SBP GROUP

SBP GROUP

Search This Blog

Total Pageviews

'ਉਡਾਰੀਆਂ' ਬਾਲ ਵਿਕਾਸ ਮੇਲੇ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ : ਡਾ. ਬਲਜੀਤ ਕੌਰ

 ਚੰਡੀਗੜ੍ਹ, 3 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ "ਉਡਾਰੀਆਂ"-ਬਾਲ ਵਿਕਾਸ ਮੇਲਾ ਸੂਬੇ ਭਰ ਦੇ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਇਸ ਮੇਲੇ ਦੌਰਾਨ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਗਿਆ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਦੇ ਪੂਰਨ ਵਿਕਾਸ ਨੂੰ ਲੈ ਕੇ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ। ਮਿਰਾਕੀ ਫਾਊਂਡੇਸ਼ਨ ਜੋ ਕਿ ਵਿਭਾਗ ਦੇ ਨਾਲ ਮਿਲ ਕੇ ਬੱਚਿਆਂ ਦੀ ਮੁੱਢਲੀ ਸਿੱਖਿਆ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ, ਦੇ ਸਹਿਯੋਗ ਨਾਲ ਸਾਰੇ ਆਂਗਣਵਾੜੀਆਂ ਵਿਚ ਹੁੰਮ ਹੁੰਮਾਂ ਕੇ ਬਾਲ ਵਿਕਾਸ ਹਫਤਾ ਮਨਾਇਆ ਗਿਆ।


 ਉਡਾਰੀਆਂ ਬਾਲ ਵਿਕਾਸ ਮੇਲੇ ਲਈ ਹਰ ਦਿਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਪੰਜਾਬ ਦੇ ਸਮੂਹ ਡੀ.ਪੀ.ਓਜ਼ ਤੇ ਸੀ.ਡੀ.ਪੀ.ਓਜ਼, ਸੁਪਰਵਾਇਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਸਬੰਧੀ ਜਾਣੂ ਕਰਵਾਉਣ ਲਈ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ। ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਉਡਾਰੀਆਂ-ਬਾਲ ਵਿਕਾਸ ਮੇਲੇ ਲਈ "ਹਰ ਮਾਪੇ, ਹਰ ਗਲੀ, ਹਰ ਪਿੰਡ ਦੀ ਇੱਕੋ ਆਵਾਜ਼ ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ" ਸਲੋਗਨ ਜ਼ਾਰੀ ਕੀਤਾ ਗਿਆ। 

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਰੀਆਂ ਬਾਲ ਵਿਕਾਸ ਮੇਲੇ ਲਈ ਵਿਭਾਗ ਵੱਲੋਂ ਹਫ਼ਤੇ ਦੇ ਸਾਰੇ ਦਿਨ ਵਿਸ਼ੇਸ਼ ਤੌਰ ਤੇ ਮਨਾਏ ਗਏ। ਇਸ ਹਫ਼ਤੇ ਦੌਰਾਨ ਸਥਾਨਕ ਐਨ.ਜੀ.ਓਜ਼ ਵੱਲੋਂ ਬੱਚਿਆਂ ਦੇ ਪੋਸ਼ਣ ਸਬੰਧੀ ਜਾਗਰੂਕਤਾ ਅਤੇ ਫੰਡ ਇਕੱਠੇ ਕੀਤੇ, ਪੰਜਾਬ ਸਰਕਾਰ ਦੇ ਵਿਸ਼ੇਸ ਸੰਦੇਸ਼ ਨਾਲ ਸਾਰੀਆਂ ਆਂਗਣਵਾੜੀਆਂ ਵਿੱਚ ਬਾਲ ਵਿਕਾਸ ਮੇਲੇ ਦੀ ਗਤੀਵਿਧੀਆਂ ਦੀ ਸ਼ੁਰੂਆਤ ਹੋਈ, ਪੋਸ਼ਣ ਦਿਨ, ਦਾਦਾ-ਦਾਦੀ, ਨਾਨਾ-ਨਾਨੀ ਦਿਨ ਵਜੋ ਮਨਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਬਾਲ ਸਰਪੰਚ ਦਿਨ ਅਤੇ ਸਕਾਰਾਤਮਕ ਪਾਲਣ-ਪੋਸ਼ਣ ਦਿਨ ਮਨਾਇਆ ਗਿਆ। 

ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੱਚਿਆ ਦੇ ਮਾਪੇ, ਦਾਦਾ-ਦਾਦੀ ਅਤੇ ਆਮ ਲੋਕਾਂ ਦੀ ਮਦਦ ਨਾਲ ਬਾਲ ਵਿਕਾਸ ਸਪਤਾਹ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬੱਚੇ ਦੇ ਪੋਸ਼ਣ, ਖੇਡ ਅਤੇ ਕਹਾਣੀ ਅਧਾਰਤ ਵਿਕਾਸ, ਸੁਰੱਖਿਆ ਅਤੇ ਸਾਧਨ ਅਤੇ ਸਕਾਰਾਤਮਕ ਪਾਲਣ-ਪੋਸ਼ਣ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਵਿਭਾਗ ਵੱਲੋਂ ਬੱਚਿਆਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਕੇ ਹਰ ਬੱਚੇ ਦੇ ਵਿਕਾਸ ਦਾ ਉਪਰਾਲਾ ਕੀਤਾ ਗਿਆ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਬਾਲ ਮੇਲੇ ਦੌਰਾਨ ਸੁੱਧ ਵਾਤਾਵਰਣ ਲਈ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ 11883 ਪੌਦੇ ਲਗਾਏ ਗਏ, ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸੁਚੱਜੇ ਢੰਗ ਨਾਲ ਪਾਲਣ ਪੋਸ਼ਣ ਲਈ 12692 ਖਿਡੌਣੇ ਦਾਨ ਕੀਤੇ ਗਏ, ਬੱਚਿਆਂ ਦਾ ਹੋਸਲਾ ਵਧਾਉਣ ਲਈ ਉਨ੍ਹਾਂ ਵਿੱਚੋਂ 6571 ਬਾਲ ਸਰਪੰਚ ਚੁਣੇ ਗਏ ਅਤੇ ਆਂਗਣਵਾੜੀ ਸੈਂਟਰਾਂ ਵਿੱਚ 3580 ਬੱਚੇ ਨਵੇਂ ਦਾਖਲੇ ਹੋਏ। 

 ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ.ਮਾਧਵੀ ਕਟਾਰੀਆ ਨੇ ਦੱਸਿਆ ਕਿ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ‘ਉਡਾਰੀਆਂ ਬਾਲ ਵਿਕਾਸ ਮੇਲੇ’ ਦਾ ਉਦਘਾਟਨ ਹੁਸ਼ਿਆਰਪੁਰ ਦੇ ਪਿੰਡ ਢੋਲਣਵਾਲ ਦੇ ਆਂਗਣਵਾੜੀ ਸੈਂਟਰ ਵਿਚ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਹਰ ਫਰੰਟ ’ਤੇ ਅੱਗੇ ਲਿਆ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਮੇਲੇ ਦਾ ਸੂਬੇ ਭਰ ਦੇ ਪਿੰਡਾਂ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਚ ਬਹੁਤ ਉਤਸਾਹ ਸੀ। ਆਮ ਜਨਤਾ ਨੇ ਮੇਲੇ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।

No comments:


Wikipedia

Search results

Powered By Blogger