SBP GROUP

SBP GROUP

Search This Blog

Total Pageviews

Friday, November 4, 2022

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਪਿੰਡਾਂ ਵਿਚ ਜਾ ਕੇ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਐਸ.ਏ.ਐਸ.ਨਗਰ, 4 ਨਵੰਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸਕੀਮ ਦੇ ਆਈ.ਈ.ਸੀ ਕੰਪੋਨੈਂਟ ਤਹਿਤ ਹੁਣ ਤੱਕ 75 ਪਿੰਡ ਪੱਧਰੀ ਕੈਂਪ, 370 ਦਿਵਾਰਾਂ ਉਤੇ ਪੇਟਿੰਗਾਂ, 9 ਮਸ਼ੀਨਾਂ ਦੀਆਂ ਪ੍ਰਦਰਸ਼ਨੀਆਂ, 9 ਸਕੂਲਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਰੈਲੀਆਂ ਕੱਢੀਆਂ ਗਈਆ ਹਨ ਤੇ ਨਾਲ ਹੀ  ਕਵਿਤਾ/ਪੇਂਟਿੰਗ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਇਸੇ ਤਰ੍ਹਾਂ 19 ਸਤੰਬਰ 2022 ਤੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ ਲਈ ਮੋਬਿਲਿਟੀ ਵੈਨ ਪਿੰਡਾਂ ਵਿੱਚ ਘੁੰਮ ਰਹੀ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਿਟਰੈਚਰ ਵੀ ਵੰਡਿਆ ਜਾ ਰਿਹਾ ਹੈ। ਖੇਤੀ-ਬਾੜੀ ਵਿਭਾਗ ਵੱਲੋਂ ਸਾਲ 2021 ਵਿੱਚ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਕੀਮ ਤਹਿਤ 75 ਮਸ਼ੀਨਾਂ ਦੀ ਵੰਡ ਕੀਤੀ ਗਈ ਸੀ ਜਦਕਿ ਇਸ ਸਾਲ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨੂੰ 424 ਸਬਸਿਡੀ ਵਾਲੀਆਂ ਮਸ਼ੀਨਾਂ ਖਰੀਦਣ ਲਈ ਪ੍ਰਵਾਨਗੀਆਂ ਜਾਰੀ ਕੀਤੀਆਂ ਗਈਆਂ ਹਨ।



ਇਹ ਜਾਣਕਾਰੀ ਦਿੰਦੇ ਹੋਏ ਅਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ ) ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ  ਜਿਲ੍ਹੇ ਵਿੱਚ ਦੋ ਇੰਡਸਟਰੀਆਂ ਨਚੀਕੇਤਾ ਪੇਪਰ ਮਿਲ ਪਿੰਡ ਮੁਬਾਰਿਕਪੁਰ, ਤਹਿ ਡੇਰਾਬੱਸੀ ਅਤੇ ਵਾਈ.ਸੀ.ਡੀ, ਇੰਡਸਟਰੀ,  ਲਾਲੜੂ ਆਪਣੇ ਬਾਇਲਰਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੰਢਾਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਇਸ ਸਾਲ ਲਗਭਗ 50,000 ਟਨ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਹੋ ਜਾਵੇਗਾ, ਜਿਸ ਨਾਲ ਝੋਨੇ ਦੀ ਕਾਸ਼ਤ ਅਧੀਨ ਲਗਭਗ 25,000 ਏਕੜ ਜ਼ਮੀਨ ਨੂੰ ਅੱਗ ਲੱਗਣ ਤੋਂ ਬਚਾਇਆ ਜਾਵੇਗਾ।

ਜ਼ਿਲ੍ਹਾ ਮੁਹਾਲੀ ਵਿੱਚ 87 ਨੋਡਲ ਅਫਸਰ, 71 ਪਟਵਾਰੀਆਂ ਅਤੇ 35 ਕਲੱਸਟਰ ਅਫਸਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਹਨ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਰਿਪੋਰਟ ਕੀਤੀਆਂ ਜਾ ਰਹੀਆਂ ਸਾਰੀਆਂ ਸਾਈਟਾਂ ਦਾ 48 ਘੰਟਿਆਂ ਦੇ ਅੰਦਰ-ਅੰਦਰ ਨੋਡਲ ਅਫ਼ਸਰਾਂ ਅਤੇ ਪਟਵਾਰੀਆਂ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ। ਖੇਤੀ-ਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਲਗਾਈ ਅੱਗ ਬੁਝਾਉਣ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਤੇ ਟੀਮਾਂ ਵੱਲੋਂ ਅਜਿਹੀਆਂ ਸਾਈਟਾਂ ਉਤੇ ਪਹੁੰਚ ਕੇ ਫਾਇਰ ਟੈਂਡਰ ਦੀ ਸਹਾਇਤਾ ਨਾਲ ਅੱਗ ਬੁਝਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਸਬੰਧਤ ਅਫਸਰਾਂ ਵੱਲੋਂ ਪਿੰਡਾਂ ਦੇ ਦੋਰੇ ਕੀਤੇ ਜਾ ਰਹੇ ਹਨ। ਪਿੰਡ ਗੜਾਗਾਂ, ਤਹਿਸੀਲ ਖਰੜ, ਪਿੰਡ ਸ਼ੇਖਪੁਰਾ ਤਹਿਸੀਲ ਡੇਰਾਬੱਸੀ, ਪਿੰਡ ਬਾਸਮਾਂ, ਬਨੂੰੜ, ਆਦਿ ਕਈ ਥਾਵਾਂ ਤੇ ਟੀਮਾਂ ਵੱਲੋਂ ਅੱਗ ਬੁਝਾਈ ਗਈ ਅਤੇ ਅੱਗ ਨੂੰ ਅੱਗੇ ਫੈਲਣ ਤੋਂ ਰੋਕਿਆ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 29.10.2022 ਨੂੰ ਕਿਸਾਨ ਵਿਕਾਸ ਚੈਂਬਰ, ਮੋਹਾਲੀ ਵਿਖੇ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸੂਬੇ ਦੇ ਲਗਭਗ 160 ਕਿਸਾਨਾਂ ਜਿਨ੍ਹਾਂ ਨੇ ਇਸ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਉਹਨਾਂ ਕਿਸਾਨਾਂ ਨੂੰ  ਸਪੀਕਰ, ਪੰਜਾਬ ਵਿਧਾਨ ਸਭਾ ਅਤੇ ਕੈਬਨਿਟ ਮੰਤਰੀ ਵਾਤਾਵਰਣ ਵਿਭਾਗ ਜੀ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ।
ਇਸ ਤੋ ਇਲਾਵਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਅਜਿਹੀ ਪੰਚਾਇਤਾ ਜੋ ਪਰਾਲੀ ਨਾ ਸਾੜਨ ਸਬੰਧੀ ਮਤਾ ਪਾਉਣਗੀਆਂ ਅਤੇ ਪ੍ਰਸ਼ਾਸਨ ਦੀ ਮਦਦ ਕਰਣਗੀਆਂ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ।

No comments:


Wikipedia

Search results

Powered By Blogger