ਐਸ.ਏ.ਐਸ.ਨਗਰ, 28 ਜੂਨ : ਅੰਮਿ੍ਰਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੰਪੰਨ ਹੋਈ 45ਵੀਂ ਪੰਜਾਰ ਰਾਜ ਤੈਰਾਕੀ ਅਤੇ ਵਾਟਰਪੋਲੋ ਚੈਂਪੀਅਨਸ਼ਿਪ ਵਿੱਚ ਮੁਹਾਲੀ ਜ਼ਿਲ੍ਹੇ ਦੀ ਝੰਡੀ ਰਹੀ। ਗਰੁੱਪ ਇੱਕ ਅਤੇ ਗਰੁੱਪ ਦੋ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ 360 ਅੰਕ ਹਾਸਿਲ ਕਰਕੇ ਓਵਰਆਲ ਟਰਾਫ਼ੀ ਉੱਤੇ ਕਬਜ਼ਾ ਕੀਤਾ। ਮੁਹਾਲੀ ਜ਼ਿਲ੍ਹੇ ਦੀਆਂ ਤੈਰਾਕੀ ਖਿਡਾਰਨਾਂ ਨੇ 17 ਨਵੇਂ ਰਿਕਾਰਡ ਸਥਾਪਿਤ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਜ਼ਿਲ੍ਹੇ ਦੇ ਖਿਡਾਰੀਆਂ ਨੇ 53 ਸੋਨੇ ਦੇ, 24 ਚਾਂਦੀ ਦੇ ਅਤੇ 5 ਕਾਂਸੀ ਦੇ ਤਗਮੇ ਜਿੱਤੇ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਤੈਰਾਕੀ ਫੈਡਰੇਸ਼ਨ ਆਫ਼ ਇੰਡੀਆ ਦੇ ਉੱਪ ਪ੍ਰਧਾਨ ਬਲਰਾਜ ਸ਼ਰਮਾ ਨੇ ਕੀਤੀ।
ਮੁਹਾਲੀ ਦੇ ਤੈਰਾਕੀ ਕੋਚ ਜੋਨੀ ਭਾਟੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਰੁੱਪ ਇੱਕ ਵਿੱਚ ਵਨੀਸ਼ਾ ਵਾਸੰਭੂ ਨੇ 50, 100, 200 ਮੀਟਰ ਬਰੈਸਟ ਸਟਰੋਕ ਅਤੇ 400 ਮੀਟਰ ਵਿੱਚ ਚਾਰ ਨਵੇਂ ਰਿਕਾਰਡ ਬਣਾਏ। ਜਸਨੂਰ ਕੌਰ ਨੇ 50 ਅਤੇ 100 ਮੀਟਰ ਬਟਰਫ਼ਲਾਈ ਵਿੱਚ ਦੋ ਨਵੇਂ ਰਿਕਾਰਡ ਬਣਾਏ। ਵਰਨਿਕਾ ਵਾਸੰਭੂ ਨੇ 400 ਅਤੇ 1500 ਮੀਟਰ ਫਰੀ ਸਟਾਈਲ ਵਿੱਚ ਦੋ ਨਵੇਂ ਰਿਕਾਰਡ ਸਥਾਪਿਤ ਕੀਤੇ। ਅਰਸ਼ਪ੍ਰੀਤ ਕੌਰ ਨੇ 200 ਮੀਟਰ ਬੈਕ ਸਟਰੋਕ ਵਿੱਚ ਨਵਾਂ ਰਿਕਾਰਡ ਬਣਾਇਆ। ਗਰੁੱਪ ਇੱਕ ਵਿੱਚ 100, 200 ਅਤੇ 400 ਮੀਟਰ ਰਿਲੇਅ ਵਿੱਚ ਵੀ ਮੁਹਾਲੀ ਦੀਆਂ ਤੈਰਾਕੀ ਖਿਡਾਰਨਾਂ ਨੇ ਨਵੇਂ ਰਿਕਾਰਡ ਬਣਾਏ।
ਉਨ੍ਹਾਂ ਦੱਸਿਆ ਕਿ ਗਰੁੱਪ ਦੋ ਵਿੱਚ ਅਪੂਰਵਾ ਸ਼ਰਮਾ ਨੇ 100, 200 ਅਤੇ 400 ਮੀਟਰ ਬਟਰ ਫ਼ਲਾਈ ਵਿੱਚ ਤਿੰਨ ਨਵੇਂ ਰਿਕਾਰਡ ਬਣਾਏ। ਅੰਨਿਆ ਸਪਰਾ ਨੇ 200 ਮੀਟਰ ਵਿੱਚ ਨਵਾਂ ਰਿਕਾਰਡ ਬਣਾਇਆ। ਅੰਨਿਆ ਸਪਰਾ, ਜਸਲੀਨ ਕੌਰ, ਅਪੂਰਵਾ ਸ਼ਰਮਾ ਅਤੇ ਸੁਖਸਿਮਰਨ ਕੌਰ ਨੇ 200 ਮੀਟਰ ਰਿਲੇਅ ਵਿੱਚ ਵੀ ਨਵਾਂ ਰਿਕਾਰਡ ਕਾਇਮ ਕੀਤਾ। ਜੋਨੀ ਭਾਟੀਆ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਜੇਤੂ ਖਿਡਾਰੀ ਕੌਮੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ।
No comments:
Post a Comment