ਐਸ.ਏ.ਐਸ.ਨਗਰ,ਗੁਰਪ੍ਰੀਤ ਸਿੰਘ ਕਾਂਸਲ 16 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੁਹਾਲੀ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਬੈੱਡ ਮੌਜੂਦ ਹਨ।
ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਰਸਮੀ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਸਾਵਧਾਨੀ ਉਪਾਅ ਵਜੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਘੱਟੋ-ਘੱਟ 50 ਫੀਸਦੀ ਬੈੱਡ ਕੋਵਿਡ ਮਰੀਜ਼ਾਂ ਲਈ ਰਾਖਵੇਂ ਰੱਖੇ ਜਾਣ। ਉਨ੍ਹਾਂ ਕਿਹਾ ਕਿ ਮਾਹਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਬਿਹਤਰ ਦੇਖਭਾਲ ਸੇਵਾਵਾਂ ਦੇਣ ਵਾਲੇ ਸੱਤ ਹਸਪਤਾਲਾਂ ਦਾ ਮੁਲਾਂਕਣ ਕੀਤਾ ਗਿਆ ਹੈ ਜਿਹਨਾਂ ਵਿੱਚ ਮੈਕਸ, ਫੋਰਟਿਸ, ਆਈਵੀਵਾਈ, ਇੰਡਸ, ਸੋਹਾਨਾ, ਗ੍ਰੇਸੀਅਨ ਅਤੇ ਮੇਯੋ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਆਈਸੀਯੂ/ਵੈਂਟੀਲੇਟਰ (ਐਲ2/ਐਲ3 ਭਾਵ ਟੈਰਾਟਰੀ ਸੇਵਾਵਾਂ) ਪ੍ਰਾਇਵੇਟ ਖੇਤਰ ਦੇ ਹਸਪਤਾਲਾਂ ਵਿੱਚ ਹਨ ਕਿਉਂਜੋ ਜ਼ਿਲ੍ਹਾ ਹਸਪਤਾਲ ਨੂੰ ਮੈਡਕਲ ਕਾਲਜ ਵਿੱਚ ਤਬਦੀਲ ਕਰਨ ਸਬੰਧੀ ਕਾਰਜ ਪ੍ਰਗਤੀ ਅਧੀਨ ਹਨ ਇਸ ਲਈ ਜਨਤਕ ਸਿਹਤ ਢਾਂਚੇ ਦੀ ਘੱਟ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ, ਮਹਾਂਮਾਰੀ ਦੇ ਤੀਬਰਤਾ ਅਤੇ ਕੇਸਾਂ ਵਿੱਚ ਸੰਭਾਵਿਤ ਵਾਧੇ ਦੇ ਮੱਦੇਨਜ਼ਰ ਜਨਤਕ ਸਹਾਇਤਾ, ਸੁਰੱਖਿਆ ਜਾਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਤੇ ਜ਼ਿਲ੍ਹੇ ਵਿਚ ਕੋਵਿਡ-19 ਪਾਜ਼ੇਟਿਵ/ ਸ਼ੱਕੀ ਮਾਮਲਿਆਂ ਲਈ ਢੁੱਕਵੀਂ ਡਾਕਟਰੀ ਦੇਖਭਾਲ ਦੀ ਵਿਵਸਥਾ ਲਈ ਉਪਰੋਕਤ ਸੱਤ ਹਸਪਤਾਲਾਂ ਨੂੰ ਆਪਣੇ ਬੈੱਡਾਂ ਦੀ ਕੁੱਲ ਸਮਰੱਥਾਂ ਵਿੱਚੋਂ 50 ਫੀਸਦੀ ਬੈੱਡ ਕੋਵਿਡ ਮਰੀਜਾਂ ਦੀ ਦੇਖਭਾਲ ਲਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹਸਪਤਾਲ ਕੋਵਿਡ ਮਰੀਜ਼ਾਂ/ਸ਼ੱਕੀ ਮਾਮਲਿਆਂ ਵਿੱਚ ਵਿਸ਼ੇਸ਼ ਤੌਰ 'ਤੇ ਕੁਝ ਐਂਬੂਲੈਂਸਾਂ ਦਾ ਪ੍ਰਬੰਧ ਵੀ ਕਰਨਗੇ।
ਇਸ ਤੋਂ ਇਲਾਵਾ ਜ਼ਿਲ੍ਹੇ ਦਾ ਕੋਈ ਵੀ ਪ੍ਰਾਈਵੇਟ ਹਸਪਤਾਲ ਸਿਵਲ ਸਰਜਨ, ਮੁਹਾਲੀ ਵੱਲੋਂ ਰੈਫ਼ਰ ਕੀਤੇ ਗਏ ਕੋਵਿਡ-19 ਮਰੀਜ਼ਾਂ ਨੂੰ ਦਾਖਲੇ / ਇਲਾਜ ਤੋਂ ਇਨਕਾਰ ਨਹੀਂ ਕਰੇਗਾ। ਇਹ ਹਸਪਤਾਲ ਆਪਣੇ ਸਟਾਫ, ਡਾਕਟਰ, ਨਰਸਾਂ, ਅਤੇ ਪੈਰਾ ਮੈਡੀਕਲ ਆਦਿ ਦੇ ਡਿਊਟੀ 'ਤੇ ਉਪਲਬਧ ਹੋਣ ਨੂੰ ਯਕੀਨੀ ਬਣਾਏਗਾ ਅਤੇ ਕੋਈ ਵੀ ਕੋਵਿਡ 19 ਪਾਜੇਟਿਵ/ ਸ਼ੱਕੀ ਮਾਮਲਿਆਂ ਦੇ ਇਲਾਜ ਤੋਂ ਇਨਕਾਰ ਨਹੀਂ ਕਰੇਗਾ। ਇਨ੍ਹਾਂ ਹਸਪਤਾਲਾਂ ਦਾ ਪ੍ਰਬੰਧਨ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ।
ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਆਫ਼ਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
No comments:
Post a Comment