ਮੋਹਾਲੀ, 15 ਅਪ੍ਰੈਲ ( ਗੁਰਪ੍ਰੀਤ ਸਿੰਘ ਕਾਂਸਲ ): ਕਰੋਨਾ ਮਹਾਂਮਾਰੀ ਦੇ ਦੌਰ ਉਪਰੰਤ ਬਹੁਤ ਹੀ ਥੋਡ਼੍ਹੇ ਸਮੇਂ ਵਿੱਚ ਤਿਆਰ ਹੋਈ ਹਾਸਰਸ ਪੰਜਾਬੀ ਫ਼ਿਲਮ ‘‘ਕੁਡ਼ੀਆਂ ਜਵਾਨ - ਬਾਪੂ ਪ੍ਰੇਸ਼ਾਨ’’ ਅੱਜ 16 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾਂ ਦੀ ਟੀਮ ਨੌਰਥ ਜ਼ੋਨ ਫ਼ਿਲਮ ਤੇ ਟੀ.ਵੀ. ਆਰਟਿਸਟਸ ਐਸੋਸੀਏਸ਼ਨ (ਨਜ਼ਫਟਾ) ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਪਹੁੰਚੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਪ੍ਰੋਡਿਊਸਰ ਰਾਜੀਵ ਸਿੰਗਲਾ, ਨਿਰਦੇਸ਼ਕ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਕਰੋਨਾ ਦੌਰ ਦੇ ਚਲਦਿਆਂ ਲੋਕਾਂ ਨੂੰ ਤਣਾਅ ਵਿੱਚੋਂ ਕੱਢਣ ਲਈ ਬਹੁਤ ਹੀ ਥੋਡ਼੍ਹੇ ਸਮੇਂ ਅਤੇ ਬਹੁਤ ਘੱਟ ਬਜਟ ਵਿੱਚ ਇਹ ਫ਼ਿਲਮ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲੇਖਕ ਅਮਨ ਸਿੱਧੂ ਵੱਲੋਂ ਲਿਖੀ ਗਈ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਕਰਮਜੀਤ ਅਨਮੋਲ ਵੱਲੋਂ ਨਿਭਾਈ ਗਈ ਹੈ। ਫ਼ਿਲਮ ਵਿੱਚ ਕਾਮੇਡੀ ਢੰਗ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਕਿਸੇ ਵਿਅਕਤੀ ਦੀਆਂ ਬੇਟੀਆਂ ਜਵਾਨ ਹੁੰਦੀਆਂ ਹਨ ਤਾਂ ਉਸ ਨੂੰ ਸਮਾਜ ਵਿੱਚ ਕਿਸ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਸ਼ਕਾਂ ਨੂੰ ਹਾਸੇ ਠੱਠੇ ਰਾਹੀਂ ਤਣਾਅ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੇਗੀ ਇਹ ਫ਼ਿਲਮ।ਉਨ੍ਹਾਂ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਭਗ ਇੱਕ ਸਾਲ ਬਾਅਦ ਕੋਈ ਪੰਜਾਬੀ ਫ਼ਿਲਮ ਉਨ੍ਹਾਂ ਦੇ ਲਈ ਤਿਆਰ ਕੀਤੀ ਗਈ ਹੈ। ਫ਼ਿਲਮ ਵਿੱਚ ਲੱਕੀ ਧਾਲੀਵਾਲ, ਲਵ ਗਿੱਲ, ਏਕਤਾ ਗੁਲਾਟੀ, ਪੀਹੂ ਸ਼ਰਮਾ, ਅਮਨ ਸਿੱਧੂ, ਮਾਹੀ ਗਿੱਲ ਵੱਲੋਂ ਆਪੋ ਆਪਣੇ ਕਿਰਦਾਰ ਨਿਭਾਏ ਗਏ ਹਨ।
ਨਜ਼ਫਟਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਦਰਸ਼ਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਸਾਲ ਤੋਂ ਪੰਜਾਬੀ ਸਿਨੇਮੇ ਵਿੱਚ ਆਈ ਖਡ਼ੋਤ ਤੋਂ ਬਾਅਦ ਇਸ ਨਵੀਂ ਪੰਜਾਬੀ ਕਮੇਡੀ ਫ਼ਿਲਮ ਨੂੰ ਖੂਬ ਪਿਆਰ ਦੇਣਗੇ ਤਾਂ ਜੋ ਸਿਨੇਮਾ ਜਗਤ ਨਾਲ ਸਿੱਧੇ ਅਸਿੱਧੇ ਢੰਗ ਨਾਲ ਜੁਡ਼ੇ ਹਜ਼ਾਰਾਂ ਲੋਕਾਂ ਦਾ ਰੋਜ਼ਗਾਰ ਵੀ ਚੱਲ ਸਕੇ।
No comments:
Post a Comment