SBP GROUP

SBP GROUP

Search This Blog

Total Pageviews

Tuesday, June 22, 2021

ਪੀਜੀਆਈ ਵਿਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜ਼ੇਟਿਵ ਪੰਜਾਬ ਦੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਦਵਾਈ

 ਐਸ.ਏ.ਐਸ.ਨਗਰ, 22 ਜੂਨ : ਪੰਜਾਬ ਸਰਕਾਰ ਵੱਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੈਪੇਟਾਈਟਸ ਬੀ ਦੀ ਮੁਫ਼ਤ ਟੈਸਟਿੰਗ ਅਤੇ ਇਲਾਜ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਇਸ ਪਹਿਲਕਦਮੀ ਦੇ ਸੂਬਾ ਪੱਧਰੀ ਉਦਘਾਟਨ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਐਂਟੀ ਰੀਟਰੋਵਾਇਰਲ ਟਰੀਟਮੈਂਟ (ਏ.ਆਰ.ਟੀ.), ਓਰਲ ਸਬਸਟੀਚਿਊਸ਼ਨ ਥੈਰੇਪੀ (ਓ.ਐਸ.ਟੀ.) ਕੇਂਦਰਾਂ ਵਿੱਚ ਹੈਪੇਟਾਈਟਸ ਬੀ ਸਕ੍ਰੀਨਿੰਗ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਹੈਪੇਟਾਈਟਸ ਬੀ ਵਾਇਰਲ ਲੋਡ ਟੈਸਟਿੰਗ ਦੀ ਸਹੂਲਤ 27 ਸੈਂਟਰਾਂ ਵਿੱਚ ਮੁਫ਼ਤ ਦਿੱਤੀ ਜਾਵੇਗੀ।

ਸੂਬੇ ਦੇ ਸਿਹਤ ਵਿਭਾਗ ਵੱਲੋਂ ਓਨਕੁਐਸਟ ਲੈਬਾਰਟੀ ਦੇ ਨਾਲ ਰੇਟ ਸਬੰਧੀ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ ਨੇ ਹਰੇਕ ਜ਼ਿਲ੍ਹਾ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਨੂੰ ਇਕ ਲੈਬਾਰਟਰੀ ਟੈਕਨੀਸ਼ੀਅਨ ਪ੍ਰਦਾਨ ਕੀਤੀ ਹੈ। ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ ਦੇ ਹੈਪੇਟਾਈਟਸ ਬੀ ਦੇ ਨਮੂਨੇ ਮੁਫ਼ਤ ਲਏ ਜਾਣਗੇ ਜਦੋਂ ਕਿ ਸਰਕਾਰ ਵੱਲੋਂ ਟੈਸਟ ਦੀ ਲਾਗਤ 851 ਰੁਪਏ ਦੀ ਦਰ ਨਾਲ ਲੈਬ ਨੂੰ ਦਿੱਤੀ ਜਾਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਹੈਪੇਟਾਈਟਸ ਬੀ ਦਾ ਇਲਾਜ ਲੰਬਾ ਅਤੇ ਮਹਿੰਗਾ ਹੈ ਪਰ ਸੂਬਾ ਸਰਕਾਰ ਸਬੰਧਤ ਲੋਕਾਂ ਨੂੰ ਦਵਾਈ ਮੁਫ਼ਤ ਪ੍ਰਦਾਨ ਕਰੇਗੀ। ਇੱਥੋਂ ਤੱਕ ਕਿ ਪੀਜੀਆਈ ਵਿਚ ਇਲਾਜ ਅਧੀਨ ਹੈਪੇਟਾਈਟਸ ਬੀ ਪਾਜੀਟਿਵ ਪੰਜਾਬ ਦੇ ਮਰੀਜ਼ਾਂ ਨੂੰ ਵੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਪੀਜੀਆਈ ਵਿਚ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਸ ਨੂੰ ਲੋੜੀਂਦੀ ਦਵਾਈਆਂ ਦਾ ਭੰਡਾਰ ਸੌਂਪ ਦਿੱਤਾ ਗਿਆ ਹੈ।


ਉਹਨਾਂ ਕਿਹਾ ਕਿ ਐੱਚਆਈਵੀ ਤੋਂ ਸੰਕਰਮਿਤ ਸਾਰੇ ਮਰੀਜ਼, ਓਐਸਟੀ ਸੈਂਟਰਾਂ ਵਿੱਚ ਇਲਾਜ ਅਧੀਨ ਵਿਅਕਤੀਆਂ ਅਤੇ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੇ ਟੈਸਟ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਕਿਸੇ ਵੀ ਰੈਪਿਡ ਟੈਸਟ ਪਾਜ਼ੀਟਿਵ ਤੋਂ ਬਾਅਦ ਮੁਫ਼ਤ ਵਾਇਰਲ ਲੋਡ ਟੈਸਟ ਹੋਵੇਗਾ।
ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦਾ ਇਲਾਜ ਕਰਨ ਵਾਲੇ ਪੰਜਾਬ ਦੇ ਸਾਰੇ ਮੈਡੀਕਲ ਮਾਹਰਾਂ ਅਤੇ ਡਾਕਟਰਾਂ ਨੂੰ ਡਾ. ਵਰਿੰਦਰ ਸਿੰਘ ਪ੍ਰੋਫੈਸਰ ਅਤੇ ਹੈਡ ਹੈਪੇਟੋਲੋਜੀ ਵਿਭਾਗ ਪੀਜੀਆਈ ਵੱਲੋਂ ਸਿਖਲਾਈ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਹੋਰ ਸਿਖਲਾਈ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਲਗਭਗ ਪੰਜ ਸਾਲ ਪਹਿਲਾਂ ਹੈਪੇਟਾਈਟਸ ਸੀ ਦਾ ਮੁਫ਼ਤ ਟੈਸਟ ਅਤੇ ਇਲਾਜ ਸ਼ੁਰੂ ਕੀਤਾ ਸੀ। ਹੈਪੇਟਾਈਟਸ ਸੀ ਦੇ ਇਲਾਜ ਕੇਂਦਰਾਂ ਦੀ ਗਿਣਤੀ 25 ਤੋਂ ਵਧਾ ਕੇ 66 ਕਰ ਦਿੱਤੀ ਗਈ ਹੈ। ਹੁਣ ਤਕ ਪੰਜਾਬ ਵਿਚ ਤਕਰੀਬਨ 96,000 ਮਰੀਜ਼ਾਂ ਦਾ ਹੈਪੇਟਾਈਟਸ ਸੀ ਦਾ ਮੁਫ਼ਤ ਇਲਾਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਇਲਾਜ ਦਰ 93 ਫ਼ੀਸਦੀ ਹੈ। ਕੋਵਿਡ ਮਹਾਂਮਾਰੀ ਦੌਰਾਨ ਵੀ ਹੈਪੇਟਾਈਟਸ ਸੀ ਦਾ ਇਲਾਜ ਜਾਰੀ ਰੱਖਿਆ ਗਿਆ ਸੀ। ਸਾਲ 2020 ਵਿਚ, ਤਕਰੀਬਨ 12000 ਮਰੀਜ਼ਾਂ ਦਾ ਹੈਪੇਟਾਈਟਸ ਸੀ ਦਾ ਇਲਾਜ ਕੀਤਾ ਗਿਆ ਅਤੇ ਮਈ 2021 ਤਕ ਤਕਰੀਬਨ 4900 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਬੈੱਡ ਦੀ ਗਿਣਤੀ ਅਤੇ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਹਸਪਤਾਲਾਂ ਵਿੱਚ ਪੀਐਸਏ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਅਤੇ ਚੁਣੌਤੀ ਦਾ ਸਾਹਮਣਾ ਕਰਨ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਨਿਰੰਤਰ ਭਰਤੀ ਕੀਤੀ ਜਾ ਰਹੀ ਹੈ। ਉਹਨਾਂ ਅੱਗੇ ਦੱਸਿਆ ਕਿ 620 ਨਵੇਂ ਮੈਡੀਕਲ ਅਫਸਰਾਂ ਦੀ ਭਰਤੀ ਪ੍ਰਗਤੀ ਅਧੀਨ ਹੈ। । ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ, ਕੋਵਿਡ ਟੀਕਾਕਰਨ ਲਈ ਪੂਰਜ਼ੋਰ ਯਤਨ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ ਲਗਭਗ 61 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਪੇਂਡੂ ਖੇਤਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਅਤੇ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ।
ਉਹਨਾਂ ਨੇ ਲੋਕਾਂ ਨੂੰ ਸੁਰੱਖਿਆ ਘਟਾਉਣ ਪ੍ਰਤੀ ਚੇਤਾਵਨੀ ਦਿੱਤੀ ਅਤੇ ਕੋਵਿਡ-19 ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ।

No comments:


Wikipedia

Search results

Powered By Blogger