ਚੰਡੀਗੜ੍ਹ, 24 ਅਕਤੂਬਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰਐਸਐਸ ਦੀ ਮਦਦ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਏ ਜਾਣ ਸਬੰਧੀ ਕੀਤੇ ਖੁਲਾਸੇ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਅੱਧਾ ਸੱਚ ਹੀ ਬੋਲਿਆ ਹੈ ਅਤੇ ਪੂਰਾ ਸੱਚ ਨਹੀਂ ਬੋਲਿਆ, ਜਦਕਿ ਹਰ ਕੋਈ ਜਾਣਦਾ ਹੈ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਕੈਪਟਨ-ਕਾਂਗਰਸ, ਭਾਜਪਾ-ਆਰਐਸਐਸ ਅਤੇ ਬਾਦਲ ਪਰਿਵਾਰ ਨਾਪਾਕ ਗੱਠਜੋੜ ਬਣਾਇਆ ਸੀ ਜਿਸ ਦੇ ਸੂਤਰਧਾਰ ਖੁਦ ਸੁਖਬੀਰ ਸਿੰਘ ਬਾਦਲ ਖੁਦ ਸਨ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦਾ ਭਾਜਪਾ ਤੇ ਆਰ.ਐਸ.ਐਸ ਨਾਲ ਮਿਲੀਭੁਗਤ ਦਾ ਪੂਰਾ ਸੱਚ ਨਹੀਂ ਬੋਲਿਆ ਗਿਆ, ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਸਮੁੱਚਾ ਅਕਾਲੀ ਦਲ ਬਾਦਲ ਵੀ ਤਾਂ ਭਾਜਪਾ ਤੇ ਆਰ.ਐਸ.ਐਸ ਨਾਲ ਸਾਂਝ ਪਾ ਕੇ ਪੰਜਾਬ ਦੀ ਰਾਜਸੱਤਾ ’ਤੇ ਕਾਬਜ ਹੁੰਦਾ ਰਿਹਾ ਹੈ। ਪੰਜਾਬ ਦੀਆਂ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਸੁਖਬੀਰ ਬਾਦਲ ਨੂੰ ਪੂਰਾ ਸੱਚ ਬੋਲਣਾ ਚਾਹੀਦਾ ਹੈ ਕਿ ਭਾਜਪਾ ਅਤੇ ਆਰਐਸਐਸ ਦੀ ਤਰਾਂ ਅਕਾਲੀ ਦਲ ਬਾਦਲ ਨੇ ਆਪਣੇ ਵਰਕਰਾਂ ਰਾਹੀਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਵਾਈਆਂ ਸਨ। ਪਰ ਇਹ ਅਜਿਹਾ ਸੱਚ ਬੋਲਣ ਲਈ ਜ਼ਿੰਦਾ ਜ਼ਮੀਰ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਸੱਤਾ ਦੇ ਲਾਲਚ ਵਿਚ ਅਤੇ ਪੈਸੇ ਦੀ ਭੁੱਖ ਵਿਚ ਬਹੁਤ ਪਹਿਲਾਂ ਹੀ ਗਿਰਵੀ ਰੱਖ ਦਿੱਤਾ ਗਿਆ ਸੀ।
ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਪੁੱਛਿਆ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਤਾਉਣ ਲਈ ਰਵਨੀਤ ਸਿੰਘ ਬਿੱਟੂ ਵੱਲੋਂ ਚੋਣ ਲੜਨਾ ਇਸੇ ਗਠਜੋੜ ਦਾ ਸਾਂਝਾ ਫੈਸਲਾ ਨਹੀਂ ਸੀ ?
ਹਰਾਪਲ ਸਿੰਘ ਚੀਮਾ ਨੇ ਦੋਸ਼ ਲਾਇਆ, ‘‘ਅਕਾਲੀ ਦਲ ਬਾਦਲ, ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਅੱਜ ਵੀ ਮਿਲੀਭੁਗਤ ਕਰਕੇ ਚੱਲ ਰਹੇ ਹਨ, ਤਾਂ ਜੋ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਰਾਜਸੱਤਾ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਉਦਾਹਰਨ ਇਹ ਪਾਰਟੀਆਂ 2017 ਦੀਆਂ ਚੋਣਾ ਵੇਲੇ ਪੇਸ਼ ਕਰ ਚੁੱਕੀਆਂ ਹਨ।’’
ਉਨ੍ਹਾਂ ਕਿਹਾ ਕਿ ਕੈਪਟਨ ਤੇ ਸੁਖਬੀਰ ਸਮੇਤ ਭਾਜਪਾ ਤੇ ਆਰ.ਐਸ.ਐਸ ਨਹੀਂ ਚਾਹੁੰਦੇ ਕਿ ਪੰਜਾਬ ਦੇ ਆਮ ਲੋਕਾਂ ਦੇ ਧੀਆਂ ਪੁੱਤ ਸਰਕਾਰ ਬਣਾ ਕੇ ਆਪਣੇ ਮਸਲੇ ਹੱਲ ਕਰਨ। ਇਹ ਨਹੀਂ ਚਾਹੁੰਦੇ ਕਿ ਆਮ ਲੋਕਾਂ ਦੇ ਬੱਚੇ ਚੰਗੀ ਪੜ੍ਹਾਈ, ਚੰਗਾ ਇਲਾਜ ਹਾਸਲ ਕਰ ਸਕਣ। ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਲੋਕ ਸੇਵਕ ਸਰਕਾਰ ਦਾ ਅਨੰਦ ਮਾਣ ਸਕਣ, ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹਨਾਂ ਦਾ ਮਾਫੀਆ ਰਾਜ ਖ਼ਤਮ ਹੋ ਜਾਵੇਗਾ ਜੋ 75:25 ਦੀ ਹਿੱਸੇਦਾਰੀ ਨਾਲ ਚੱਲਦਾ ਹੈ। ਜਿਸ ਦੀ ਪੁਸ਼ਟੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਵਾਰ ਕਰ ਚੁੱਕੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ, ਕੈਪਟਨ ਅਤੇ ਬਾਦਲਾਂ ਦੀ ਭਾਜਪਾ ਤੇ ਆਰ.ਐਸ.ਐਸ ਮਿਲੀਭੁਗਤ ਜੱਗ ਜਾਹਰ ਹੋ ਚੁੱਕੀ ਹੈ ਅਤੇ ਇਨਾਂ ਸਾਰਿਆਂ ਦਾ ਰਿਮੋਰਟ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿੱਚ ਹੈ। ਇਸ ਲਈ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਮੌਕੇ ਇਸ ਨਾਪਾਕ ਜੁੰਡਲੀ ਅਤੇ ਇਸ ਝੂਠ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ।
‘ਆਪ’ ਆਗੂ ਨੇ ਕਿਹਾ ਕਿ ਕਾਂਗਰਸ ਦੇ ਮੌਜ਼ੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਰਾਹ ’ਤੇ ਚੱਲ ਕੇ ਨਰਿੰਦਰ ਮੋਦੀ ਨਾਲ ਡੀਲ ਕਰ ਚੁੱਕੇ ਹਨ। ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਅੱਧੇ ਪੰਜਾਬ ਨੂੰ ਬੀ.ਐਸ.ਐਫ਼ ਦੇ ਜਰੀਏ ਨਰਿੰਦਰ ਮੋਦੀ ਦੇ ਹਵਾਲੇ ਕਰ ਦਿੱਤਾ ਸੀ, ਕਿਉਂਕਿ ਨਰਿੰਦਰ ਮੋਦੀ ਜਾਣਦੇ ਹਨ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਇਸ ਲਈ ਉਸ ਨੇ ਕਾਂਗਰਸ ਦੇ ਮੁੱਖ ਮੰਤਰੀਆਂ ਰਾਹੀਂ ਪੰਜਾਬ ਨੂੰ ਆਪਣੇ ਕਬਜੇ ਵਿੱਚ ਰੱਖਣ ਕੰਮ ਕੀਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਪਿਆਰ ਕਾਰਨ ਨਰਿੰਦਰ ਮੋਦੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ। ਇਸ ਲਈ ਨਰਿੰਦਰ ਮੋਦੀ ਨੇ ਕਾਂਗਰਸ, ਕੈਪਟਨ, ਬਾਦਲ, ਬਸਪਾ ਦਾ ਗੱਠਜੋੜ ਕੀਤਾ ਤਾਂ ਜੋ ‘ਆਪ’ ਨੂੰ ਪੰਜਾਬ ਦੀ ਰਾਜਸੱਤਾ ਵਿੱਚ ਆਉਣ ਤੋਂ ਰੋਕਿਆ ਜਾਵੇ।
ਇਸ ਮੌਕੇ ਹਰਪਾਲ ਸਿੰਘ ਚੀਮਾ ਨਾਲ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਅਤੇ ਗੋਬਿੰਦਰ ਮਿੱਤਲ ਮੌਜੂਦ ਸਨ।
No comments:
Post a Comment