ਰਾਸ਼ਟਰੀ ਪੱਧਰ ’ਤੇ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਦੇ ਕੇ ਸੂਬੇ ਦਾ ਵਧਾਇਆ ਮਾਣ
ਖਰੜ, 01 ਫ਼ਰਵਰੀ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਗਿੱਧਾ-ਭੰਗੜਾ ਟੀਮ ਨੇ 73ਵੇਂ ਗਣਤੰਤਰ ਦਿਵਸ ਮੌਕੇ ’ਤੇ ਰਾਜਪਥ ਨਵੀਂ ਦਿੱਲੀ ’ਚ ਭਾਰਤ ਦੀ ਏਕਤਾ ਅਤੇ ਵਭਿੰਨਤਾ ਨੂੰ ਪ੍ਰਦਰਸ਼ਿਤ ਕਰਦੀਆਂ ਸੱਭਿਆਚਾਰਕ ਪੇਸ਼ਕਾਰੀਆਂ ’ਚ ਹਿੱਸਾ ਲੈ ਕੇ ਸੂਬੇ ਦਾ ਮਾਣ ਵਧਾਇਆ ਹੈ।ਰਾਜਪਥ ਵਿਖੇ ਪੰਜਾਬ ਦੀ ਝਾਕੀ ਦੌਰਾਨ ਜਿੱਥੇ ‘ਜੰਗ-ਏ-ਆਜ਼ਾਦੀ’ ਮਿਨਾਰ ਦੇ ਮਾਡਲ ਨੇ ਸਭਨਾਂ ਦਾ ਧਿਆਨ ਖਿੱਚਿਆ ਉਥੇ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਦੀ ਗੂੰਜ ਪੂਰੀ ਦੁਨੀਆਂ ਤੱਕ ਪਈ। ’ਵਰਸਿਟੀ ਦੀ 20 ਮੈਂਬਰੀ ਗਿੱਧਾ-ਭੰਗੜਾ ਟੀਮ ਨੇ ਗਣਤੰਤਰ ਦਿਵਸ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਸਮਾਗਮ ਤੋਂ ਪਹਿਲਾ ਭਾਰਤ ਸਰਕਾਰ ਦੇ ਸੱਭਿਆਚਾਰ ਅਤੇ ਰੱਖਿਆ ਮੰਤਰਾਲੇ ਨੇ ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਤਹਿਤ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾਉਂਦਿਆਂ ਅੰਤਰ-ਜ਼ੋਨਲ ਅਤੇ ਰਾਸ਼ਟਰੀ ਪੱਧਰ ’ਤੇ ‘ਵੰਦੇ ਭਾਰਤਮ, ਨਿ੍ਰਤਯ ਉਤਸਵ’ ਡਾਂਸ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ ਸੀ।ਇਨ੍ਹਾਂ ਦੋਵਾਂ ਮੁਕਾਬਲਿਆਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਗਿੱਧਾ ਅਤੇ ਭੰਗੜਾ ਟੀਮਾਂ ਨੇ ਸੂਬੇ ਦੀਆਂ 205 ਤੋਂ ਵੱਧ ਟੀਮਾਂ ਨੂੰ ਹਰਾ ਕੇ ਗ੍ਰੈਂਡ ਫਿਨਾਲੇ ਵਿੱਚ ਥਾਂ ਬਣਾਈ।ਇਸ ਉਪਰੰਤ ਗ੍ਰੈਂਡ ਫਿਨਾਲੇ ਜਿੱਤਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਨਵੀਂ ਦਿੱਲੀ ਸਥਿਤ ਰਾਜਪਥ ਵਿਖੇ 73ਵੇਂ ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੂਬੇ ਦੇ ਲੋਕ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਦਿੰਦਿਆਂ ਸਭਨਾਂ ਦਾ ਮਨ ਮੋਹ ਲਿਆ।ਭਾਰਤ ਦੇ ਮਾਨਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਵੱਡੀ ਗਿਣਤੀ ਦਰਸ਼ਕਾਂ ਸਾਹਮਣੇ ’ਵਰਸਿਟੀ ਦੀ ਟੀਮ ਨੇ ਪੰਜਾਬ ਦੀ ਵਿਰਾਸਤ, ਕਲਾ ਅਤੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।
ਚੰਡੀਗੜ੍ਹ ਯੂਨੀਵਰਸਿਟੀ ਦੀ ਗਿੱਧਾ ਟੀਮ ’ਚ ਟੂਰਿਜ਼ਮ ਦੀ ਹਰਪ੍ਰੀਤ ਕੌਰ, ਲਾਅ ਦੀ ਪ੍ਰਭਨੂਰ ਕੌਰ, ਇੰਟੀਰੀਅਰ ਡਿਜ਼ਾਈਨ ਦੀ ਪਨਵੀ, ਕਮਰਸ ਦੀ ਨਮਰਤਾ, ਬੀ.ਏ (ਮਨੋਵਿਗਿਆਨ) ਦੀ ਮਹਿਕ ਕੌਰ, ਯੋਗਾ ਦੀ ਸਿਮਰਨਜੀਤ ਕੌਰ, ਸੀ.ਐਸ.ਈ ਦੀ ਦਕਸ਼ਿਤਾ, ਫ਼ਿਲਮ ਐਂਡ ਟੈਲੀਵਿਜ਼ਨ ਦੀ ਪੁਨੀਤ ਕੌਰ, ਬੀ.ਜੇ.ਐਸ.ਸੀ ਦੀ ਆਰੂਸ਼ੀ ਅਤੇ ਬੀ.ਐਸ.ਈ ਫ਼ਿਜ਼ਿਕਸ ਦੀ ਪਲਵੀ ਦਾ ਨਾਮ ਸ਼ਾਮਲ ਹੈ।ਇਸੇ ਤਰ੍ਹਾਂ ਭੰਗੜਾ ਟੀਮ ’ਚ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਰਾਹੁਲ ਸਿੰਘ, ਬੀ.ਬੀ.ਏ ਦਾ ਗੌਤਮ, ਐਮ.ਬੀ.ਏ ਦਾ ਅਰਸ਼ਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ, ਬੀ.ਐਸ.ਈ ਇੰਟੀਰੀਅਰ ਡਿਜ਼ਾਈਨ ਦਾ ਵਿਸ਼ਾਲ ਭਾਟੀਆ, ਨਿਊਟ੍ਰੀਏਸ਼ਨ ਦਾ ਗੁਰਜੀਵ ਸਿੰਘ, ਰਮਨਦੀਪ ਸਿੰਘ, ਲਾਅ ਦਾ ਸ਼ਹਿਜ਼ਾਦ ਸਿੰਘ, ਮੈਕਨੀਕਲ ਇੰਜੀਨੀਅਰਿੰਗ ਦਾ ਸ਼ੁਭਨੀਤ ਸਿੰਘ, ਬੀ.ਪੀ.ਐਡ ਦਾ ਗੁਰਜੀਤ ਸਿੰਘ ਦਾ ਨਾਮ ਸ਼ਾਮਲ ਹੈ।
’ਵਰਸਿਟੀ ਦੀ ਗਿੱਧਾ-ਭੰਗੜਾ ਟੀਮ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਨ.ਟੀ ਰਾਓ ਨੇ ਕਿਹਾ ਕਿ ਐਨੇ ਵੱਡੇ ਮੰਚ ’ਤੇ ’ਵਰਸਿਟੀ ਦੀ ਟੀਮ ਵੱਲੋਂ ਪੇਸ਼ਕਾਰੀ ਦੇਣਾ ਸਾਡੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ’ਵਰਸਿਟੀ ਦੀ ਟੀਮ ਵੱਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਦੇਸ਼ ਭਰ ’ਚ ਭਰਪੂਰ ਸ਼ਾਲਾਘਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ’ਵਰਸਿਟੀ ਦੀ ਭੰਗੜਾ ਟੀਮ ਦੇਸ਼-ਵਿਦੇਸ਼ ਦੇ ਮੰਚਾਂ ’ਤੇ ਆਪਣੀ ਪ੍ਰਤੀਭਾ ਦਾ ਲੋਹਾ ਮਨਵਾਉਂਦਿਆਂ ਵਿਸ਼ਵਪੱਧਰੀ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ।
No comments:
Post a Comment