰਿਆ ਵਿਚ ਕੋਈ ਦਖਲਅੰਦਾਜ਼ੀ ਹੈ।

ਨੀਲ ਗਰਗ ਨੇ ਮਨਪ੍ਰੀਤ ਬਾਦਲ ਅਤੇ ਰਾਜਾ ਵਡਿੰਗ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਾਂਗਰਸ ਵਾਲੇ ਸਾਡੇ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੇ ਹਨ ਜਦਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਰਾਜਾ ਵਡਿੰਗ ਨੇ ਗਿੱਦੜਬਾਹਾ 'ਚ ਮਨਪ੍ਰੀਤ ਬਾਦਲ ਦੇ ਕਰੀਬੀ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਪੁੱਤ ਅਤੇ ਪਤਨੀ ਨੂੰ ਨਾਮਜ਼ਦਗੀ ਰੱਦ ਕਰਨ ਲਈ ਮਜਬੂਰ ਕੀਤਾ।

ਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ - ਮਲਵਿੰਦਰ ਕੰਗ

ਚੰਡੀਗੜ੍ਹ, 14 ਅਕਤੂਬਰ : ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਪੰਚਾਇਤੀ ਚੋਣਾਂ ਰੱਦ ਕਰਨ ਦੇ ਬਿਆਨ ’ਤੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।  ‘ਆਪ’ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦੇ ਡਰੋਂ ਚੋਣਾਂ ਰੱਦ ਕਰਨ ਦੀ ਗੱਲ ਕਰ ਰਹੇ ਹਨ।


 ਕੰਗ ਨੇ ਕਿਹਾ ਕਿ ਕਾਂਗਰਸ ਬੌਖਲਾਈ ਹੋਈ ਹੈ।  ਇਹ ਲੋਕ ਸਾਡੇ ਨੇਤਾਵਾਂ ਅਤੇ ਉਮੀਦਵਾਰਾਂ 'ਤੇ ਗੋਲੀਆਂ ਚਲਾ ਰਹੇ ਹਨ ਅਤੇ ਸਾਡੇ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਰਹੇ ਹਨ।  ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਵੱਲੋਂ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ।

ਉਨ੍ਹਾਂ ਕਿਹਾ ਕਿ ਕਾਂਗਰਸ ਇਸ ਚੋਣ ਵਿੱਚ ਕਾਫੀ ਪਿੱਛੇ ਹੈ।  ਪਿੰਡਾਂ ਦੇ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਪੁਛ ਨਹੀਂ  ਰਹੇ ਕਿਉਂਕਿ ਉਹ ਇਨ੍ਹਾਂ ਲੋਕਾਂ ਦੀ ਹਰਕਤਾਂ ਦੇਖ ਚੁੱਕੇ ਹਨ।  ਇਸ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨਾਲ ਜੁੜੇ ਲੋਕਾਂ ਨੂੰ ਸਰਪੰਚ ਬਣਾਉਣ ਦਾ ਫੈਸਲਾ ਕੀਤਾ ਹੈ।  ਲੋਕ ਮਾਨ ਸਰਕਾਰ ਦਾ ਸਾਥ ਦੇ ਕੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਜਿਸ ਕਾਰਨ ਅਕਾਲੀ ਦਲ ਅਤੇ ਕਾਂਗਰਸੀ ਆਗੂ ਘਬਰਾਏ ਹੋਏ ਹਨ

 ਕੰਗ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਪੰਚਾਇਤਾਂ ਵੇਚੀਆਂ ਜਾਂਦੀਆਂ ਸੀ ਅਤੇ ਚੋਣਾਂ ਵਿੱਚ ਵੱਡੇ ਪੱਧਰ ’ਤੇ ਗੁੰਡਾਗਰਦੀ ਹੰਦੀ ਸੀ।  ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕਲਚਰ ਨੂੰ ਖਤਮ ਕਰਕੇ ਚੋਣਾਂ ਨੂੰ ਹੋਰ ਪਾਰਦਰਸ਼ੀ ਬਣਾਇਆ ਹੈ।  ਇਸ ਲਈ ਸਾਡੀ ਸਰਕਾਰ ਨੇ ਫੈਸਲਾ ਕੀਤਾ ਕਿ ਸਰਪੰਚ ਪਿੰਡ ਦਾ ਹੀ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਦਾ।  ਇਸ ਗੱਲ ਤੋਂ ਕਾਂਗਰਸੀ ਅਤੇ ਅਕਾਲੀ ਆਗੂ ਖਿੱਝੇ ਹੋਏ ਹਨ ਅਤੇ ਪ੍ਰਤਾਪ ਬਾਜਵਾ ਨੇ ਇਹ ਸਾਬਤ ਕਰ ਦਿੱਤਾ ਹੈ।


ਵੱਡੀ ਪ੍ਰਾਪਤੀ : ਪੰਜਾਬ ਪੁਲਸ ਵਲੋਂ ਚਾਰ ਗੈਂਗਸਟਰ ਗ੍ਰਿਫ਼ਤਾਰ

 ਚੰਡੀਗੜ੍ਹ, 14 ਅਕਤੂਬਰ, : ਪੰਜਾਬ ਪੁਲਿਸ ਨੇ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਕਤਲ ਵਿੱਚ ਸ਼ਾਮਲ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਮੁਹਾਲੀ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ। ਮੁਲਜ਼ਮ ਗੈਂਗਸਟਰ ਪਵਿੱਤਰ ਅਮਰੀਕਾ ਅਤੇ ਮਨਜਿੰਦਰ ਫਰਾਂਸ ਨਾਲ ਜੁੜਿਆ ਹੋਇਆ ਹੈ।


ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਉਕਤ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਸ ਸਮੇਂ ਪੁਲੀਸ ਕੋਲ ਰਿਮਾਂਡ ’ਤੇ ਹਨ। ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਮੁਤਾਬਕ ਇਸ ਮਾਮਲੇ ਦੇ ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੇ ਸਾਥੀ ਅਨਿਲ ਲੇਗਾ ਦੀ ਫਰਵਰੀ 2024 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਬਦਲਾ ਲੈਣ ਲਈ ਉਸ ਨੇ ਸੁਭਾਸ਼ ਦੇ ਕਤਲ ਦੀ ਯੋਜਨਾ ਬਣਾਈ ਸੀ। ਇਸ ਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਅਹਿਮ ਭੂਮਿਕਾ ਨਿਭਾਈ। ਇਹ ਗੈਂਗ ਵਾਰ ਦਾ ਹਿੱਸਾ ਹੈ।ਮ੍ਰਿਤਕ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ।

ਪੰਜਾਬ ਦੇ ਕਾਂਗਰਸੀ ਆਗੂ ਰਾਜ ਸੂਬਾ ਕਮਿਸ਼ਨ ਨੂੰ ਮਿਲੇ, ਪੰਚਾਇਤੀ ਚੋਣਾਂ ਮੁਲਤਵੀ ਕਰਨ ਦੀ ਮੰਗ

ਚੰਡੀਗੜ੍ਹ, 14 ਅਕਤੂਬਰ, : ਪੰਜਾਬ ਕਾਂਗਰਸ ਦੇ ਆਗੂਆਂ ਨੇ ਸੂਬਾ ਚੋਣ ਕਮਿਸ਼ਨ ਤੋਂ ਪੰਚਾਇਤੀ ਚੋਣਾਂ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਅੱਜ (ਸੋਮਵਾਰ) ਕਾਂਗਰਸੀ ਆਗੂਆਂ ਦਾ ਇੱਕ ਵਫ਼ਦ ਸੂਬਾ ਚੋਣ ਕਮਿਸ਼ਨ ਨੂੰ ਮਿਲਿਆ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਚੋਣਾਂ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ। ਜਿਸ ਕਾਰਨ ਲੋਕਾਂ ਨਾਲ ਧੱਕਾ ਹੋਇਆ ਹੈ।



ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਚੋਣਾਂ ਰੱਦ ਕਰਨ ਦੀ ਮੰਗ ਨਹੀਂ ਕਰ ਰਹੇ। ਅਸੀਂ ਪੂਰੀ ਚੋਣ ਪ੍ਰਕਿਰਿਆ ਨੂੰ ਤਿੰਨ ਹਫ਼ਤਿਆਂ ਲਈ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਾਅਲੀ ਬੈਲਟ ਪੇਪਰ ਛਾਪੇ ਹਨ। ਉਨ੍ਹਾਂ ਹਾਈ ਕੋਰਟ ਵਿੱਚ ਚੋਣ ਪ੍ਰਕਿਰਿਆ ਸੰਬੰਧੀ ਕੇਸ ਦੀ ਦਲੀਲ ਵੀ ਦਿੱਤੀ ਹੈ। 

ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ, ਹਾਈ ਕੋਰਟ ਵੱਲੋਂ 700 ਪਟੀਸ਼ਨਾਂ ਰੱਦ

 ਚੰਡੀਗੜ੍ਹ, 14 ਅਕਤੂਬਰ, : ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਰੀਬ 700 ਪਟੀਸ਼ਨਾਂ ‘ਤੇ ਸੁਣਵਾਈ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ 14 ਤੱਕ ਕਰੀਬ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ।


ਅਜਿਹੇ ‘ਚ ਸਪੱਸ਼ਟ ਹੈ ਕਿ ਕੱਲ੍ਹ ਸਵੇਰੇ 8 ਵਜੇ ਤੋਂ ਉਥੇ ਵੋਟਿੰਗ ਹੋਵੇਗੀ। ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਗੁਰਮਿੰਦਰ ਸਿੰਘ ਨੇ ਕਿਹਾ ਕਿ ਇਹ ਆਮ ਲੋਕਾਂ ਲਈ ਵੱਡੀ ਰਾਹਤ ਹੈ। ਇਸ ਤੋਂ ਪਹਿਲਾਂ ਚੋਣਾਂ ਨੂੰ ਲੈ ਕੇ ਕਈ ਬੱਦਲ ਮੰਡਰਾ ਰਹੇ ਸਨ। ਪਰ ਹੁਣ ਇਹ ਸਪੱਸ਼ਟ ਹੈ ਕਿ ਚੋਣਾਂ ਹੋਣਗੀਆਂ।

PGI ’ਚ ਸੋਮਵਾਰ ਨੂੰ ਨਵੇਂ ਮਰੀਜ਼ਾਂ ਦੇ ਨਹੀਂ ਬਣਨਗੇ ਕਾਰਡ, ਆਨਲਾਈਨ ਰਜਿਸਟ੍ਰੇਸ਼ਨ ਕੀਤੀ ਰੱਦ

 ਚੰਡੀਗੜ੍ਹ, 13 ਅਕਤੂਬਰ, : ਪੀਜੀਆਈ ਚੰਡੀਗੜ੍ਹ ਵਿਖੇ ਆਊਟਸੋਰਸਿੰਗ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਭਲਕੇ ਸੋਮਵਾਰ 14 ਅਕਤੂਬਰ ਨੂੰ ਮਰੀਜ਼ਾਂ ਦੇ ਨਵੀਂ ਕਾਰਡ ਨਹੀਂ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਆਊਟਸੋਰਸਿੰਗ ਉਤੇ ਕੰਮ ਕਰਦੇ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਚਲ ਰਹੇ ਹਨ। ਹੜਤਾਲ ਕਾਰਨ ਪੀਜੀਆਈ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਸੋਮਵਾਰ ਨੁੰ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਨਹੀਂ ਕੀਤੀ ਜਾਵੇਗੀ, ਕੇਵਲ ਪੁਰਾਣੇ ਮਰੀਜ਼ਾਂ ਨੂੰ ਹੀ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਗਈ ਹੈ, ਜੋ ਪਹਿਲਾਂ ਰਜਿਸਟ੍ਰੇਸ਼ਨ ਕੀਤੀ ਗਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ।


ਸੋਮਵਾਰ ਨੂੰ ਰਜਿਸਟ੍ਰੇਸ਼ਨ ਦਾ ਸਮਾਂ ਵੀ ਸਵੇਰੇ 8 ਵਜੇ ਤੋਂ 10 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਂਸਰ ਮਰੀਜ਼ਾਂ ਦੀ ਕਿਮੋਥੈਰੇਪੀ ਪਹਿਲਾਂ ਦੀ ਤਰ੍ਹਾਂ ਹੋਵੇਗੀ ਅਤੇ ਆਈਸੀਯੂ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

ਪੀਜੀਆਈ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲ 16 ਚੰਡੀਗੜ੍ਹ, ਸਰਕਾਰੀ ਮੈਡਕਲ ਕਾਲਜ 32 ਸਮੇਤ ਹੋਰਨਾਂ ਗੁਆਢੀ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਗਲੇ ਹੁਕਮਾਂ ਤੱਕ ਮਰੀਜ਼ਾਂ ਨੂੰ ਰੈਫਰ ਨਾ ਕਰਨ।

ਝੋਨੇ ਦੀ ਖਰੀਦ ਅਤੇ ਚੁਕਾਈ ਨੂੰ ਲੈ ਕੇ ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਲਾਏ ਗਏ ਰੇਲ ਜਾਮ

 ਚੰਡੀਗੜ੍ਹ 13 ਅਕਤੂਬਰ, : ਪੰਜਾਬ ਦੀਆਂ ਮੰਡੀਆਂ ਵਿੱਚ ਰੁਲ਼ ਰਹੇ ਝੋਨੇ ਦੀ ਪੂਰੀ ਐੱਮ ਐੱਸ ਪੀ ‘ਤੇ ਖਰੀਦ ਅਤੇ ਨਾਲੋ ਨਾਲ ਚੁਕਾਈ ਦੇ ਦਿਨੋਂ ਦਿਨ ਵਿਗੜ ਰਹੇ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਗਈਆਂ।


 ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਬਟਾਲਾ (ਗੁਰਦਾਸਪੁਰ), ਸ਼ਾਹਕੋਟ (ਜਲੰਧਰ), ਬਠਿੰਡਾ ਜੰਕਸ਼ਨ, ਅਜੀਤਵਾਲ (ਮੋਗਾ), ਵੱਲਾ ਫਾਟਕ (ਅੰਮ੍ਰਿਤਸਰ), ਪੱਟੀ (ਤਰਨਤਾਰਨ), ਮਲੋਟ (ਮੁਕਤਸਰ), ਜਲਾਲਾਬਾਦ (ਫਾਜ਼ਿਲਕਾ), ਕੋਟਕਪੂਰਾ (ਫਰੀਦਕੋਟ), ਮਾਨਸਾ, ਧਬਲਾਨ (ਪਟਿਆਲਾ) ਸੁਨਾਮ (ਸੰਗਰੂਰ), ਮਲੇਰਕੋਟਲਾ, ਕਿਲਾ ਰਾਏਪੁਰ (ਲੁਧਿਆਣਾ) ਲਾਲੜੂ (ਮੋਹਾਲੀ), ਤਲਵੰਡੀ ਭਾਈ (ਫਿਰੋਜ਼ਪੁਰ) ਅਤੇ ਮੰਡਿਆਲਾ (ਹੁਸ਼ਿਆਰਪੁਰ) ਰੇਲਵੇ ਸਟੇਸ਼ਨਾਂ ਉੱਤੇ ਲਾਏ ਗਏ ਰੇਲ ਜਾਮ ਧਰਨਿਆਂ ਵਿੱਚ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ।।

 ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਜ਼ਿਲ੍ਹਾ ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੰਸਾਰ ਬੈਂਕ ਦੀ ਖੁੱਲ੍ਹੀ ਮੰਡੀ ਦੀ ਨੀਤੀ ਵੱਲ ਅੱਗੇ ਵਧਣ ਲਈ ਹੀ ਦੋਨਾਂ ਸਰਕਾਰਾਂ ਵੱਲੋਂ ਕਦਮਤਾਲ ਮਿਲਾ ਕੇ ਕਿਸਾਨਾਂ ਦੀ ਲਹੂ ਪਸੀਨੇ ਦੀ ਕਮਾਈ ਪੈਰਾਂ ਹੇਠ ਰੋਲ਼ੀ ਜਾ ਰਹੀ ਹੈ।

 ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਦੀ ਗੰਭੀਰ ਬਣ ਚੁੱਕੀ ਸਮੱਸਿਆ ਦੇ ਹੱਲ ਲਈ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਦੋਨਾਂ ਸਰਕਾਰਾਂ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦੇਸ਼ ਦੇ ਅੰਨਦਾਤੇ ਨੂੰ ਮੰਡੀਆਂ ਵਿੱਚ ਖੱਜਲਖੁਆਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅਗਲੀ ਫ਼ਸਲ ਦੀ ਬਿਜਾਈ ਵਿੱਚ ਪਛੇਤ ਪਾਈ ਜਾ ਰਹੀ ਹੈ। ਬੁਲਾਰਿਆਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਪੁਖਤਾ ਪ੍ਰਬੰਧ ਤੁਰੰਤ ਕੀਤੇ ਜਾਣ।

 ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਮੰਗ ਤੁਰੰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਸਰਕਾਰਾਂ ਨੂੰ ਹੋਰ ਤਿੱਖੇ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਫੌਰੀ ਸੱਦੇ ਨੂੰ ਭਰਵਾਂ ਹੁੰਗਾਰਾ ਭਰਨ ਲਈ ਰੇਲ ਜਾਮ ਧਰਨਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਮਜ਼ਦੂਰ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਸੰਘਰਸ਼ ਦੇ ਅਗਲੇ ਸੱਏ ਨੂੰ ਹੋਰ ਵੀ ਜੋਰ ਨਾਲ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ ਗਈ।

ਪੰਜਾਬ ਵਿੱਚ ਹੋਣਗੀਆਂ ਨਿਰਪੱਖ ਪੰਚਾਇਤੀ ਚੋਣਾ: ਬਰਸਟ

 ਚੰਡੀਗੜ੍ਹ, 13 ਅਕਤੂਬਰ : ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨਿਰਪੱਖ ਹੋਣਗੀਆਂ। ਇਸਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਦਬਾਵ ਨਹੀਂ ਹੋਵੇਗਾ। ਲੋਕ ਆਪਣੀ ਪਸੰਦ ਅਤੇ ਪਿੰਡ ਦੇ ਵਿਕਾਸ ਲਈ ਆਪਣੀ ਪੰਚਾਇਤ ਦੀ ਚੋਣ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ  ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਗਿਆ।


 ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕ ਰਾਜ ਦੀ ਨੀਂਹ ਹਨ ਅਤੇ ਕਿਸੇ ਵੀ ਚੰਗੇ ਕੰਮ ਨੂੰ ਪੂਰਾ ਕਰਨ ਲਈ ਨੀਂਹ ਮਜਬੂਤ ਹੋਣੀ ਜਰੂਰੀ ਹੈ। ਇਸ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਆਪਣੀ ਪੰਚਾਇਤ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਰਾਜ ਦਾ ਵਿਕਾਸ ਮੁਮਕਿਨ ਹੈ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਪੰਚਾਇਤੀ ਚੋਣਾ ਆਉਂਦਿਆਂ ਹਨ, ਜੋ ਕਿ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਅਧਿਕਾਰਾਂ ਦੀ ਚੋਣ ਹੈ। ਜੇਕਰ ਪੰਚਾਇਤ ਚੰਗੀ ਹੈ ਤਾਂ ਪਿੰਡ ਦੀ ਤਰੱਕੀ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ, ਜੋ ਨਸ਼ਿਆਂ ਦੇ ਖਿਲਾਫ਼, ਪਿੰਡ ਦੇ ਵਿਕਾਸ ਲਈ, ਲੋਕਾਂ ਦੀ ਭਲਾਈ ਲਈ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਅਤੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਚੰਗੇ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਇਸਤੇਮਾਲ ਕਰਨ ਅਤੇ ਆਪਣੀ ਪੰਚਾਇਤ ਦੀ ਚੋਣ ਕਰਨ।

ਸ. ਬਰਸਟ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ। ਪਰ ਇਨ੍ਹਾਂ ਚੋਣਾ ਵਿੱਚ ਰਵਾਇਤੀ ਪਾਰਟੀਆਂ ਵੱਲੋਂ ਮਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹੈ, ਜਿਨ੍ਹਾਂ ਵੱਲੋਂ ਥਾਂ-ਥਾਂ ਤੇ ਹਿੰਸਕ ਝੜਪਾ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਲੋਕ ਰਾਜ ਦੀ ਮਜਬੂਤੀ ਲਈ ਕੰਮ ਕਰ ਰਹੀ ਹੈ। ਇਹ ਤਾਂ ਮੁਮਕਿਨ ਹੋ ਸਕੇਗਾ, ਜਦੋਂ ਲੋਕ ਵੱਧ-ਚੜ੍ਹ ਕਰਕੇ ਚੋਣਾ ਦੌਰਾਨ ਵੋਟ ਪਾ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕਿਉਂਕਿ ਪਿੰਡ ਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ, ਸਗੋਂ ਪਿੰਡ ਦਾ ਹੁੰਦਾ ਹੈ, ਜੋਂ ਹਮੇਸ਼ਾ ਹੀ ਪਿੰਡ ਦੀ ਤਰੱਕੀ ਦੀ ਗੱਲ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਦੀ ਤਰੱਕੀ ਲਈ ਚੰਗੇ ਲੋਕਾਂ ਨੂੰ ਅੱਗੇ ਲਿਆਉਂਦਾ ਜਾਵੇ।

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ

 ਚੰਡੀਗੜ੍ਹ, 13 ਅਕਤੂਬਰ, : ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ ਵਿੱਚ 18 ਹੋਰ ਟਰੈਵਲ ਏਜੰਸੀਆਂ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ‘ਤੇ ਰੋਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।ਇਹ ਕਾਰਵਾਈ ਅਗਸਤ, 2024 ਦੇ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਘੱਟੋ-ਘੱਟ 20 ਐੱਫ.ਆਈ.ਆਰਜ਼. ਦਰਜ ਕਰਨ ਉਪਰੰਤ ਅਮਲ ਵਿੱਚ ਲਿਆਂਦੀ ਗਈ।


 ਹੁਣ ਤੱਕ ਦਰਜ ਕੀਤੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ।ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ। ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ।ਉਹਨਾਂ ਅੱਗੇ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ‘ਤੇ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ।

 ਸੂਬੇ ਦੇ ਵੱਖ-ਵੱਖ ਐਨ.ਆਰ.ਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਅੰਮ੍ਰਿਤਸਰ, ਐਸ.ਏ.ਐਸ. ਨਗਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਰਜ ਕੀਤੀਆਂ 18 ਨਵੀਆਂ ਐਫ.ਆਈ.ਆਰਜ਼ ਵਿੱਚੋਂ ਸਤੰਬਰ ਮਹੀਨੇ ਵਿੱਚ 6 ਅਤੇ ਅਕਤੂਬਰ ਵਿੱਚ 12 ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ।ਏਡੀਜੀਪੀ ਨੇ ਕਿਹਾ ਕਿ ਅਗਸਤ ਅਤੇ ਸਤੰਬਰ 2024 ਦੇ ਮਹੀਨਿਆਂ ਵਿੱਚ ਦਰਜ ਕੀਤੀਆਂ ਇਨ੍ਹਾਂ 26 ਐਫ.ਆਈ.ਆਰਜ਼ ਵਿੱਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ।

 ਉਹਨਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਹਨਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ ਜਿਹਨਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰ.ਏ.) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ।

 ਉਹਨਾਂ ਅੱਗੇ ਕਿਹਾ ਕਿ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਹਨਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ‘ਤੇ ਭਰੋਸਾ ਕੀਤਾ ਜਾਵੇ।ਡੱਬੀ: ਨਵੀਆਂ ਦਰਜ ਕੀਤੀਆਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਨਾਮ: (1) ਵਨ ਪੁਆਇੰਟ ਸਰਵਿਸਿਜ਼, ਐਸ.ਸੀ.ਓ.-15, ਸੈਕਟਰ-115, ਖਰੜ, ਐਸ.ਏ.ਐਸ.ਨਗਰ।(2) ਸਾਈ ਏਂਜਲ ਗਰੁੱਪ, ਐਸ.ਸੀ.ਐਫ.-02, ਦੂਜੀ ਮੰਜ਼ਿਲ, ਸੈਕਟਰ-78, ਐਸ.ਏ.ਐਸ. ਨਗਰ।(3) ਭਾਰਤ ਇਮੀਗ੍ਰੇਸ਼ਨ, ਨੇੜੇ ਸੇਵਕ ਪੈਟਰੋਲ ਪੰਪ, ਅਮਲੋਹ, ਫਤਹਿਗੜ੍ਹ ਸਾਹਿਬ।(4) ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ, ਆਨੰਦਪੁਰ ਸਾਹਿਬ, ਰੂਪਨਗਰ।(5) ਏ.ਵੀ.ਪੀ. ਇਮੀਗ੍ਰੇਸ਼ਨ, ਬਠਿੰਡਾ।(6) ਸਕਾਈ ਬ੍ਰਿਜ ਇਮੀਗ੍ਰੇਸ਼ਨ, ਬਠਿੰਡਾ।(7) ਗੇਟਵੇ ਇਮੀਗ੍ਰੇਸ਼ਨ, ਪਟਿਆਲਾ।(8) ਮਾਸਟਰ ਇਮੀਗ੍ਰੇਸ਼ਨ, ਰਾਜਪੁਰਾ, ਪਟਿਆਲਾ।(9) ਹੰਬਲ ਇਮੀਗ੍ਰੇਸ਼ਨ, ਅੰਮ੍ਰਿਤਸਰ।(10) ਦਿ ਹੰਬਲ ਇਮੀਗ੍ਰੇਸ਼ਨ, ਲੁਧਿਆਣਾ। (11) ਈ.ਵੀ.ਏ.ਏ. ਇਮੀਗ੍ਰੇਸ਼ਨ, ਲੁਧਿਆਣਾ।(12) ਕੌਰ ਇਮੀਗ੍ਰੇਸ਼ਨ ਸੈਂਟਰ, ਮੋਗਾ।(13) ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ, ਐਫ.ਸੀ.ਆਰ. ਰੋਡ, ਅੰਮ੍ਰਿਤਸਰ।(14) ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐਚਡੀਐਫਸੀ ਬੈਂਕ, ਤਰਨਤਾਰਨ। (15) ਜੇ.ਐਮ.ਸੀ. ਅੰਮ੍ਰਿਤਸਰ, ਪਹਿਲੀ ਮੰਜ਼ਿਲ, 100 ਐਫ.ਟੀ. ਰੋਡ, ਅੰਮ੍ਰਿਤਸਰ ਕਲੋਨੀ, ਅੰਮ੍ਰਿਤਸਰ।(16) ਰੁਦਰਾਕਸ਼ ਇਮੀਗ੍ਰੇਸ਼ਨ ਐਸ.ਸੀ.ਓ. 15-16, ਟਾਪ ਫਲੋਰ, ਫੇਜ਼ 1, ਮੋਹਾਲੀ।(17) ਯੂਨੀਕ ਐਂਟਰਪ੍ਰਾਈਜਿਜ਼, ਐਸ.ਸੀ.ਓ. 13, ਮੈਗਾ ਮਾਰਕੀਟ, ਨਿਊ ਸੰਨੀ ਐਨਕਲੇਵ, ਸੈਕਟਰ 123, ਮੋਹਾਲੀ।(18) ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ ਵੀਜ਼ਾ), ਪਹਿਲੀ ਮੰਜ਼ਿਲ, ਖੰਨਾ ਕੰਪਲੈਕਸ, ਰੂਪਨਗਰ।

ਅੱਜ ਪੰਜਾਬ ਭਰ ਵਿੱਚ ਤਿੰਨ ਘੰਟੇ ਲਈ ਲਗਾਇਆ ਜਾਵੇਗਾ ਜਾਮ

 ਚੰਡੀਗੜ੍ਹ, 13 ਅਕਤੂਬਰ, ਅੱਜ ਪੰਜਾਬ ਭਰ ਵਿੱਚ ਸੜਕਾਂ ਉਤੇ ਵੱਖ ਵੱਖ ਯੂਨੀਅਨਾਂ ਦੇ ਸੱਦੇ ਉਤੇ ਜਾਮ ਲਗਾਏ ਜਾਣਗੇ। ਜਾਮ ਦੇ ਚਲਦਿਆਂ ਲੋਕਾਂ ਨੂੰ ਜਾਮ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸੰਯੁਕਤ ਕਿਸਾਨ ਮੋਰਚੇ , ਆੜਤੀਆ ਐਸੋਸੀਏਸ਼ਨ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅੱਜ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕਾਂ ਉਤੇ ਜਾਮ ਲਗਾਇਆ ਜਾਵੇਗਾ।


ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਏ ਕਿਸਾਨ ਜਥੇਬੰਦੀਆਂ, ਕਮਿਸ਼ਨ ਏਜੰਟਾਂ, ਮਜ਼ਦੂਰਾਂ  ਅਤੇ ਮਿੱਲ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਵਿੱਚ ਅੱਜ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਅੱਜ ਸੂਬੇ ਦੀਆਂ ਸਾਰੀਆਂ ਮੁੱਖ ਸੜਕਾਂ, ਸ਼ਹਿਰਾਂ, ਪੇਂਡੂ ਖੇਤਰਾਂ ਵਿੱਚ ਜਾਮ ਲਗਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਸੀ ਕਿ ਜੇਕਰ  ਝੋਨੇ ਦੀ ਦਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਗਲੀ-ਮੁਹੱਲਿਆਂ ਵਿੱਚ ਹੁੰਦੇ ਅਪਰਾਧਾਂ ਨੂੰ ਨੱਥ ਪਾਉਣ ਲਈ ਡੀਜੀਪੀ ਗੌਰਵ ਯਾਦਵ ਪੰਜਾਬ ਪੁਲਿਸ ਨੇ ‘ਕਾਸੋ ਫਾਰ ਸੇਫ਼ ਨੇਬਰਹੁੱਡ’ ਆਪ੍ਰੇਸ਼ਨ ਦੀ ਖੁਦ ਕੀਤੀ ਅਗਵਾਈ

 ਡੀਜੀਪੀ ਪੰਜਾਬ ਨੇ ਡੀਆਈਜੀ ਰੋਪੜ ਰੇਂਜ ਅਤੇ ਐਸਐਸਪੀ ਐਸਏਐਸ ਨਗਰ  ਦੇ ਨਾਲ ਬਲੌਂਗੀ ਖੇਤਰ ਵਿੱਚ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨਾਲ ਕੀਤੀ ਗੱਲਬਾਤ 

 ਚੰਡੀਗੜ੍, 09 ਅਕਤੂਬਰ : ਨਸ਼ਿਆਂ ਨਾਲ ਨਜਿੱਠਦਿਆਂ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ , ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਅਤ ਸਮਾਜ ਲਈ ਚਲਾਏ ਵਿਆਪਕ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ ਫਾਰ ਸੇਫ਼ ਨੇਬਰਹੁੱਡ) ਦੀ ਖੁਦ ਅਗਵਾਈ ਕੀਤੀ, ਜਿਸਦਾ ਉਦੇਸ਼ ਗਲੀ-ਮੁਹੱਲਿਆਂ ਵਿੱਚ ਵਧ ਰਹੇ ਸਨੈਚਿੰਗ, ਈਵ ਟੀਜ਼ਿੰਗ, ਚੋਰੀ ਆਦਿ ਵਰਗੇ ਅਪਰਾਧਾਂ ਨੂੰ ਠੱਲ੍ਹ ਪਾਉਣਾ ਹੈ।


  ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਜਗਦਲੇ ਅਤੇ ਐਸ.ਐਸ.ਪੀ. ਐਸ.ਏ.ਐਸ. ਨਗਰ ਦੀਪਕ ਪਾਰੀਕ ਦੇ ਨਾਲ ਬਲੌਂਗੀ ਵਿਖੇ ਬਾਰੀਕਬੀਨੀ ਨਾਲ ਚੈਕਿੰਗ ਕਰ ਰਹੀ ਪੁਲੀਸ ਦੀ ਭਾਰੀ ਤਾਇਨਾਤੀ ਦੌਰਾਨ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।

  ਜ਼ਿਕਰਯੋਗ ਹੈ ਕਿ ਇਹ ਆਪ੍ਰੇਸ਼ਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਅਤੇ ਪੰਜਾਬ ਪੁਲੀਸ ਹੈਡਕੁਆਡਰ ਤੋਂ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ ’ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਸੀਪੀਜ਼/ਐਸਐਸਪੀਜ਼ ਨੂੰ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਵੱਧ ਤੋਂ ਵੱਧ ਨਫ਼ਰੀ ਜੁਟਾਉਣ ਦੇ  ਨਿਰਦੇਸ਼ ਦਿੱਤੇ ਗਏ ਸਨ।

  ਡੀਜੀਪੀ ਨੇ ਕਿਹਾ ਕਿ ‘ ਕਾਸੋ ਫਾਰ ਸੇਫ਼ ਨੇਬਰਹੁੱਡ’ ਪਹਿਲਕਦਮੀ ਵਿੱਚ ਇੱਕ ਬਹੁ-ਪੱਖੀ ਪਹੁੰਚ ਸ਼ਾਮਲ ਹੈ, ਜਿਸ  ਤਹਿਤ ਕ੍ਰਾਈਮ ਪੈਟਰਨਾਂ , ਹੌਟਸਪੌਟਸ ਦੀ ਪਛਾਣ ਕਰਨ ਅਤੇ ਅਪਰਾਧਿਕ ਪ੍ਰੋਫਾਈਲਾਂ ਨੂੰ ਬਾਰੀਕੀ ਨਾਲ ਸਮਝਣ ਲਈ ਅਪਰਾਧਿਕ ਡੇਟਾ ਦਾ ਵੱਖ-ਵੱਖ ਪੱਧਰਾਂ ’ਤੇ  ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜੋ ਰਣਨੀਤਕ ਤੌਰ ’ਤੇ ਅਜਿਹੀਆਂ ਗ਼ੈਰ-ਸਮਾਜਿਕ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰੇਗਾ।  ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੀਡਬੈਕ ਅਤੇ ਸਮੱਸਿਆਵਾਂ ਇਕੱਠੀਆਂ ਕਰਨ ਲਈ ਵਿਲੇਜ ਡਿਫੈਂਸ ਕਮੇਟੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ.ਡਬਲਯੂ.ਏ.), ਵਿਦਿਅਕ ਸੰਸਥਾਵਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ।

  ਉਨ੍ਹਾਂ ਕਿਹਾ ਕਿ ਅਪਰਾਧ ਨੂੰ ਨੱਥ ਪਾਉਣ ਲਈ ਸ਼ਨਾਖ਼ਤ ਕੀਤੇ ਹੌਟਸਪੌਟਸ ’ਤੇ ਨਾਕਾਬੰਦੀ, ਪੈਦਲ ਗਸ਼ਤ ਅਤੇ ਪੀਸੀਆਰ ਵਾਹਨ ਗਸ਼ਤ ਰਾਹੀਂ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ। ਇਸ ਤੋਂ ਇਲਾਵਾ , ਸਥਾਨਕ ਸਰਕਾਰਾਂ ਵਿਭਾਗ ਅਤੇ ਸਥਾਨਕ ਭਾਈਵਾਲਾਂ ਜਿਸ ਵਿੱਚ ਆਰ.ਡਬਲਿੳ.ੂਏ., ਮਾਰਕੀਟ ਐਸੋਸੀਏਸ਼ਨਾਂ, ਸੰਸਥਾਵਾਂ ਅਤੇ ਮਕਾਨ ਮਾਲਕਾਂ, ਸ਼ਾਮਲ ਹਨ,  ਦੇ ਸਹਿਯੋਗ ਨਾਲ , ਸੀਸੀਟੀਵੀ ਨਿਗਰਾਨੀ ਨੂੰ ਵੀ ਹੋਰ ਵਧਾਇਆ ਜਾ ਰਿਹਾ ਹੈ।

  ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਦਿਅਕ ਸੰਸਥਾਵਾਂ ਦੇ ਨੇੜੇ ਨਸ਼ਿਆਂ ਦੀ ਵਿਕਰੀ ਨੂੰ ਰੋਕਣ, ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਅਤੇ ਨਿਗਰਾਨੀ ਕਰਨ ’ਤੇ ਵੀ ਧਿਆਨ ਦੇ ਰਹੀ ਹੈ। ਟੈਕਨਾਲੋਜੀ ਅਤੇ ਕਮਿਊਨਿਟੀ ਆਊਟਰੀਚ ਦਾ ਲਾਭ ਉਠਾ ਕੇ, ਇਹ ਉਪਰਾਲਾ ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਲੋਕਾਂ ਲਈ ਇੱਕ ਸੁਰੱਖਿਅਤ ਮਾਹੌਲ ਪੈਦਾ ਕਰਨ ਦਾ ਯਤਨ ਕਰਦਾ ਹੈ।

  ਬਲੌਂਗ ਦੌਰੇ ਤੋਂ ਬਾਅਦ ਵਿੱਚ, ਡੀਜੀਪੀ ਨੇ ਆਰ.ਡਬਲਯੂ.ਏ.  ਦੇ ਨੁਮਾਇੰਦਿਆਂ ਨਾਲ ਉਨ੍ਹਾਂ ਤਰੀਕਿਆਂ ਦੀ ਖੋਜ ਕਰਨ ਲਈ ਮੀਟਿੰਗ ਵੀ ਕੀਤੀ, ਜਿਸ ਵਿੱਚ ਪੁਲਿਸ, ਉਨ੍ਹਾਂ ਦੇ ਸਹਿਯੋਗ ਨਾਲ, ਗਲੀ-ਮੁਹੱਲਿਆਂ ਨੂੰ ਅਜਿਹੇ  ਫੁਟਕਲ ਅਪਰਾਧਾਂ ਤੋਂ ਨਿਜਾਤ ਦਿਵਾਈ ਜਾ ਸਕੇ।

ਇਸ ਆਪ੍ਰੇਸ਼ਨ ਬਾਰੇ ਦੇ ਵੇਰਵੇ ਸਾਂਝੇ ਕਰਦਿਆਂ, ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ 1500 ਤੋਂ ਵੱਧ ਪੁਲਿਸ ਟੀਮਾਂ, ਜਿਸ ਵਿੱਚ 11000 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਹਨ, ਨੇ ਰਾਜ ਭਰ ਵਿੱਚ ਅਪਰਾਧਿਕ ਹੌਟਸਪਾਟਸ ‘ਤੇ ਇਸ ਆਪ੍ਰੇਸ਼ਨ ਨੂੂੰ ਅੰਜਾਮ ਦਿੱਤਾ  । ਉਨ੍ਹਾਂ ਕਿਹਾ ਕਿ ਅਪਰਾਧ ਦੇ ਸਾਰੇ ਹੌਟਸਪੌਟਸ ’ਤੇ ਅਤੇ ਇਨ੍ਹਾਂ ਦੇ ਆਲੇ-ਦੁਆਲੇ 236 ਮਜ਼ਬੂਤ ਨਾਕੇ ਵੀ ਲਗਾਏ ਗਏ ।

  ਆਪਰੇਸ਼ਨ ਦੌਰਾਨ, ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ 140 ਐਫਆਈਆਰਜ਼ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਵੀ ਪੁਸ਼ਟੀ ਕੀਤੀ।

  ਜ਼ਿਕਰਯੋਗ ਹੈ  ਕਿ ਇਹ ਸਰਗਰਮ  ਤੇ ਮੁਸਤੈਦ ਪੁਲਿਸ ਰਣਨੀਤੀ ਪੰਜਾਬ ਪੁਲਿਸ ਦੀ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੁਲਿਸ ਦਾ ਟੀਚਾ , ਇਲਾਕਾ ਨਿਵਾਸੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦਿਆਂ ਲੋਕਾਂ ਵਿੱਚ ਹੋਰ ਭਰੋਸਾ ਪੈਦਾ ਕਰਨਾ ਅਤੇ ਸਾਰਿਆਂ ਲਈ ਸੁਰੱਖਿਅਤ ਆਂਢ-ਗੁਆਂਢ ਸਿਰਜਣਾ ਹੈ।

CM ਮਾਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ 7-8 ਮੰਡੀਆਂ ਦਾ ਨਿਰੀਖਣ ਕਰਨ ਦੇ ਹੁਕਮ

 ਚੰਡੀਗੜ੍ਹ, 9 ਅਕਤੂਬਰ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਝੋਨੇ ਦੀ ਖਰੀਦ ਅਤੇ ਚੁਕਾਈ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਵਿਆਪਕ ਪੱਧਰ ‘ਤੇ ਮੰਡੀਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।


ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਾਉਣੀ ਮੰਡੀਕਰਨ ਸੀਜ਼ਨ 2024-25 ਦੌਰਾਨ ਮੰਡੀਆਂ ਵਿੱਚ ਝੋਨੇ ਦੀ ਆਮਦ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨਿੱਜੀ ਤੌਰ ‘ਤੇ ਅਨਾਜ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਨੂੰ ਯਕੀਨੀ ਬਣਾਉਣ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਦੁਆਰਾ ਮੰਡੀਆਂ ਵਿੱਚ ਲਿਆਂਦੇ ਜਾਣ ਵਾਲੇ 185 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਸਮੇਂ 32 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ ਅਤੇ ਪੰਜਾਬ ਵੱਲੋਂ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਰ.ਬੀ.ਆਈ. ਵੱਲੋਂ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ 41,378 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ (ਸੀ.ਸੀ.ਐਲ.) ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਖਰੀਦ ਅਤੇ ਚੁਕਾਈ ਦੇ ਕਾਰਜਾਂ ਵਿੱਚ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਉਪਜ ਦੀ ਜਲਦ ਤੋਂ ਜਲਦ ਖਰੀਦ ਅਤੇ ਚੁਕਾਈ ਨੂੰ ਯਕੀਨੀ ਬਣਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਨਿਰਵਿਘਨ ਅਤੇ ਸੁਚਾਰੂ ਖਰੀਦ ਲਈ ਵਚਨਬੱਧ ਹੈ ਅਤੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਦੇ ਫੈਸਲੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਉਣ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ ‘ਤੇ ਸਮੁੱਚੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ 7-8 ਮੰਡੀਆਂ ਦਾ ਦੌਰਾ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੀਆਂ ਅਨਾਜ ਮੰਡੀਆਂ ਦਾ ਲਗਾਤਾਰ ਦੌਰਾ ਕਰਨ ਅਤੇ ਨਿਯਮਤ ਨਿਗਰਾਨੀ ਲਈ ਰੋਜ਼ਾਨਾ ਰਿਪੋਰਟ ਪੇਸ਼ ਕਰਨ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਸਮੁੱਚੇ ਖਰੀਦ ਕਾਰਜਾਂ ‘ਤੇ ਨੇੜਿਓਂ ਨਿਗਰਾਨੀ ਕਰਨ ਲਈ ਵੀ ਕਿਹਾ ਤਾਂ ਜੋ ਮੰਡੀਆਂ ਵਿੱਚ ਵਾਧੂ ਅਨਾਜ ਨਾ ਇਕੱਠਾ ਹੋਵੇ ਅਤੇ ਇਸ ਦੀ ਜਲਦ ਤੋਂ ਜਲਦ ਚੁਕਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਝੋਨੇ ਦੀ ਫਸਲ ਦੀ ਆਮਦ, ਖਰੀਦ ਅਤੇ ਅਦਾਇਗੀ ਦੀ ਰੋਜ਼ਾਨਾ ਰਿਪੋਰਟ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਭੇਜ ਕੇ ਖਰੀਦ ਕਾਰਜਾਂ ਬਾਰੇ ਅਪਡੇਟ ਦੇਣ ਲਈ ਕਿਹਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ, ਸਮੇਂ ਸਿਰ ਅਤੇ ਬਿਨਾਂ ਕਿਸੇ ਰੁਕਾਵਟ ਦੇ ਚੁਕਾਈ ਯਕੀਨੀ ਬਣਾਉਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਉਣ ਸਬੰਧੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਹਾਈਕੋਰਟ ਨੇ ਪੰਜਾਬ ’ਚ ਵੱਡੀ ਗਿਣਤੀ ਪੰਚਾਇਤਾਂ ਦੀਆਂ ਚੋਣਾਂ ਉਤੇ ਲਾਈ ਰੋਕ

 ਚੰਡੀਗੜ੍ਹ, 9 ਅਕਤੂਬਰ, : ਪੰਜਾਬ ‘ਚ ਪੰਚਾਇਤੀ ਚੋਣਾਂ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਲਿਆ ਹੈ। ਜਿਨ੍ਹਾਂ ਪਿੰਡਾਂ ਦੀਆਂ ਚੋਣ ਪਟੀਸ਼ਨਾਂ ਅਦਾਲਤ ਵਿੱਚ ਪਾਈਆਂ ਗਈਆਂ ਹਨ, ਉਨ੍ਹਾਂ ਵਿੱਚ ਅਦਾਲਤ ਨੇ ਚੋਣ ਪ੍ਰਕਿਰਿਆ 14 ਤਰੀਕ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਹੋਵੇਗੀ।


ਇਸ ਮੌਕੇ ਪਿੰਡ ਦੇ ਲੋਕਾਂ ਦੇ ਵਕੀਲ ਹਾਕਮ ਸਿੰਘ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ 250 ਤੋਂ ਵੱਧ ਪਟੀਸ਼ਨਾਂ ਪੁੱਜੀਆਂ ਸਨ। ਜਿਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਦਾਲਤ ਵਿੱਚ 70 ਦੇ ਕਰੀਬ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਹਾਲਾਂਕਿ ਇਸ ਮਾਮਲੇ ‘ਚ ਅਜੇ ਵਿਸਥਾਰਤ ਹੁਕਮ
ਜਾਰੀ ਨਹੀਂ ਕੀਤੇ ਗਏ ਹਨ।

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਨ ਵਾਲੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼; 1.5 ਕਿਲੋ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ

ਚੰਡੀਗੜ੍, 04 ਅਕਤੂਬਰ : ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਐਸ.ਏ.ਐਸ.ਨਗਰ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ, ਜੋ ਸੂਬੇ ਵਿੱਚ ਹੈਰੋਇਨ ਦੀ ਤਸਕਰੀ ਲਈ ਜੈਕਟਾਂ ਦੀ ਵਰਤੋਂ ਕਰਦਾ ਸੀ, ਦਾ ਪਰਦਾਫਾਸ਼ ਕਰਦਿਆਂ ਇਸਦੇ ਦੋ ਕਾਰਕੁਨਾਂ ਨੂੰ 500-500 ਗ੍ਰਾਮ ਹੈਰੋਇਨ ਨਾਲ ਭਰੀਆਂ ਤਿੰਨ ਹਾਫ ਸਲੀਵ ਜੈਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਫਰੀਦਕੋਟ ਦੇ ਭਾਨਾ ਦੇ ਰਹਿਣ ਵਾਲੇ ਸੁਖਦੀਪ ਸਿੰਘ ਉਰਫ ਰਾਜਾ ਅਤੇ ਰੋਹਤਕ ਦੇ ਅਜੈਬ ਦੇ ਰਹਿਣ ਵਾਲੇ ਕ੍ਰਿਸ਼ਨ ਵਜੋਂ ਹੋਈ ਹੈ।


ਉਹਨਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 1.5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਹੁੰਡਈ ਔਰਾ (ਐਚਆਰ 12 ਏਟੀ 7091) ਕਾਰ ਨੂੰ ਵੀ ਜ਼ਬਤ ਕੀਤਾ ਹੈ, ਜਿਸ ਨੂੰ ਉਹ ਟੈਕਸੀ ਵਜੋਂ ਵਰਤਦਿਆਂ ਉਸ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਦਿੱਲੀ ਸਥਿਤ ਅਫਗਾਨ ਨਾਗਰਿਕ ਤੋਂ ਖਰੀਦੀ ਗਈ ਸੀ, ਜਿਸ ਨਾਲ ਇਸ ਨੈੱਟਵਰਕ ਦੇ ਅੰਤਰਰਾਸ਼ਟਰੀ ਡਰੱਗ ਕਾਰਟਿਲ ਨਾਲ ਸਬੰਧਾਂ ਦਾ ਪਰਦਾਫਾਸ਼ ਹੋਣ ਦੇ ਨਾਲ-ਨਾਲ ਇਹ ਸਾਹਮਣੇ ਆਇਆ ਹੈ ਕਿ ਉਹ ਗ੍ਰਿਫਤਾਰੀ ਤੋਂ ਬਚਣ ਲਈ ਜੈਕਟਾਂ ਵਿੱਚ ਹੈਰੋਇਨ ਲੁਕਾ ਕੇ ਇਸ ਦੀ ਤਸਕਰੀ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਕੋਟਕਪੂਰਾ ਦੇ ਨਸ਼ਾ ਤਸਕਰ ਲਖਵਿੰਦਰ ਸਿੰਘ ਨਾਲ ਮਿਲੀਭੁਗਤ ਕਰਕੇ ਹੈਰੋਇਨ ਦੀਆਂ ਚਾਰ ਖੇਪਾਂ ਦੀ ਤਸਕਰੀ ਕੀਤੀ ਸੀ ਅਤੇ ਹਾਲ ਹੀ ਵਿੱਚ ਸਤੰਬਰ ਦੇ ਅੱਧ ਵਿੱਚ 10 ਕਿਲੋ ਹੈਰੋਇਨ ਖਰੀਦੀ ਸੀ, ਜੋ ਮੋਗਾ ‘ਚ ਸਪਲਾਈ ਕੀਤੀ ਗਈ ਸੀ। ਐਨਡੀਪੀਐਸ ਐਕਟ ਦੇ ਘੱਟੋ-ਘੱਟ 10 ਕੇਸਾਂ ਦਾ ਸਾਹਮਣਾ ਕਰ ਰਿਹਾ ਮੁਲਜ਼ਮ ਲਖਵਿੰਦਰ ਸਿੰਘ ਇਸ ਮਾਡਿਊਲ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ, ਜੋ ਨਸ਼ੇ ਦੇ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਫਰਾਰ ਲਖਵਿੰਦਰ ਸਿੰਘ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਹੈਰੋਇਨ ਸਮੇਤ ਡਰੱਗ ਸਿੰਡੀਕੇਟ ਦੇ ਦੋ ਮੈਂਬਰ ਚਿੱਟੇ ਰੰਗ ਦੀ ਹੁੰਡਈ ਔਰਾ ਵਿੱਚ ਦਿੱਲੀ ਤੋਂ ਮੁਹਾਲੀ ਵੱਲ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਲਾਲੜੂ ਦੇ ਦੱਪਰ ਟੋਲ ਪਲਾਜ਼ਾ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਵਾਹਨ ਨੂੰ ਸਫਲਤਾਪੂਰਵਕ ਘੇਰਾ ਪਾ ਕੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ।

ਐਸ.ਐਸ.ਪੀ ਦੀਪਕ ਪਾਰੀਕ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਗੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਸੁਖਦੀਪ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ ਜਿਸ ਖਿਲਾਫ 2020 ਵਿੱਚ ਅਗਵਾ ਦਾ ਕੇਸ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਮਈ 2024 ਵਿੱਚ ਫਰੀਦਕੋਟ ਜੇਲ ਤੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਜੁਲਾਈ 2024 ਵਿੱਚ ਹੈਰੋਇਨ ਦੀ ਤਸਕਰੀ ਦੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਇਆ ਸੀ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੋਹਾਣਾ, ਐਸ.ਏ.ਐਸ.ਨਗਰ ਵਿੱਚ ਕਿਰਾਏ ’ਤੇ ਰਿਹਾਇਸ਼ ਵੀ ਲਈ ਹੋਈ ਸੀ।

ਇਸ ਸਬੰਧ ਵਿੱਚ ਐਸ.ਏ.ਐਸ.ਨਗਰ ਦੇ ਥਾਣਾ ਲਾਲੜੂ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਐਫ.ਆਈ.ਆਰ ਨੰਬਰ 141 ਮਿਤੀ 03/10/2024 ਦਰਜ ਕੀਤੀ ਗਈ ਹੈ।

ਆਪ ਸੰਸਦ ਮਲਵਿੰਦਰ ਸਿੰਘ ਕੰਗ ਨੇ ਕੰਗਨਾ ਰਣੌਤ ਦੀ ਪੰਜਾਬੀਆਂ ਖਿਲਾਫ ਵਿਵਾਦਤ ਟਿੱਪਣੀ ਦੀ ਕੀਤੀ ਸਖ਼ਤ ਨਿੰਦਾ

 ਭਾਜਪਾ ਨੂੰ ਕੰਗਨਾ ਰਣੌਤ ਵਿਰੁੱਧ ਠੋਸ ਕਾਰਵਾਈ ਕਰਨੀ ਚਾਹੀਦੀ ਹੈ, ਉਸ ਦੇ ਸ਼ਬਦ ਨਫ਼ਰਤ ਫੈਲਾਉਣ ਅਤੇ ਸਾਡੇ ਲੋਕਾਂ ਨੂੰ ਵੰਡਣਾ ਚਾਹੁੰਦੇ ਹਨ: ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ, 03 ਅਕਤੂਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਤਾਜ਼ਾ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਹੈ। ਕੰਗ ਨੇ ਕਿਹਾ ਕਿ ਕੰਗਨਾ ਦੇ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਲੋਕਾਂ ਵਿੱਚ ਵੰਡ ਅਤੇ ਨਫ਼ਰਤ ਨੂੰ ਵਧਾਉਂਦਾ ਹੈ।


ਕੰਗ ਨੇ ਭਾਜਪਾ ਸ਼ਾਸਿਤ ਰਾਜਾਂ, ਖਾਸ ਤੌਰ 'ਤੇ ਗੁਜਰਾਤ, ਜਿੱਥੇ ਪਿਛਲੇ ਕੁਝ ਸਾਲਾਂ ਦੌਰਾਨ ਨਸ਼ਿਆਂ ਦੇ ਵੱਡੇ ਪਰਦਾਫਾਸ਼ਾਂ ਦੀ ਰਿਪੋਰਟ ਸਾਹਮਣੇ ਆਈ ਹੈ, ਨੇ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਦੇ ਚਿੰਤਾਜਨਕ ਪ੍ਰਚਲਣ ਨੂੰ ਉਜਾਗਰ ਕੀਤਾ ਹੈ।  ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਹਾਕਿਆਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਨਸ਼ਿਆਂ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਤੱਥਾਂ ਨੂੰ ਨਜ਼ਰਅੰਦਾਜ਼ ਕਰ ਪੰਜਾਬੀ ਭਾਈਚਾਰੇ ਵਿਰੁੱਧ ਘਟੀਆ ਬਿਆਨਬਾਜ਼ੀ ਕਰਦੀ ਹੈ। ਉਨ੍ਹਾਂ ਨੂੰ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਫੈਲੀ ਨਸੇ਼ ਦੀ ਤਸਕਰੀ ਦੇ ਵੱਡੇ ਮੁੱਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ, ਜਿਸ ਵਿੱਚ ਉਹ ਅਸਫਲ ਰਹੀ ਹੈ।

ਇਸ ਤੋਂ ਇਲਾਵਾ, ਕੰਗ ਨੇ ਰਣੌਤ ਦੁਆਰਾ ਭੜਕਾਊ ਭਾਸ਼ਾ ਦੀ ਲਗਾਤਾਰ ਵਰਤੋਂ ਅਤੇ ਉਸ ਦੇ ਭੜਕਾਊ ਬਿਆਨ ਦੇਣ ਦੇ ਪੈਟਰਨ 'ਤੇ ਚਿੰਤਾ ਜ਼ਾਹਰ ਕੀਤੀ ਜਿਸ ਦਾ ਕੋਈ ਰਚਨਾਤਮਕ ਉਦੇਸ਼ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੰਗਨਾ ਦਾ ਅਜਿਹਾ ਵਿਵਹਾਰ ਦਰਸਾਉਂਦਾ ਹੈ ਇੱਕ ਘਟ ਰਹੇ ਫਿਲਮੀ ਕਰੀਅਰ ਦੇ ਦਬਾਅ ਕਾਰਨ ਵਿਅਕਤੀ ਨਕਾਰਾਤਮਕ ਆਦਤਾਂ ਦਾ ਸਹਾਰਾ ਲੈ ਸਕਦਾ ਹੈ, ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵੀ ਸ਼ਾਮਲ ਹੈ।  

ਕੰਗ ਨੇ ਰਣੌਤ ਦੇ ਬਿਆਨਾਂ ਪ੍ਰਤੀ ਉਸ ਦੇ ਨਕਾਰਾਤਮਕ ਰਵੱਈਏ ਲਈ ਭਾਜਪਾ ਦੀ ਵੀ ਆਲੋਚਨਾ ਕੀਤੀ।  ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਡਰਾਮਾ ਬੰਦ ਕਰੇ ਅਤੇ ਕੰਗਨਾ ਦੇ ਨਫ਼ਰਤ ਭਰੇ ਭਾਸ਼ਣਾਂ ਲਈ ਉਸ ਵਿਰੁੱਧ ਠੋਸ ਕਾਰਵਾਈ ਕਰੇ ਜਿਸਦਾ ਉਦੇਸ਼ ਸਾਡੇ ਸਮਾਜ ਨੂੰ ਵੰਡਣਾ ਹੈ। ਉਨ੍ਹਾਂ ਨੇ ਭਾਜਪਾ ਨੂੰ ਅਜਿਹੀਆਂ ਫੁੱਟ ਪਾਊ ਬਿਆਨਬਾਜ਼ੀ ਨੂੰ ਵਧਣ ਦੇਣ ਦੀ ਬਜਾਏ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਅਪੀਲ ਕੀਤੀ।

ਨਰਿੰਦਰ ਮੋਦੀ 'ਤੇ ਅਮਿਤ ਸ਼ਾਹ ਦਾ ਪੰਜਾਬ ਪ੍ਰਤੀ ਰਵੱਈਆ ਕਦੇ ਵੀ ਨਹੀਂ ਰਿਹਾ ਚੰਗਾ - ਨੀਲ ਗਰਗ

ਸੁਨੀਲ ਜਾਖੜ ਨੇ ਭਾਜਪਾ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਇਆ ਹੈ, ਮੋਦੀ-ਸ਼ਾਹ ਨੂੰ ਪੰਜਾਬ ਪ੍ਰਤੀ ਬਦਲਣਾ ਪਵੇਗਾ ਆਪਣਾ ਰਵੱਈਆ - ਨੀਲ ਗਰਗ

ਚੰਡੀਗੜ੍ਹ, 03 ਅਕਤੂਬਰ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ  ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਪ੍ਰਤੀ ਨਜ਼ਰੀਆ ਕਦੇ ਵੀ ਸਹੀ ਨਹੀਂ ਰਿਹਾ।

'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਲਗਾਤਾਰ ਪੰਜਾਬ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਸਿਆਸੀ, ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨਹੀਂ ਦਿਖਾਈ ਗਈ।


 ਕੇਂਦਰ ਸਰਕਾਰ ਪੰਜਾਬ ਨੂੰ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਨਹੀਂ ਦੇ ਰਹੀ, ਜਿਸ ਕਾਰਨ ਪੰਜਾਬ ਦੇ ਵਿਕਾਸ ਕਾਰਜਾਂ 'ਤੇ ਮਾੜਾ ਅਸਰ ਪੈ ਰਿਹਾ ਹੈ।  ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਲਈ ਕਾਲੇ ਖੇਤੀ ਕਾਨੂੰਨ ਜ਼ਬਰਦਸਤੀ ਲਾਗੂ ਕੀਤੇ ਗਏ।

ਨੀਲ ਗਰਗ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਸੁਨੀਲ ਜਾਖੜ ਨੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਜਾਖੜ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਨੂੰ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਲੋੜ ਹੈ।  ਨਜ਼ਰੀਆ ਬਦਲਣ ਤੇ ਹੀ ਪੰਜਾਬ ਵਿਚ ਪਾਰਟੀ ਦਾ ਕੁਝ ਹੋ ਸਕਦਾ ਹੈ। ਅਸੀਂ ਭਾਜਪਾ ਲੀਡਰਸ਼ਿਪ ਨੂੰ ਵੀ ਪੰਜਾਬ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਬੇਨਤੀ ਕਰਦੇ ਹਾਂ। ਪੰਜਾਬ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਸੂਬੇ ਦੇ ਸਾਰੇ ਰੋਕੇ ਫੰਡ ਤੁਰੰਤ ਜਾਰੀ ਕੀਤੇ ਜਾਣ।

ਆਪ' ਨੇ ਚੋਣ ਕਮਿਸ਼ਨ ਨੂੰ ਪੰਚਾਇਤ ਚੋਣਾਂ ਤੋਂ ਪਹਿਲਾਂ ਸੁਰੱਖਿਆ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਦੀ ਕੀਤੀ ਅਪੀਲ


ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ 'ਆਪ' ਦੇ ਵਫ਼ਦ ਨੇ ਚੋਣ ਕਮਿਸ਼ਨ ਕੋਲ ਬੋਲੀ ਜਾਂ ਹੋਰ ਗਲਤ ਕੰਮਾਂ 'ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ


ਚੰਡੀਗੜ੍ਹ, 01 ਅਕਤੂਬਰ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਵਫ਼ਦ 15 ਅਕਤੂਬਰ, 2024 ਤੋਂ ਹੋਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਗੰਭੀਰ ਚਿੰਤਾਵਾਂ/ਸਮਸਿਆਵਾਂ ਨੂੰ ਦੂਰ ਕਰਨ ਲਈ ਮੰਗਲਵਾਰ ਨੂੰ ਰਾਜ ਚੋਣ ਕਮਿਸ਼ਨ ਨੂੰ ਮਿਲਿਆ। ਇਸ ਮੀਟਿੰਗ ਦੌਰਾਨ, ਵਫ਼ਦ ਨੇ ਲੋਕਤੰਤਰ ਨੂੰ ਢਾਹ ਲਾਉਣ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੀਆਂ ਚਿੰਤਾਜਨਕ ਰਿਪੋਰਟਾਂ ਨੂੰ ਲੈਕੇ ਕਮਿਸ਼ਨ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਮੰਗ ਪਤਰ ਵੀ ਸੌਂਪਿਆ।

ਇੱਕ ਬਿਆਨ ਵਿੱਚ, ਚੀਮਾ ਨੇ ਪੰਚਾਇਤੀ ਪ੍ਰਣਾਲੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਇਸ ਨੂੰ ਲੋਕਤੰਤਰ ਦੀ ਸਭ ਤੋਂ ਛੋਟੀ ਪਰ ਮਹੱਤਵਪੂਰਨ ਇਕਾਈ ਦੱਸਿਆ। ਉਨ੍ਹਾਂ ਕਿਹਾ ਕਿ ਹਰ ਪੰਜ ਸਾਲ ਬਾਅਦ ਸਰਪੰਚ ਅਤੇ ਪੰਚ ਦੀਆਂ ਚੋਣਾਂ ਸਥਾਨਕ ਪ੍ਰਸ਼ਾਸਨ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। “ਇਹ ਚੋਣ ਸਿਰਫ਼ ਅਹੁਦਿਆਂ ਦੀ ਨਹੀਂ ਹੈ,  ਇਹ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਅਧਿਕਾਰਾਂ ਦੀ ਹੈ"।  ਪੰਜਾਬ ਦੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਨਾਲ 'ਆਪ' ਆਗੂ ਨੀਲ ਗਰਗ, ਡਾ. ਸੰਨੀ ਆਹਲੂਵਾਲੀਆ ਅਤੇ ਬੱਬੀ ਬਾਦਲ ਵੀ ਮੌਜੂਦ ਸਨ।


ਚੀਮਾ ਨੇ ਅਜਿਹੀਆਂ ਰਿਪੋਰਟਾਂ 'ਤੇ ਚਿੰਤਾ ਜ਼ਾਹਰ ਕੀਤੀ ਕਿ ਕੁਝ ਵਿਅਕਤੀ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੀ ਨਿਲਾਮੀ/ਬੋਲੀ ਵਿਚ ਸ਼ਾਮਲ ਹੋ ਕੇ ਚੋਣ ਪ੍ਰਕਿਰਿਆ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ "ਇਹ ਅਨੈਤਿਕ ਅਭਿਆਸ ਨਾ ਸਿਰਫ਼ ਸਾਡੇ ਲੋਕਤੰਤਰੀ ਢਾਂਚੇ ਦੀ ਪਵਿੱਤਰਤਾ ਨੂੰ ਗੰਧਲਾ ਕਰਦਾ ਹੈ, ਸਗੋਂ ਜਨਤਕ ਪ੍ਰਤੀਨਿਧਤਾ ਦੇ ਤੱਤ ਨੂੰ ਵੀ ਖ਼ਤਰੇ ਵਿੱਚ ਪਾਉਂਦਾ ਹੈ। ਚੀਮਾ ਦੀ ਟਿੱਪਣੀ ਨੇ ਚੋਣ ਢਾਂਚੇ ਦੇ ਅੰਦਰ ਭ੍ਰਿਸ਼ਟਾਚਾਰ ਅਤੇ ਸੱਤਾ ਦੀ ਦੁਰਵਰਤੋਂ ਵਿਰੁੱਧ ਪਾਰਟੀ ਦੇ ਦ੍ਰਿੜ ਰੁਖ ਨੂੰ ਰੇਖਾਂਕਿਤ ਕੀਤਾ।

ਮੀਟਿੰਗ ਦੌਰਾਨ ‘ਆਪ’ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਜਿਹੀਆਂ ਕਿਸੇ ਵੀ ਬੇਨਿਯਮੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ।  ਚੀਮਾ ਨੇ ਕਿਹਾ, “ਅਸੀਂ ਚੋਣ ਕਮਿਸ਼ਨ ਨੂੰ ਸੁਚੇਤ ਰਹਿਣ ਅਤੇ ਕਿਸੇ ਵੀ ਕਿਸਮ ਦੀ ਚੋਣ ਗੜਬੜੀ ਵਿਰੁੱਧ ਨਿਰਣਾਇਕ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ, ਅਤੇ ਸਾਨੂੰ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ।”

ਇਸ ਤੋਂ ਇਲਾਵਾ, 'ਆਪ' ਵਫ਼ਦ ਨੇ ਪੋਲਿੰਗ ਬੂਥਾਂ, ਖਾਸ ਤੌਰ 'ਤੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਖੇਤਰਾਂ 'ਤੇ ਸੁਰੱਖਿਆ ਉਪਾਵਾਂ ਦੀ ਲੋੜ ਨੂੰ ਉਜਾਗਰ ਕੀਤਾ।  ਚੀਮਾ ਨੇ ਜ਼ੋਰ ਦੇ ਕੇ ਕਿਹਾ, "ਵੋਟਾਂ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋ ਜਾਵੇਗੀ, ਇਸ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਨਤੀਜਿਆਂ ਦੀ ਕਿਸੇ ਵੀ ਸੰਭਾਵੀ ਦੁਰਵਰਤੋਂ ਜਾਂ ਹੇਰਾਫੇਰੀ ਨੂੰ ਰੋਕਣ ਲਈ ਲੋੜੀਂਦੀ ਸੁਰੱਖਿਆ ਕੀਤੀ ਜਾਵੇ।"  ਉਨ੍ਹਾਂ ਨੇ ਐਸਐਸਪੀ, ਡੀਸੀ, ਐਸਡੀਐਮ ਅਤੇ ਹੋਰ ਸਬੰਧਤ ਅਧਿਕਾਰੀਆਂ ਸਮੇਤ ਸਥਾਨਕ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਦੀ ਅਖੰਡਤਾ ਦੀ ਰੱਖਿਆ ਲਈ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨ ਦਾ ਕੰਮ ਸੌਂਪਣ ਦੀ ਬੇਨਤੀ ਕੀਤੀ।

ਸੁਰੱਖਿਆ ਚਿੰਤਾਵਾਂ ਤੋਂ ਇਲਾਵਾ, ਚੀਮਾ ਨੇ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀਆਂ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਪਹਿਲਕਦਮੀਆਂ ਦਾ ਸੱਦਾ ਦਿੱਤਾ। “ਪੰਜਾਬ ਦੇ ਵੋਟਰ ਜਾਣੂ ਅਤੇ ਜਾਗਰੂਕ ਹਨ, ਪਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਬੇਈਮਾਨ ਤੱਤਾਂ ਦੁਆਰਾ ਭਰਮਾਉਣ ਜਾਂ ਗੁੰਮਰਾਹ ਨਾ ਹੋਣ।  ਸਾਡੇ ਨਾਗਰਿਕਾਂ ਨੂੰ ਸਮਰੱਥ ਬਣਾਉਣ ਲਈ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਜ਼ਰੂਰੀ ਹੈ।

ਵਫ਼ਦ ਨੂੰ ਚੋਣ ਕਮਿਸ਼ਨ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਉਪਾਅ ਕੀਤੇ ਜਾਣਗੇ।  ਚੀਮਾ ਨੇ ਕਿਹਾ “ਅਸੀਂ ਇੱਕ ਸਾਫ਼-ਸੁਥਰੀ ਚੋਣ ਪ੍ਰਕਿਰਿਆ ਲਈ ਵਚਨਬੱਧ ਹਾਂ ਅਤੇ ਅਸੀਂ ਸਾਡੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ।  ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਾਂਗੇ ਕਿ ਹਰ ਵੋਟ ਦੀ ਗਿਣਤੀ ਹੋਵੇ।



Wikipedia

Search results

Powered By Blogger