ਚੰਡੀਗੜ੍ਹ, 30 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਦੀ ਮਾਣ-ਮਰਿਆਦਾ 'ਤੇ ਸਵਾਲ ਉਠਾਉਣ ਲਈ ਕਾਂਗਰਸ ਲੀਡਰਸ਼ਿਪ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਜਿਹੜੇ ਕਾਂਗਰਸੀ ਵਿਧਾਇਕ ਹੁਣ ਉਂਗਲ ਉਠਾ ਰਹੇ ਹਨ, ਉਹ ਖੁਦ ਤਾਂ 'ਨਕਲੀ ਮੁੱਖ ਮੰਤਰੀ' ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦਾ ਹਿੱਸਾ ਰਹੇ ਹਨ, ਜੋ ਹਮੇਸ਼ਾ ਤੋਂ ਹੀ ਭਾਜਪਾ ਲਈ ਕੰਮ ਕਰਦੇ ਰਹੇ ਹਨ।
ਸੈਸ਼ਨ ਦੌਰਾਨ ਵਿਰੋਧੀ ਧਿਰ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਲੋਕ "ਨਕਲੀ ਮੁੱਖ ਮੰਤਰੀ" ਕੈਪਟਨ ਅਮਰਿੰਦਰ ਸਿੰਘ ਲਈ ਕੰਮ ਕਰ ਰਹੇ ਹਨ, ਉਹ ਹੁਣ ਸੈਸ਼ਨ 'ਚ 'ਮੁਰਦਾਬਾਦ' ਦੇ ਨਾਅਰੇ ਲਗਾ ਰਹੇ ਹਨ। ਕਾਂਗਰਸ ਭਾਜਪਾ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਆਪਣੀ ਪਾਰਟੀ ਦੇ ਨਾਂ ਨਾਲ ਭਾਜਪਾ ਦਾ ਨਾਮ ਵੀ ਲਿਖਣਾ ਚਾਹੀਦਾ ਹੈ।
ਇਜਲਾਸ ਵਿੱਚ ਹੰਗਾਮਾ ਕਰਨ ਲਈ ਕਾਂਗਰਸੀ ਵਿਧਾਇਕਾਂ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਅਖੌਤੀ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।
ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਸੱਤਾਧਾਰੀ ਪਾਰਟੀ ਵਿਰੁੱਧ ਕੋਈ ਮੁੱਦਾ ਨਹੀਂ ਅਤੇ ਕਾਂਗਰਸ ਨੇ ਆਪਣੇ ਹਲਕਿਆਂ ਦਾ ਇੱਕ ਵੀ ਮੁੱਦਾ ਨਹੀਂ ਉਠਾਇਆ ਅਤੇ ਨਾ ਹੀ ਵਿਧਾਨ ਸਭਾ ਵਿੱਚ ਕੋਈ ਸਵਾਲ ਉਠਾਇਆ। ਕਾਂਗਰਸ ਦਾ ਇੱਕੋ ਇੱਕ ਏਜੰਡਾ ਸਦਨ ਵਿੱਚ ਹੰਗਾਮਾ ਕਰਨਾ ਹੈ ਅਤੇ ਇਹ ਬੇਹੱਦ ਦੁਖਦ ਅਤੇ ਨਿਰਾਸ਼ਾਜਨਕ ਹੈ ਕਿ ਉਹ ਇਸ ਤਰ੍ਹਾਂ ਲੋਕਤੰਤਰ ਦਾ ਕਤਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ ਆਪਣੇ ਸਵਾਰਥ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੀ ਭਲਾਈ ਦੀ ਕੋਈ ਪ੍ਰਵਾਹ ਨਹੀਂ ਹੈ। ਕਾਂਗਰਸ ਹੁਣ ਪੂਰੀ ਤਰ੍ਹਾਂ ਭਾਜਪਾ ਦੀ ਬੀ-ਟੀਮ ਬਣ ਗਈ ਹੈ।
ਇਸ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੈਸ਼ਨ ਵਿੱਚ ਹੰਗਾਮਾ ਕਰਨ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਦਨ ਦਾ ਕੰਮ ਸ਼ਾਮ 3.30 ਵਜੇ ਤੱਕ ਚੱਲਣਾ ਸੀ ਪਰ ਕਾਂਗਰਸ ਨੇ ਸਦਨ ਵਿੱਚ ਹੰਗਾਮਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਹ ਦੁੱਖ ਦੀ ਗੱਲ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਬਣਾਏ ਗਏ ਬਿੱਲਾਂ 'ਤੇ ਬਹਿਸ ਕਰਨ ਦੀ ਬਜਾਏ ਇਸ ਤਰ੍ਹਾਂ ਨਾਅਰੇਬਾਜ਼ੀ ਕਰਕੇ ਸਮਾਂ ਬਰਬਾਦ ਕਰ ਰਹੇ ਹਨ।
No comments:
Post a Comment