SBP GROUP

SBP GROUP

Search This Blog

Total Pageviews

Showing posts with label PUNJAB NEWS. Show all posts
Showing posts with label PUNJAB NEWS. Show all posts

Saturday, June 21, 2025

ਜ਼ਿਲ੍ਹਾ ਪੱਧਰੀ 11 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਗਮ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ- 78 ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਯੋਗਾ ਦਿਵਸ ਸਮਾਗਮਾਂ ਵਿੱਚ ਜ਼ਿਲ੍ਹਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਕੀਤੀ ਗਈ ਸ਼ਿਰਕਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ : ਪੰਜਾਬ,  ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਅੱਜ ਮੋਹਾਲੀ ਸਮੇਤ ਸਾਰੇ 23 ਜ਼ਿਲ੍ਹਿਆਂ, ਬਲਾਕਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਇੱਕੋ ਸਮੇਂ ਬਹੁਤ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿੱਚ 33 ਥਾਵਾਂ ਤੇ ਮਨਾਏ ਗਏ ਯੋਗਾ ਦਿਵਸ ਸਮਾਗਮਾਂ ਵਿੱਚ 12210 ਲੋਕਾਂ ਨੇ ਲਿਆ ਭਾਗ ਲਿਆ। ਇਨ੍ਹਾਂ ਯੋਗ ਸਮਾਗਮਾਂ ਵਿੱਚ  ਲੋਕਾਂ  ਦੇ ਨਾਲ ਨਾਲ ਸੀ ਐਮ ਦੀ ਯੋਗਸ਼ਾਲਾ ਦੇ ਸਾਰੇ ਕੋਆਰਡੀਨੇਟਰਾਂ ਅਤੇ ਯੋਗਸ਼ਾਲਾ ਦੇ ਟ੍ਰੇਨਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। 

ਮੋਹਾਲੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ, ਆਯੁਰਵੈਦਾ ਅਤੇ ਯੂਨਾਨੀ ਵਿਭਾਗ ਵੱਲੋਂ ਕੋਆਰਡੀਨੇਟਰ ਪ੍ਰਤਿਮਾ ਡਾਵਰ ਦੀ ਨਿਗਰਾਨੀ ਹੇਠ ਮੋਹਾਲੀ ਸ਼ਹਿਰ ਵਿੱਚ ਸੈਕਟਰ-78, ਸੈਕਟਰ-79, ਸੈਕਟਰ-81, ਸੈਕਟਰ- 66 ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਅਤੇ ਖਰੜ ਸ਼ਹਿਰ ਦੇ ਸਾਰੇ ਬਲਾਕਾਂ ਦੇ ਨਾਲ ਨਾਲ, ਖਰੜ ਸ਼ਹਿਰ ਵਿੱਚ ਰਾਮਲੀਲਾ ਹਾਲ ਵਿੱਚ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਖਰੜ ਦੇ ਐਸ ਡੀ ਐਮ ਦਿਵਿਆ ਪੀ ਵੱਲੋਂ ਵੀ ਯੋਗਾ ਕੀਤਾ ਅਤੇ ਲੋਕਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ। 


     ਇਸ ਤੋਂ ਇਲਾਵਾ ਕੁਰਾਲੀ ਦੇ ਸਵਾਮੀ ਜੀ ਪਾਰਕ, ਪਿੰਡ ਕਾਲੇਵਾਲ, ਪਿੰਡ ਰੁੜਕੀ ਪੁਖਤਾ ਅਤੇ ਖਰੜ ਦੇ ਸੈਕਟਰ-125, ਸੀਨੀਅਰ ਸਿਟੀਜ਼ਨ ਹਾਲ ਅਤੇ ਖਰੜ ਦੇ ਵੈਸਟਰਨ ਟਾਵਰ ਸੋਸਾਇਟੀ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ। ਨਯਾਗਾਓਂ ਦੇ ਪਿੰਡ ਨਾਡਾ ਵਿੱਚ ਅਤੇ  ਨਿਊ ਚੰਡੀਗੜ੍ਹ ਈਕੋਸਿਟੀ ਅਤੇ ਓਮੈਕਸ ਅੰਬਿਕਾ ਵਿੱਚ ਵੀ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

ਜ਼ਿਲ੍ਹਾ ਕੁਆਰਡੀਨੇਟਰ ਪ੍ਰਤਿਮਾ ਡਾਵਰ ਨੇ ਦੱਸਿਆ ਕਿ ਜ਼ੀਰਕਪੁਰ ਵਿੱਚ ਐਰੋਵਿਸਟਾ, ਕ੍ਰਿਸ਼ਨਾ ਐਨਕਲੇਵ, ਹਾਈਲੈਂਡ ਸੋਸਾਇਟੀ, ਗ੍ਰੀਨ ਲੋਟਸ ਸੋਸਾਇਟੀ, ਜਰਨੈਲ ਸਿੰਘ ਦੌਲਤ ਪਾਰਕ, ਰਾਇਲ ਮੋਤੀਆਜ਼, ਢਕੋਲੀ ਪਿੰਡ, ਗੋਲਡਨ ਸੈਂਡ ਸੋਸਾਇਟੀ, ਅਲਟੂਰਾ ਅਪਾਰਟਮੈਂਟ ਨਾਗਲਾ ਰੋਡ, ਸਵਾਸਤਿਕ ਵਿਹਾਰ, ਮੈਕਸਕਸ ਸੋਸਾਇਟੀ, ਬਾਲੀਵੁੱਡ ਸੋਸਾਇਟੀ ਵਿੱਚ ਯੋਗ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। 

ਇਸ ਮੌਕੇ ਜ਼ੀਰਕਪੁਰ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਯੋਗਾ ਕੀਤਾ ਅਤੇ ਬਾਲੀਵੁੱਡ ਸੋਸਾਇਟੀ ਅਤੇ ਅਲਟੂਰਾ ਸੋਸਾਇਟੀ ਵਿੱਚ ਗਏ ਅਤੇ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਯੋਗਾ ਦਿਵਸ ਮੌਕੇ ਬਲਾਕ ਡੇਰਾਬੱਸੀ ਵਿੱਚ, ਰਾਮਪੁਰ ਸੈਣੀਆਂ, ਫੋਰੈਸਟ ਪਾਰਕ, ਗੁਲਮੋਹਰ ਸਿਟੀ ਐਕਸਟੈਂਸ਼ਨ, ਅਤੇ ਪਿੰਡ ਬਾਕਰਪੁਰ, ਹੰਮਾਯੂਪੁਰ, ਖਾਰ ਗੁੱਜਰਾਂ, ਪਿੰਡ ਕਾਲੇਵਾਲ ਅਤੇ ਬੀਡੀਪੀਓ ਦਫ਼ਤਰ ਡੇਰਾਬੱਸੀ ਵਿੱਚ ਵੀ ਯੋਗ ਦਿਵਸ ਮਨਾਇਆ ਗਿਆ।

  *ਜ਼ਿਲ੍ਹੇ ਵਿੱਚ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78 ਵਿਖੇ ਮਨਾਏ ਗਏ 11 ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਐਸ ਡੀ ਐਮ ਮੋਹਾਲੀ, ਦਮਨਦੀਪ ਕੌਰ, ਡੀ ਐਸ ਪੀ, ਹਰਸਿਮਰਨ ਸਿੰਘ ਬੱਲ, ਡਾਇਰੈਕਟਰ, ਆਯੂਰਵੈਦਿਕ ਡਾ ਰਵੀ ਡੋਗਰਾ, ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਡਾ ਸਰਬਜੀਤ ਕੌਰ, ਨਾਇਬ ਤਹਿਸੀਲਦਾਰ ਮੋਹਾਲੀ ਹਰਜੋਤ ਸਿੰਘ, ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ, ਜ਼ਿਲ੍ਹਾ ਯੋਗਾ ਕੁਆਰਡੀਨੇਟਰ ਪ੍ਰਤਿਮਾ ਡਾਵਰ  ਤੋਂ ਇਲਾਵਾ ਸ਼ਹਿਰ ਨਿਵਾਸੀ ਅਤੇ ਸੀਨੀਅਰ ਸਿਟੀਜਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Thursday, June 12, 2025

ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਲਗਾਏ ਜਾਗਰੂਕਤਾ ਕੈਂਪ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜੂਨ : ਅੱਜ ਕੇ.ਵੀ.ਕੇ. ਮੋਹਾਲੀ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ. ਨਗਰ  ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਦਾ ਸਮਾਪਨ ਸਮਾਰੋਹ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਆਯੋਜਿਤ ਕੀਤਾ ਗਿਆ। 

    ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁਡੀਆ, ਵਿਸ਼ੇਸ਼ ਮਹਿਮਾਨ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਅਤੇ ਡਾ. ਜਸਵੰਤ ਸਿੰਘ ਨਿਰਦੇਸ਼ਕ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਨ।  


    ਇਸ ਪ੍ਰੋਗਰਾਮ ਦੇ ਦੌਰਾਨ ਸ. ਖੁਡੀਆ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੇ ਨਾਲ-ਨਾਲ ਪਸ਼ੂ ਪਾਲਣ ਜਿਵੇਂ ਗਾਂ ਮੱਝ, ਬੱਕਰੀ, ਮੁਰਗੀ ਆਦਿ ਪਾਲਣ ਲਈ ਪ੍ਰੇਰਿਤ ਕੀਤਾ। ਡਾ. ਆਰ.ਐਸ. ਗਰੇਵਾਲ ਨੇ ਗੁਰੂ  ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੁਆਰਾ ਦਿੱਤੇ ਜਾਣ ਵਾਲੇ ਸਿਖਲਾਈ ਕੋਰਸ ਅਤੇ ਹੋਰ ਸੁਵਿਧਾਵਾਂ ਦੇ ਬਾਰੇ  ਦੱਸਿਆ। ਡਾ. ਜਸਵੰਤ ਸਿੰਘ ਨੇ ਕਿਸਾਨਾਂ ਨੂੰ ਸਰਕਾਰ ਦੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਿਸਾਨ ਵਿਗਿਆਨਿਕ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਬਲਬੀਰ ਸਿੰਘ ਖੱਦਾ ਨੇ ਜੈਵਿਕ ਖੇਤੀ, ਕੁਦਰਤੀ ਖੇਤੀ ਅਤੇ ਖੇਤੀ ਵਿਭਿੰਨਤਾ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੌਰਾਨ ਇਲਾਕੇ ਦੇ ਅਗਾਂਹਵਧੂ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਗੁਰਸ਼ਮਿੰਦਰ ਸਿੰਘ, ਅਸਿਸਟੈਂਟ ਡੀਨ ਸਾਇੰਸ ਨੇ ਮੰਚ ਦਾ ਸੰਚਾਲਨ ਕੀਤਾ। ਇਸ ਪ੍ਰੋਗਰਾਮ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਟੀਮ ਦੁਆਰਾ ਪਿੰਡ ਹਸਨਪੁਰ, ਰੌੜਾ, ਖੇੜਾ, ਮਾਣਕਪੁਰ ਸ਼ਰੀਫ ਅਤੇ ਸਲੇਮਪੁਰ ਕਲਾਂ ਵਿੱਚ ਡਾ. ਪਾਰੁਲ ਗੁਪਤਾ, ਡਾ. ਹਰਮੀਤ ਕੌਰ, ਡਾ. ਮੁਨੀਸ਼ ਸ਼ਰਮਾ, ਡਾ. ਗੁਲਗੁਲ ਸਿੰਘ ਅਤੇ ਡਾ. ਸੁਭਾਸ਼ ਚੰਦਰ ਵੱਲੋਂ ਵੀ ਜਾਗਰੂਕਤਾ ਕੈਂਪ ਲਗਾਏ ਗਏ।

ਨਗਰ ਕੌਂਸਲ ਵੱਲੋਂ ਵੀ.ਆਈ. ਪੀ. ਇਨਕਲੇਵ ਵਿਖੇ ਹੋ ਰਹੀ ਪਲਾਟ ਨੰਬਰ 45 ਦੀ ਅਣ-ਅਧਿਕਾਰਤ ਉਸਾਰੀ ਰੋਕੀ ਗਈ

ਨਿਯਮ ਪੂਰੇ ਨਾ ਹੋਣ ਤੱਕ ਇਮਾਰਤ ਰਹੇਗੀ ਸੀਲ 

ਜ਼ੀਰਕਪੁਰ, 12 ਜੂਨ : ਨਗਰ ਕੌਂਸਲ, ਜ਼ੀਰਕਪੁਰ ਵੱਲੋਂ ਵੱਲੋਂ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਸਖ਼ਤ ਰੁੱਖ ਅਪਣਾਉਂਦੇ ਹੋਏ ਅੱਜ ਪਲਾਟ ਨੰਬਰ 45, ਵੀ.ਆਈ.ਪੀ. ਇਨਕਲੇਵ,  ਜੀਰਕਪੁਰ ਵਿਖੇ ਕੀਤੀ ਜਾ ਰਹੀ ਅਣ-ਅਧਿਕਾਰਤ ਉਸਾਰੀ ਨੂੰ ਰੋਕਣ ਦੇ ਨਾਲ ਨਾਲ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। 


     ਕਾਰਜ ਸਾਧਕ ਅਫ਼ਸਰ, ਜਗਜੀਤ ਸਿੰਘ ਜੱਜ ਅਨੁਸਾਰ ਉਕਤ ਅਣ-ਅਧਿਕਾਰਤ ਉਸਾਰੀ ਨੂੰ ਰੋਕਣ ਲਈ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 195-ਡੀ ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ। ਪਰੰਤੂ ਉਸਾਰੀਕਰਤਾ ਵੱਲੋਂ ਅਣ-ਅਧਿਕਾਰਤ ਉਸਾਰੀ ਨੂੰ ਨਕਸ਼ੇ ਮੁਤਾਬਿਕ ਦਰੁਸਤ ਨਹੀ ਕੀਤਾ ਜਾ ਰਿਹਾ ਸੀ ਅਤੇ ਵਾਰ-ਵਾਰ ਰੋਕਣ ਤੇ ਵੀ ਕੰਮ ਬੰਦ ਨਹੀ ਕੀਤਾ ਜਾ ਰਿਹਾ ਸੀ। 

     ਇਸ ਸੰਬੰਧੀ ਕਾਰਵਾਈ ਕਰਦੇ ਹੋਏ ਨਗਰ ਕੋਂਸਲ ਜ਼ੀਰਕਪੁਰ ਦੀ ਟੀਮ ਵੱਲੋਂ ਅੱਜ ਅਣ-ਅਧਿਕਾਰਤ ਉਸਾਰੀ ਨੂੰ ਡਿਉਟੀ ਮੈਜਿਸਟਰੇਟ-ਕਮ-ਨਾਇਬ ਤਹਿਸੀਲਦਾਰ, ਜ਼ੀਰਕਪੁਰ ਅਤੇ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਅਤੇ ਆਸ ਪਾਸ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਅਣ-ਅਧਿਕਾਰਤ ਉਸਾਰੀ ਭਵਿਖ ਵਿਚ ਨਾ ਕੀਤੀ ਜਾਵੇ। ਨਗਰ ਕੌਂਸਲ, ਜੀਰਕਪੁਰ ਵੱਲੋਂ ਸਰਕਾਰ ਦੇ ਰੂਲਾਂ/ਨਿਯਮਾਂ ਅਨੁਸਾਰ ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿਚ ਸੰਬੰਧਤ ਵਿਅਕਤੀ/ਅਣ-ਅਧਿਕਾਰਤ ਉਸਾਰੀਕਰਤਾ ਵਿਰੁਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Tuesday, June 10, 2025

"ਫਾਸਟ ਟਰੈਕ ਪੋਰਟਲ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਏਗਾ: ਹੁਣ 'ਕਾਰੋਬਾਰ ਕਰਨ ਵਿੱਚ ਸੌਖ' ਕੋਈ ਵਾਅਦਾ ਨਹੀਂ, ਸਗੋਂ ਗਰੰਟੀ: ਅਰਵਿੰਦ ਕੇਜਰੀਵਾਲ

 ਮੁੱਖ ਮੰਤਰੀ ਮਾਨ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ - ਫਾਸਟ ਟਰੈਕ ਪੋਰਟਲ ਦਾ ਫਾਇਦਾ ਉਠਾਓ ਅਤੇ ਪੰਜਾਬ ਨੂੰ ਭਾਰਤ ਦੀ ਅਗਲੀ ਉਦਯੋਗਿਕ ਸ਼ਕਤੀ ਬਣਾਓ

 "ਸਿਰਫ਼ ਤਿੰਨ ਸਾਲਾਂ ਵਿੱਚ ਅਸੀਂ ਸਾਰਿਆਂ ਲਈ ਭਲਾਈ ਅਤੇ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਬਣਾਇਆ ਹੈ": ਮੁੱਖ ਮੰਤਰੀ ਭਗਵੰਤ ਮਾਨ

ਐਸ.ਏ.ਐਸ. ਨਗਰ, 10 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਨੂੰ ਦੇਸ਼ ਦੇ ਉਦਯੋਗਿਕ ਹੱਬ ਵਜੋਂ ਉਭਾਰਨ ਵਾਸਤੇ ਉਦਯੋਗਪਤੀਆਂ ਨੂੰ ਫਾਸਟਟ੍ਰੈਕ ਪੋਰਟਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।

ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਾਸਟਟ੍ਰੈਕ ਪੰਜਾਬ ਪੋਰਟਲ ਨਿਵੇਸ਼ਕਾਂ ਨੂੰ ਅਰਜ਼ੀ ਦੇਣ ਦੇ 45 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਪ੍ਰਵਾਨਗੀਆਂ ਦੇਣਾ ਯਕੀਨੀ ਬਣਾਏਗਾ ਅਤੇ ਇਹ ਉਦਯੋਗਿਕ ਮਾਡਲ ਸ਼ਾਸਨ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਦੁਹਰਾਇਆ ਕਿ ਇਹ ਸੁਧਾਰਾਂ ਦੀ ਲੜੀ ਵਿੱਚ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਹਨ, ਜਿੱਥੇ ਕਾਰੋਬਾਰ ਕਰਨ ਲਈ ਸੁਖਾਵਾਂ ਮਾਹੌਲ ਇੱਕ ਨਾਅਰਾ ਨਾ ਰਹਿ ਕੇ ਇੱਥੋਂ ਦਾ ਸੱਭਿਆਚਾਰ ਬਣ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਿੰਮਤੀਆਂ ਅਤੇ ਉੱਦਮੀਆਂ ਦੀ ਧਰਤੀ ਰਿਹਾ ਹੈ ਅਤੇ ਹੁਣ ਇਹ ਉਸੇ ਭਾਵਨਾ ਨਾਲ ਭਾਰਤ ਦੇ ਉਦਯੋਗਿਕ ਪੁਨਰ-ਉਥਾਨ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਦਯੋਗਪਤੀਆਂ ਨੂੰ ਏ.ਟੀ.ਐਮ. ਮੰਨਿਆ ਜਾਂਦਾ ਸੀ, ਜੋ ਸਿਰਫ਼ ਚੋਣਾਂ ਦੌਰਾਨ ਫੰਡ ਦਿੰਦੇ ਸਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਉਦਯੋਗਪਤੀ ਸਿਰਫ਼ ਆਪਣੇ ਕੰਮ ਕਰਵਾਉਣ ਦੇ ਅਧਿਕਾਰ ਲਈ ਰਵਾਇਤੀ ਪਾਰਟੀਆਂ ਨੂੰ ਫੰਡ ਦਿੰਦੇ ਸਨ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਉਦਯੋਗਪਤੀਆਂ ਦੀ ਸਹੂਲਤ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨੇ ਵਿਲੱਖਣ ਕਲਰ ਕੋਡ ਵਾਲੇ ਸਟੈਂਪ ਪੇਪਰ ਸ਼ੁਰੂ ਕੀਤੇ ਹਨ ਤਾਂ ਜੋ ਸੂਬੇ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਲਈ ਉੱਦਮੀਆਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾ ਸਕੇ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਇਨਕਲਾਬੀ ਕਦਮ ਦਾ ਉਦੇਸ਼ ਸੂਬੇ ਵਿੱਚ ਆਪਣੀਆਂ ਯੂਨਿਟਾਂ ਸਥਾਪਤ ਕਰਨ ਦੇ ਚਾਹਵਾਨ ਉੱਦਮੀਆਂ ਲਈ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਉਦਯੋਗਪਤੀ ਜੋ ਸੂਬੇ ਵਿੱਚ ਆਪਣੀ ਉਦਯੋਗਿਕ ਇਕਾਈ ਸਥਾਪਤ ਕਰਨ ਦਾ ਇੱਛੁਕ ਹੈ, ਉਹ ‘ਇਨਵੈਸਟ ਪੰਜਾਬ’ ਪੋਰਟਲ ਤੋਂ ਇਹ ਵਿਲੱਖਣ ਕਲਰ ਕੋਡ ਵਾਲਾ ਸਟੈਂਪ ਪੇਪਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਆਪਣੀ ਇਕਾਈ ਸਥਾਪਤ ਕਰਨ ਲਈ ਸੀ.ਐਲ.ਯੂ., ਜੰਗਲਾਤ, ਪ੍ਰਦੂਸ਼ਣ, ਫਾਇਰ ਬ੍ਰਿਗੇਡ ਅਤੇ ਹੋਰ ਪ੍ਰਵਾਨਗੀਆਂ ਪ੍ਰਾਪਤ ਕਰਨ ਵਾਸਤੇ ਸਿਰਫ਼ ਇਹ ਸਿੰਗਲ ਸਟੈਂਪ ਪੇਪਰ ਖਰੀਦ ਕੇ ਲੋੜੀਂਦੀਆਂ ਵੱਖ-ਵੱਖ ਫ਼ੀਸਾਂ ਦਾ ਭੁਗਤਾਨ ਕਰ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਸਟੈਂਪ ਪੇਪਰ ਖਰੀਦਣ ਤੋਂ ਬਾਅਦ ਉਦਯੋਗਪਤੀ ਨੂੰ ਆਪਣੀ ਇਕਾਈ ਸਥਾਪਤ ਕਰਨ ਲਈ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਦੇਸ਼ ਦੇ ਕਈ ਹੋਰ ਸੂਬੇ ਵੀ ਇਸੇ ਰਣਨੀਤੀ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀ ਲੋੜ ਅਨੁਸਾਰ ਅਤੇ ਉਨ੍ਹਾਂ ਦੀ ਸਹੂਲਤ ਲਈ ਉਦਯੋਗਾਂ ਲਈ ਨੀਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਦਯੋਗਾਂ ਨੇ ਸੂਬਾ ਸਰਕਾਰ ਤੋਂ ਜੋ ਵੀ ਮੰਗ ਕੀਤੀ ਹੈ, ਉਹ ਉਦਯੋਗਾਂ ਦੀ ਸਹੂਲਤ ਲਈ ਜਲਦੀ ਤੋਂ ਜਲਦੀ ਪ੍ਰਦਾਨ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਸਮੇਂ ਦੀ ਲੋੜ ਵੀ ਹੈ ਅਤੇ ਇਸ ਦਾ ਉਦੇਸ਼ ਪੰਜਾਬ ਨੂੰ ਇੱਕ ਉਦਯੋਗਿਕ ਹੱਬ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇੱਕ ਅਜਿਹੀ ਪ੍ਰਣਾਲੀ ਵਿਰਾਸਤ ਵਿੱਚ ਮਿਲੀ ਸੀ, ਜਿਸ ਤਹਿਤ ਉਦਯੋਗ ਸੂਬੇ ਤੋਂ ਦੂਜੇ ਸੂਬਿਆਂ ਨੂੰ ਭੱਜ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਚੱਲ ਰਹੀ ਜਬਰੀ ਵਸੂਲੀ ਪ੍ਰਣਾਲੀ ਤੋਂ ਉਦਯੋਗ ਤੰਗ ਆ ਚੁੱਕੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉਦਯੋਗਪਤੀਆਂ ਨੂੰ ਉਦਯੋਗ-ਪੱਖੀ ਮਾਹੌਲ ਦੇ ਨਾਲ-ਨਾਲ ਚੰਗੀ ਕਾਨੂੰਨ ਵਿਵਸਥਾ ਦੀ ਸਥਿਤੀ ਪ੍ਰਦਾਨ ਕਰ ਕੇ ਉਨ੍ਹਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਦੇਸ਼ ਦੀ ਸਭ ਤੋਂ ਵਧੀਆ ਕਾਨੂੰਨ ਵਿਵਸਥਾ ਹੈ, ਜਿਸ ਕਾਰਨ ਵੱਡੇ ਪੱਧਰ 'ਤੇ ਉਦਯੋਗ ਸੂਬੇ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਸ ਸਥਿਤੀ ਦੇ ਉਲਟ ਹੈ, ਜਦੋਂ ਪਿਛਲੀਆਂ ਸਰਕਾਰਾਂ ਦੌਰਾਨ ਆਗੂ ਉੱਦਮਾਂ ਵਿੱਚ ਹਿੱਸੇਦਾਰੀ ਦੀ ਮੰਗ ਕਰਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਬੈਠੇ ਸਿਆਸੀ ਪਰਿਵਾਰਾਂ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਂਦੇ ਸਨ ਪਰ ਹੁਣ ਇਹ ਸਮਝੌਤੇ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀਤੇ ਜਾਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਸੂਬੇ ਵਿੱਚ ਅਜਿਹੇ ਸੰਮੇਲਨ ਹੁੰਦੇ ਰਹੇ ਹਨ ਪਰ ਪੰਜਾਬ ਨੂੰ ਕਦੇ ਵੀ ਇਸ ਦਾ ਲਾਭ ਨਹੀਂ ਮਿਲਿਆ ਕਿਉਂਕਿ ਆਗੂ ਆਪਣੇ ਨਿੱਜੀ ਹਿੱਤਾਂ ਲਈ ਦਿਲਚਸਪੀ ਰੱਖਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੀ ਸੋਚ ਇੰਨੀ ਮਾੜੀ ਸੀ ਕਿ ਇੱਥੇ ਲਗਾਏ ਗਏ ਸਜਾਵਟੀ ਰੁੱਖਾਂ ਨੂੰ ਉਦਯੋਗਪਤੀਆਂ ਦੇ ਸਵਾਗਤ ਲਈ ਉਹ ਉਖਾੜ ਕੇ ਪਿੰਡ ਬਾਦਲ ਲੈ ਗਏ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਕਦੇ ਵੀ ਸਮਾਜ ਦੇ ਕਿਸੇ ਵੀ ਵਰਗ ਦੀ ਭਲਾਈ ਦੀ ਪਰਵਾਹ ਨਹੀਂ ਸੀ, ਸਗੋਂ ਉਨ੍ਹਾਂ ਨੇ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀ ਸਹੂਲਤ ਲਈ ਸਿੰਗਲ ਵਿੰਡੋ ਅਤੇ ਸਿੰਗਲ ਪੈੱਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਹ ਖੁੱਲ੍ਹ ਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਇੱਥੇ ਕੰਮ ਕਰਨ ਵਾਲੇ ਉਦਯੋਗਪਤੀ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਦੇ ਹਨ, ਜਿਸ ਨਾਲ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਦੇ ਵਿਕਾਸ ਅਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੇ ਉਲਟ ਕੋਈ ਵੀ ਉਦਯੋਗਪਤੀਆਂ ਨੂੰ ਪਰੇਸ਼ਾਨ ਨਹੀਂ ਕਰੇਗਾ, ਸਗੋਂ ਸੂਬਾ ਸਰਕਾਰ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗਾਂ ਨੂੰ ਸਹੂਲਤ ਦੇਣ ਲਈ ਸਿੰਗਲ ਵਿੰਡੋ ਸਿਸਟਮ ਪ੍ਰਦਾਨ ਕਰਨ ਲਈ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਅਸਲ ਉਤਸ਼ਾਹ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਮੌਜੂਦਾ ਉਦਯੋਗਿਕ ਇਕਾਈਆਂ ਦੀ ਸੁਰੱਖਿਆ, ਪ੍ਰਚਾਰ ਅਤੇ ਵਿਸਥਾਰ ਲਈ ਠੋਸ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਉਦਯੋਗਾਂ ਨੇ ਵਿਸ਼ਵ ਭਰ ਵਿੱਚ ਆਪਣੇ ਲਈ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਦੇ ਹੱਥਾਂ ਵਿੱਚ ਟਿਫਿਨ ਸੌਂਪਣਾ ਚਾਹੁੰਦੇ ਹਨ ਤਾਂ ਜੋ ਉਹ ਨਸ਼ਿਆਂ ਦੇ ਖ਼ਤਰੇ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਮੰਨਿਆ ਜਾਂਦਾ ਹੈ, ਇਸ ਲਈ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਤਾਂ ਜੋ ਉਹ ਸਮਾਜਿਕ ਖ਼ਤਰਿਆਂ ਦਾ ਸ਼ਿਕਾਰ ਨਾ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਅਨੇਕਾਂ ਸਮਾਜਿਕ ਸਮੱਸਿਆਵਾਂ ਦੀ ਜੜ੍ਹ ਹੈ, ਜਿਸ ਕਾਰਨ ਸੂਬਾ ਸਰਕਾਰ ਉਦਯੋਗੀਕਰਨ ਨੂੰ ਉਤਸ਼ਾਹਿਤ ਕਰ ਕੇ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਹੋਰ ਵੀ ਮੌਜੂਦ ਸਨ।

Wednesday, June 4, 2025

ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਪਿੰਡ ਸਿਆਊ, ਕੁਰੜੀ, ਕੁਰੜਾ, ਸ਼ੇਖਨ ਮਾਜਰਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਸਹੁੰ ਚੁਕਾਈ

ਕਿਹਾ, ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਅਤੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ

ਐੱਸ.ਏ.ਐੱਸ. ਨਗਰ 04 ਜੂਨ : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰਣ ਤੌਰ ਤੇ ਖ਼ਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਸੌਂਹ ਚੁਕਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਅੱਜ ਮਿਤੀ 04 ਜੂਨ 2025 ਨੂੰ ਪਿੰਡ ਸਿਆਊ, ਕੁਰੜੀ, ਕੁਰੜਾ, ਸ਼ੇਖਨ ਮਾਜਰਾ ਵਿਖੇ ਕੀਤੇ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਅਤੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸਹਿਯੋਗ ਮੰਗਿਆ ਗਿਆ। 


ਇਸ ਮੌਕੇ ਬੋਲਦੇ ਹੋਏ ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਤੇ ਖ਼ਾਸ ਕਰਕੇ ਨੌਜਵਾਨ ਅਤੇ ਮਹਿਲਾਵਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਅੱਗੇ ਹੋ ਕੇ ਮਹੱਤਵਪੂਰਣ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਰੱਖਿਆ ਸੀ ਅਤੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਨਾ ਸਿਰਫ਼ ਆਪਣਾ ਭਵਿੱਖ ਖ਼ਰਾਬ ਕਰ ਰਹੇ ਸਨ ਬਲਕਿ ਆਪਣੀ ਜਵਾਨੀ ਵੀ ਗਵਾ ਰਹੇ ਸਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਨਸ਼ਿਆਂ ਵਿੱਚ ਫ਼ਸ ਚੁੱਕੇ ਲੋਕਾਂ ਨੂੰ ਨਸ਼ਿਆਂ ਵਿੱਚੋਂ ਕੱਢ ਕੇ ਉਨ੍ਹਾਂ ਦਾ ਇਲਾਜ ਕਰਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਸੈਂਟਰ ਖ਼ੋਲੇ ਗਏ ਹਨ, ਜਿੱਥੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਆਸ ਜਾਹਰ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੁਆਰਾ ਪੰਜਾਬ ਇੱਕ ਤੰਦਰੁਸਤ ਪੰਜਾਬ ਅਤੇ ਮੁੜ ਤੋਂ ਰੰਗਲਾ ਪੰਜਾਬ ਬਣ ਜਾਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ  ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਪੰਜਾਬ ਕਾਲੇ ਦੌਰ ਵਿੱਚ ਚਲਾ ਗਿਆ ਸੀ।

ਇਸ ਮੌਕੇ ਤੇ ਰਾਜਨਦੀਪ ਪਤਨੀ ਰਜਿੰਦਰ ਸਿੰਘ, ਸਰਪੰਚ ਪਿੰਡ ਸਿਆਊ, ਨਾਹਰ ਸਿੰਘ ਸਰਪੰਚ ਪਿੰਡ ਕੁਰੜੀ, ਨਿਰਮਲ ਸਿੰਘ ਕੁਰੜੀ, ਛੱਜਾ ਸਿੰਘ ਸਾਬਕਾ ਸਰਪੰਚ ਕੁਰੜੀ, ਮੁਖਤਿਆਰ ਸਿੰਘ ਸਰਪੰਚ ਕੁਰੜਾ, ਗੁਰਪ੍ਰੀਤ ਸਿੰਘ ਹਲਕਾ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ, ਗਗਨਜੋਤ ਕੌਰ ਪਤਨੀ ਸਤਨਾਮ ਸਿੰਘ ਸਰਪੰਚ ਪਿੰਡ ਸ਼ੇਖਣ ਮਾਜਰਾ, ਜਗਤਾਰ ਸਿੰਘ, ਅਵਤਾਰ ਸਿੰਘ ਮੌਲੀ, ਆਰ.ਪੀ.ਸ਼ਰਮਾ, ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਅਰੁਣ ਗੋਇਲ, ਹਰਬਿੰਦਰ ਸਿੰਘ ਸੈਣੀ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਚਾਹਲ, ਵਿਕਰਮ ਸਿੰਘ, ਤਰਲੋਚਨ ਮਟੌਰ, ਅਕਬਿੰਦਰ ਸਿੰਘ ਗੋਸਲ, ਜਗਜੀਤ ਸਿੰਘ ਸਰਪੰਚ ਪਿੰਡ ਤੰਗੌਰੀ, ਗੁਰਜੰਟ ਸਿੰਘ ਪੱਤੋਂ ਅਤੇ ਇਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਸ਼ਾਮਲ ਸਨ।

Tuesday, June 3, 2025

ਮਾਨਸਿਕ ਰੋਗਾਂ ਤੇ ਬਜ਼ੁਰਗਾਂ ਦੀ ਦੇਖਭਾਲ ਬਾਰੇ ਸਿਖਾਇਆ ਗਿਆ

 ਪੀ.ਐਚ.ਸੀ. ਬੂਥਗੜ੍ਹ ਵਿਖੇ ਆਸ਼ਾ ਵਰਕਰਾਂ ਦੀ ਸਿਖਲਾਈ ਹੋਈ

ਬੂਥਗੜ੍ਹ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 03 ਜੂਨ : ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵਿਸਤਾਰ ਦੇ ਮੰਤਵ ਨਾਲ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ 5 ਦਿਨਾਂ ਦੀ ਸਿਖਲਾਈ ਕਰਵਾਈ ਗਈ, ਜਿਸ ਵਿਚ ਆਸ਼ਾ ਵਰਕਰਾਂ ਨੇ ਹਿੱਸਾ ਲਿਆ। 

ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੁਰੂ ਹੋਈ ਇਸ ਸਿਖਲਾਈ ਦੌਰਾਨ ਸਿਹਤ ਕਾਮਿਆਂ ਨੂੰ ਵਿਸ਼ੇਸ਼ ਤੌਰ ’ਤੇ ਮਾਨਸਿਕ ਸਿਹਤ ਅਤੇ ਬਜ਼ੁਰਗਾਂ ਦੀ ਦੇਖਭਾਲ ਆਦਿ ਵਿਸ਼ਿਆ ਬਾਰੇ ਪੜ੍ਹਾਇਆ ਗਿਆ। 


ਉਨ੍ਹਾਂ ਕਿਹਾ ਕਿ ਮਾਨਸਿਕ ਰੋਗ ਅਜੋਕੇ ਦੌਰ ’ਚ ਵੱਡੀ ਸਿਹਤ ਸਮੱਸਿਆ ਵਜੋਂ ਉਭਰ ਰਹੇ ਹਨ, ਜੋ ਸਿਹਤ ਪੇਸ਼ੇਵਰਾਂ ਅਤੇ ਸਿਹਤ ਕਾਮਿਆਂ ਲਈ ਵੱਡੀ ਚੁਨੌਤੀ ਵੀ ਬਣ ਰਹੇ ਹਨ। ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਮਾਨਸਿਕ ਰੋਗਾਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਆਪਕ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਅਜਿਹੇ ਬਜ਼ੁਰਗਾਂ ਦੀ ਵੀ ਗਿਣਤੀ ਵੱਧ ਰਹੀ ਹੈ, ਜਿਹੜੇ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ ਅਤੇ ਸਹੀ ਤੇ ਸੁਚੱਜੀ ਦੇਖਭਾਲ ਅਤੇ ਇਲਾਜ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਹੋਰ ਅਹਿਮ ਵਿਸ਼ੇ ਵੀ ਛੋਹੇ ਗਏ ਜਿਨ੍ਹਾਂ ਬਾਰੇ ਸਿਹਤ ਕਾਮਿਆਂ ਦਾ ਜਾਗਰੂਕ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਮੌਕੇ ਟਰੇਨਰ ਬਲਜਿੰਦਰ ਸੈਣੀ ਅਤੇ ਕਰਮਜੀਤ ਕੌਰ ਮੌਜੂਦ ਰਹੇ।

ਫ਼ੋਟੋ ਕੈਪਸ਼ਨ : ਸਿਖਲਾਈ ਸੈਸ਼ਨ ਦਾ ਦਿ੍ਰਸ਼।

ਪੰਚਾਇਤ ਵਿਭਾਗ ਨੇ ਝੰਜੇੜੀ ਵਿੱਚ 191 ਏਕੜ ਸ਼ਾਮਲਾਤ ਜ਼ਮੀਨ ਦਾ ਲਿਆ ਕਬਜ਼ਾ

ਭਾਰੀ ਪੁਲਿਸ ਬਲਾਂ ਦੀ ਮੌਜੂਦਗੀ ਅਤੇ ਡਿਊਟੀ ਮੈਜਿਸਟ੍ਰੇਟਾਂ ਨੇ ਸ਼ਾਂਤੀਪੂਰਨ ਕਰਵਾਈ ਨੂੰ ਯਕੀਨੀ ਬਣਾਇਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜੂਨ : ਪੰਜਾਬ ਸਰਕਾਰ ਦੀ ਸ਼ਾਮਲਾਤ (ਪੰਚਾਇਤ) ਜ਼ਮੀਨ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਅੱਜ ਜ਼ਿਲ੍ਹਾ ਐਸ ਏ ਐਸ ਨਗਰ ਦੇ ਪਿੰਡ ਝੰਜੇੜੀ ਵਿੱਚ 191 ਏਕੜ ਕੀਮਤੀ ਸ਼ਾਮਲਾਟ ਜ਼ਮੀਨ ਦਾ ਸਫਲਤਾਪੂਰਵਕ ਕਬਜ਼ਾ ਲੈ ਲਿਆ ਅਤੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸਨੂੰ ਰਸਮੀ ਤੌਰ 'ਤੇ ਗ੍ਰਾਮ ਪੰਚਾਇਤ ਝੰਜੇੜੀ ਨੂੰ ਸੌਂਪ ਦਿੱਤਾ। ਜ਼ਮੀਨ ਦੀ ਬਾਜ਼ਾਰੀ ਕੀਮਤ ਲਗਭਗ 2,000 ਕਰੋੜ ਰੁਪਏ ਹੋਣ ਦਾ ਅਨੁਮਾਨ ਲਾਇਆ ਜਾਂਦਾ ਹੈ।


ਜਾਣਕਾਰੀ ਦਿੰਦੇ ਹੋਏ, ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਕਬਜ਼ੇ ਦੀ ਕਾਰਵਾਈ ਅੱਜ ਸਵੇਰੇ ਦੋ ਡਿਊਟੀ ਮੈਜਿਸਟ੍ਰੇਟਾਂ - ਸ਼੍ਰੀਮਤੀ ਦਿਵਿਆ ਪੀ, ਐਸ ਡੀ ਐਮ ਖਰੜ, ਅਤੇ ਸ਼੍ਰੀ ਅਮਿਤ ਗੁਪਤਾ, ਐਸ ਡੀ ਐਮ ਡੇਰਾਬੱਸੀ ਦੀ ਮੌਜੂਦਗੀ ਵਿੱਚ ਕੀਤੀ ਗਈ।  ਇਸ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਐਸ ਪੀ (ਹੈੱਡਕੁਆਰਟਰ) ਰਮਨਦੀਪ ਸਿੰਘ ਅਤੇ ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।

ਵਿਭਾਗ ਵੱਲੋਂ ਇਸ ਕਾਰਵਾਈ ਦੀ ਅਗਵਾਈ ਕਰਨ ਵਾਲੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀ ਡੀ ਪੀ ਓ) ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਦੇ ਪੰਚਾਇਤੀ ਜ਼ਮੀਨ ਦੇ ਕੁਲੈਕਟਰ ਸ੍ਰੀ ਅਮਰਿੰਦਰ ਸਿੰਘ ਚੌਹਾਨ ਵੱਲੋਂ 25 ਅਪ੍ਰੈਲ, 2025 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਫਰਵਰੀ, 2025 ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਸੀ।

ਡੀ ਡੀ ਪੀ ਓ ਗਰੇਵਾਲ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਪ੍ਰਸ਼ਾਸਕੀ ਸਕੱਤਰ ਸ੍ਰੀ ਅਜੀਤ ਬਾਲਾਜੀ ਜੋਸ਼ੀ ਅਤੇ ਵਿਭਾਗ ਦੇ ਡਾਇਰੈਕਟਰ ਸ੍ਰੀ ਉਮਾ ਸ਼ੰਕਰ ਗੁਪਤਾ ਦੇ ਨਿਰਦੇਸ਼ਾਂ ਹੇਠ ਸੰਭਵ ਹੋਇਆ। ਐਸ ਏ ਐਸ ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਸੀਨੀਅਰ ਪੁਲਿਸ ਸੁਪਰਡੈਂਟ ਸ. ਹਰਮਨਦੀਪ ਸਿੰਘ ਹਾਂਸ ਅਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।

ਇਸ ਜ਼ਮੀਨ 'ਤੇ ਲਗਭਗ 105 ਧਿਰਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜ਼ਮੀਨ ਖਾਲੀ ਹੋਣ ਤੋਂ ਬਾਅਦ, ਗ੍ਰਾਮ ਪੰਚਾਇਤ ਝੰਜੇੜੀ ਦੇ ਪ੍ਰਸ਼ਾਸਕ ਸ਼੍ਰੀ ਅਮਿਤ ਕੁਮਾਰ ਨੂੰ ਅਧਿਕਾਰਤ ਕਬਜ਼ਾ ਸੌਂਪ ਦਿੱਤਾ ਗਿਆ।

ਇਸ ਮੌਕੇ 'ਤੇ ਮੌਜੂਦ ਪ੍ਰਮੁੱਖ ਅਧਿਕਾਰੀਆਂ ਵਿੱਚ ਮਹਿਕਮੀਤ ਸਿੰਘ, ਬੀ ਡੀ ਪੀ ਓ ਖਰੜ, ਅਤੇ ਗੁਰਵਿੰਦਰ ਕੌਰ, ਤਹਿਸੀਲਦਾਰ ਖਰੜ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੁਲਿਸ ਵਿਭਾਗ ਅਤੇ ਮਾਲ ਵਿਭਾਗ ਦਾ ਸਟਾਫ ਸ਼ਾਮਲ ਸਨ।

ਡੀ ਡੀ ਪੀ ਓ ਗਰੇਵਾਲ ਨੇ ਚਿਤਾਵਨੀ ਦੇ ਲਹਿਜ਼ੇ ਚ ਕਿਹਾ ਕਿ ਵਿਭਾਗ ਵੱਲੋਂ ਨਾਜਾਇਜ਼ ਕਬਜ਼ੇ ਚੋਂ ਛੁਡਵਾਈ ਗਈ ਇਸ ਜ਼ਮੀਨ ਚ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Monday, June 2, 2025

ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ! ਕਈ ਦਿਗੱਜ ਆਗੂ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ

'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਕਿਹਾ- 'ਆਪ' ਸਰਕਾਰ 'ਤੇ ਲੋਕਾਂ ਦਾ ਭਰੋਸਾ ਦਿਨੋਂ-ਦਿਨ ਹੋ ਰਿਹਾ ਹੈ ਹੋਰ ਵੀ ਮਜ਼ਬੂਤ

ਲੁਧਿਆਣਾ, 02 ਜੂਨ : ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਉਥੇ ਹੀ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸੋਮਵਾਰ ਨੂੰ ਕਾਂਗਰਸ ਪਾਰਟੀ ਦੇ ਕਈ ਪੁਰਾਣੇ ਆਗੂ ਅਤੇ ਅੱਧਾ ਦਰਜਨ ਤੋਂ ਵੱਧ ਸਥਾਨਕ ਸਮਾਜ ਸੇਵਕ 'ਆਪ' ਵਿੱਚ ਸ਼ਾਮਲ ਹੋ ਗਏ।

'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਪਾਰਟੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਜੀਵਨ ਜੋਤ ਕੌਰ, ਜਸਵੀਰ ਸਿੰਘ ਰਾਜਾ ਗਿੱਲ, ਦਵਿੰਦਰ ਸਿੰਘ ਲਾਡੀ ਢੋਂਸ, ਕੁਲਵੰਤ ਸਿੱਧੂ, ਰਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਬਾਨਾਵਾਲੀ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਸਾਰੇ ਨਵੇਂ ਆਗੂਆਂ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। 


ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਲੁਧਿਆਣਾ ਦੇ ਵਾਰਡ ਨੰਬਰ 63 ਤੋਂ ਨਿਵੇਸ਼ ਵਾਸਨ ਜਿਨ੍ਹਾਂ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ, ਅੱਜ ਉਨ੍ਹਾਂ ਨੇ ਕਾਂਗਰਸ  ਪਾਰਟੀ ਲੀਡਰਸ਼ਿਪ 'ਤੇ ਅੰਦਰੂਨੀ ਲੜਾਈ, ਧੜੇਬੰਦੀ ਅਤੇ ਸਥਾਨਕ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਪਾਰਟੀ ਨਾਲ ਆਪਣਾ 35 ਸਾਲਾਂ ਦਾ ਰਿਸ਼ਤਾ ਤੋੜ ਦਿੱਤਾ ਅਤੇ ਆਪਣੇ ਦਰਜਨਾਂ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸੇ ਤਰ੍ਹਾਂ, ਪੁੱਡਾ ਅਤੇ ਗਲਾਡਾ ਵਿੱਚ ਰੀਅਲ ਅਸਟੇਟ ਅਫਸਰ ਰਹੇ ਜੀਤ ਰਾਮ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਕਈ ਸਾਥੀਆਂ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਐਡਵੋਕੇਟ ਰਾਹੁਲ ਚੀਮਾ, ਰਿਸ਼ੀ ਕਪੂਰ, ਭੀਮਸੇਨ ਬਾਂਸਲ, ਸਾਹਿਲ ਬਾਂਸਲ, ਸੰਜੀਵ ਮੱਲਹਾਨ, ਕਸ਼ਮੀਰੀ ਲਾਲ, ਰਜਨੀਸ਼ ਧਵਨ, ਬਲਰਾਜ ਸਿੰਘ ਸਮੇਤ ਕਈ ਲੋਕਾਂ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਇਸ ਤੋਂ ਇਲਾਵਾ, ਲੁਧਿਆਣਾ ਦੇ ਨੌਜਵਾਨ ਸਮਾਜ ਸੇਵਕ ਜੀਵਨ ਗੁਪਤਾ ਆਪਣੇ ਦਰਜਨਾਂ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ। ਵਾਰਡ ਨੰਬਰ 62 ਤੋਂ ਰੀਅਲ ਅਸਟੇਟ ਕਾਰੋਬਾਰੀ ਪਵਨ ਕੁਮਾਰ ਵੀ ਆਪਣੇ ਪਰਿਵਾਰ ਅਤੇ ਕਈ ਦੋਸਤਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ 'ਆਪ' ਸਰਕਾਰ ਪ੍ਰਤੀ ਵਿਸ਼ਵਾਸ ਲਗਾਤਾਰ ਵਧ ਰਿਹਾ ਹੈ। ਹਰ ਵਰਗ ਅਤੇ ਸਮਾਜ ਦੇ ਲੋਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ 'ਆਪ' ਦੀ ਲਹਿਰ ਹੈ। ਅਸੀਂ ਇਹ ਚੋਣ ਵੱਡੇ ਫਰਕ ਨਾਲ ਜਿੱਤਾਂਗੇ ਅਤੇ ਜਲੰਧਰ ਪੱਛਮੀ ਦੀ ਜਿਮਨੀ ਚੋਣ ਦਾ ਰਿਕਾਰਡ ਤੋੜਾਂਗੇ।

ਸਕੂਲ ਆਫ ਐਮੀਨੈਂਸ ਬਨੂੜ ਦੇ ਵਿਦਿਅਕ ਅਤੇ ਸਹਿ ਅਕਾਦਮਿਕ ਕਿਰਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸਕੂਲ ਦਾ 2024-24 ਦਾ ਨਤੀਜਾ ਸ਼ਾਨਦਾਰ ਰਹਿਣ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸ਼ਲਾਘਾ 

ਬਨੂੜ, 2 ਜੂਨ : ਸਕੂਲ ਆਫ ਐਮੀਨੈਂਸ, ਬਨੂੜ ਵਿਖੇ ਅੱਜ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। 

ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਅਹਿਮ ਭੂਮਿਕਾ ਨਾਲ ਹੀ ਸਕੂਲ ਦਾ ਵਿਦਿਅਕ ਮਾਹੌਲ ਨਿਖਰ ਰਿਹਾ ਹੈ ਅਤੇ ਅਜਿਹੇ ਸਮਾਰੋਹ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਤ ਕਰਦੇ ਹਨ।


ਸਾਲ 2024-25 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਅੱਠਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਾਰੇ ਸ਼ੈਕਸ਼ਨਾਂ ਵਿਚੋਂ ਸ਼ੈਕਸ਼ਨ ਵਾਇਜ਼ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ 100 ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਲ 2024-25 ਦੌਰਾਨ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਤੇ  ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ-ਚਿੰਨ੍ਹ ਦਿੱਤੇ ਗਏ।

ਇਸ ਮੌਕੇ ਮੌਜੂਦ ਮਾਪਿਆਂ ਨੇ ਵੀ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਕਾਰਜਕ੍ਰਮਾਂ ਰਾਹੀਂ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।

ਸਮਾਪਨ 'ਤੇ ਸਕੂਲ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। 

     ਇਸ ਮੌਕੇ ਵਿਜੇ ਮੈਨਰੋ, ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ ਤੇ ਰਾਜਿੰਦਰ ਸਿੰਘ ਚਾਨੀ ਸਮਾਜ ਸੇਵੀ ਨੇ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 

    ਸਮਾਰੋਹ ਦੌਰਾਨ ਪ੍ਰਿੰਸੀਪਲ ਅਨੀਤਾ ਭਾਰਦਵਾਜ, ਅੰਗ੍ਰੇਜ਼ੀ ਲੈਕਚਰਾਰ ਬਿੰਦੂ ਸਿੰਗਲਾ, ਬਾਇਓ ਲੈਕਚਰਾਰ ਮੰਜੂ ਤਿਵਾੜੀ, ਕਾਮਰਸ ਲੈਕਚਰਾਰ ਨਵਦੀਪ ਕੁਮਾਰ, ਹਿਸਟਰੀ ਲੈਕਚਰਾਰ ਅਸ਼ਵਿੰਦਰ ਕੌਰ, ਪੋਲੀਟੀਕਲ ਸਾਇੰਸ ਲੈਕਚਰਾਰ ਮੀਨਾਕਸ਼ੀ ਬਜਾਜ, ਮੈਥ ਮਾਸਟਰ ਗੁਰਸ਼ਰਨ ਸਿੰਘ, ਮੈਥ ਮਿਸਟ੍ਰੈਸ ਹਰਸਿਮਰਨ ਕੌਰ, ਸਾਇੰਸ ਮਿਸਟ੍ਰੈਸ ਸੁਖਵਿੰਦਰ ਕੌਰ, ਸਾਇੰਸ ਮਿਸਟ੍ਰੈਸ ਰਚਨਾ ਛਾਬੜਾ, ਕੁਲਵਿੰਦਰ ਲੱਕੀ ਆਪ ਆਗੂ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

Saturday, May 31, 2025

ਸੀ ਜੀ ਸੀ ਝੰਜੇੜੀ ਵੱਲੋਂ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲੋਂ ਸਬੰਧ ਖ਼ਤਮ

ਵਿਦਿਆਰਥੀਆਂ ਨੂੰ ਭਾਰਤ ਪੱਖੀ ਦੇਸ਼ਾਂ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ

ਮੋਹਾਲੀ, 31 ਮਈ : ਰਾਸ਼ਟਰੀ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਮੋਹਾਲੀ, ਝੰਜੇੜੀ ਨੇ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਆਪਣੇ ਸਾਰੇ ਅਕਾਦਮਿਕ ਸਹਿਯੋਗ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਦੋਵਾਂ ਦੇਸ਼ਾਂ ਵੱਲੋਂ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਨੂੰ ਦਿੱਤੇ ਗਏ ਜਨਤਕ ਸਮਰਥਨ ਤੋਂ ਬਾਅਦ ਲਿਆ ਗਿਆ ਹੈ। ਸੀ ਜੀ ਸੀ ਝੰਜੇੜੀ ਦੀ ਮੈਨੇਜਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੀ ਇਹ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਸ਼ਟਰ ਦੇ ਨਾਲ ਖੜ੍ਹੀਆਂ ਹੋਣ, ਖ਼ਾਸ ਕਰਕੇ ਭੂ-ਰਾਜਨੀਤਿਕ ਤਣਾਅ ਦੇ ਸਮੇਂ ਵਿਚ ਦੇਸ਼ ਦੇ ਹਰ ਨਾਗਰਿਕ ਨੂੰ ਖੜਨਾ ਜ਼ਰੂਰੀ ਹੋ ਜਾਂਦਾ ਹੈ। ਇਸ ਫ਼ੈਸਲੇ ਵਿਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ, ਸਾਂਝੇ ਖੋਜ ਪ੍ਰੋਜੈਕਟਾਂ ਅਤੇ ਦੋਵਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਸਾਰੇ ਅਕਾਦਮਿਕ ਸੰਬੰਧਾਂ ਨੂੰ ਤੁਰੰਤ ਰੋਕਣਾ ਸ਼ਾਮਲ ਹੈ।


ਸੀ ਜੀ ਸੀ ਮੋਹਾਲੀ ਝੰਜੇੜੀ ਮੈਨੇਜਮੈਂਟ ਅਨੁਸਾਰ ਜਦੋਂ ਸਾਡੇ ਬਹਾਦਰ ਸਿਪਾਹੀ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ, ਤਾਂ ਅਸੀਂ ਇੱਕ ਅਕਾਦਮਿਕ ਸੰਸਥਾ ਹੋਣ ਦੇ ਨਾਤੇ ਉਦਾਸੀਨ ਜਾਂ ਨਿਰਪੱਖ ਨਹੀਂ ਰਹਿ ਸਕਦੇ। ਸਾਡੇ ਸਹਿਯੋਗ ਸਾਡੇ ਰਾਸ਼ਟਰੀ ਆਦਰਸ਼ਾਂ ਅਤੇ ਦੇਸ਼, ਇਸ ਦੇ ਨੇਤਾ ਅਤੇ ਹਥਿਆਰਬੰਦ ਸੈਨਾਵਾਂ ਲਈ ਸਾਡੇ ਅਟੁੱਟ ਸਮਰਥਨ ਨੂੰ ਦਰਸਾਉਣੇ ਚਾਹੀਦੇ ਹਨ।
ਸੀ ਜੀ ਸੀ ਝੰਜੇੜੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇਸ਼ਾਂ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ ਜੋ ਭਾਰਤ ਦੇ ਕੂਟਨੀਤਕ ਅਤੇ ਰਣਨੀਤਕ ਕਦਰਾਂ-ਕੀਮਤਾਂ ਨਾਲ ਮੇਲ ਖਾਂਦੇ ਹਨ। ਮੈਨੇਜਮੈਂਟ ਅਨੁਸਾਰ ਜਿਨ੍ਹਾਂ ਯੂਨੀਵਰਸਿਟੀਆਂ ਨਾਲ ਅਸੀਂ ਸਬੰਧ ਤੋੜੇ ਹਨ, ਉਨ੍ਹਾਂ ਨੇ ਖੁੱਲ੍ਹ ਕੇ ਪਾਕਿਸਤਾਨ ਨੂੰ ਸਮਰਥਨ ਦਿੱਤਾ ਹੈ। ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖ਼ਤ ਕਦਮ ਚੁੱਕੇ ਹਨ, ਜਿਸ ਵਿਚ ਸਰਹੱਦ ਪਾਰ ਅੱਤਵਾਦੀ ਢਾਂਚੇ ਨੂੰ ਸਫਲਤਾਪੂਰਵਕ ਖ਼ਤਮ ਕਰਨਾ ਵੀ ਸ਼ਾਮਲ ਹੈ।
ਇਹ ਦ੍ਰਿੜ ਕਦਮ ਅਕਾਦਮਿਕ ਉੱਤਮਤਾ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਰਾਸ਼ਟਰੀ ਹਿਤ, ਦੇਸ਼ ਭਗਤੀ ਅਤੇ ਅਖੰਡਤਾ ਪ੍ਰਤੀ ਸੀ ਜੀ ਸੀ ਝੰਜੇੜੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰਾਸ਼ਟਰੀ ਕਦਰਾਂ-ਕੀਮਤਾਂ ਨੂੰ ਤਰਜੀਹ ਦੇ ਕੇ ਇਹ ਸੰਸਥਾ ਇਸ ਗੱਲ ਦੀ ਇੱਕ ਸ਼ਕਤੀਸ਼ਾਲੀ ਮਿਸਾਲ ਕਾਇਮ ਕਰਦੀ ਹੈ ਕਿ ਕਿਵੇਂ ਵਿੱਦਿਅਕ ਸੰਸਥਾਵਾਂ ਦੇਸ਼ ਦੀ ਪ੍ਰਭੂਸੱਤਾ ਅਤੇ ਮਾਣ ਵਿਚ ਸਾਰਥਿਕ ਯੋਗਦਾਨ ਪਾ ਸਕਦੀਆਂ ਹਨ।

Wednesday, May 28, 2025

ਆਰਬੀਯੂ ਵਿਖੇ 'ਫਿਊਜ਼ਨ ਫਿਊਚਰ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ

ਖਰੜ 28 ਮਈ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼ ਨੇ ਸਿੱਖਿਆ ਅਤੇ ਕਾਰਪੋਰੇਟ ਸਿਖਲਾਈ ਖੇਤਰ ਤੋਂ ਮਾਹਰ ਅੰਮ੍ਰਿਤਾ ਦੀ ਅਗਵਾਈ ਵਿੱਚ ਇੱਕ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ ਕੀਤਾ। ਪਿਛਲੇ  ਦੋ ਦਹਾਕਿਆਂ ਤੋਂ ਵੱਧ ਦੇ ਤਜਰਬੇ ਦੇ ਨਾਲ ਅਤੇ ਵਰਤਮਾਨ ਵਿੱਚ ਆਈਪੀਬੀ  ਮੋਹਾਲੀ ਵਿਖੇ ਫਰੈਂਚਾਈਜ਼ ਕਾਰੋਬਾਰ ਦੇ ਮੁਖੀ ਅਤੇ ਸੀਨੀਅਰ ਸਾਫਟ ਸਕਿੱਲ ਟ੍ਰੇਨਰ ਵਜੋਂ ਸੇਵਾ ਨਿਭਾ ਰਹੀ ਅੰਮ੍ਰਿਤਾ  ਨੇ ਫਿਊਜ਼ਨ ਫਿਊਚਰ: ਜਿੱਥੇ ਲਿਬਰਲ ਆਰਟਸ ਇਨੋਵੇਸ਼ਨ ਨੂੰ ਮਿਲਦੇ ਹਨ" ਵਿਸ਼ੇ 'ਤੇ ਇੱਕ ਸੈਸ਼ਨ ਦਾ ਸੰਚਾਲਨ ਕੀਤਾ।


ਇਹ ਸੈਸ਼ਨ ਅਨੁਕੂਲ ਚਿੰਤਕਾਂ, ਨਵੀਨਤਾਕਾਰਾਂ, ਅਤੇ ਭਾਵਨਾਤਮਕ ਤੌਰ 'ਤੇ ਬੁੱਧੀਮਾਨ ਅਤੇ ਹਮਦਰਦ ਨੇਤਾਵਾਂ ਨੂੰ ਪੈਦਾ ਕਰਨ ਵਿੱਚ ਉਦਾਰਵਾਦੀ ਕਲਾਵਾਂ ਦੀ ਭੂਮਿਕਾ 'ਤੇ ਕੇਂਦ੍ਰਿਤ ਸੀ।
ਸਕੂਲ ਆਫ਼ ਐਜੂਕੇਸ਼ਨ ਐਂਡ ਸੋਸ਼ਲ ਸਾਇੰਸਿਜ਼ ਦੇ ਡੀਨ ਡਾ. ਇੰਦਰਪ੍ਰੀਤ ਕੌਰ ਨੇ ਲਿਬਰਲ ਆਰਟਸ ਵਿੱਚ ਤਕਨਾਲੋਜੀ ਦੇ ਏਕੀਕਰਨ 'ਤੇ ਚਾਨਣਾ ਪਾਇਆ ਕਿਉਂਕਿ ਇਹ ਸਿੱਖਣ ਦੇ ਤਜ਼ਰਬੇ ਨੂੰ ਅਮੀਰ ਬਣਾਉਂਦਾ ਹੈ, ਹੁਨਰਾਂ ਵਿਚ ਵਾਧਾ  ਕਰਦਾ ਹੈ, ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਗ੍ਰੈਜੂਏਟ ਡਿਜੀਟਲ ਯੁੱਗ ਦੀਆਂ ਜਟਿਲਤਾਵਾਂ ਲਈ ਚੰਗੀ ਤਰ੍ਹਾਂ ਤਿਆਰ ਹੋਣ । ਡਾ. ਜਸਪਾਲ ਸਿੰਘ ਜੱਸੀ  ਐਚਓਡੀ ਸੋਸ਼ਲ ਸਾਇੰਸਿਜ਼  ਵੀ  ਇਸ  ਮੌਕੇ ਮੌਜੂਦ ਸਨ ।
 ਇਹ ਇੰਟਰਐਕਟਿਵ ਸੈਸ਼ਨ ਵਿਦਿਆਰਥੀਆਂ ਲਈ  ਇੱਕ ਭਰਪੂਰ ਜਾਣਕਾਰੀ ਦਾ ਅਨੁਭਵ ਸੀ।

Tuesday, May 27, 2025

ਮੁੱਖ ਮੰਤਰੀ ਵੱਲੋਂ ਮੋਹਾਲੀ ਦੇ ਸਬ ਰਜਿਸਟਰਾਰ ਦਫ਼ਤਰ ਦੀ ਅਚਨਚੇਤ ਚੈਕਿੰਗ

ਨਵੀਂ ਸ਼ੁਰੂ ਕੀਤੀ ਗਈ ਈਜ਼ੀ ਰਜਿਸਟ੍ਰੇਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ*

ਸਰਕਾਰ ਦਾ ਉਦੇਸ਼ ਆਮ ਆਦਮੀ ਨੂੰ ਜ਼ਮੀਨ-ਜਾਇਦਾਦ ਦੀ ਭ੍ਰਿਸ਼ਟਾਚਾਰ ਮੁਕਤ ਰਜਿਸਟਰੀ ਦੀ ਸਹੂਲਤ ਪ੍ਰਦਾਨ ਕਰਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, (ਮਹਿਮਾ ਸਿੰਘ) 27 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਾਅਦ ਦੁਪਹਿਰ ਮੋਹਾਲੀ ਦੇ ਸਬ ਰਜਿਸਟਰਾਰ ਦਫ਼ਤਰ ਦਾ ਅਚਾਨਕ ਦੌਰਾ ਕਰਕੇ ਨਵੀਂ ਲਾਗੂ ਕੀਤੀ ਗਈ ਈਜ਼ੀ (ਆਸਾਨ) ਰਜਿਸਟ੍ਰੇਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਅਧਿਕਾਰੀਆਂ ਵਿੱਚ ਕਮੀਆਂ ਲੱਭਣਾ ਨਹੀਂ ਸੀ ਸਗੋਂ ਸਰਕਾਰੀ ਦਫ਼ਤਰਾਂ ਵਿੱਚ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਦੇ ਲੋਕਾਂ ਨੇ ਕਿਸੇ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਦੇ ਦੇਖਿਆ ਹੋਵੇਗਾ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਨਾਗਰਿਕ-ਕੇਂਦ੍ਰਿਤ ਸੇਵਾਵਾਂ ਨੂੰ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਕੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਦੌਰਾ ਇਸ ਅਹਿਮ ਪ੍ਰੋਜੈਕਟ, ਜਿਸਦਾ ਉਦੇਸ਼ ਲੋਕਾਂ ਲਈ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਵਧੇਰੇ ਸੁਵਿਧਾਜਨਕ ਬਣਾਉਣਾ ਹੈ, ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪ੍ਰੋਜੈਕਟ ਦੇ ਨਤੀਜਿਆਂ ਦਾ ਨਿੱਜੀ ਤੌਰ 'ਤੇ ਮੁਲਾਂਕਣ ਕਰਕੇ ਸਬ ਰਜਿਸਟਰਾਰ ਦਫਤਰ ਦੇ ਕੰਮਕਾਜ ਦੀ ਸਮੀਖਿਆ ਕਰਨਾ ਚਾਹੁੰਦੇ ਹਨ। ਇਸ ਪਹਿਲਕਦਮੀ ਨੂੰ ਦੇਸ਼ ਭਰ 'ਚੋਂ ਆਪਣੀ ਕਿਸਮ ਦੀ ਪਹਿਲੀ ਪਹਿਲ ਦੱਸਦਿਆਂ, ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਜਾਇਦਾਦ ਰਜਿਸਟ੍ਰੇਸ਼ਨ ਨੂੰ ਸੁਚਾਰੂ ਅਤੇ ਮੁਸ਼ਕਲ ਰਹਿਤ ਬਣਾਉਣਾ ਹੈ। 

ਇਸ ਯੋਜਨਾ ਦੇ ਫਾਇਦਿਆਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਦਿਆਂ ਪ੍ਰਾਈਵੇਟ ਡੀਡ ਰਾਈਟਰਾਂ (ਵਸੀਕ ਨਵੀਸਾਂ) 'ਤੇ ਨਿਰਭਰਤਾ ਨੂੰ ਘਟਾਉਂਦੀ ਹੈ ਅਤੇ ਨਾਗਰਿਕਾਂ ਨੂੰ ਆਪਣੇ ਲੈਣ-ਦੇਣ ਦੇ ਸੁਤੰਤਰ ਢੰਗ ਨਾਲ ਪ੍ਰਬੰਧਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਹੁਣ ਫੀਸ ਦੇ ਭੁਗਤਾਨਾਂ ਲਈ ਬੈਂਕਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਔਨਲਾਈਨ ਭੁਗਤਾਨ ਪ੍ਰਣਾਲੀ ਸਾਰੀਆਂ ਲੋੜੀਂਦੀਆਂ ਫੀਸਾਂ - ਸਮੇਤ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸਾਂ  - ਨੂੰ ਇੱਕ ਸਿੰਗਲ ਡਿਜੀਟਲ ਟ੍ਰਾਂਜੈਕਸ਼ਨ ਰਾਹੀਂ ਅਦਾ ਕਰਨ ਚ ਮਦਦ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਹ ਸਕੀਮ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਡਿਮਾਂਡ ਡਰਾਫਟ ਜਾਂ ਨਕਦ ਪ੍ਰਬੰਧਨ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ।

ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 48 ਘੰਟੇ ਅੰਦਰ ਰਜਿਸਟਰੀ ਦਸਤਾਵੇਜਾਂ ਦੀ ਪੂਰਵ-ਪੜਤਾਲ ਪ੍ਰਕਿਰਿਆ ਅਤੇ ਮੁਲਾਕਾਤੀ ਸਮੇਂ 'ਤੇ ਅਧਾਰਤ ਰਜਿਸਟ੍ਰੇਸ਼ਨ ਪ੍ਰਣਾਲੀ ਨਾਗਰਿਕਾਂ ਲਈ ਪ੍ਰੇਸ਼ਾਨੀ ਦੇ ਬੋਝ ਨੂੰ ਘੱਟ ਕਰਦਿਆਂ ਉਨ੍ਹਾਂ ਲਈ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਅਸਿੱਧੇ ਤੌਰ 'ਤੇ ਪੈਸੇ ਦੀ ਬੱਚਤ ਦੇ ਨਾਲ-ਨਾਲ ਕੰਮ ਦੀ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸਿਆ ਕਿ ਔਨਲਾਈਨ ਪੋਰਟਲ 'ਤੇ ਪਹਿਲਾਂ ਤੋਂ ਨਿਰਧਾਰਤ ਸਰਕਾਰੀ ਦਰਾਂ ਅਤੇ "ਕੈਲਕੂਲੇਟ ਮਾਈ ਫੀਸ" ਟੂਲ ਦੀ ਸਹੂਲਤ ਉਪਲੱਬਧ  ਹੈ, ਜੋ ਨਾਗਰਿਕਾਂ ਨੂੰ ਆਪਣੇ ਖਰਚਿਆਂ ਦੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਦੀ ਆਗਿਆ ਦਿੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੁਕਵੇਂ ਖ਼ਰਚੇ ਖ਼ਤਮ ਹੋਣਗੇ ਅਤੇ ਵਿਚੋਲਿਆਂ 'ਤੇ ਨਿਰਭਰਤਾ ਘਟੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੁਚਾਰੂ, ਨਿਰਵਿਘਨ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਉਦੇਸ਼ ਲੋਕਾਂ ਨੂੰ ਬੇਲੋੜੀਆਂ ਪ੍ਰੇਸ਼ਾਨੀਆਂ ਤੋਂ ਮੁਕਤ ਕਰਨਾ ਹੈ ਅਤੇ ਇਹ ਸਕੀਮ "ਤੁਹਾਡੀ ਜਾਇਦਾਦ, ਤੁਹਾਡੀ ਸਹੂਲਤ" ਦੇ ਸਿਧਾਂਤ 'ਤੇ ਤਿਆਰ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੋਹਾਲੀ ਵਿੱਚ ਸਫ਼ਲਤਾਪੂਰਵਕ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਜਲਦ ਹੀ ਸੂਬੇ ਭਰ ਵਿੱਚ ਲਾਗੂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 20 ਮਿੰਟਾਂ ਤੋਂ ਵੱਧ ਸਮੇਂ ਤੱਕ ਦੀ ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਯੋਜਨਾ ਦੀ ਫੀਡਬੈਕ ਲਈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੀ ਰਜਿਸਟੀ 'ਚ ਲੱਗੇ ਸਮੇਂ ਬਾਰੇ ਪੁੱਛਿਆ। ਨਾਗਰਿਕਾਂ ਨੇ ਆਪਣੀ ਫੀਡਬੈਕ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕੰਮ ਸੁਚਾਰੂ ਢੰਗ ਨਾਲ ਅਤੇ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਹੋ ਗਿਆ ਹੈ, ਜਿਸ ਬਾਰੇ ਉਨ੍ਹਾਂ ਨੂੰ ਵਟਸਐਪ ਰਾਹੀਂ ਅਪਡੇਟਸ ਮਿਲਦੇ ਰਹੇ।

ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਦਫ਼ਤਰ ਵਿੱਚ ਮੌਜੂਦ ਨਾਗਰਿਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਬੇਨਤੀਆਂ ਨੂੰ ਤੁਰੰਤ ਅਤੇ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਵਿਚਾਰਿਆ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਰਜਿਸਟ੍ਰੇਸ਼ਨ ਪੂਰੀ ਹੋਣ ਅਤੇ ਰਜਿਸਟਰੀ ਦਸਤਾਵੇਜ਼ ਪ੍ਰਾਪਤ ਕਰਨ ਤੱਕ ਦੀ ਸਮੁੱਚੀ ਪ੍ਰਕਿਰਿਆ ਵਿੱਚ ਇੱਕ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਕਰਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਵਧੇਰੇ ਸੁਚਾਰੂ ਅਤੇ ਕੁਸ਼ਲ ਹੋ ਗਈ ਹੈ।

ਮੁੱਖ ਮੰਤਰੀ ਨੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕ ਹੁਣ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੀ ਜਾਇਦਾਦ ਦੀ ਰਜਿਸਟਰੀ ਲਈ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ 'ਚ ਜਾ ਸਕਦੇ ਹਨ। ਭ੍ਰਿਸ਼ਟਾਚਾਰ ਪ੍ਰਤੀ ਸਰਕਾਰ ਦੀ ਜ਼ੀਰੋ-ਸਹਿਣਸ਼ੀਲਤਾ ਨੀਤੀ ਦੇ ਹਿੱਸੇ ਵਜੋਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲ ਤਹਿਸੀਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਪ੍ਰਣਾਲੀ 15 ਜੁਲਾਈ ਤੱਕ ਸੂਬੇ ਭਰ ਵਿੱਚ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ 1 ਅਗਸਤ ਤੱਕ ਹਰੇਕ ਜ਼ਿਲ੍ਹੇ ਵਿੱਚ ਇਸ ਸਕੀਮ ਦਾ ਟਰਾਇਲ ਕੀਤਾ ਜਾਵੇਗਾ ਅਤੇ 1 ਅਗਸਤ ਤੋਂ ਇਸ ਨੂੰ ਸੂਬੇ ਭਰ ਵਿੱਚ ਲਾਗੂ ਕਰ ਦਿੱਤਾ ਜਾਵੇਗਾ, ਜਿਸ ਨਾਲ ਸਾਰੇ ਨਾਗਰਿਕਾਂ ਨੂੰ ਸੁਚਾਰੂ ਢੰਗ ਨਾਲ ਰਜਿਸਟ੍ਰੇਸ਼ਨ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

Monday, May 26, 2025

ਪੰਜਾਬ ਦੀ ਇਤਿਹਾਸਕ ਪਹਿਲਕਦਮੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਲਈ ਦੇਸ਼ ਦੀ ਪਹਿਲੀ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ

ਸਬ-ਰਜਿਸਟਰਾਰ ਦੀ ਇਜਾਰੇਦਾਰੀ ਦਾ ਖਾਤਮਾ ਹੋਇਆ, ਰਜਿਸਟਰੀ ਲਈ ਲੋਕ ਹੁਣ ਮਰਜ਼ੀ ਮੁਤਾਬਕ ਦਫ਼ਤਰ ਦੀ ਕਰ ਸਕਣਗੇ ਚੋਣ-ਭਗਵੰਤ ਸਿੰਘ ਮਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, (ਗੁਰਨਾਮ ਸਾਗਰ) 26 ਮਈ : ਆਮ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ‘ਈਜ਼ੀ ਰਜਿਸਟਰੀ’ ਪ੍ਰਣਾਲੀ (ਜ਼ਮੀਨ-ਜਾਇਦਾਦ ਦੀ ਰਜਿਸਟਰੀ ਸੌਖੇ ਢੰਗ ਨਾਲ ਕਰਨ) ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਮਰਪਿਤ ਕੀਤਾ। 

ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ, “ਪੰਜਾਬ ਦੇ ਇਤਿਹਾਸ ਵਿੱਚ ਇਹ ਇਨਕਲਾਬੀ ਕਦਮ ਹੈ। ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਵਾਹ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਈਲ ’ਤੇ ਮਿਲਿਆ ਕਰੇਗੀ ਅਤੇ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ।”


ਇਸ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਲੋਕਾਂ ਨੂੰ ਜ਼ਮੀਨ-ਜਾਇਦਾਦ ਦੀ ਰਜਿਸਟਰੀ ਲਈ ਹੁਣ ਸਥਾਨਕ ਸਬ-ਰਜਿਸਟਰਾਰ ਦਫਤਰ ਵਿੱਚ ਜਾਣ ਦੀ ਲੋੜ ਨਹੀਂ ਸਗੋਂ ਜਿੱਥੇ ਚਾਹੁਣ, ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ। ਇਸ ਨਾਲ ਪੇਂਡੂ ਪਰਿਵਾਰਾਂ, ਸੀਨੀਅਰ ਨਾਗਰਿਕਾਂ, ਕੰਮਕਾਜ ਵਾਲੇ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ, ਪ੍ਰਵਾਨਗੀ, ਅਦਾਇਗੀ ਅਤੇ ਦਫਤਰ ਆਉਣ ਦਾ ਸਮਾਂ ਲੈਣ ਜਿਹੀ ਸਾਰੀ ਜਾਣਕਾਰੀ ਵਟਸਐਪ ਰਾਹੀਂ ਮਿਲਿਆ ਕਰੇਗੀ ਤਾਂ ਕਿ ਉਹ ਪਲ-ਪਲ ਦੀ ਸੂਚਨਾ ਬਾਰੇ ਜਾਣੂੰ ਹੋ ਸਕਣ। ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ  ਕਨਵੀਨਰ ਨੇ ਕਿਹਾ ਕਿ ਹੁਣ ਬੇਯਕੀਨੀ ਦਾ ਦੌਰ ਖਤਮ ਹੋ ਗਿਆ ਹੈ ਜਿਸ ਨਾਲ ਸਿਸਟਮ ਵਿੱਚ ਲੋਕਾਂ ਦਾ ਭਰੋਸਾ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਦਸਤਾਵੇਜ਼ ਜਮ੍ਹਾਂ ਕਰਵਾਉਣ, ਡਿਜੀਟਲ ਵਿਧੀ ਨਾਲ ਅਗਾਊਂ ਪੜਤਾਲ ਕਰਨ ਅਤੇ ਰਜਿਸਟਰੀ ਲਈ ਸਬ-ਰਜਿਸਟਰਾਰ ਦਫ਼ਤਰ ਜਾਣ ਲਈ ਖੁਦ ਹੀ ਸਮੇਂ ਦੀ ਚੋਣ ਕਰਨ ਵਰਗੀਆਂ ਸਹੂਲਤਾਂ ਹੋਣਗੀਆਂ ਅਤੇ ਕਿਸੇ ਵੀ ਨਾਗਰਿਕ ਨੂੰ ਹੁਣ ਲੰਮੀਆਂ ਲਾਈਨਾਂ ਵਿੱਚ ਲੱਗਣ ਅਤੇ ਦਫ਼ਤਰਾਂ ਦੇ ਵਾਰ-ਵਾਰ ਗੇੜੇ ਮਾਰਨ ਦੀ ਲੋੜ ਨਹੀਂ ਹੈ। ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਅਗਾਊਂ ਪੜਤਾਲ ਕਰਨੀ ਹੋਵੇਗੀ ਅਤੇ ਰਜਿਸਟਰੀ ਕਰਵਾਉਣ ਲਈ ਉਡੀਕ ਨਹੀਂ ਕਰਨੀ ਪੇਵਗੀ ਸਗੋਂ ਰਜਿਸਟਰੀ ਪਹਿਲਾਂ ਤੋਂ ਨਿਰਧਾਰਤ ਸਮੇਂ ’ਤੇ ਹੋਵੇਗੀ ਜਿਸ ਨਾਲ ਲੋਕਾਂ ਦਾ ਸਮਾਂ ਬਚੇਗਾ। 

ਮੁੱਖ ਮੰਤਰੀ ਤੇ ਕੌਮੀ ਕਨਵੀਨਰ ਨੇ ਕਿਹਾ ਕਿ ਇਸ ਵਿਵਸਥਾ ਨਾਲ ਏਜੰਟ ਕਲਚਰ ਦਾ ਖਾਤਮਾ ਹੋ ਗਿਆ ਹੈ ਕਿਉਂਕਿ ਹੁਣ ਨਗਦੀ ਦੀ ਬਜਾਏ ਆਨਲਾਈਨ ਫੀਸ ਦਾ ਭੁਗਤਾਨ ਹੋਵੇਗਾ ਅਤੇ ਰਿਸ਼ਵਤ ਮੰਗਣ ਬਾਰੇ ਸ਼ਿਕਾਇਤ ਦੇਣ ਲਈ ਵਟਸਐਪ ਨੰਬਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੇਲ ਡੀਡ ਦਾ ਖਰੜਾ ਖੁਦ ਤਿਆਰ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਸੇਵਾ ਸਹਾਇਕਾਂ ਰਾਹੀਂ ਘਰ ਬੈਠਿਆਂ ਰਜਿਸਟਰੀ ਦੇ ਦਸਤਾਵੇਜ਼ ਤਿਆਰ ਕਰਨ ਲਈ ਸੇਵਾਵਾਂ ਹਾਸਲ ਹੋਣਗੀਆਂ ਜਿਸ ਨਾਲ ਲੋਕਾਂ ਨੂੰ ਸੇਲ ਡੀਡ ਤਿਆਰ ਕਰਨ ਲਈ ਪ੍ਰਾਈਵੇਟ ਲੋਕਾਂ ਅਤੇ ਵਿਚੋਲਿਆਂ ਰਾਹੀਂ ਵਸੂਲੀਆਂ ਜਾਂਦੀਆਂ ਮੋਟੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਾਗਰਿਕ "ਡਰਾਫਟ ਮਾਈ ਡੀਡ"  ਟੂਲ ਦੀ ਵਰਤੋਂ ਕਰਕੇ ਆਪਣਾ ਦਸਤਾਵੇਜ਼ ਖੁਦ ਤਿਆਰ ਕਰ ਸਕਦੇ ਹਨ ਜਾਂ ਸੇਵਾ ਕੇਂਦਰਾਂ ਜਾਂ ਸੇਵਾ ਸਹਾਇਕਾਂ ਰਾਹੀਂ ਨਿਰਧਾਰਤ ਅਤੇ ਘੱਟ ਫੀਸ ਨਾਲ ਸਹਾਇਤਾ ਲੈ ਸਕਦੇ ਹਨ।

ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ ਕਿ ਇਹ ਕਦਮ ਸਵੈ-ਨਿਰਭਰਤਾ ਵਧਾਉਂਦਾ ਹੈ ਤੇ ਪ੍ਰਾਈਵੇਟ ਲੋਕਾਂ ’ਤੇ ਨਿਰਭਰਤਾ ਘਟਾਉਂਦਾ ਹੈ ਅਤੇ ਲੋਕਾਂ ਨੂੰ ਸਰਕਾਰੀ ਸਿਸਟਮ ਵਿੱਚ ਹੋਰ ਤਾਕਤਵਰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਜਿਸਟਰੀ ਦੀ ਫੀਸ ਦੇ ਭੁਗਤਾਨ ਲਈ ਬੈਂਕਾਂ ਵੱਲ ਨਹੀਂ ਭੱਜਣਾ ਪਵੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਭੁਗਤਾਨ ਲਈ ਵਿਸ਼ੇਸ਼ ਗੇਟਵੇ ਨਾਗਰਿਕਾਂ ਨੂੰ ਡਿਜੀਟਲ ਲੈਣ-ਦੇਣ ਵਿੱਚ ਸਾਰੀਆਂ ਫੀਸਾਂ (ਜਿਵੇਂ ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ) ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ ਜਿਸ ਨਾਲ ਬੈਂਕਾਂ ਵਿੱਚ ਆ ਕੇ ਡਿਮਾਂਡ ਡਰਾਫਟ ਤਿਆਰ ਕਰਨ ਦੀ ਲੋੜ ਨਹੀਂ ਰਹੀ ਅਤੇ ਨਗਦੀ ਕੋਲ ਹੋਣ ਕਰਕੇ ਸੁਰੱਖਿਆ ਦੀ ਚਿੰਤਾ ਵੀ ਨਹੀਂ ਰਹੇਗੀ। ਇਸ ਸਿਸਟਮ ਨੂੰ ਲੋਕਾਂ ਦਾ ਸਮਾਂ, ਪੈਸਾ ਅਤੇ ਊਰਜਾ ਦੀ ਬੱਚਤ ਕਰਨ ਵਾਲਾ ਮਹੱਤਵਪੂਰਨ ਕਦਮ ਦੱਸਦਿਆਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਦਸਤਾਵੇਜ਼ਾਂ ਦੀ ਅਗਾਊਂ ਪੜਤਾਲ ਹੋਵੇਗੀ ਅਤੇ ਤੈਅ ਸਮੇਂ ਮੁਤਾਬਕ ਰਜਿਸਟ੍ਰੇਸ਼ਨ ਹੋਵੇਗੀ ਜਿਸ ਨਾਲ ਕਬੀਲਦਾਰੀਆਂ ਵਿੱਚ ਰੁੱਝੇ ਲੋਕਾਂ ਜਾਂ ਨੌਕਰੀਪੇਸ਼ਾ ਲੋਕਾਂ ਦਾ ਸਮਾਂ ਖਰਾਬ ਨਹੀਂ ਹੋਵੇਗਾ ਅਤੇ ਅਸਿੱਧੇ ਤੌਰ ’ਤੇ ਵਿੱਤੀ ਬੱਚਤ ਵੀ ਹੋਵੇਗੀ। 

ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸਰਕਾਰ ਦੇ ਨਿਰਧਾਰਤ ਰੇਟ ਅਤੇ ‘ਕੈਲਕੁਲੇਟ ਮਾਈ ਫੀਸ’ ਦੇ ਆਨਲਾਈਨ ਪੋਰਟਲ ਰਾਹੀਂ ਲੋਕ ਆਪਣੇ ਖਰਚਿਆਂ ਦੀ ਵਿਵਸਥਾ ਚੰਗੇ ਢੰਗ ਨਾਲ ਕਰ ਸਕਣਗੇ ਅਤੇ ਏਜੰਟਾਂ ਉਤੇ ਨਿਰਭਰਤਾ ਖਤਮ ਹੋਣ ਨਾਲ ਮੌਕੇ ਉਤੇ ਵੱਧ ਪੈਸੇ ਮੰਗਣ ਜਾਂ ਲੁਕਵੇਂ ਖਰਚਿਆਂ ਦੀ ਵਿਵਸਥਾ ਖਤਮ ਹੋਵੇਗੀ ਜਿਸ ਨਾਲ ਲੋਕਾਂ ਨੂੰ ਆਪਣਾ ਵਿੱਤੀ ਪ੍ਰਬੰਧਨ ਸੁਧਾਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਸਿਸਟਮ ਦੇ ਮੁਤਾਬਕ ਨਿਰਵਿਘਨ ਰਜਿਸਟ੍ਰੇਸ਼ਨ ਦੀ ਵਿਵਸਥਾ ਲੋਕਾਂ ਦਾ ਪੈਸਾ ਤੇ ਸਮਾਂ ਬਚਾਉਣ ਦੇ ਨਾਲ-ਨਾਲ ਮਨ ਨੂੰ ਸਕੂਨ ਦੇਣ ਵਾਲਾ ਬਣਾਇਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਵਿਲੱਖਣ ਪ੍ਰੋਗਰਾਮ ‘ਜਿੱਥੋਂ ਚਾਹੋ, ਰਜਿਸਟਰੀ ਕਰਵਾਓ’ ਦੇ ਮੁਤਾਬਕ ਕੰਮ ਕਰੇਗਾ ਜੋ ਲੋਕਾਂ ਨੂੰ ਸਥਾਨਕ ਦੀ ਬਜਾਏ ਜ਼ਿਲ੍ਹੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਤੋਂ ਰਜਿਸਟਰੀ ਕਰਵਾਉਣ ਦੀ ਖੁੱਲ੍ਹ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਮੋਹਾਲੀ ਤੋਂ ਸਫਲਤਾਪੂਰਵਕ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ।

ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੂਬੇ ਭਰ ਵਿੱਚ 15 ਜੁਲਾਈ ਤੋਂ ਇਸ ਪ੍ਰਣਾਲੀ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 15 ਜੁਲਾਈ ਤੋਂ 1 ਅਗਸਤ ਤੱਕ ਇਸ ਪ੍ਰਣਾਲੀ ਦਾ ਟ੍ਰਾਇਲ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1 ਅਗਸਤ ਤੋਂ ਆਮ ਆਦਮੀ ਦੀ ਸਹੂਲਤ ਲਈ ਇਹ ਪ੍ਰਣਾਲੀ ਪੂਰੇ ਸੂਬੇ ਵਿੱਚ ਪੂਰਨ ਤੌਰ ’ਤੇ ਲਾਗੂ ਹੋ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਿਸਟਮ ਮੁਤਾਬਕ ਜੇਕਰ ਰਜਿਸਟਰੀ ਦੇ ਦਸਤਾਵੇਜ਼ਾਂ ਦੀ ਦਰੁਸਤੀ ਹੋਣੀ ਹੈ ਤਾਂ ਉਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਕਿ ਰਜਿਸਟਰੀ ਵਾਲੇ ਦਿਨ ਮੌਕੇ ਉਤੇ ਅਜਿਹੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਸਬ-ਰਜਿਸਟਰਾਰ/ਤਹਿਸੀਲਦਾਰ ਦਸਤਵੇਜ਼ਾਂ ਉਤੇ ਕੋਈ ਇਤਰਾਜ਼ ਲਾਉਂਦਾ ਹੈ ਤਾਂ ਸਬੰਧਤ ਵਿਅਕਤੀ ਨੂੰ ਉਸੇ ਵੇਲੇ ਮੋਬਾਈਲ ਸੰਦੇਸ਼ ਜ਼ਰੀਏ ਪਤਾ ਲੱਗ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਜਿਹੇ ਸੀਨੀਅਰ ਅਧਿਕਾਰੀ ਇਨ੍ਹਾਂ ਸਾਰੇ ਇਤਰਾਜ਼ਾਂ ਦੀ ਸਚਾਈ ਜਾਣਨ ਲਈ ਘੋਖ ਵੀ ਕਰਨਗੇ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕਦਮ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ ਅਤੇ ਜੇਕਰ ਕੋਈ ਜਾਣਬੁੱਝ ਕੇ ਦੇਰੀ ਕਰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਰਜਿਸਟਰੀ ਨੂੰ ਲੈ ਕੇ ਜੇਕਰ ਕਿਸੇ ਨੂੰ ਸ਼ਿਕਾਇਤ ਹੈ ਤਾਂ ਵਟਸਐਪ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਪਾਸੋਂ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਵਟਸਐਪ ਲਿੰਕ ਰਾਹੀਂ ਤੁਰੰਤ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਰਿਸ਼ਵਤ ਮੰਗਣ ਵਾਲੇ ਅਧਿਕਾਰੀ ਖਿਲਾਫ਼ ਕੀਤੀ ਗਈ ਕਾਰਵਾਈ ਬਾਰੇ ਤਾਜ਼ਾ ਜਾਣਕਾਰੀ ਵੀ ਮਿਲੇਗੀ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਿਲੱਖਣ ਪਹਿਲਕਦਮੀ ਨੇ ਜਨਤਕ ਸੇਵਾਵਾਂ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ ਕਿਉਂ ਜੋ ਹੁਣ ਲੋਕਾਂ ਨੂੰ ਘਰ ਬੈਠਿਆਂ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਨਾਗਰਿਕ ਕੇਂਦਰਿਤ ਸੇਵਾਵਾਂ ਮਿਲ ਰਹੀਆਂ ਹਨ।

ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਨੇ ਕਿਹਾ ਕਿ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਅਤੇ ਗੁੰਝਲਦਾਰ ਹਨ ਪਰ ਇਹ ਪ੍ਰਣਾਲੀ ਇਸ ਅਲਾਮਤ ਦੇ ਖਾਤਮੇ ਵੱਲ ਇਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਹੋਰ ਸੂਬੇ ਵਿੱਚ ਇੰਨੀ ਮਜ਼ਬੂਤ ਰਜਿਸਟ੍ਰੇਸ਼ਨ ਪ੍ਰਣਾਲੀ ਨਹੀਂ ਹੈ ਅਤੇ ਇਹ ਪ੍ਰਣਾਲੀ ਜਨਤਕ ਸਹੂਲਤ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਕਿ ਇਹ ਵਿਵਸਥਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲਾਗੂ ਹੋਵੇਗੀ ਕਿਉਂਕਿ ਦੂਜੇ ਸੂਬਿਆਂ ਲਈ ਪੰਜਾਬ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ।

----

Thursday, March 27, 2025

ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਮੁਹਿੰਮ ਨਾਲ ਸਮਾਜ ਦਾ ਸਹਿਯੋਗ ਵੀ ਲਾਜ਼ਮੀ

ਖਰੜ ਵਿਖੇ ਇਤਿਹਾਸਕ ਅੱਜ ਸਰੋਵਰ ਦੇ ਕੀਤੇ ਦਰਸ਼ਨ

ਰਾਜਪਾਲ ਦੇ ਮਾਣ ਵਿੱਚ ਖਰੜ ਵਿਖੇ ਸ੍ਰੀ ਰਾਮ ਭਵਨ ਵਿਖੇ ਹੋਇਆ ਅਭਿਨੰਦਨ ਸਮਾਰੋਹ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਮਾਰਚ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਈ ਕਰਦਿਆਂ ਆਖਿਆ ਕਿ ਸੂਰਮਿਆਂ ਦੀ ਧਰਤੀ ’ਤੇ ਨਸ਼ਿਆਂ ਦਾ ਕੋਈ ਕੰਮ ਨਹੀਂ। ਉਨ੍ਹਾਂ ਕਿਹਾ ਕਿ ਗੁਰੂਆਂ-ਪੈਗੰਬਰਾਂ ਅਤੇ ਬਾਹਰੀ ਹਮਲਿਆਂ ਦਾ ਮੂੰਹ ਤੋੜ ਜੁਆਬ ਦੇਣ ਵਾਲੇ ਬਹਾਦਰਾਂ ਅਤੇ ਵੀਰਾਂ ਦੀ ਧਰਤੀ ਤੋਂ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ’ਚ ਸਮਾਜ ਦਾ ਸਾਥ ਵੀ ਲਾਜ਼ਮੀ ਹੈ।


ਅੱਜ ਖਰੜ ਦੇ ਸ੍ਰੀ ਰਾਮ ਭਵਨ ਤੋਂ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਅਗਵਾਨੀ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਤੀ ਧਰਮ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਪ੍ਰਤੀਕ ਹੈ। ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖਾਤਰ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਪੰਜਾਬੀਆਂ ਨੂੰ ਮਹਾਨ ਵਿਰਸਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਜਦੋਂ ਅਮਰੀਕਾ ਵੱਲੋਂ ਅਨਾਜ ਲਈ ਹੱਥ ਖਿੱਚ ਲਿਆ ਗਿਆ ਸੀ ਤਾਂ ਉਸ ਮੌਕੇ ਪੰਜਾਬ ਨੇ ਹੀ ਦੇਸ ਦੇ ਅਨਾਜ ਦੇ ਭੰਡਾਰ ਭਰੇ ਸਨ। ਇਸ ਲਈ ਹੁਣ ਜਦੋਂ ਪੰਜਾਬ ਅੱਗੇ ਨਸ਼ਿਆਂ ਦੀ ਚਣੌਤੀ ਬਣ ਖੜ੍ਹੀ ਹੈ ਤਾਂ ਸਾਨੂੰ ਫ਼ਿਰ ਤੋਂ ਇੱਕ ਵਾਰ ਜਨ ਅੰਦੋਲਨ ਦੇ ਰੂਪ ’ਚ ਇਸ ਦੇ ਖਾਤਮੇ ਲਈ ਉੱਠ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉੁਨ੍ਹਾਂ ਕਿਹਾ ਕਿ ਜਦੋਂ ਕਿਸੇ ਕਾਰਜ ਨੂੰ ਸਮਾਜਿਕ ਰੂਪ ’ਚ ਕੀਤਾ ਜਾਵੇ ਤਾਂ ਸਫ਼ਲਤਾ ਜ਼ਰੂਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਤਹਿਤ ਐਨ ਡੀ ਪੀ ਐਸ ਐਕਟ ਤਹਿਤ ਸਭ ਤੋਂ ਵੱਧ ਸਜ਼ਾ ਵੀ ਪੰਜਾਬ ’ਚ ਹੀ ਨੀਯਤ ਕੀਤੀ ਹੋਈ ਹੈ।

ਇਸ ਨਸ਼ਿਆਂ ਵਿਰੁੱਧ ਪੈਦਲ ਯਾਤਰਾ ’ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਵੀ ਸ਼ਾਮਿਲ ਹੋਏ।

ਉਪਰੰਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਵੱਲੋਂ ਕਰਵਾਏ ਗਏ ਅਭਿਨੰਦਨ ਸਮਾਰੋਹ ’ਚ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੇ ਸਨਮਾਨ ’ਚ ਲਲਿਤ ਕੁਮਾਰ, ਨਿਰਦੇਸ਼ਕ ਜਨ ਗਣਨਾ, ਪੰਜਾਬ ਤੇ ਹਰਿਆਣਾ, ਸਸ਼ੀ ਪਾਲ ਜੈਨ ਪ੍ਰਧਾਨ ਵਿਕਾਸ ਸਮਿਤੀ,ਸ. ਮਲਵਿੰਦਰ ਸਿੰਘ ਕੰਗ, ਮੈਂਬਰ ਲੋਕ ਸਭਾ ਸ੍ਰੀ ਆਨੰਦਪੁਰ ਸਾਹਿਬ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ ਪੀ, ਵਿਨੀਤ ਜੋਸ਼ੀ ਬੀ ਜੇ ਪੀ ਆਗੂ,  ਜਗਮੋਹਨ ਸਿੰਘ ਕੰਹ ਸਾਬਕਾ ਮੰਤਰੀ ਅਤੇ ਜਸਪ੍ਰੀਤ ਕੌਰ ਲੌਂਗੀਆ, ਪ੍ਰਧਾਨ ਨਗਰ ਕੌਂਸਲ ਖਰੜ ਨੇ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਦੀ ਸਖਸ਼ੀਅਤ ਅਤੇ ਲੰਬੇ ਸਿਆਸੀ ਅਤੇ ਸਮਾਜਿਕ ਪਿੜ ਬਾਰੇ ਦੱਸਿਆ।

ਰਾਜਪਾਲ ਪੰਜਾਬ ਸ੍ਰੀ ਕਟਾਰੀਆ ਨੇ ਅਭਿਨੰਦਨ ਸਮਾਰੋਹ ਦੌਰਾਨ ਜਿੱਥੇ ਸ੍ਰੀ ਰਾਮ ਮੰਦਰ ਅੱਜ ਸਰੋਵਰ ਵਿਕਾਸ ਸਮਿਤੀ ਦੇ ਸੱਦੇ ’ਤੇ ਭਗਵਾਨ ਰਾਮ ਦੇ ਦਾਦਾ ਮਹਾਰਾਜਾ ਅੱਜ ਨਾਲ ਜੁੜੇ ਇਸ ਇਤਿਹਾਸਕ ਸਰੋਵਰ ਦੇ ਦਰਸ਼ਨਾਂ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਵਿਕਾਸ ਸਮਿਤੀ ਦੀ ਲੋਕਾਂ ਨੂੰ ਇਸ ਪਵਿੱਤਰ ਸਥਾਨ ਨਾਲ ਜੋੜਨ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ, ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ’ਚ ਸਮਾਜਿਕ ਚੇਤਨਾ ਦੇ ਰੂਪ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸ਼ਹਿਰ ਦੇ ਪਤਵੰਤੇ ਲੋਕਾਂ ਸੁਦਰਸ਼ਨ ਵਰਮਾ, ਤਾਰਾ ਚੰਦ ਗੁਪਤਾ, ਅਮਨ ਕਾਂਸਲ, ਅਮ੍ਰਿਤ ਲਾਲ ਜੈਨ, ਜਸਪ੍ਰੀਤ ਕੌਰ ਲੌਂਗੀਆ, ਦਵਿੰਦਰ ਗੁਪਤਾ, ਜਸਪਾਲ ਧੀਮਾਨ, ਅਸ਼ੋਕ ਸ਼ਰਮਾ, ਐਮ ਐਸ ਸੰਧੂ, ਕੁਲਵੰਤ ਚੌਧਰੀ, ਜਤਿੰਦਰ ਅਰੋੜਾ, ਆਨੰਦ ਬਾਂਸਲ, ਨਿਤਿਨ ਗਰਗ, ਪ੍ਰਵੀਨ ਸ਼ਰਮਾ, ਜਤਿੰਦਰ ਗੁਪਤਾ ਤੇ ਕਮਲਜੀਤ ਟਿਵਾਣਾ ਤੋਂ ਇਲਾਵਾ ਪੀ ਏ ਯੂ ਲੁਧਿਆਣਾ ਦੇ ਵੀ ਸੀ ਸਤਬੀਰ ਸਿੰਘ ਗੋਸਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਅਤੇ ਰਾਜਪਾਲ ਦੇ ਉੱਚ ਸਿਖਿਆ ਸਲਾਹਕਾਰ ਡਾ. ਜਸਪਾਲ ਸਿੰਘ ਸੰਧੂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।

ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐਸ ਐਸ ਪੀ ਦੀਪਕ ਪਾਰੀਕ, ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਐਸ ਡੀ ਐਮ ਖਰੜ ਗੁਰੰਮਦਰ ਸਿੰਘ, ਐਸ ਪੀ ਹਰਵੀਰ ਅਟਵਾਲ, ਮਨਪ੍ਰੀਤ ਸਿੰਘ ਤੇ ਐਨ ਐਸ ਮਾਹਲ ਵੀ ਮੌਜੂਦ ਸਨ।

ਏ.ਡੀ.ਸੀ.ਵੱਲੋਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ

ਐਸ.ਏ.ਐਸ ਨਗਰ, 27 ਮਾਰਚ :  ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਨਾਲ ਰੋਡ ਸੇਫਟੀ ਦੇ ਪ੍ਰਬੰਧਾਂ ਬਾਰੇ ਵਿਸੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਉੱਪਰ ਬਲੈਕ ਸਪੋਟ (ਦੁਰਘਟਨਾ ਸੰਭਾਵੀ ਥਾਵਾਂ) ਜਿਨ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਨ ਲਈ ਕਿਹਾ।

   


   ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਅਧੀਨ  ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਪੁਲਿਸ ਨਾਲ ਮਿਲ ਕੇ ਸੜ੍ਹਕਾਂ ’ਤੇ ਆਵਾਜਾਈ ਚਿੰਨ੍ਹਾਂ ਨੂੰ ਤੁਰੰਤ ਯਕੀਨੀ ਬਣਾਉਣ, ਜਿਵੇਂ ਕਿ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਦੀ ਸਪੱਸ਼ਟਤਾ ਆਦਿ। 

       ਉਨ੍ਹਾਂ ਵੱਲੋਂ ਜ਼ਿਲ੍ਹੇ ਦੀਆਂ ਸੜਕਾਂ ਤੇ ਬਲੈਕ ਸਪੋਟਾਂ (ਦੁਰਘਟਨਾਵਾਂ ਵਾਲੀਆ ਥਾਵਾਂ) ਨੂੰ ਤੁਰੰਤ ਸਹੀ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆਂ ਐਨ.ਐਚ.ਏ.ਆਈ, ਗਮਾਡਾ, ਬੀ ਐਡ ਆਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

 ਉਨ੍ਹਾਂ ਵੱਲੋਂ ਸ਼ਹਿਰ ਵਿੱਚ ਸੜਕਾਂ ਉੱਪਰ ਬਣੇ ਅਣਅਧਿਕਾਰਤ ਕੱਟਾਂ ਨੂੰ ਬੰਦ ਕਰਨ ਅਤੇ ਸੜਕਾਂ ਦੇ ਆਸੇ ਪਾਸੇ ਲਗਾਈਆਂ ਜਾਂਦੀਆਂ ਰੇੜ੍ਹੀਆਂ, ਫੜ੍ਹੀਆਂ ਅਤੇ ਵਾਹਨਾਂ ਦੀ ਗਲਤ ਪਾਰਕਿੰਗ ਆਦਿ ਨੂੰ ਰੋਕਣ ਲਈ  ਲਗਾਤਾਰ ਚੈਕਿੰਗ ਕਰਨ ਲਈ ਕਿਹਾ ਗਿਆ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ Scheme for Grant of Award to the Good Samaritan ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।  

ਮੀਟਿੰਗ ਦੌਰਾਨ ਏ.ਡੀ.ਸੀ. ਵੱਲੋਂ ਕਿਹਾ ਗਿਆ ਕਿ ਸਕੂਲੀ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਣੇ ਯਕੀਨੀ ਬਣਾਏ ਜਾਣ। ਬੱਸ ਦੇ ਡਰਾਇਵਰਾਂ ਅਤੇ ਲੇਡੀ ਅਟੈਡੈਂਟ ਨੂੰ ਸੇਫ ਸਕੂਲ ਵਾਹਨ ਸਕੀਮ ਅਨੁਸਾਰ ਸਕੂਲੀ ਬੱਸਾਂ ਦੇ ਰੱਖ-ਰਖਾਓ, ਸੁਰੱਖਿਅਤ ਡਰਾਇਵਿੰਗ ਨਿਯਮਾਂ ਦੀ ਪਾਲਣਾ ਕਰਨ ਹਿੱਤ ਜਾਗਰੂਕ ਕੀਤਾ ਜਾਵੇ ਅਤੇ ਸਾਰੀਆਂ ਸਕੂਲੀ ਬੱਸਾਂ ਵਿੱਚ ਮੌਜੂਦ ਕੈਮਰੇ, ਅੱਗ ਬੁਝਾਊ ਯੰਤਰ ਅਤੇ ਫਾਸਟ ਏਡ ਬਾਕਸ ਆਦਿ ਚੈੱਕ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਵੀ ਟ੍ਹੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਯੋਗ ਪ੍ਰਬੰਧ ਕੀਤੇ ਜਾਣ। 


             ਇਸ ਮੌਕੇ ਐਸ.ਡੀ.ਐਮ, ਡੇਰਾਬੱਸੀ, ਸ੍ਰੀ ਅਮਿਤ ਗੁਪਤਾ ਆਰ.ਟੀ.ਏ ਸ੍ਰੀ ਪ੍ਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ  ਸੀਨੀਅਰ ਅਧਿਕਾਰੀ ਹਾਜ਼ਰ ਸਨ।

Thursday, March 6, 2025

ਗਿਨਿਜ ਬੌਕਸ ਆਫ਼ ਵਰਲਡ ਰਿਕਾਰਡ ਵਿੱਚ ਬਹਿਤਰੀਨ ਪ੍ਰਦਰਸ਼ਨ ਕਰਵਾਇਆ ਨਾਮ ਦਾਖਲ

26 ਜਨਵਰੀ ਮੌਕੇ ਦਿੱਲੀ ਵਿਖੇ ਹੌਏ  ਪ੍ਰੌਗਰਾਮ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਖਰੜ ਦੀ ਟੀਮ ਨੇ ਲਿਆ ਭਾਗ।     

ਮੋਹਾਲੀ, 06 ਮਾਰਚ : ਗਣਤੰਤਰ ਦਿਵਸ ਦੇ ਮੌਕੇ ਉੱਤੇ ਇਡਿਆ ਗੇਟ ਕਰਤਵਿਆ ਪੰਥ ਦੀ ਪਰੇਡ ਵਿੱਚ ਕੁੱਲ 5500 ਵਿਦਿਆਰਥੀ ਨੇ ਭਾਰਤ ਦੇ ਵੱਖੋ ਵੱਖ ਸੂਬਿਆਂ ਵਿਚੋਂ ਭਾਗ ਲਿਆ।


ਪੰਜਾਬ ਵਿਚੋਂ ਕੁੱਲ 200 ਵਿਦਿਆਰਥੀ ਨੇ ਵੀ ਭਾਗ ਲਿਆ। ਜਿਨ੍ਹਾਂ ਵਿਚੋਂ ਰਿਆਤ ਬਾਹਰਾ ਯੂਨੀਵਰਸਿਟੀ BCA ਦੀ ਭੰਗੜਾ ਟੀਮ ਦੇ ਕੁੱਲ 9 ਪ੍ਰਤਿਯੋਗਿਆ ਨੇ ਆਪਣੀ ਕਲਾਂ ਦਾ ਬਹਿਤਰੀਨ ਪ੍ਰਦਰਸ਼ਨ ਦਿੱਤਾ ਅਤੇ ਉਨ੍ਹਾਂ ਦੇ ਗਰੁੱਪ ਦਾ ਨਾਮ ਬਹਿਤਰੀਨ ਭੰਗੜਾ ਵਾਲੀ ਟੀਮ ਵਜੋਂ ਗਿਨਿਜ ਬੌਕਸ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਾਖਲ ਕਰਵਾਇਆ।


ਇਸ ਟੀਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ - ਰਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਤੇਜ਼ੀ, ਗੁਰਸੇਵਕ ਸਿੰਘ, ਜਤੀਨ, ਗੁਰਜੋਤ ਸਿੰਘ, ਮਿਲਨ ਸਿੰਘ, ਤੇਜਵੀਰ ਸਿੰਘ, ਸਨਦੀਪ ਸਿੰਘ ਨੇ ਗਿਨਿਜ ਬੌਕਸ ਆਫ਼ ਰਿਕਾਰਡ ਮਗਰੋਂ ਭਾਰਤ ਸਰਕਾਰ ਵੱਲੋਂ ਸਾਰੇ ਅਦਾਕਾਰਾ ਨੂੰ ਰਾਸ਼ਟਰੀ ਸਰਟੀਫਿਕੇਟ ਅਤੇ ਗਿਨਿਜ ਬੌਕਸ ਆਫ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Friday, January 31, 2025

ਰਿਆਤ ਅਤੇ ਬਾਹਰਾ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਕੌਮੀ ਸੜਕ ਸੁਰੱਖਿਆ ਮਹੀਨਾ ਸਮਾਪਨ ਸਮਾਰੋਹ

ਐਸ ਐਸ ਪੀ ਦੀਪਕ ਪਾਰਿਕ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਜਨਵਰੀ : ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ ਜੋ ਕਿ 01 ਜਨਵਰੀ ਤੋਂ 31 ਜਨਵਰੀ 2025 ਤੱਕ ਮਨਾਇਆ ਗਿਆ, ਦਾ ਸਮਾਪਤੀ ਸਮਾਰੋਹ, ਅੱਜ ਜ਼ਿਲ੍ਹਾ ਪੁਲਿਸ ਵੱਲੋਂ ਰਿਆਤ ਅਤੇ ਬਾਹਰਾ, ਯੂਨੀਵਰਸਿਟੀ, ਖਰੜ ਵਿਖੇ ਕਰਵਾਇਆ ਗਿਆ। 

     ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।  ਇਸ ਮੌਕੇ ਉਨ੍ਹਾਂ ਨਾਲ ਐਸ.ਪੀ ਟ੍ਰੈਫਿਕ ਐੱਚ ਐੱਸ ਮਾਨ ਵੀ ਹਾਜ਼ਰ ਸਨ।  ਸਮਾਗਮ ਦੌਰਾਨ ਰਿਆਤ ਅਤੇ ਬਾਹਰਾ, ਇੰਟਰਨੈਸ਼ਨ, ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਨੁੱਕੜ ਨਾਟਕ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਪੇਸ਼ਕਾਰੀ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਗਿਆ। 


     ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ ਵੱਲੋਂ ਟ੍ਰੈਫਿਕ ਪੁਲਿਸ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਨੁੱਕੜ ਨਾਟਕ ਅਤੇ ਗਿੱਧੇ ਦੀ ਟੀਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਤੋਹਫੇ ਦੇ ਕੇ ਸਨਮਾਨਿਤ ਕਰਨ ਲਈ ਕਿਹਾ ਗਿਆ।

     ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਨੂੰ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਕੁਇਜ਼ ਮੁਕਾਬਲੇ ਕਰਵਾਉਣ ਲਈ ਕਿਹਾ ਅਤੇ ਪਹਿਲੇ ਤਿੰਨਾਂ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਲਈ ਆਖਿਆ। 

    ਸ੍ਰੀ ਦੀਪਕ ਪਾਰਿਕ ਵੱਲੋਂ ਬੱਚਿਆਂ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਕਿ ਜੇਕਰ ਕੋਈ ਬੱਚਾ ਕਿਸੇ ਵਿਸ਼ੇ ਤੇ ਜਿਵੇਂ ਕਿ ਨਸ਼ਿਆਂ ਤੋਂ ਦੂਰ ਰਹਿਣ, ਬੇਟੀ ਬਚਾਓ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਆਦਿ ਸਬੰਧੀ ਜੇਕਰ ਕੋਈ ਵੀਡੀਓ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ, ਤਾਂ ਉਸ ਦੀ ਵੀਡੀਓ ਪੁਲਿਸ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਅਪਲੋਡ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਚਾਹਵਾਨ ਬੱਚਾ ਇਕ ਦਿਨ ਲਈ ਟ੍ਰੈਫਿਕ ਪੁਲਿਸ ਵਾਂਗ ਡਿਊਟੀ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। 

      ਡੀ.ਐਸ.ਪੀ. (ਟ੍ਰੈਫਿਕ) ਕਰਨੈਲ ਸਿੰਘ ਨੇ ਇਸ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਹੋਰ ਸਟਾਫ ਨੂੰ ਇਹ ਵੀ ਦੱਸਿਆ ਗਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਦ, 25 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦੇਣ ਵਾਲੇ ਵਿਅਕਤੀ ਨੂੰ ਵੀ 3 ਸਾਲ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀ ਐਮਰਜੈਂਸੀ ਵਹੀਕਲ (ਐਂਬੂਲੈਂਸ, ਫਾਇਰ ਗੱਡੀ ਆਦਿ) ਨੂੰ ਰਸਤਾ ਨਹੀ ਦਿੰਦੇ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 194 ਈ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਤਹਿਤ 10,000 ਰੁਪਏ ਦਾ ਜੁਰਮਾਨਾ ਜਾਂ 6 ਮਹੀਨੇ ਤੱਕ ਦੀ ਸਜਾ ਹੋ ਸਕਦੀ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਚਲਾਈ ਗਈ Scheme for Grant of Award to the Good Samaritan ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮੱਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ। 

     ਇਸ ਮੌਕੇ ਆਰ.ਟੀ.ਓ. ਪ੍ਰਦੀਪ ਸਿੰਘ ਢਿੱਲੋਂ, ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਮਹਿਲਾ ਸਿਪਾਹੀ ਖੁਸ਼ਪ੍ਰੀਤ ਕੌਰ,  ਕਾਲਜ ਡੀਨ ਡਾ. ਬਾਂਸਲ, ਪ੍ਰਿੰਸੀਪਲ ਡਾ.ਅਭਿਲਾਸ਼ਾ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।

Friday, January 24, 2025

ਰਿਆਤ ਬਾਹਰਾ ਗਰੁੱਪ ਨੇ ਆਈਬੀਐਮ ਨਾਲ ਐਮਓਯੂ ਕੀਤਾ

ਖਰੜ, 24 ਜਨਵਰੀ : ਰਿਆਤ ਬਾਹਰਾ ਗਰੁੱਪ ਨੇ ਆਪਣੇ ਤਿੰਨਾਂ ਕੈਂਪਸਾਂ ਰਿਆਤ ਬਾਹਰਾ ਯੂਨੀਵਰਸਿਟੀ ,ਬਾਹਰਾ ਯੂਨੀਵਰਸਿਟੀ ਅਤੇ ਰਿਆਤ ਬਾਹਰਾ ਹੁਸ਼ਿਆਰਪੁਰ ਕੈੰਪਸ ਲਈ ਆਈਬੀਐਮ ਨਾਲ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਹਨ।ਇਸ ਸਾਂਝੇਦਾਰੀ ਦਾ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਤਿ-ਆਧੁਨਿਕ ਤਕਨੀਕੀ ਹੁਨਰਾਂ ਅਤੇ ਗਲੋਬਲ ਐਕਸਪੋਜਰ ਨਾਲ ਲੈਸ ਕਰਨਾ ਹੈ।ਇਸ ਨਾਲ ਗਰੁੱਪ ਦੀ ਅਕਾਦਮਿਕ ਉੱਤਮਤਾ ਅਤੇ ਕਰੀਅਰ ਦੀ ਤਿਆਰੀ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ।


ਐਮਓਯੂ 'ਤੇ ਹਸਤਾਖਰ ਕਰਨ ਸਮੇਂ  ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਡਾ: ਚੰਦਰ ਮੋਹਨ ਕੈਂਪਸ ਡਾਇਰੈਕਟਰ ਹੁਸ਼ਿਆਰਪੁਰ ਕੈਂਪਸ, ਸਾਕਸ਼ੀ ਮਹਿਤਾ, ਅਲਫ਼ਾ ਸਕੂਲ ਦੀ ਡਾਇਰੈਕਟਰ ਅਤੇ ਆਈਬੀਐਮ ਦੇ  ਅਧਿਕਾਰੀ ਸ਼੍ਰੀ ਰੋਹਿਤ ਨੰਦਾ ਡਾਇਰੈਕਟਰ  ਵਪਾਰਕ ਭਾਈਵਾਲ, ਸ਼੍ਰੀ ਰੋਬਿਨ ਤਿਆਗੀ ਐਸਐਮਈ ਅਤੇ ਸ਼੍ਰੀਮਤੀ ਅੰਜਲੀ ਬਖਸ਼ੀ ਐਸਐਮਈ ਮੌਜੂਦ ਸਨ।ਸਾਕਸ਼ੀ ਮਹਿਤਾ  ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਆਈਬੀਐਮ ਦੇ ਨਾਲ ਇਹ ਸਮਝੌਤਾ ਸਾਡੀ ਸੰਸਥਾ ਲਈ ਇੱਕ ਤਬਦੀਲੀ ਵਾਲਾ ਪਲ ਹੈ।ਇਹ ਵਿਦਿਆਰਥੀਆਂ ਨੂੰ ਉਦਯੋਗ-ਸੰਬੰਧਿਤ ਹੁਨਰਾਂ ਅਤੇ ਉੱਨਤ ਤਕਨੀਕੀ ਮੁਹਾਰਤ ਨਾਲ ਸ਼ਕਤੀਕਰਨ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਆਈਬੀਐਮ ਦੇ ਨਾਲ ਸਹਿਯੋਗ ਨਵੀਨਤਾਕਾਰੀ ਪ੍ਰੋਗਰਾਮਾਂ, ਵਰਕਸ਼ਾਪਾਂ, ਅਤੇ ਪ੍ਰਮਾਣੀਕਰਣ ਕੋਰਸਾਂ ਨੂੰ ਲਾਗੂ ਕਰਨ 'ਤੇ ਕੇਂਦ੍ਰਤ ਕਰੇਗਾ ਤਾਂ ਜੋ ਵਿਦਿਆਰਥੀਆਂ ਨੂੰ ਇੱਕ ਪ੍ਰਤੀਯੋਗੀ, ਤਕਨੀਕੀ-ਸੰਚਾਲਿਤ ਸੰਸਾਰ ਵਿੱਚ ਵਧਣ-ਫੁੱਲਣ ਦੇ ਯੋਗ ਬਣਾਇਆ ਜਾ ਸਕੇ।ਇਹ ਫੈਕਲਟੀ ਮੈਂਬਰਾਂ ਨੂੰ ਤਕਨੀਕੀ ਤਰੱਕੀ ਦੇ ਮੋਹਰੀ ਰਹਿਣ ਲਈ ਸਰੋਤ ਵੀ ਪ੍ਰਦਾਨ ਕਰੇਗਾ।ਰਿਆਤ ਬਾਹਰਾ ਗਰੁੱਪ ਅਜਿਹੀਆਂ ਸਾਰਥਕ ਭਾਈਵਾਲੀ ਰਾਹੀਂ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜੋ ਆਪਣੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਰਾਹ ਪੱਧਰਾ ਕਰਦਾ ਹੈ।

Friday, January 17, 2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਤੀ ਨਗਰ 'ਚ 'ਆਪ' ਉਮੀਦਵਾਰ ਸ਼ਿਵ ਚਰਨ ਗੋਇਲ ਲਈ ਕੀਤਾ ਰੋਡ ਸ਼ੋਅ

ਅਰਵਿੰਦ ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ, ਸਿਆਸਤਦਾਨ ਵਜੋਂ ਨਹੀਂ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਉਹ (ਭਾਜਪਾ) ਵੰਡਣ ਵਾਲੀ ਰਾਜਨੀਤੀ ਕਰਦੇ ਹਨ: ਮੁੱਖ ਮੰਤਰੀ ਮਾਨ

ਮੋਤੀ ਨਗਰ/ਚੰਡੀਗੜ੍ਹ, 17 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ਿਵ ਚਰਨ ਗੋਇਲ ਦੇ ਸਮਰਥਨ ਵਿੱਚ ਮੋਤੀ ਨਗਰ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ 5 ਫਰਵਰੀ ਨੂੰ ਦਿੱਲੀ ਲਈ ਇਤਿਹਾਸਕ ਦਿਨ ਬਣਾਉਣ। ਮਾਨ ਨੇ ਕਿਹਾ, "ਦਿੱਲੀ ਇਤਿਹਾਸ ਲਿਖਣ ਲਈ ਤਿਆਰ ਹੈ। ਤੁਹਾਡੇ ਭਾਰੀ ਸਮਰਥਨ ਨੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਸ਼ਿਵ ਚਰਨ ਗੋਇਲ ਜੇਤੂ ਬਣ ਕੇ ਉਭਰਨਗੇ। ਉਹ ਤੁਹਾਡੇ ਵਿੱਚੋਂ ਇੱਕ ਹਨ ਅਤੇ ਤੁਹਾਡੀ ਸਮਸਿਆਵਾਂ ਨੂੰ ਸਮਝਦੇ ਹਨ।"


'ਆਪ' ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ ਹੈ, ਇੱਕ ਸਿਆਸਤਦਾਨ ਵਜੋਂ ਨਹੀਂ। ਉਨ੍ਹਾਂ ਦੀ ਅਗਵਾਈ ਵਿੱਚ, ਦਿੱਲੀ ਦੇ ਸਕੂਲ, ਹਸਪਤਾਲ ਅਤੇ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਬਦਲਾਅ ਆਇਆ ਹੈ। ਔਰਤਾਂ ਬੱਸਾਂ ਵਿੱਚ ਮੁਫਤ ਯਾਤਰਾ ਕਰਦੀਆਂ ਹਨ, ਅਤੇ ਆਮ ਲੋਕਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਮਿਲਦਾ ਹੈ। ਇਹ ਆਪ' ਦੀ ਕੰਮ ਦੀ ਰਾਜਨੀਤੀ ਨੂੰ ਦਰਸਾਉਂਦੀ ਹੈ।"

ਮਾਨ ਨੇ ਪੰਜਾਬ ਸਰਕਾਰ ਦਾ ਜਿਕਰ ਕਰਦੇ ਹੋਏ ਕਿਹਾ, "ਪੰਜਾਬ ਵਿੱਚ, 90% ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ। ਅਸੀਂ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਪੱਖਪਾਤ ਦੇ ਦਿਤੀਆਂ। ਮੁਹੱਲਾ ਕਲੀਨਿਕ, ਅਤਿ-ਆਧੁਨਿਕ ਹਸਪਤਾਲ, ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ। ਇਹ ਸਭ ਦਰਸਾਉਂਦਾ ਹੈ ਕਿ 'ਆਪ' ਆਪਣੇ ਵਾਅਦੇ ਪੂਰੇ ਕਰਦੀ ਹੈ।"

ਵਿਰੋਧੀ ਧਿਰ 'ਤੇ ਤਨਜ਼ ਕੱਸਦੇ ਹੋਏ ਮਾਨ ਨੇ ਟਿੱਪਣੀ ਕੀਤੀ, "ਭਾਜਪਾ ਨੂੰ ਹਰ ਜਗ੍ਹਾ 'ਅਬਕੀ ਬਾਰ....' ਵਰਗੇ ਨਾਅਰੇ ਲਗਾਉਣਾ ਪਸੰਦ ਹੈ, ਪਰ ਉਹ ਦਿੱਲੀ ਵਿੱਚ ਇਹ ਕਹਿਣ ਤੋਂ ਬਚਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇੱਥੇ ਉਨ੍ਹਾਂ ਲਈ ਕੋਈ ਮੌਕਾ ਨਹੀਂ ਹੈ। ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਣਾਈ ਰੱਖੇਗੀ - ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ।"

ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਲਾਈ ਯੋਜਨਾਵਾਂ ਨੂੰ "ਮੁਫ਼ਤ" ਕਹਿ ਰਹੀ ਹੈ ਜਦੋਂ ਕਿ ਹੁਣ ਆਪਣੇ ਮੈਨੀਫੈਸਟੋ ਵਿੱਚ ਨਕਦ ਲਾਭਾਂ ਦਾ ਵਾਅਦਾ ਕਰ ਰਹੀ ਹੈ। "ਜਦੋਂ ਕੇਜਰੀਵਾਲ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ, ਤਾਂ ਉਹ ਇਸਨੂੰ ਮੁਫ਼ਤ ਕਹਿੰਦੇ ਹਨ। ਪਰ ਜਦੋਂ ਭਾਜਪਾ ਅਜਿਹਾ ਕਰਦੀ ਹੈ, ਤਾਂ ਉਹ ਇਸਨੂੰ ਆਪਣਾ ਫਰਜ਼ ਕਹਿੰਦੇ ਹਨ। ਉਨ੍ਹਾਂ ਨੂੰ ਜੋ ਮਰਜ਼ੀ ਕਹਿਣ ਦਿਓ; ਸੱਚਾਈ ਇਹ ਹੈ ਕਿ 'ਆਪ' ਲੋਕਾਂ ਅਤੇ ਲੋਕ ਭਲਾਈ ਲਈ ਕੰਮ ਕਰਦੀ ਹੈ, ਨਿੱਜੀ ਲਾਭ ਲਈ ਨਹੀਂ।"

ਮਾਨ ਨੇ ਵੋਟਰਾਂ ਨੂੰ ਵੰਡ ਪਾਊ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਿਰਫ਼ ਆਮ ਆਦਮੀ ਪਾਰਟੀ ਹੀ ਵਿਕਾਸ ਅਤੇ ਇਮਾਨਦਾਰ ਸ਼ਾਸਨ ਲਈ ਖੜੀ ਹੈ। 5 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਓ ਆਪ ਨੂੰ ਜੇਤੂ ਬਣਾਓ।"

'ਆਪ' ਉਮੀਦਵਾਰ ਸ਼ਿਵ ਚਰਨ ਗੋਇਲ ਨੇ ਮੋਤੀ ਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਵੀ ਸਮਰਥਨ ਲਈ ਧੰਨਵਾਦ ਵੀ ਕੀਤਾ।

ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਸਨੇਟਾ (ਮੋਹਾਲੀ) ਵਿਖੇ ਦਾਣਾ ਮੰਡੀ ਦੇ ਨਵੇਂ ਸਬ-ਯਾਰਡ ਦਾ ਨੀਂਹ ਪੱਥਰ

ਕਿਹਾ ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਮੰਡੀਕਰਣ ਨੀਤੀ ਨੂੰ ਪੰਜਾਬ ਚ ਲਾਗੂ ਨਹੀਂ ਕਰੇਗੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ : ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਮੋਹਾਲੀ ਦੇ ਪਿੰਡ ਸਨੇਟਾ ਵਿਖੇ 5 ਏਕੜ ਰਕਬੇ ਵਿੱਚ ਬਣਨ ਵਾਲੀ ਦਾਣਾ ਮੰਡੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੰਡੀ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਜਿਸ ਨੂੰ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।


      ਨੀਂਹ ਪੱਥਰ ਰੱਖਣ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸ੍ਰੀ ਖੁੱਡੀਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਮੰਡੀ ਦੀ ਉਸਾਰੀ ਨੂੰ ਪ੍ਰਵਾਨਗੀ ਦੇ ਕੇ ਇਲਾਕੇ ਦੇ 20 ਤੋਂ ਵਧੇਰੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਨੇਟਾ ਦੇ ਵਿੱਚ ਮੰਡੀ ਦਾ ਫੜ੍ਹ ਨਾ ਹੋਣ ਕਾਰਨ ਸੜਕਾਂ ਦੇ  ਕਿਨਾਰੇ ਫ਼ਸਲ ਵੇਚਣ ਲਈ ਢੇਰੀ ਕੀਤੀ ਜਾਂਦੀ ਸੀ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਐੱਮ  ਐਲ ਏ ਕੁਲਵੰਤ ਸਿੰਘ ਵੱਲੋਂ ਇਹ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਤੁਰੰਤ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਨੇਟਾ ਦੀ ਮੰਡੀ ਬਣਾਉਣ ਚ ਆ ਰਹੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰਦੇ ਹੋਏ ਇਸ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ। ਕੈਬਿਨਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਅੱਜ ਇਲਾਕੇ ਦੀ ਵੱਡੀ ਮੰਗ ਪੂਰੀ ਹੋਈ ਹੈ। ਉਨ੍ਹਾਂ ਸਾਲ 2011 ਚ ਸਨੇਟਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਕਲੈਕਟਰ ਰੇਟ ਤੇ ਦੇਣ ਲਈ ਦਿਖਾਈ ਫਰਾਖਦਿਲੀ ਲਈ ਪੰਚਾਇਤ ਨੂੰ ਵਧਾਈ ਦਿੱਤੀ। 

     ਉਨ੍ਹਾਂ ਕਿਹਾ ਕਿ ਇਸ ਮੰਡੀ ਵਿੱਚ ਤਿੰਨ ਆਕਸ਼ਨ ਪਲੇਟਫਾਰਮ (ਬੋਲੀ ਲਾਉਣ ਵਾਲੇ ਉੱਚੇ ਸਥਾਨ), ਇੱਕ ਵੱਡਾ ਸ਼ੈੱਡ, 71 ਦੁਕਾਨਾਂ ਤੇ ਬੂਥ, ਪਾਣੀ ਦੀ ਟੈਂਕੀ ਅਤੇ ਡਿਸਪੋਜ਼ਲ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਮੰਡੀ ਲਈ 60000 ਕੁਇੰਟਲ ਝੋਨਾ ਅਤੇ 33000 ਕੁਇੰਟਲ ਕਣਕ ਦੀ ਆਮਦ ਦਰਜ ਕੀਤੀ ਜਾਂਦੀ ਸੀ, ਜੋ ਹੁਣ ਨਵੀਂ ਮੰਡੀ ਦੇ ਬਣਨ ਨਾਲ ਹੋਰ ਵਧੇਰੇ ਜਿਨਸ ਦੀ ਆਮਦ ਦੀ ਥਾਂ ਬਣੇਗੀ। ਉਨ੍ਹਾਂ ਕਿਹਾ ਕਿ ਇਹ ਮੰਡੀ ਸ਼ਹਿਰੀ ਇਲਾਕੇ ਨੂੰ ਸੀਜ਼ਨ ਦੇ ਦਿਨਾਂ ਵਿੱਚ ਆਉਂਦੀ ਟ੍ਰੈਫਿਕ ਦੀ ਮੁਸ਼ਕਿਲ ਤੋਂ ਵੀ ਵੱਡੀ ਰਾਹਤ ਦੇਵੇਗੀ।

      ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੰਗੇ ਬੀਜਾਂ, ਮਿਆਰੀ ਖਾਦਾਂ ਦੀ ਉਪਲਬਧਤਾ ਨੂੰ ਇਮਾਨਦਾਰੀ ਨਾਲ ਯਕੀਨੀ ਬਣਾ ਰਹੇ ਹਾਂ। ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੱਕ ਬਜ਼ਾਰ ਚ ਅਨਾਜ ਦੇ ਭਾਅ ਵਧਣ ਤੱਕ ਫ਼ਸਲ ਘਰ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ 1800 ਤੋਂ ਵਧੇਰੇ ਪੰਜਾਬ ਵਿੱਚ ਮੰਡੀਆਂ/ਖਰੀਦ ਕੇਂਦਰ ਹਨ, ਜੋ ਇਸ ਨਵੀਂ ਪ੍ਰਣਾਲੀ ਨਾਲ ਨਹੀਂ ਚੱਲ ਸਕਦੇ, ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹਿਤਾਂ ਤੇ ਇਸ ਨਵੀਂ ਮੰਡੀਕਰਣ ਨੀਤੀ ਨਾਲ ਸਹਿਮਤ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕਿਸਾਨਾਂ ਨਾਲ ਟਕਰਾਅ ਚ ਨਾ ਪੈ ਕੇ, ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜਿਹੇ ਕਿਸਾਨ ਨੇਤਾਵਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ, ਕਿਸਾਨਾਂ ਦੀਆ ਮੰਗਾਂ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

       ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਸਨੇਟਾ ਦੀ ਮੰਡੀ ਦੀ ਸਥਾਪਤੀ ਇਲਾਕੇ ਦੀ ਵੱਡੀ ਮੁਸ਼ਕਿਲ ਅਤੇ ਚਣੌਤੀ ਬਣੀ ਹੋਈ ਸੀ, ਜੋ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਇਸ ਦੀ ਉਸਾਰੀ ਦੀ ਸ਼ੁਰੂਆਤ ਕਰਕੇ ਇਲਾਕੇ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਨੇ ਹੁਣ ਮੰਡੀ ਤੋਂ ਬਾਅਦ ਸਨੇਟਾ ਦੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਨੂੰ ਜਲਦ ਚਲਾਏ ਜਾਣ ਦੀ ਮੰਗ ਵੀ ਰੱਖੀ, ਜਿਸ ਨੂੰ ਖੇਤੀਬਾੜੀ ਮੰਤਰੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਕੋਲ ਪਹੁੰਚਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਖੁਦ ਪੀ ਐੱਚ ਸੀ ਦੀ ਇਮਾਰਤ ਦਾ ਜਾਇਜ਼ਾ ਵੀ ਲਿਆ।

       ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿੱਚ ਆਖਿਆ ਕਿ ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਕੇਂਦਰ ਵੱਲੋਂ ਸੁਝਾਏ ਖੇਤੀ ਮੰਡੀਆਂ ਦੇ ਨਵੇਂ ਖਰੜੇ ਨੂੰ ਪੰਜਾਬ ਵੱਲੋਂ ਲਾਗੂ ਕਰਨ ਤੋਂ ਇੰਨਕਾਰ ਕਰਨ ਦੇ ਭਗਵੰਤ ਮਾਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ।

       ਪੰਜਾਬ ਮੰਡੀ ਬੋਰਡ ਦੇ ਸਕੱਤਰ ਸ਼੍ਰੀ ਰਾਮਵੀਰ, ਏ ਡੀ ਸੀ (ਡੀ) ਸੋਨਮ ਚੌਧਰੀ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਰ ਗਰਗ, ਆਪ ਪੰਜਾਬ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ਼ ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨੀਅਰ ਮੰਡੀ ਬੋਰਡ ਗੁਰਿੰਦਰ ਸਿੰਘ ਚੀਮਾ, ਕਾਰਜਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ, ਜੀ ਐਮ ਮੰਡੀ ਬੋਰਡ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਮੰਡੀ ਅਫ਼ਸਰ ਗਗਨਦੀਪ ਸਿੰਘ, ਖੇਤੀਬਾੜੀ  ਮੰਤਰੀ ਦੇ ਪੀ ਏ ਸੁਰਿੰਦਰ ਸਿੰਘ ਅਤੇ ਸਰਪੰਚ ਗੁਰਦੇਵ ਸਿੰਘ, ਸਾਬਕਾ ਸਰਪੰਚ ਭਗਤ ਰਾਮ ਤੇ ਸੰਜੀਵ ਕੁਮਾਰ ਅਤੇ ਸਮੂਹ ਪੰਚਾਇਤ ਸਨੇਟਾ ਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਸਨ।


Wikipedia

Search results

Powered By Blogger