ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 12 ਮਾਰਚ : ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਦੇ ਉਦੇਸ਼ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੁਆਰਾ ਜਿਲ੍ਹੇ ਦੇ ਵੱਖ-ਵੱਖ ਸਕੂਲਾਂ (ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ, ਸਰਕਾਰੀ ਮਿਡਲ ਸਕੂਲ, ਸਲਾਮਤਪੁਰ ਅਤੇ ਸਰਕਾਰੀ ਹਾਈ ਸਕੂਲ, ਨਗਲ ਸਲੇਮਪੁਰ) ਵਿਖੇ ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ. ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪਰਾਲੀ ਜਲਾਉਣ ਦੇ ਨੁਕਸਾਨਾਂ, ਪਰਾਲੀ ਦੀ ਖੇਤ ਵਿੱਚ ਅਤੇੇ ਖੇਤ ਤੋਂ ਬਾਹਰ ਸਾਂਭ-ਸੰਭਾਲ ਸੰਬੰਧੀ ਜਾਣੂ ਕਰਵਾਇਆ ਗਿਆ।
ਇਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਪਰਾਲੀ ਦੀ ਸੰਭਾਲ ਸੰਬੰਧੀ ਪੋਸਟਰ, ਸਲੋਗਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿੱਥੇ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀਆਂ ਨੂੰ ਪਰਾਲੀ ਜਲਾਉਣ ਦੀ ਸਮੱਸਿਆ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਵੱਡੇ ਹੋ ਕੇ ਇਹਨਾਂ ਨੇ ਹੀ ਦੇਸ਼ ਦੀ ਬਾਗਡੋਰ ਸੰਭਾਲਣੀ ਹੈ। ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ, ਡਾ. ਵਿਕਾਸ ਫੂਲੀਆ ਅਤੇ ਡਾ. ਪਾਰੁਲ ਗੁਪਤਾ ਨੇ ਵਿਦਿਆਰਥੀਆਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਣ ਵਾਲੀ ਮਸ਼ੀਨਰੀ, ਪਰਾਲੀ ਤੋਂ ਸਜਾਵਟੀ ਵਸਤੂਆਂ ਦਾ ਨਿਰਮਾਣ, ਇਸ ਦੀ ਖਾਦ ਦੇ ਰੂਪ ਵਿੱਚ ਅਤੇ ਬਾਗਬਾਨੀ ਵਿੱਚ ਵਰਤੋਂ ਸੰਬੰਧੀ ਦੱਸਿਆ। ਸਕੂਲਾਂ ਦੇ ਪ੍ਰਿੰਸੀਪਲ ਸ਼੍ਰੀ ਹਰੀ ਸਿੰਘ, ਮੈਡਮ ਰਣਜੀਤ ਕੌਰ ਅਤੇ ਮੈਡਮ ਸ਼ਿਖਾ ਸ਼ਰਮਾ ਨੇ ਕੇ.ਵੀ.ਕੇ. ਸਟਾਫ ਦਾ ਇਸ ਜਾਗਰੂਕਤਾ ਪ੍ਰੋਗਰਾਮ ਨੂੰ ਉਲੀਕਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਉਹਨਾਂ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਸੇਧ ਮਿਲ ਸਕੇ।
No comments:
Post a Comment