ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 16 ਮਾਰਚ :ਕੋਵਿਡ-19 ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ, ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਜ਼ਿਲੇ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਜਿਹਨਾਂ ਵਿਚ ਫੋਰਟਿਸ, ਮੈਕਸ, ਇੰਡਸ, ਆਈ.ਵੀ.ਵਾਈ., ਮੇਯੋ, ਗ੍ਰੇਸੀਅਨ, ਅਮਰ, ਐਮਕੇਅਰ, ਮੇਹਰ, ਸ਼ੈੱਲਬੀ, ਏਸ ਹਾਰਟ ਐਂਡ ਵੈਸਕੁਲਰ ਇੰਸਟੀਚਿਊਟ ਅਤੇ ਸੋਹਾਨਾ ਹਸਪਤਾਲ ਸਮੇਤ ਹੋਰ ਹਸਪਤਾਲ ਸ਼ਾਮਲ ਹਨ।
ਏਡੀਸੀ ਨੇ ਕਿਹਾ, ‘‘ ਕੋਵਿਡ ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ਨੇ ਸਾਨੂੰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਪ੍ਰਬੰਧਨ ਲਈ ਤਿਆਰ ਰਹਿਣ ਦੀ ਦਿਸ਼ਾ ਵਿਚ ਇਕ ਵਾਰ ਫਿਰ ਤੋਰਿਆ ਹੈ।’’ ਏਡੀਸੀ ਨੇ ਅੱਗੇ ਕਿਹਾ ਕਿ ਰਣਨੀਤੀ ਤਿਆਰ ਹੈ ਅਤੇ ਸਰਕਾਰੀ ਤੇ ਪ੍ਰਾਇਵੇਟ ਹਸਪਤਾਲ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਮਿਲ ਕੇ ਕੰਮ ਕਰਨਗੇ।
ਅਸੀਂ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੈਵਲ 2 ਅਤੇ ਲੈਵਲ 3 ਬੈੱਡਾਂ ਦੀ ਸਮਰੱਥਾ ਵਧਾਉਣ ਅਤੇ ਚੋਣਵੀਆਂ ਸਰਜਰੀਆਂ ਤੋਂ ਜਿੱਥੋਂ ਤੱਕ ਸੰਭਵ ਹੋ ਸਕੇ ਗੁਰੇਜ਼ ਕਰਨ ਅਤੇ ਲੋੜੀਂਦੇ ਸਰੋਤ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲਗਾਉਣ। ਹਸਪਤਾਲ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਨਾਜ਼ੁਕ ਮਰੀਜ਼ਾਂ ਦੀ ਸਿਹਤ ਸਬੰਧੀ ਸਥਿਤੀ ਨੂੰ ਰੋਜ਼ਾਨਾ ਅਪਡੇਟ ਦੇਣ ਤਾਂ ਜੋ ਕੋਵਿਡ ਨਾਲ ਹੋਰ ਵਾਲੀ ਮੌਤ ਦਰ (ਸੀ.ਐੱਫ.ਆਰ.) ਨੂੰ ਘਟਾਉਣ ਲਈ ਸਾਰੇ ਉਪਲਬਧ ਸਰੋਤ ਜੁਟਾਏ ਜਾ ਸਕਣ। ਉਨ੍ਹਾਂ ਨੂੰ ਲੋੜ ਪੈਣ ‘ਤੇ ਸਲਾਹਕਾਰ ਸਿਹਤ, ਪੰਜਾਬ ਡਾ. ਕੇ.ਕੇ ਤਲਵਾੜ ਤੋਂ ਸਹਾਇਤਾ ਅਤੇ ਸਲਾਹ ਲੈਣ ਦਾ ਸੁਝਾਅ ਵੀ ਦਿੱਤਾ ਗਿਆ। ਇਸ ਮੰਤਵ ਲਈ ਉਹ ਰੋਜ਼ਾਨਾ ਸ਼ਾਮ 7:30 ਵਜੇ ਵੀਡੀਓ ਕਾਨਫਰੰਸ ਰਾਹੀਂ ਡਾ. ਕੇ.ਕੇ. ਤਲਵਾੜ ਨਾਲ ਜੁੜ ਸਕਦੇ ਹਨ।
ਇਸ ਤੋਂ ਇਲਾਵਾ, ਉਨ੍ਹਾਂ ਨੂੰ ਮਰੀਜ਼ਾਂ ਤੋਂ ਵਾਧੂ ਖਰਚਾ ਲੈਣ ਤੋਂ ਗੁਰੇਜ਼ ਕਰਨ ਅਤੇ ਨਿਰਧਾਰਤ ਰੇਟਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਨੂੰ ਰੋਜ਼ਾਨਾ ਆਈਸੀਯੂ ਅਤੇ ਵੈਂਟੀਲੇਟਰਾਂ ਸਮੇਤ ਖਾਲੀ ਅਤੇ ਮਰੀਜ਼ਾਂ ਵੱਲੋਂ ਵਰਤੇ ਜਾ ਰਹੇ ਐਲ 2 ਅਤੇ ਐਲ 3 ਬੈੱਡਾਂ ਬਾਰੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਅਪਡੇਟ ਕਰਨ ਲਈ ਵੀ ਕਿਹਾ ਗਿਆ।
ਇਸ ਦੌਰਾਨ, ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਸਰਕਾਰੀ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਵੀ ਐਲ 2 ਮਰੀਜ਼ਾਂ ਲਈ ਬੈੱਡ ਖਾਲੀ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਅਸ਼ਿਕਾ ਜੈਨ ਨੇ ਦੱਸਿਆ ਕਿ ਮਹਾਂਮਾਰੀ ਦੇ ਫੈਲਾਅ ਦੌਰਾਨ ਘੜੂੰਆਂ ਵਿਖੇ ਬਣਾਈ ਗਈ ਐੱਲ 1 ਸਹੂਲਤ ਵੀ ਉਨ੍ਹਾਂ ਮਰੀਜ਼ਾਂ ਨੂੰ ਕੋਆਰੰਟੀਨ ਕਰਨ ਲਈ ਵਰਤੀ ਜਾਵੇਗੀ ਜਿਨ੍ਹਾਂ ਕੋਲ ਘਰੇਲੂ ਇਕਾਂਤਵਾਸ ਲਈ ਲੋੜੀਂਦੀ ਜਗ੍ਹਾ ਨਹੀਂ ਹੈ।
No comments:
Post a Comment