Friday, January 2, 2026

ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਵੱਲੋਂ ਭਗਵੰਤ ਸਿੰਘ ਮਾਨ ਅਤੇ ਹਰਪਾਲ ਸਿੰਘ ਚੀਮਾ ਦਾ ਵਨ-ਟਾਈਮ ਸੈਟਲਮੈਂਟ ਸਕੀਮ ਦੀ ਮਿਆਦ ਵਧਾਉਣ ਲਈ ਧੰਨਵਾਦ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ , 02 Jan ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਨ-ਟਾਈਮ ਸੈਟਲਮੈਂਟ (ਓ.ਟੀ.ਐੱਸ.) ਸਕੀਮ–2025 ਨੂੰ 31 ਮਾਰਚ 2026 ਤੱਕ ਵਧਾਉਣ ਦੇ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ ਅਤੇ ਇਸਨੂੰ ਇੱਕ ਬਹੁਤ ਹੀ ਪ੍ਰਗਤੀਸ਼ੀਲ ਅਤੇ ਵਪਾਰੀ-ਹਿਤੈਸ਼ੀ ਕਦਮ ਕਰਾਰ ਦਿੱਤਾ ਹੈ। ਸੂਬੇ ਭਰ ਦੇ ਵਪਾਰੀਆਂ ਦੀ ਤਰਫ਼ੋਂ ਧੰਨਵਾਦ ਪ੍ਰਗਟ ਕਰਦਿਆਂ, ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਨਿਲ ਠਾਕੁਰ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦਾ ਵਪਾਰੀ ਭਾਈਚਾਰੇ ਨਾਲ ਜੁੜੇ ਲੰਮੇ ਸਮੇਂ ਤੋਂ ਲਟਕੇ ਟੈਕਸ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਸੰਵੇਦਨਸ਼ੀਲ ਅਤੇ ਵਿਆਵਹਾਰਿਕ ਦ੍ਰਿਸ਼ਟੀਕੋਣ ਅਪਣਾਉਣ ਲਈ ਧੰਨਵਾਦ ਕੀਤਾ ਹੈ। 


ਉਹਨਾਂ ਕਿਹਾ ਕਿ ਇਸ ਸਬੰਧੀ ਵਪਾਰੀ ਭਾਈਚਾਰੇ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਈ ਗਈ ਸੀ ਤਾਂ ਜੋ ਵੱਧ ਤੋਂ ਵੱਧ ਵਪਾਰੀ ਵਰਗ ਇਸ ਦਾ ਲਾਭ ਲੈ ਸਕੇ। ਸ਼੍ਰੀ ਅਨਿਲ ਠਾਕੁਰ ਨੇ ਕਿਹਾ ਕਿ ਓ.ਟੀ.ਐੱਸ. ਸਕੀਮ ਦੀ ਮਿਆਦ ਵਧਾਉਣਾ ਸੂਬਾ ਸਰਕਾਰ ਦੀ ਉਸ ਡੂੰਘੀ ਸਮਝ ਨੂੰ ਦਰਸਾਉਂਦਾ ਹੈ, ਜਿਸ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਖ਼ਾਸ ਕਰਕੇ ਸਾਲ ਦੀ ਆਖਰੀ ਤਿਮਾਹੀ ਦੌਰਾਨ ਭਾਰੀ "ਪਾਲਣਾ (ਕੰਪਲਾਇੰਸ) ਬੋਝ" ਅਤੇ ਪ੍ਰਕਿਰਿਆਤਮਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਜੀ.ਐੱਸ.ਟੀ. ਤੋਂ ਪਹਿਲਾਂ ਦੇ ਕਾਨੂੰਨਾਂ, ਜਿਵੇਂ ਕਿ ਵੈਟ ਅਤੇ ਕੇਂਦਰੀ ਵਿਕਰੀ ਕਰ (ਸੀ.ਐੱਸ.ਟੀ.) ਨਾਲ ਜੁੜੇ ਪੁਰਾਣੇ ਵਿਵਾਦਾਂ ਦਾ ਸਾਹਮਣਾ ਕਰ ਰਹੇ ਵਪਾਰਾਂ ਲਈ ਵੱਡੀ ਰਾਹਤ ਵਜੋਂ ਸਾਹਮਣੇ ਆਈ ਹੈ। ਸ਼੍ਰੀ ਠਾਕੁਰ ਨੇ ਕਿਹਾ, “ਓ.ਟੀ.ਐੱਸ. ਸਕੀਮ ਨੂੰ 31 ਮਾਰਚ 2026 ਤੱਕ ਵਧਾਉਣ ਦਾ ਫੈਸਲਾ ਪੰਜਾਬ ਸਰਕਾਰ ਦੀ ਵਪਾਰ-ਹਿਤੈਸ਼ੀ ਮਾਹੌਲ ਬਣਾਉਣ ਅਤੇ ਸਵੈੱਛਿਕ ਪਾਲਣਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਵਿਆਜ, ਜੁਰਮਾਨਿਆਂ ਅਤੇ ਯੋਗ ਟੈਕਸ ਰਕਮ ’ਤੇ ਦਿੱਤੀਆਂ ਗਈਆਂ ਵੱਡੀਆਂ ਛੂਟਾਂ ਨਾਲ ਵਪਾਰੀਆਂ ਵਿੱਚ ਭਰੋਸਾ ਵਧਿਆ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਬਕਾਇਆ ਮਾਮਲੇ ਨਿਪਟਾਉਣ ਲਈ ਅੱਗੇ ਆਉਣ ਦੀ ਪ੍ਰੇਰਣਾ ਮਿਲੀ ਹੈ।” ਚੇਅਰਮੈਨ ਨੇ ਅੱਗੇ ਕਿਹਾ ਕਿ ਸਕੀਮ ਅਧੀਨ ਮਿਲੀਆਂ ਅਰਜ਼ੀਆਂ ਦੀ ਵੱਡੀ ਗਿਣਤੀ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਵਪਾਰੀ ਭਾਈਚਾਰੇ ਦੇ ਭਰੋਸੇ ਨੂੰ ਸਪਸ਼ਟ ਕਰਦੀ ਹੈ। 

ਉਨ੍ਹਾਂ ਨੇ ਦੱਸਿਆ ਕਿ ਮਿਆਦ ਵਧਣ ਨਾਲ ਬਾਕੀ ਯੋਗ ਵਪਾਰੀ ਆਪਣੇ ਟੈਕਸ ਬਕਾਇਆ ਦੀ ਢੁਕਵੀਂ ਸਮੀਖਿਆ ਕਰ ਸਕਣਗੇ ਅਤੇ ਬਿਨਾਂ ਕਿਸੇ ਬੇਵਜ੍ਹਾ ਦਬਾਅ ਦੇ ਇਸ ਇਕਮੁਸ਼ਤ ਮੌਕੇ ਦਾ ਲਾਭ ਉਠਾ ਸਕਣਗੇ। ਸ਼੍ਰੀ ਅਨਿਲ ਠਾਕੁਰ ਨੇ ਪੰਜਾਬ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਚਾਵਲ ਮਿੱਲ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਧਾਈ ਗਈ ਮਿਆਦ ਦਾ ਸਮਝਦਾਰੀ ਅਤੇ ਸਦਭਾਵਨਾ ਨਾਲ ਲਾਭ ਉਠਾਉਣ ਅਤੇ ਨਿਰਧਾਰਤ ਸਮੇਂ ਅੰਦਰ ਓ.ਟੀ.ਐੱਸ. ਸਕੀਮ ਅਧੀਨ ਸ਼ਾਮਲ ਹੋਣ। 

ਉਨ੍ਹਾਂ ਨੇ ਕਿਹਾ, “ਇਹ ਬਕਾਇਆ ਰਕਮਾਂ ਨਿਪਟਾਉਣ, ਭਵਿੱਖੀ ਮੁਕੱਦਮੇਬਾਜ਼ੀ ਤੋਂ ਬਚਣ ਅਤੇ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਾਫ਼ ਤੇ ਸਪੱਸ਼ਟ ਵਹੀ ਨਾਲ ਕਰਨ ਦਾ ਸੁਨਹੀਰੀ ਮੌਕਾ ਹੈ। ਵਪਾਰੀ ਭਾਈਚਾਰੇ ਨੂੰ ਸਰਕਾਰ ਦੀ ਹਾ-ਪੱਖੀ ਨੀਤੀ ਨੂੰ ਸਮੇਂ ਸਿਰ ਭਾਗੀਦਾਰੀ ਅਤੇ ਪਾਲਣਾ ਲਈ ਅਪਣਾਉਣਾ ਚਾਹੀਦਾ ਹੈ।”

ਸ਼੍ਰੀ ਠਾਕੁਰ ਨੇ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਵਪਾਰੀਆਂ ਪ੍ਰਤੀ ਪੂਰੇ ਸਮਰਥਨ ਨੂੰ ਦੁਹਰਾਉਂਦਿਆਂ ਕਿਹਾ ਕਿ ਕਮਿਸ਼ਨ ਸਕੀਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਵੇਗਾ।

ਨਵੇਂ ਸਾਲ ਦੇ ਮੌਕੇ ’ਤੇ ਨਿਰੰਕਾਰੀ ਸਤਿਗੁਰੂ ਦਾ ਖੁਸ਼ੀਆਂ ਤੇ ਆਸ਼ੀਰਵਾਦਾਂ ਭਰਿਆ ਪਾਵਨ ਸੰਦੇਸ਼

 ਦਿੱਲੀ , 02 Jan “ਨਿਰੰਕਾਰ ਦੀ ਰਜ਼ਾ ਵਿੱਚ ਜੀਵਨ ਜੀਉਣਾ ਹੀ ਸੱਚੀ ਸਾਧਨਾ ਹੈ।” ਇਹ ਪ੍ਰੇਰਣਾਦਾਇਕ ਬਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵੇਂ ਸਾਲ ਦੇ ਸ਼ੁਭ ਅਵਸਰ ’ਤੇ ਦਿੱਲੀ ਦੇ ਗ੍ਰਾਊਂਡ ਨੰਬਰ–8, ਨਿਰੰਕਾਰੀ ਚੌਕ, ਬੁਰਾੜੀ ਰੋਡ ਵਿਖੇ ਆਯੋਜਿਤ ਵਿਸ਼ੇਸ਼ ਸਤਸੰਗ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਸਤਸੰਗ ਵਿੱਚ ਦਿੱਲੀ, ਐਨ.ਸੀ.ਆਰ. ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। 

ਨਵੇਂ ਸਾਲ ਦੇ ਪਹਿਲੇ ਦਿਨ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਸਾਨਿਧ ਵਿੱਚ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਉਪਦੇਸ਼ ਸੁਣ ਕੇ ਭਗਤਾਂ ਨੇ ਆਤਮਿਕ ਸ਼ਾਂਤੀ ਤੇ ਆਧਿਆਤਮਿਕ ਉਰਜਾ ਦਾ ਅਨੁਭਵ ਕੀਤਾ। ਸਤਿਗੁਰੂ ਮਾਤਾ ਜੀ ਨੇ ਆਪਣੇ ਉਦਬੋਧਨ ਵਿੱਚ ਫਰਮਾਇਆ ਕਿ ਨਵੇਂ ਸਾਲ ਦਾ ਪਹਿਲਾ ਦਿਨ ਸਾਨੂੰ ਸੰਤਾਂ ਦੇ ਬਚਨਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੁਨਹਿਰਾ ਮੌਕਾ ਦਿੰਦਾ ਹੈ। 


ਜਿੱਥੇ ਸੰਸਾਰ ਨਵੇਂ ਸਾਲ ਦੀ ਸ਼ੁਰੂਆਤ ਮੌਜ-ਮਸਤੀ ਨਾਲ ਕਰਦਾ ਹੈ, ਉੱਥੇ ਸੰਤ ਸੱਚ ਅਤੇ ਸਤਸੰਗ ਦਾ ਰਾਹ ਚੁਣਦੇ ਹਨ। ਸਤਸੰਗ ਨਾਲ ਸ਼ੁਰੂ ਹੋਇਆ ਜੀਵਨ ਹਰ ਪਲ ਨਿਰੰਕਾਰ ਦੇ ਅਹਿਸਾਸ ਨੂੰ ਹੋਰ ਵੀ ਮਜ਼ਬੂਤ ਕਰਦਾ ਜਾਂਦਾ ਹੈ। ਤਾਰਕਿਕ ਤੌਰ ’ਤੇ ਨਵਾਂ ਸਾਲ ਧਰਤੀ ਵੱਲੋਂ ਸੂਰਜ ਦੇ ਗਿਰਦ ਇਕ ਹੋਰ ਚੱਕਰ ਅਤੇ ਰੁੱਤਾਂ ਦੇ ਬਦਲਾਅ ਦਾ ਨਾਮ ਹੈ। 

ਅਸੀਂ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਨਵੇਂ ਸੰਕਲਪ ਲੈਂਦੇ ਹਾਂ, ਪਰ ਅਸਲ ਬਦਲਾਅ ਤਦੋਂ ਹੀ ਮਾਇਨੇ ਰੱਖਦਾ ਹੈ ਜਦੋਂ ਉਹ ਅੰਦਰੋਂ ਆਵੇ। ਸੰਤ ਆਤਮ-ਮੰਥਨ ਰਾਹੀਂ ਸਕਾਰਾਤਮਕ ਪਰਿਵਰਤਨ ਲਿਆਉਂਦੇ ਹਨ ਅਤੇ ਨਿਰੰਕਾਰ ਨੂੰ ਸਰਬੋਪਰਿ ਮੰਨਦਿਆਂ ਸੇਵਾ, ਸਿਮਰਨ ਅਤੇ ਸਤਸੰਗ ਨੂੰ ਜੀਵਨ ਦੀ ਪ੍ਰਾਥਮਿਕਤਾ ਬਣਾਉਂਦੇ ਹਨ।

ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਇਕ ਭਗਤ ਦੀ ਇਹੀ ਕਾਮਨਾ ਹੁੰਦੀ ਹੈ ਕਿ ਹਰ ਨਵਾਂ ਸਾਲ ਉਸਨੂੰ ਪਹਿਲਾਂ ਨਾਲੋਂ ਵੱਧ ਸੇਵਾ, ਸਿਮਰਨ ਅਤੇ ਸਤਸੰਗ ਨਾਲ ਜੋੜੇ, ਨਾਲ ਹੀ ਉਹ ਆਪਣੀਆਂ ਸਾਂਸਾਰਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਏ। ਜਦੋਂ ਜੀਵਨ ਆਪ ਹੀ ਸੰਦੇਸ਼ ਬਣ ਜਾਵੇ ਅਤੇ ਕਰਮ ਸ਼ਬਦਾਂ ਨਾਲੋਂ ਵੱਧ ਬੋਲਣ ਲੱਗ ਪੈਣ, ਤਦੋਂ ਹੀ ਸੱਚੀ ਸਾਧਨਾ ਦਾ ਸਰੂਪ ਪ੍ਰਗਟ ਹੁੰਦਾ ਹੈ। 

ਪੂਰੀ ਚੇਤਨ ਅਵਸਥਾ ਵਿੱਚ ਨਿਰੰਕਾਰ ਦੇ ਅਹਿਸਾਸ ਨਾਲ ਜੀਉਣਾ ਹੀ ਅਸਲ ਜੀਵਨ ਹੈ, ਕਿਉਂਕਿ ਭੂਤ ਅਤੇ ਭਵਿੱਖ ਮਾਇਆ ਦੇ ਰੂਪ ਹਨ। ਜਦੋਂ ਮਨ ਵਿੱਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕੱਲ੍ਹ ਵੀ ਦਾਤਾਰ ਦੀ ਰਜ਼ਾ ਸੀ ਅਤੇ ਅੱਜ ਵੀ ਉਸਦੀ ਕਿਰਪਾ ਹੈ, ਤਾਂ ਚਿੰਤਾ ਆਪਣੇ ਆਪ ਮਿਟ ਜਾਂਦੀ ਹੈ ਅਤੇ ਜੀਵਨ ਸੁਖਦ ਤੇ ਸੰਤੁਲਿਤ ਬਣ ਜਾਂਦਾ ਹੈ।

ਨਵਾਂ ਸਾਲ ਸਿਰਫ਼ ਤਾਰੀਖ਼ ਦੇ ਬਦਲਾਅ ਦਾ ਨਾਮ ਨਹੀਂ, ਬਲਕਿ ਪ੍ਰੇਮ, ਮਿਠਾਸ, ਨਿਮਰਤਾ ਅਤੇ ਸਮਝ ਨੂੰ ਅਪਣਾਉਣ ਦਾ ਮੌਕਾ ਹੈ। ਮਨਮੁਟਾਅ ਅਤੇ ਦ੍ਵੈਸ਼ ਤੋਂ ਦੂਰ ਰਹਿ ਕੇ, ਦੂਜਿਆਂ ਦੇ ਭਾਵਾਂ ਨੂੰ ਸਮਝਦਿਆਂ, ਦੋਸ਼ਾਂ ’ਤੇ ਪਰਦਾ ਪਾ ਕੇ ਗੁਣਾਂ ਨੂੰ ਅਪਣਾਉਣਾ ਹੀ ਸੱਚੀ ਭਗਤੀ ਹੈ। ਹਰ ਸਾਹ ਨਾਲ ਸਿਮਰਨ ਹੋਵੇ, ਹਰ ਪਲ ਵਿੱਚ ਨਿਰੰਕਾਰ ਦਾ ਵਾਸ ਹੋਵੇ—ਇਹੀ ਨਵੇਂ ਸਾਲ ਦਾ ਅਸਲ ਅਰਥ ਅਤੇ ਸੰਦੇਸ਼ ਹੈ। 

ਨਵੇਂ ਸਾਲ ਦੇ ਅਵਸਰ ’ਤੇ ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਸਾਰੇ ਸ਼ਰਧਾਲੂਆਂ ਲਈ ਸੁਖ, ਸਮ੍ਰਿਧੀ ਅਤੇ ਆਨੰਦਮਈ ਜੀਵਨ ਦੀਆਂ ਸ਼ੁਭਕਾਮਨਾਵਾਂ ਪ੍ਰਦਾਨ ਕੀਤੀਆਂ।

ਸੀਜੀਸੀ ਲਾਂਡਰਾਂ ਦੇ ਤਿੰਨ ਐਨਸੀਸੀ ਕੈਡਿਟਾਂ ਦੀ ਆਰਡੀਸੀ-2026 ਲਈ ਚੋਣ

 ਲਾਂਡਰਾਂ , 02 Jan ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਤੋਂ ਤਿੰਨ ਐਨਸੀਸੀ ਕੈਡਿਟਾਂ ਦੀ ਚੋਣ ਨਵੀਂ ਦਿੱਲੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਕੈਂਪ (ਆਰਡੀਸੀ) 2026 ਲਈ ਕੀਤੀ ਗਈ ਹੈ। ਇਹ ਚੋਣ ਨੈਸ਼ਨਲ ਕੈਡੇਟ ਕੋਰ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਬਹੁਪੜਾਵੀ ਮੁਲਾਂਕਣ  ਪ੍ਰਕਿਰਿਆ ਰਾਹੀਂ ਦੇਸ਼ ਭਰ ਤੋਂ ਚੁਣੇ ਗਏ ਸੀਮਤ ਗਿਣਤੀ ਦੇ ਕੈਡਿਟ ਸ਼ਾਮਲ ਹਨ।ਚੁਣੇ ਗਏ ਕੈਡਿਟਾਂ ਵਿੱਚੋਂ ਇੱਕ ਸੀਐਸਈ ਵਿਦਿਆਰਥੀ ਅਨੁਭਵ ਨੂੰ ਕਰਤਵਯ ਪਥ ਤੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ, ਜਦ ਕਿ ਇੱਕ ਆਈਟੀ ਵਿਦਿਆਰਥੀ ਨਵੀਨ ਕੁਮਾਰ ਅਤੇ ਇੱਕ ਸੀਐਸਈ ਵਿਦਿਆਰਥੀ ਵਿਸ਼ਾਲ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਕੈਡਿਟਾਂ ਨੇ ਪਹਿਲਾਂ 12 ਤੋਂ ਵੱਧ ਐਨਸੀਸੀ ਕੈਂਪਾਂ ਵਿੱਚ ਹਿੱਸਾ ਲਿਆ ਹੈ ਅਤੇ ਹਰ ਪੜਾਅ ’ਤੇ ਚੋਣ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਨਸੀਸੀ ਵਿਭਾਗ, ਸੀਜੀਸੀ ਲਾਂਡਰਾਂ ਅਤੇ 3 ਪੰਜਾਬ ਬਟਾਲੀਅਨ ਐਨਸੀਸੀ, ਮੋਹਾਲੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ ਹੈ। 


ਇਹ ਚੋਣ ਸੀਜੀਸੀ ਲਾਂਡਰਾਂ ਦੇ ਅੰਤਰ ਸਮੂਹ ਅਤੇ ਰਾਸ਼ਟਰੀ ਪੱਧਰ ’ਤੇ ਐਨਸੀਸੀ ਗਤੀਵਿਧੀਆਂ ਵਿੱਚ ਭਾਗੀਦਾਰੀ ਅਤੇ ਪ੍ਰਦਰਸ਼ਨ ਦੇ ਸਥਾਪਿਤ ਰਿਕਾਰਡ ਵਿੱਚ ਵਾਧਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਕੈਡੇਟ ਸਲੋਨੀ ਨਾਇਕ ਜਿਸਨੇ ਇੰਟਰ-ਸਮੂਹ ਸਪੋਰਟਸ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਸੀ, ਕੈਡੇਟ ਪ੍ਰਨੀਤ ਕੌਰ ਜਿਸਨੇ ਬੇਸਿਕ ਲੀਡਰਸ਼ਿਪ ਕੈਂਪ ਵਿੱਚ ਚੋਟੀ ਦੇ ਸਥਾਨ ਪ੍ਰਾਪਤ ਕੀਤੇ ਸਨ ਅਤੇ ਬਹਿਸ ਵਿੱਚ ਉੱਤਮਤਾ ਲਈ ਮਾਨਤਾ ਪ੍ਰਾਪਤ ਕੀਤੀ ਗਈ ਸੀ। 

ਇਸੇ ਤਰ੍ਹਾਂ, ਸੀਨੀਅਰ ਅੰਡਰ ਅਫਸਰ ਮਹਿਮਾ ਨੂੰ ਸਿਖਲਾਈ ਕੈਂਪਾਂ ਅਤੇ ਭਾਈਚਾਰਕ ਸ਼ਮੂਲੀਅਤ ਪਹਿਲਕਦਮੀਆਂ ਵਿੱਚ ਉਸਦੇ ਪ੍ਰਦਰਸ਼ਨ ਲਈ ਸਰਬੋਤਮ ਕੈਡੇਟ ਲਈ ਸੀਡਬਲਯੂਐਸ ਅਵਾਰਡ ਮਿਲਿਆ। ਇਸ ਤੋਂ ਪਹਿਲਾਂ, ਕੈਡੇਟ ਵਿਦੁਸ਼ੀ ਚੌਹਾਨ ਨੇ 2025 ਵਿੱਚ ਕਾਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ ਵਿੱਚ ਸੀਜੀਸੀ ਲਾਂਡਰਾਂ ਦੀ ਨੁਮਾਇੰਦਗੀ ਕੀਤੀ ਸੀ।

ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਵਿੱਚ ਮੇਧਾਵੀ ਤੋਮਰ ਵੀ ਸ਼ਾਮਲ ਸਨ ਜਿਨ੍ਹਾਂ ਨੇ 2019 ਵਿੱਚ ਐਨਸੀਸੀ ਦਾ ਆਲ ਇੰਡੀਆ ਬੈਸਟ ਕੈਡੇਟ ਅਵਾਰਡ ਜਿੱਤਿਆ ਸੀ ਅਤੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਦੀ ਐਨਸੀਸੀ ਰੈਲੀ ਦੌਰਾਨ ਸਨਮਾਨਿਤ ਕੀਤਾ ਗਿਆ ਸੀ;  ਇਹ ਪ੍ਰਾਪਤੀਆਂ ਸੰਸਥਾ ਦੇ ਸਾਰੇ ਐਨਸੀਸੀ ਕੈਡਿਟਾਂ ਲਈ ਪ੍ਰੇਰਨਾ ਵਜੋਂ ਕੰਮ ਕਰਦੀਆਂ ਰਹਿੰਦੀਆਂ ਹਨ। 

ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਚੋਣ ਮੌਕੇ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਵੀ ਇਸ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਕੈਂਪ ਲਈ ਸਾਡੇ ਕੈਡਿਟਾਂ ਦੀ ਚੋਣ ਅਤੇ ਗਣਤੰਤਰ ਦਿਵਸ ਪਰੇਡ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਵਰਗੇ ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਕੈਡਿਟਾਂ ਵੱਲੋਂ ਕੀਤੇ ਨਿਰੰਤਰ ਯਤਨਾਂ ਅਤੇ ਸੀਜੀਸੀ ਲਾਂਡਰਾਂ ਵਿਖੇ ਐਨਸੀਸੀ ਵੱਲੋਂ ਪ੍ਰਦਾਨ ਕੀਤੀ ਗਈ ਢਾਂਚਾਗਤ ਸਿਖਲਾਈ ਨੂੰ ਦਰਸਾਉਂਦੀ ਹੈ। 

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੀ ਭਾਗੀਦਾਰੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਸੀਜੀਸੀ ਲਾਂਡਰਾਂ ਦਾ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਨਾਲ ਨਿਰੰਤਰ ਸਬੰਧ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਨੇਤਾ ਵਿਕਾਸ, ਅਨੁਸ਼ਾਸਨ ਅਤੇ ਨਾਗਰਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਹੈ।

ਐਸ.ਸੀ. ਭਾਈਚਾਰੇ ਦੀ ਭਲਾਈ ਲਈ ਸਬ-ਪਲਾਨ ਦੀ ਸਮੀਖਿਆ, 25 ਵਿਭਾਗਾਂ ਨਾਲ ਡਾ. ਬਲਜੀਤ ਕੌਰ ਦੀ ਅਹਿਮ ਬੈਠਕ

 ਚੰਡੀਗੜ੍ਹ , 02 Jan ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਸਮਾਜਿਕ-ਆਰਥਿਕ ਭਲਾਈ ਲਈ ਲਾਗੂ ਕੀਤੇ ਜਾ ਰਹੇ ਅਨੁਸੂਚਿਤ ਜਾਤੀਆਂ ਸਬ-ਪਲਾਨ (ਐਸ.ਸੀ.ਐਸ.ਪੀ.) ਦੀ ਪ੍ਰਗਤੀ ਦੀ ਸਮੀਖਿਆ ਲਈ ਇਕ ਅਹਿਮ ਬੈਠਕ ਕੀਤੀ। ਇਸ ਬੈਠਕ ਦੌਰਾਨ ਐਸ.ਸੀ. ਸਬ-ਪਲਾਨ ਅਧੀਨ ਸਕੀਮਾਂ ਲਾਗੂ ਕਰ ਰਹੇ ਲਗਭਗ 25 ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਡਾ. ਬਲਜੀਤ ਕੌਰ ਨੇ ਵਿੱਤੀ ਸਾਲ 2025-26 ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਐਸ.ਸੀ. ਸਬ-ਪਲਾਨ ਤਹਿਤ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਯੋਜਨਾਵਾਂ ਲਈ ਰੱਖੀ ਗਈ ਰਾਸ਼ੀ ਹਾਲੇ ਤੱਕ ਖਰਚ ਨਹੀਂ ਹੋਈ, ਉਸ ਦੀ ਵਰਤੋਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਰਾਸ਼ੀ ਤੁਰੰਤ ਜਾਰੀ ਕਰਵਾ ਕੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚਾਇਆ ਜਾਵੇ।


ਮੰਤਰੀ ਨੇ ਸਪੱਸ਼ਟ ਕੀਤਾ ਕਿ ਐਸ.ਸੀ. ਸਬ-ਪਲਾਨ ਤਹਿਤ ਰੱਖੀ ਗਈ ਰਾਸ਼ੀ ਦੀ ਵਰਤੋਂ ਸਿਰਫ਼ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਹੀ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਜਾਂ ਗਲਤ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ-ਆਪਣੇ ਵਿਭਾਗਾਂ ਵੱਲੋਂ ਕਵਰ ਕੀਤੇ ਜਾ ਰਹੇ ਲਾਭਪਾਤਰੀਆਂ ਅਤੇ ਪਿੰਡਾਂ ਦੀ ਵਿਸਥਾਰਪੂਰਕ ਸੂਚੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਮੁਹੱਈਆ ਕਰਵਾਈ ਜਾਵੇ, ਤਾਂ ਜੋ ਰਾਖਵੇਂ ਫੰਡਾਂ ਦੀ ਸਹੀ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਈ ਜਾ ਸਕੇ।

ਡਾ. ਬਲਜੀਤ ਕੌਰ ਨੇ ਵਿਭਾਗਾਂ ਨੂੰ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਮੌਜੂਦਾ ਲੋੜਾਂ ਦੇ ਅਨੁਕੂਲ ਨਵੀਆਂ, ਲੋਕ-ਹਿਤੈਸ਼ੀ ਅਤੇ ਨਿਵੇਕਲੀਆਂ ਸਕੀਮਾਂ ਤਿਆਰ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਨੁਸੂਚਿਤ ਜਾਤੀਆਂ ਦੇ ਸਮੂਹਿਕ ਵਿਕਾਸ, ਸਸ਼ਕਤੀਕਰਨ ਅਤੇ ਉਨ੍ਹਾਂ ਦੀ ਜੀਵਨ-ਪੱਧਰ ਨੂੰ ਸੁਧਾਰਨ ਲਈ ਲਗਾਤਾਰ ਪ੍ਰਭਾਵਸ਼ਾਲੀ ਕਦਮ ਚੁੱਕ ਰਹੀ ਹੈ। ਮੰਤਰੀ ਨੇ ਐਸ.ਸੀ. ਸਬ-ਪਲਾਨ ਦੀ ਪ੍ਰਗਤੀ ਦੀ ਨਿਰੰਤਰ ਸਮੀਖਿਆ ਲਈ ਜਲਦੀ ਹੀ ਦੁਬਾਰਾ ਅਜਿਹੀ ਬੈਠਕ ਕਰਨ ਦੀ ਗੱਲ ਵੀ ਕਹੀ, ਤਾਂ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਸਕੀਮਾਂ ਦਾ ਲਾਗੂਕਰਨ ਹੋਰ ਵੱਧ ਸੁਚਾਰੂ, ਸਮੇਂ-ਸਿਰ ਅਤੇ ਪ੍ਰਭਾਵੀ ਬਣਾਇਆ ਜਾ ਸਕੇ।

ਇਸ ਬੈਠਕ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ (ਆਈ.ਏ.ਐਸ), ਐਸ.ਸੀ. ਸਬ-ਪਲਾਨ ਲਈ ਨੋਡਲ ਵਿਭਾਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵੀ.ਕੇ. ਮੀਨਾ (ਆਈ.ਏ.ਐੱਸ.), ਡਾਇਰੈਕਟਰ-ਕਮ-ਵਧੀਕ ਸਕੱਤਰ ਸ਼੍ਰੀਮਤੀ ਵਿੰਮੀ ਭੁੱਲਰ (ਆਈ.ਏ.ਐੱਸ.), ਖੋਜ ਅਫ਼ਸਰ ਡਾ. ਲਿਵਪ੍ਰੀਤ ਕੌਰ ਅਤੇ ਸ਼੍ਰੀ ਕਮਲਜੀਤ ਸਿੰਘ ਵੀ ਹਾਜ਼ਰ ਰਹੇ।

ਕੁਲਜੀਤ ਸਿੰਘ ਰੰਧਾਵਾ ਵੱਲੋਂ ਨਵੇਂ ਸਾਲ ਮੌਕੇ ਲਾਲੜੂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪ੍ਰੋਜੈਕਟ ਦੀ ਸ਼ੁਰੂਆਤ

 ਲਾਲੜੂ/(ਐੱਸ.ਏ.ਐੱਸ. ਨਗਰ) , 02 Jan ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਨਵੇਂ ਸਾਲ ਮੌਕੇ ਨਗਰ ਕੌਂਸਲ ਲਾਲੜੂ ਅਧੀਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਲਾਗੂ ਕੀਤੇ ਜਾ ਰਹੇ ਮਹੱਤਵਪੂਰਨ ਪਾਣੀ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 2 ਕਰੋੜ 70 ਲੱਖ 89 ਹਜ਼ਾਰ ਰੁਪਏ ਮਨਜ਼ੂਰ ਕੀਤੀ ਗਈ ਹੈ, ਜਿਸ ਦਾ ਮਕਸਦ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਮਜ਼ਬੂਤ ਕਰਨਾ ਹੈ। 

ਉਨ੍ਹਾਂ ਇਸ ਮੌਕੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਹਲਕੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਵਿਧਾਇਕ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਦੋ ਨਵੇਂ ਟਿਊਬਵੈੱਲ ਲਗਾਏ ਜਾਣਗੇ, ਜਿਨ੍ਹਾਂ ਦੀ ਅੰਦਾਜ਼ਨ ਲਾਗਤ 40-40 ਲੱਖ ਰੁਪਏ ਹੈ, ਇਸ ਤਰ੍ਹਾਂ ਦੋਹਾਂ ਟਿਊਬਵੈੱਲਾਂ ’ਤੇ ਕੁੱਲ 80 ਲੱਖ ਰੁਪਏ ਖਰਚ ਆਵੇਗਾ। 


ਪਹਿਲਾ ਟਿਊਬਵੈੱਲ ਅਨਾਜ ਮੰਡੀ, ਸਰਦਾਰਪੁਰਾ (ਵਾਰਡ ਨੰਬਰ 4), ਲਾਲੜੂ ਵਿਖੇ ਅਤੇ ਦੂਜਾ ਟਿਊਬਵੈੱਲ ਆਲਮਗੀਰ (ਵਾਰਡ ਨੰਬਰ 9) ਵਿੱਚ ਲਾਇਆ ਜਾਵੇਗਾ, ਜਿਸ ਨਾਲ ਇਲਾਕੇ ਵਿੱਚ ਪਾਣੀ ਦੀ ਉਪਲਬਧਤਾ ਵਿੱਚ ਵੱਡਾ ਸੁਧਾਰ ਆਵੇਗਾ। ਇਸ ਤੋਂ ਇਲਾਵਾ, ਪਾਣੀ ਦੀ ਸੁਚੱਜੀ ਵੰਡ ਨੂੰ ਯਕੀਨੀ ਬਣਾਉਣ ਲਈ 5.93 ਕਿਲੋਮੀਟਰ ਲੰਬੀ ਪਾਣੀ ਸਪਲਾਈ ਪਾਈਪਲਾਈਨ ਵਿਛਾਈ ਜਾਵੇਗੀ, ਜਿਸ ਦੀ ਅੰਦਾਜ਼ਨ ਲਾਗਤ 190.89 ਲੱਖ ਰੁਪਏ ਹੈ।

ਇਸ ਮੌਕੇ ’ਤੇ ਬੋਲਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੁਨਿਆਦੀ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਸਾਫ਼ ਤੇ ਨਿਰੰਤਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਾਲੜੂ ਵਿੱਚ ਲੰਮੇ ਸਮੇਂ ਤੋਂ ਚੱਲ ਰਹੀਆਂ ਪਾਣੀ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਅਤੇ ਸ਼ਹਿਰੀ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ।

ਪ੍ਰੋਜੈਕਟ ਦੀ ਸ਼ੁਰੂਆਤ ਸਮੇਂ ਨਗਰ ਕੌਂਸਲ ਪ੍ਰਧਾਨ, ਪਾਰਟੀ ਦੇ ਬਲਾਕ ਪ੍ਰਧਾਨ, ਕੌਂਸਲਰ ਸਾਹਿਬਾਨ, ਜਲ  ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਪਾਰਟੀ ਦੀ ਸਮੁੱਚੀ ਟੀਮ ਤੇ ਸਥਾਨਕ ਵਾਰਡ ਵਾਸੀ ਵੀ ਮੌਜੂਦ ਸਨ।

69 ਵੀਂ ਸਕੂਲ ਨੈਸ਼ਨਲ ਖੇਡਾਂ 2025-26 ਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

 ਬਰਨਾਲਾ , 02 Jan 69 ਵੀਂ ਨੈਸ਼ਨਲ ਸਕੂਲ ਖੇਡਾਂ 2025-26 ਦੌਰਾਨ ਜ਼ਿਲ੍ਹਾ ਬਰਨਾਲਾ ਦੇ 8 ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ ਅਤੇ ਚਾਰ ਸੋਨ  ਤਗਮੇ, ਇੱਕ ਚਾਂਦੀ ਦਾ ਤਗਮਾ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਅੱਜ ਜ਼ਿਲ੍ਹੇ 'ਚ ਪਰਤਣ 'ਤੇ ਸਨਮਾਨਤ ਕੀਤਾ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਮਨਕਰਨਜੋਤ ਸਿੰਘ, ਜਪੁਸਿਮਰਨ ਸਿੰਘ, ਸਾਹਿਬਜੋਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨੈੱਟ ਬਾਲ ਅੰਡਰ 19 ਲੜਕੇ 'ਚ ਮੈੰਗਲੂਰ ਕਰਨਾਟਕਾ ਵਿਖੇ ਸੋਨ ਤਮਗਾ ਜਿੱਤਿਆ। 


ਇਨ੍ਹਾਂ ਵਿਚੋਂ ਮਨਕਰਨਜੋਤ ਸਿੰਘ ਦੇਸ਼ ਦਾ ਬੈਸਟ ਸ਼ੂਟਰ ਦਾ ਖਿਤਾਬ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਹਨ। ਇਸੇ ਤਰਾਂ ਹਿਮਾਂਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤੋਂ ਸੀਮਾਂ ਕੌਰ ਤੇ ਗੀਤਾ ਕੌਰ ਸ.ਸ.ਸ.ਸ ਮੌੜਾਂ, ਤੋਂ ਨੇ ਨੈੱਟਬਾਲ ਅੰਡਰ 19 ਲੜਕੀਆਂ ਵਿੱਚੋਂ ਬਰਾਉਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਤਸਨੀਮ ਕੌਰ ਢਿੱਲੋਂ ਅਕਾਲ ਅਕੈਡਮੀ ਭਦੌੜ, ਨੇ ਅਥਲੈਟਿਕਸ 4x400 ਮੀ. ਰਿਲੇਅ ਲਖਨਊ (ਯੂਪੀ) ਵਿਖੇ ਸਿਲਵਰ ਮੈਡਲ ਪ੍ਰਾਪਤ ਕੀਤਾ ।

ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਸੁਨੀਤਇੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸਰਮਾਂ, ਉਪ ਜ਼ਿਲ੍ਹਾ ਸਿਖਿਆ ਅਫ਼ਸਰ ਬਰਜਿੰਦਰਪਾਲ ਸਿੰਘ, ਡੀ ਐਮ ਸਪੋਰਟਸ ਸਿਮਰਦੀਪ ਸਿੰਘ, ਪ੍ਰਿੰਸੀਪਲ ਸਰਵਹਿੱਤਕਾਰੀ ਵਿੱਦਿਆ ਮੰਦਰ ਬਰਨਾਲਾ ਐਸ.ਕੇ ਮਲਿਕ, ਲੈਕ. ਫ਼ਿਜ਼ੀਕਲ ਦਲਜੀਤ ਸਿੰਘ, ਪੀ ਟੀ ਆਈ ਰਜਿੰਦਰ ਸਿੰਘ, ਹਰਨੇਕ ਸਿੰਘ ਕੌਚ, ਮਨਜੀਤ ਸਿੰਘ, ਅਨਿਲ ਸਰਮਾਂ, ਬਲਜਿੰਦਰ ਸਿੰਘ ਅਕਾਲ ਅਕੈਡਮੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਕੁਲਵੰਤ ਸਿੰਘ ਵੱਲੋਂ ਮੋਹਾਲੀ ਵਿੱਚ ਚਾਰ ਨਵੀਆਂ ਲਾਇਬ੍ਰੇਰੀਆਂ ਦੇ ਨਿਰਮਾਣ ਕੰਮ ਦੀ ਸ਼ੁਰੂਆਤ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ , 02 Jan ਆਮ ਲੋਕਾਂ ਵਿੱਚ ਚੰਗਾ ਸਾਹਿਤ ਅਤੇ ਕਿਤਾਬਾਂ ਪੜ੍ਹਨ-ਲਿਖਣ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਨਵੀਆਂ ਸਰਕਾਰੀ ਲਾਇਬ੍ਰੇਰੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਇਹ ਪਹਿਲ ਨੌਜਵਾਨਾਂ ਅਤੇ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨ ਲਈ ਬਹੁਤ ਹੀ ਸਾਰਥਕ ਕਦਮ ਸਾਬਤ ਹੋਵੇਗੀ। 


ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿੱਖਿਆ ਅਤੇ ਬੌਧਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਯੋਜਨਾ ਤਹਿਤ ਮੋਹਾਲੀ ਦੇ ਸੈਕਟਰ 77, 78, 79 ਅਤੇ 80 ਵਿੱਚ ਇੱਕ-ਇੱਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਲਾਇਬ੍ਰੇਰੀਆਂ ਲਈ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਡਿਵੈਲਪਮੈਂਟ ਫੰਡ (ਐਮ.ਡੀ.ਐੱਫ.) ਅਧੀਨ ਕੁੱਲ 140 ਲੱਖ ਰੁਪਏ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ ਹਰ ਇਕ ਲਾਇਬ੍ਰੇਰੀ ’ਤੇ ਲਗਭਗ 35 ਲੱਖ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਹਰ ਲਾਇਬ੍ਰੇਰੀ ਦਾ ਕੁੱਲ ਖੇਤਰਫਲ 1800 ਵਰਗ ਫੁੱਟ ਹੋਵੇਗਾ, ਜਿਸ ਵਿੱਚ 32x27 ਫੁੱਟ ਦਾ ਵਿਸ਼ਾਲ ਹਾਲ, ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਬਾਥਰੂਮ, ਦਫ਼ਤਰ, ਪੈਂਟਰੀ ਅਤੇ ਸਟੋਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀਆਂ ਦਾ ਨਿਰਮਾਣ ਕਾਰਜ ਲਗਭਗ ਤਿੰਨ ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਅਤੇ ਆਮ ਨਾਗਰਿਕਾਂ ਲਈ ਗਿਆਨ ਦੇ ਕੇਂਦਰ ਸਾਬਤ ਹੋਣਗੀਆਂ।

ਇਸ ਮੌਕੇ ਸੁਰਿੰਦਰ ਸਿੰਘ ਰੋਡਾ, ਹਰਸੰਗਤ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਕੌਰ, ਕੁਲਵੰਤ ਕੌਰ ਕੋਮਲ, ਰੂਪਾ ਸੋਹਾਣਾ, ਰਣਦੀਪ ਸਿੰਘ, ਗੁਰਪ੍ਰੀਤ ਕੌਰ ਕੌਂਸਲਰ, ਅਵਤਾਰ ਸਿੰਘ ਮੌਲੀ, ਹਰਜੋਤ ਗੱਬਰ, ਚਰਨਜੀਤ ਕੌਰ, ਸੁਖਚੈਨ ਸਿੰਘ, ਮੇਜਰ ਸਿੰਘ, ਬੀ.ਐਸ. ਚਾਹਲ ਵੀ ਹਾਜ਼ਰ ਸਨ।

ਜਨਗਣਨਾ ਦੌਰਾਨ ਵਾਰਡ ਸੀਮਾਬੰਦੀ ਅਸੰਵਿਧਾਨਕ: ਭਾਜਪਾ ਪੰਜਾਬ ਨੇ ਰਾਜਪਾਲ ਤੋਂ ਦਖ਼ਲ ਦੀ ਮੰਗ ਕੀਤੀ

 

ਚੰਡੀਗੜ੍ਹ , 02 Jan ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇੱਕ ਉੱਚ ਪੱਧਰੀ ਵਫ਼ਦ—ਜਿਸ ਦੀ ਅਗਵਾਈ ਅਸ਼ਵਨੀ ਸ਼ਰਮਾ, ਵਿਧਾਇਕ ਅਤੇ ਕਾਰਜਕਾਰੀ ਪ੍ਰਦੇਸ਼ ਪ੍ਰਧਾਨ ਨੇ ਕੀਤੀ—ਅੱਜ ਰਾਜਭਵਨ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਨਾਲ ਮਿਲਿਆ ਅਤੇ ਸੂਬੇ ਭਰ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਮਨਮਰਜ਼ੀ, ਜਲਦਬਾਜ਼ੀ ਭਰੀ ਅਤੇ ਗੈਰਕਾਨੂੰਨੀ ਵਾਰਡ ਸੀਮਾਬੰਦੀ ਦੇ ਖ਼ਿਲਾਫ਼ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਇੱਕ ਵਿਸਥਾਰਤ ਮੈਮੋਰੈਂਡਮ ਸੌਂਪਿਆ।

ਭਾਜਪਾ ਵਫ਼ਦ ਨੇ ਰਾਜਪਾਲ ਨੂੰ ਅਵਗਤ ਕਰਾਇਆ ਕਿ ਮੌਜੂਦਾ ਵਾਰਡ ਸੀਮਾਬੰਦੀ ਪ੍ਰਕਿਰਿਆ ਬੇਹੱਦ ਜਲਦਬਾਜ਼ੀ ਵਿੱਚ, ਬਿਨਾਂ ਪਾਰਦਰਸ਼ਿਤਾ ਦੇ ਅਤੇ ਕਾਨੂੰਨੀ ਨਿਯਮਾਂ ਤੇ ਸੰਵਿਧਾਨਕ ਸਿਧਾਂਤਾਂ ਦੀ ਸਪਸ਼ਟ ਉਲੰਘਣਾ ਕਰਕੇ ਚਲਾਈ ਜਾ ਰਹੀ ਹੈ। ਮੈਮੋਰੈਂਡਮ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਕੋਈ ਢੰਗ ਨਾਲ ਘਰ-ਘਰ ਆਬਾਦੀ ਸਰਵੇ ਨਹੀਂ ਕੀਤਾ ਗਿਆ ਅਤੇ ਪ੍ਰਸਤਾਵਿਤ ਵਾਰਡਾਂ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਪੱਧਰ ’ਤੇ ਆਬਾਦੀ ਵਿੱਚ ਅਸਵਭਾਵਿਕ ਅਤੇ ਬਿਨਾਂ ਵਜ੍ਹਾ ਘਟਾਅ ਦਿਖਾਈ ਦੇ ਰਹੀ ਹੈ, ਜਿਸ ਨਾਲ ਵਰਤੇ ਗਏ ਅੰਕੜਿਆਂ ਦੀ ਪ੍ਰਮਾਣਿਕਤਾ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।


ਵਫ਼ਦ ਨੇ ਲਗਾਤਾਰਤਾ ਅਤੇ ਸੰਨਿਕਟਤਾ (ਕੰਟੀਗਿਊਇਟੀ) ਦੇ ਸਿਧਾਂਤਾਂ ਦੀਆਂ ਗੰਭੀਰ ਉਲੰਘਣਾਵਾਂ ਵੱਲ ਵੀ ਧਿਆਨ ਦਿਵਾਇਆ, ਜਿੱਥੇ ਭੂਗੋਲਕ ਤੌਰ ’ਤੇ ਅਸੰਬੰਧਿਤ ਖੇਤਰਾਂ ਨੂੰ ਮਨਮਰਜ਼ੀ ਨਾਲ ਇਕੱਠਾ ਜੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰਿਜ਼ਰਵੇਸ਼ਨ ਮਿਆਰਾਂ ਦੇ ਦੁਰਪਯੋਗ ਬਾਰੇ ਵੀ ਗੰਭੀਰ ਚਿੰਤਾਵਾਂ ਜਤਾਈਆਂ ਗਈਆਂ—ਜਿੱਥੇ ਘੱਟ ਅਨੁਸੂਚਿਤ ਜਾਤੀ ਅਤੇ ਪਿੱਛੜੇ ਵਰਗ (ਐਸਸੀ/ਬੀਸੀ) ਆਬਾਦੀ ਵਾਲੇ ਵਾਰਡਾਂ ਨੂੰ ਰਾਖਵੇਂ ਕਰ ਦਿੱਤਾ ਗਿਆ ਹੈ, ਜਦਕਿ ਵੱਧ ਐਸਸੀ/ਬੀਸੀ ਆਬਾਦੀ ਵਾਲੇ ਖੇਤਰਾਂ ਨੂੰ ਜਨਰਲ ਘੋਸ਼ਿਤ ਕੀਤਾ ਗਿਆ ਹੈ।

ਮਹੱਤਵਪੂਰਨ ਤੌਰ ’ਤੇ, ਭਾਜਪਾ ਵਫ਼ਦ ਨੇ 16ਵੀਂ ਜਨਗਣਨਾ ਨਾਲ ਸੰਬੰਧਿਤ ਜਾਰੀ ਕੀਤੀਆਂ ਜਨਗਣਨਾ ਅਧਿਸੂਚਨਾਵਾਂ ਵੱਲ ਧਿਆਨ ਦਿਵਾਇਆ। ਜਿਨ੍ਹਾਂ ਅਨੁਸਾਰ ਜਨਗਣਨਾ ਕਾਰਵਾਈਆਂ ਦੌਰਾਨ ਨਗਰ ਪਾਲਿਕਾ ਅਤੇ ਵਾਰਡ ਸੀਮਾਵਾਂ ਨੂੰ ਫ੍ਰੀਜ਼ ਰੱਖਣਾ ਲਾਜ਼ਮੀ ਹੈ—ਅਤੇ ਇਹ ਅਧਿਸੂਚਨਾਵਾਂ ਰਾਜਪਾਲ ਦੇ ਅਧਿਕਾਰ ਹੇਠ ਹੀ ਜਾਰੀ ਕੀਤੀਆਂ ਗਈਆਂ ਹਨ। 

ਇਸ ਦੇ ਬਾਵਜੂਦ, ਪੰਜਾਬ ਸਰਕਾਰ ਇਨ੍ਹਾਂ ਹੁਕਮਾਂ ਦੀ ਸਪਸ਼ਟ ਉਲੰਘਣਾ ਕਰਦਿਆਂ ਸੀਮਾਬੰਦੀ ਅੱਗੇ ਵਧਾ ਰਹੀ ਹੈ। ਵਫ਼ਦ ਨੇ ਰਾਜਪਾਲ ਤੋਂ ਬੇਨਤੀ ਕੀਤੀ ਕਿ ਉਹ ਸਥਾਨਕ ਸਰਕਾਰ ਵਿਭਾਗ ਤੋਂ ਪੂਰਾ ਰਿਕਾਰਡ ਤਲਬ ਕਰਨ ਅਤੇ ਰਾਜ ਸਰਕਾਰ ਨੂੰ ਜਨਗਣਨਾ ਅਧਿਸੂਚਨਾਵਾਂ, ਕਾਨੂੰਨੀ ਪ੍ਰਬੰਧਾਂ ਅਤੇ ਸੰਵਿਧਾਨਕ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਜਾਰੀ ਕਰਨ, ਤਾਂ ਜੋ ਲੋਕਤੰਤਰਕ ਮੁੱਲਾਂ ਅਤੇ ਪੰਜਾਬ ਦੀ ਜਨਤਾ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਵਫ਼ਦ ਵਿੱਚ ਸ਼ਾਮਲ ਸਨ: ਸਾਬਕਾ ਕੈਬਿਨੇਟ ਮੰਤਰੀ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਮਨੋਰੰਜਨ ਕਾਲੀਆ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੈਤ ਮਲਿਕ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪ੍ਰਦੇਸ਼ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਪ੍ਰਦੇਸ਼ ਮਹਾਂਸਚਿਵ ਪਰਮਿੰਦਰ ਸਿੰਘ ਬ੍ਰਾਰ, ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਢਿੱਲੋਂ, ਸਾਬਕਾ ਵਿਧਾਇਕ ਫਤੇਹ ਸਿੰਘ ਬਾਜਵਾ, ਪ੍ਰਦੇਸ਼ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਪ੍ਰਦੇਸ਼ ਕਾਨੂੰਨੀ ਸੈੱਲ ਪ੍ਰਮੁੱਖ ਐਨ. ਕੇ. ਵਰਮਾ ਅਤੇ ਰੰਜੀਤ ਗਿੱਲ।

SBP GROUP

SBP GROUP

Search This Blog

Total Pageviews


Wikipedia

Search results

Powered By Blogger