ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਫ਼ਰਵਰੀ : ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 20 ਤੋਂ ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਉਮੀਦਵਾਰ ਹਰਪਾਲ ਸਿੰਘ ਦੇ ਅੱਜ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ ’ਤੇ ਪੀ.ਡੀ.ਪੀ. ਦੇ ਰਾਸ਼ਟਰੀ ਪ੍ਰਧਾਨ ਸ੍ਰ. ਗੁਰਕ੍ਰਿਪਾਲ ਸਿੰਘ ਮਾਨ ਨੇ ਕਿਹਾ ਹੈ ਕਿ ਮੋਹਾਲੀ ਪ੍ਰਸ਼ਾਸਨ ਦੇ ਅਧਿਕਾਰੀ ਕੈਬਨਿਟ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਦੀਆਂ ਉਂਗਲਾਂ ’ਤੇ ਨੱਚ ਰਹੇ ਹਨ ਜੋ ਕਿ ਚੋਣਾਂ ਵਿੱਚ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰਨ ਲਈ ਸ਼ਰੇਆਮ ਚੋਣ ਕਮਿਸ਼ਨ ਪੰਜਾਬ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗੁਰਕ੍ਰਿਪਾਲ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਵਾਰਡ ਨੰਬਰ 20 ਤੋਂ ਉਮੀਦਵਾਰ ਹਰਪਾਲ ਸਿੰਘ ਦੇ ਕਾਗਜ਼ ਇਸ ਗਰਾਉਂਡ ਉਤੇ ਰੱਦ ਕਰ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਕਵਰਿੰਗ ਉਮੀਦਵਾਰ (ਪ੍ਰਪੋਜ਼ਰ) ਕਿਸੇ ਹੋਰ ਵਾਰਡ ਦੇ ਵਸਨੀਕ ਹਨ। ਜਦਕਿ ਨਿਯਮਾਂ ਮੁਤਾਬਕ ਕਵਰਿੰਗ ਉਮੀਦਵਾਰ ਕਿਸੇ ਵੀ ਵਾਰਡ ਨਾਲ ਸਬੰਧਿਤ ਹੋ ਸਕਦਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹਰਪਾਲ ਸਿੰਘ ਨੂੰ ਕਾਗਜ਼ ਰੱਦ ਕੀਤੇ ਜਾਣ ਸਬੰਧੀ ਕੋਈ ਸਰਕਾਰੀ ਕਾਗਜ਼ ਵੀ ਨਹੀਂ ਦਿੱਤਾ ਗਿਆ।
ਸ੍ਰ. ਮਾਨ ਨੇ ਕਿਹਾ ਕਿ ਉਮੀਦਵਾਰ ਹਰਪਾਲ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਰਿਸ਼ਭ ਜੈਨ ਦੇ ਮੁਕਾਬਲੇ ਵਿੱਚ ਖਡ਼੍ਹਾ ਹੋਇਆ ਸੀ ਜਿਸ ਤੋਂ ਕਾਂਗਰਸੀ ਉਮੀਦਵਾਰ ਨੂੰ ਆਪਣੀ ਹਾਰ ਸਪੱਸ਼ਟ ਨਜ਼ਰ ਆ ਰਹੀ ਸੀ ਪ੍ਰੰਤੂ ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਐਸ.ਡੀ.ਐਮ. ਮੋਹਾਲੀ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀ.ਡੀ.ਪੀ. ਰਵਾਇਤੀ ਰਾਜਨੀਤਕ ਪਾਰਟੀਆਂ ਦੀ ਕਥਿਤ ਗੁੰਡਾਗਰਦੀ ਖ਼ਤਮ ਕਰਨ ਲਈ ਹੀ ਚੋਣ ਮੈਦਾਨ ਵਿੱਚ ਉਤਰੀ ਹੈ ਕਿਉਂਕਿ ਇਹ ਰਵਾਇਤੀ ਪਾਰਟੀਆਂ ਦੇ ਬਦਲ ਵਜੋਂ ਉਭਰ ਰਹੀ ਹੈ। ਪੀ.ਡੀ.ਪੀ. ਸੱਤਾਧਾਰੀ ਪਾਰਟੀ ਕਾਂਗਰਸ ਅਤੇ ਇਸ ਦੇ ਦਬਾਅ ਹੇਠ ਕੰਮ ਕਰ ਰਹੇ ਅਫ਼ਸਰਾਂ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਕਾਂਗਰਸ ਪਾਰਟੀ ਅਤੇ ਮੋਹਾਲੀ ਪ੍ਰਸ਼ਾਸਨ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਬਾਰੇ ਕੱਲ੍ਹ ਹੀ ਚੋਣ ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੇ ਉਮੀਦਵਾਰ ਦੇ ਕਾਗਜ਼ ਬਹਾਲ ਕਰਵਾਉਣ ਅਤੇ ਐਸ.ਡੀ.ਐਮ. ਖਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਜ਼ਰੂਰਤ ਪੈਣ ’ਤੇ ਮਾਨਯੋਗ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ।
ਇਸ ਮੌਕੇ ਅਮਰਜੀਤ ਸਿੰਘ ਵਾਲੀਆ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ ਬੱਲੀ, ਡਾ. ਹਰਜਿੰਦਰ ਹੈਰੀ, ਵਿਨੋਦ ਪਾਠਕ, ਮਲਕੀਤ ਸਿੰਘ, ਨਰਿੰਦਰ ਸਿੰਘ ਤੇ ਕਵਰਿੰਗ ਉਮੀਦਵਾਰ ਲਖਬੀਰ ਸਿੰਘ ਵੀ ਹਾਜ਼ਰ ਸਨ।
No comments:
Post a Comment