ਐਸ.ਏ.ਐਸ. ਨਗਰ 23 ਜੂਨ : ਸਿੱਖ ਇਤਿਹਾਸ ਨਾਲ ਸਬੰਧਤ ਬਾਬਾ ਬੰਦਾ ਸਿੰਘ ਬਹਾਦਰ , ਮੈਮੋਰੀਅਲ, ਚੱਪੜ ਚਿੜੀ ਦੀ ਬਾਹਰੀ ਅਤੇ ਅੰਦਰਲੀ ਦਿੱਖ ਦੇ ਸੁੰਦਰੀਕਰਨ ਅਤੇ ਸੁਧਾਰ ਲਈ ਅੱਜ ਜ਼ਿਲ੍ਹਾ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਜ਼ਿਲ੍ਹਾ ਪੁਲਿਸ, ਗਮਾਡਾ ਵਿਭਾਗ, ਜ਼ਿਲਾ ਸਿੱਖਿਆ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ, ਮੈਮੋਰੀਅਲ, ਚੱਪੜ ਚਿੜੀ ਜੋ ਕਿ ਫਹਿਤ ਬੁਰਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜ਼ਿਲ੍ਹੇ ਦੀ ਇੱਕ ਵਿਲੱਖਣ ਪਹਿਚਾਣ ਹੈ । ਉਨ੍ਹਾਂ ਮੀਟਿੰਗ ਵਿੱਚ ਮੈਸ: ਫਤਿਹ ਹੈਰੀਟੇਜ਼ ਪ੍ਰਾਈਵੇਟ ਲਿਮਟਿਡ ਜੋ ਕਿ ਇਸ ਮੈਮੋਰੀਅਲ ਦੀ ਦੇਖ ਰੇਖ ਕਰ ਰਿਹਾ ਨੂੰ ਭਰੋਸਿਆ ਦਿਵਾਉਦਿਆ ਕਿਹਾ ਕਿ ਇਸ ਮੈਮੋਰੀਅਲ ਦੇ ਇਰਦ ਗਿਰਦ ਸਾਈਨ ਬੋਰਡ, ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਸਬੰਧੀ ਕੰਮ ਨੂੰ ਗਮਾਡਾ ਵੱਲੋਂ ਜਲਦ ਹੀ ਮੁਕੰਮਲ ਕਰਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਮੈਮੋਰੀਅਲ ਨੂੰ ਲਿੰਕ ਕਰਦੀਆਂ ਸੜਕਾਂ ਤੇ ਆਵਾਜਾਈ ਨੂੰ ਨਿਰੰਤਰ ਪੈਟਰੋਲਿੰਗ ਕਰ ਕੰਟਰੋਲ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਮੈਮੋਰੀਅਲ ਨੇੜੇ ਅਵਾਰਾ ਪਸ਼ੂਆਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਵੀ ਆਦੇਸ਼ ਦਿੱਤੇ।
ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਨੂੰ ਹਰ ਪੱਧਰ ਤੇ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਪਿੰਡਾਂ ਵਿਚੋਂ ਸਰਪੰਚਾਂ ਤੇ ਪੰਚਾਂ ਨੂੰ ਉਤਸ਼ਾਹਿਤ ਕਰ ਜ਼ਿਲ੍ਹੇ ਦੇ ਪਿੰਡਾਂ ਦੇ ਪ੍ਰੋਗਰਾਮ ਉਲੀਕਣ ਲਈ ਕਿਹਾ ਤਾਂ ਜੋ ਹਰ ਪਿੰਡ ਦਾ ਵਿਅਕਤੀ ਆਪਣੇ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਰ ਬਾਰੇ ਜਾਣੂ ਹੋ ਸਕੇ। ਇਸ ਦੇ ਨਾਲ ਉਨ੍ਹਾਂ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਵਿਖੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਬੱਚਿਆ ਦੇ ਸਕੂਲੀ ਟੂਰ ਆਯੋਜਿਤ ਕਰਵਾਉਣ ਅਤੇ ਵੱਡਮੁੱਲੇ ਸਿੱਖ ਇਤਿਹਾਸ ਨਾਲ ਸਬੰਧਤ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰੀ ਬਾਰੇ ਜਾਣੂ ਕਰਵਾਉਣ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਹਰੇਕ ਨਿਵਾਸੀ ਨੂੰ ਬਾਬਾ ਬੰਦਾ ਸਿੰਘ ਬਹਾਦਰ, ਮੈਮੋਰੀਅਲ (ਫਤਿਹ ਬੁਰਜ਼) ਵਿਖੇ ਆਪਣੇ ਪਰਿਵਾਰ ਸਮੇਤ ਜਾਣਾ ਚਾਹੀਦਾ ਹੈ ਜਿੱਥੇ ਸਾਨੂੰ ਆਪਣੇ ਪੰਜਾਬ ਦੇ ਸਿੱਖ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਹਾਸਿਲ ਹੁੰਦੀ ਹੈ ।
No comments:
Post a Comment