ਚੰਡੀਗੜ੍ਹ, 28 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕਰਦਿਆਂ ਕਿ ਪੂਰੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਕਿਹਾ, ਨੌਜਵਾਨ-ਕਿਸਾਨ, ਔਰਤਾਂ ਅਤੇ ਮਜ਼ਦੂਰ, ਸਾਰੇ ਭਾਜਪਾ ਸਰਕਾਰ ਤੋਂ ਬਹੁਤ ਨਾਰਾਜ਼ ਹਨ ਅਤੇ ਇਸ ਵਾਰ ਇਹ ਸਾਰੇ ਲੋਕ ਬਦਲਾਅ ਦੀ ਮੰਗ ਕਰ ਰਹੇ ਹਨ। ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ। ਭਾਜਪਾ ਦੇ ਦੋਵੇਂ ਇੰਜਣ ਹੁਣ ਪੁਰਾਣੇ ਹੋ ਚੁੱਕੇ ਹਨ। ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਨੇ ਭਾਜਪਾ ਦੇ ਇੰਜਣਾਂ ਨੂੰ ਖ਼ਰਾਬ ਕਰ ਦਿੱਤਾ ਹੈ।
ਸੋਮਵਾਰ ਨੂੰ ਭਗਵੰਤ ਮਾਨ ਚੋਣ ਪ੍ਰਚਾਰ ਲਈ ਵਡੋਦਰਾ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਬਾਲਾਸਿਨੌਰ, ਲੂਨਾਵੜਾ ਅਤੇ ਦਾਕੋਰ ਦੇ ਵੱਖ-ਵੱਖ ਖੇਤਰਾਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, "ਚੋਣਾਂ ਲਈ ਸਿਰਫ਼ ਦੋ ਦਿਨ ਬਾਕੀ ਹਨ। ਹੁਣ ਭਾਜਪਾ ਵਾਲੇ ਪੈਸੇ ਦੇ ਲਾਲਚ ਨਾਲ ਤੁਹਾਨੂੰ ਲੁਭਾਉਣਗੇ, ਪਰ ਇਨ੍ਹਾਂ ਦੇ ਝਾਂਸੇ ਵਿਚ ਨਾ ਆਓ। ਤੁਸੀਂ ਸਿਰਫ਼ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ ਹੈ।"
ਮਾਨ ਨੇ ਕਿਹਾ ਕਿ ਆਮ ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ। ਲੋਕਾਂ ਕੋਲ ਪਹਿਲਾਂ ਚੰਗੇ ਵਿਕਲਪ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਲਗਾਤਾਰ 27 ਸਾਲ ਭਾਜਪਾ ਦੇ ਕੁਸ਼ਾਸਨ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਮ ਲੋਕਾਂ ਨੂੰ ਇੱਕ ਚੰਗਾ ਬਦਲ ਮਿਲਿਆ ਹੈ। ਇਸ ਵਾਰ ਹਰ ਵਰਗ ਦੇ ਲੋਕ ਭਾਜਪਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚਾਹੁੰਦੇ ਹਨ।
ਮਾਨ ਨੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੀੜ੍ਹੀ ਦਾ ਨਾਂ ਗੁਜਰਾਤ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ। ਹਰ ਥਾਂ ਨੌਜਵਾਨਾਂ ਨੇ ਹਮੇਸ਼ਾ ਸੱਤਾ ਦਾ ਤਖ਼ਤਾ ਪਲਟਿਆ ਹੈ। ਇਸ ਵਾਰ ਗੁਜਰਾਤ ਦੇ ਨੌਜਵਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਅਤੇ ਕੁਸ਼ਾਸਨ ਤੋਂ ਮੁਕਤ ਕਰਵਾਉਣਗੇ।
ਮਾਨ ਨੇ ਪੰਜਾਬ ਅਤੇ ਦਿੱਲੀ 'ਚ 'ਆਪ' ਸਰਕਾਰ ਦੇ ਚੰਗੇ ਲੋਕ ਪੱਖੀ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ 'ਚ ਬਿਜਲੀ ਮੁਫਤ ਕੀਤੀ ਹੈ। ਬਿਹਤਰ ਇਲਾਜ ਲਈ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਖੋਲ੍ਹੇ ਹਨ। ਪੰਜਾਬ ਵਿੱਚ ਸਰਕਾਰ ਬਣਨ ਦੇ ਸਿਰਫ਼ 6 ਮਹੀਨਿਆਂ ਵਿੱਚ ਹੀ ਅਸੀਂ 20,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 10,000 ਦੇ ਕਰੀਬ ਕੱਚੇ ਕਾਮਿਆਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲੋਕ ਮੌਕਾ ਦੇਣ ਅਤੇ 'ਆਪ' ਸਰਕਾਰ ਇੱਥੇ ਵੀ ਇਹ ਸਭ ਕੰਮ ਕਰੇਗੀ।
No comments:
Post a Comment