ਜਾਗਰੂਕਤਾ ਹੀ ਐੱਚ.ਆਈ.ਵੀ. ਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਕੁੰਜੀ ਹੈ: ਚੇਤਨ ਸਿੰਘ ਜੌੜਾਮਾਜਰਾ
ਐੱਸ ਏ ਐੱਸ ਨਗਰ ਮੋਹਾਲੀ 01 ਦਸੰਬਰ : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਵਿਸ਼ਵ ਏਡਜ਼ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਕਿਸਾਨ ਵਿਕਾਸ ਚੈਂਬਰ ਵਿੱਚ ਕਰਵਾਇਆ ਗਿਆ। ਸਮਾਗਮ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ 1 ਦਸੰਬਰ ਨੂੰ ਦੁਨੀਆਂ ਭਰ ਵਿੱਚ ਹਰ ਸਾਲ ਇਕ ਨਵੇਂ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦਾ ਉਦੇਸ਼ ਹੈ : “ Equalize (ਸਮਾਨਤਾ)” । ਹਰ ਕਿਸੇ ਨੂੰ ਸਮਾਨਤਾ ਨਾਲ ਜ਼ਿੰਦਗੀ ਬਤੀਤ ਕਰਨ ਦਾ ਅਧਿਕਾਰ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਅਸਮਾਨਤਾਵਾ ਨੂੰ ਖਤਮ ਕਰਨ ਦੀ ਜ਼ਰੂਰਤ ਹੈ, ਜੋ ਏਡਜ਼ ਨੂੰ ਰੋਕਣ ਵਿੱਚ ਔਕੜਾਂ ਪੈਦਾ ਕਰਦੀਆਂ ਹਨ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐਚ.ਆਈ.ਵੀ. ਇੱਕ ਅਜਿਹਾ ਵਾਇਰਸ ਹੈ, ਜੋ ਆਮ ਲੋਕਾਂ ਨੂੰ ਉਸ ਸਮੇਂ ਤੱਕ ਪ੍ਰਭਾਵਿਤ ਨਹੀਂ ਕਰਦਾ, ਜਦੋਂ ਤੱਕ ਕੋਈ ਵਿਅਕਤੀ ਵਾਇਰਸ ਗ੍ਰਸਤ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਉਂਦਾ। ਭਾਰਤ ਵਿੱਚ ਐਚ.ਆਈ.ਵੀ. ਦਾ ਪਹਿਲਾ ਕੇਸ 1986 ਵਿੱਚ ਆਇਆ ਸੀ ਅਤੇ ਉਸ ਸਮੇਂ ਕੋਈ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਇਹ ਬਿਮਾਰੀ ਦੁਨੀਆਂ ਲਈ ਇੱਕ ਵੱਡੀ ਸਮੱਸਿਆ ਬਣ ਜਾਵੇਗੀ। ਅੱਜ ਇਹ ਬਿਮਾਰੀ ਐਚ.ਆਈ.ਵੀ. ਵਾਇਰਸ ਨਾਲ ਗ੍ਰਸਤ ਮਰੀਜਾਂ ਲਈ ਪਰੇਸ਼ਾਨੀ ਤਾਂ ਹੈ ਹੀ, ਇਸ ਦੇ ਨਾਲ ਨਾਲ ਸਮਾਜਿਕ ਅਤੇ ਆਰਥਿਕ ਸਮੱਸਿਆ ਨੂੰ ਵੀ ਵਧਾ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਭਾਰਤ ਵਿੱਚ 24 ਲੱਖ 1 ਹਜ਼ਾਰ ਦੇ ਲਗਭਗ ਐਚ.ਆਈ.ਵੀ. ਦੇ ਮਰੀਜ਼ ਹਨ। ਪੰਜਾਬ ਵਿੱਚ 89 ਹਜ਼ਾਰ 979 ਐਚ.ਆਈ.ਵੀ ਪਾਜ਼ੀਟਿਵ ਕੇਸ ਰਜਿਸਟਰ ਹੋਏ, ਜਿਨ੍ਹਾਂ ਨੂੰ ਏ.ਆਰ.ਟੀ. ਨਾਲ ਜੋੜ ਕੇ ਦਵਾਈ ਸ਼ੁਰੂ ਕੀਤੀ ਗਈ ਹੈ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ 6057 ਸਰਕਾਰੀ ਸਕੂਲਾਂ ਅਤੇ 700 ਕਾਲਜਾਂ ਵਿੱਚ 14-24 ਸਾਲ ਦੀ ਨੌਜਵਾਨ ਪੀੜੀ ਲਈ ਐਚ.ਆਈ. ਵੀ ਦੀ ਜਾਗਰੂਕਤਾ ਲਈ ਵੱਖ ਵੱਖ ਗਤੀਵਿਧੀਆ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਦੇ ਨਾਲ ਨਾਲ ਹੋਰ ਵੱਖ-ਵੱਖ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਐਚ.ਆਈ.ਵੀ ਗ੍ਰਸਤ ਲੋਕਾਂ ਦੀ ਸਿਹਤ ਅਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਦੁਆਰਾ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਅਤ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ।
ਸ. ਚੇਤਨ ਜੌੜਾਮਾਜਰਾ ਨੇ ਦੱਸਿਆ ਕਿ ਮਰੀਜਾਂ ਦੇ ਮੁਫ਼ਤ ਟੈਸਟ ਤੇ ਸਲਾਹ ਲਈ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ 1069 ਇੰਨਟੀਗ੍ਰੇਟਿਡ ਕਾਊਸਲਿੰਗ ਟੈਸਟਿੰਗ ਸੈਂਟਰ (ਆਈ.ਸੀ.ਟੀ.ਸੀ) ਚਲਾਏ ਜਾ ਰਹੇ ਹਨ। ਜਾਂਚ ਵਿੱਚ ਪਾਜੀਟਿਵ ਆਏ ਮਰੀਜਾਂ ਦੇ ਮੁਫ਼ਤ ਇਲਾਜ ਲਈ ਪੰਜਾਬ ਵਿੱਚ 19 ਐਂਟੀਰੀਟਰੋਵਾਇਰਲ ਥੈਰੇਪੀ (ਏ.ਆਰ.ਟੀ) ਸੈਂਟਰ ਚਲਾਏ ਜਾ ਰਹੇ ਹਨ। ਐਚ.ਆਈ.ਵੀ. ਗ੍ਰਸਤ ਵਿਅਕਤੀ ਲਗਾਤਾਰ ਨਿਯਮਿਤ ਢੰਗ ਨਾਲ ਦਵਾਈਆਂ ਲੈ ਕੇ ਲੰਬੀ ਜਿੰਦਗੀ ਬਤੀਤ ਕਰ ਸਕਦਾ ਹੈ। ਜ਼ਿਆਦਾ ਜ਼ੋਖ਼ਿਮ ਵਾਲੇ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਤੋਂ ਬਚਾਉਣ ਲਈ ਪੰਜਾਬ ਵਿੱਚ 64 ਟਾਰਗੈਟਿਡ ਪ੍ਰੋਜੈਕਟ ਚਲਾਏ ਜਾ ਰਹੇ ਹਨ। ਇਨ੍ਹਾਂ ਦੇ ਨਾਲ ਨਾਲ ਟੀਕੇ ਨਾਲ ਨਸ਼ਾ ਕਰਨ ਵਾਲੇ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਤੋਂ ਬਚਾਉਣ ਲਈ ਪੰਜਾਬ ਵਿੱਚ 41 ਓ.ਐਸ.ਟੀ. ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਟਰਾਂ ਵਿੱਚ ਟੀਕੇ ਨਾਲ ਨਸ਼ਾ ਲੈਣ ਵਾਲੇ ਮਰੀਜ਼ਾਂ ਨੂੰ ਰੋਜ਼ਾਨਾ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਦਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਨਸ਼ੇ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਪੰਜਾਬ ਵਿੱਚ ਸੁਰੱਖਿਅਤ ਖੂਨ ਲਈ 161 ਬਲੱਡ ਸੈਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਦਾਨ ਕੀਤੇ ਹੋਏ ਖ਼ੂਨ ਦਾ ਬਾਕੀ ਟੈਸਟਾਂ ਦੇ ਨਾਲ ਐਚ.ਆਈ.ਵੀ ਦਾ ਟੈਸਟ ਵੀ ਕੀਤਾ ਜਾਂਦਾ ਹੈ ਤਾਂ ਜੋ ਖ਼ੂਨ ਰਾਹੀਂ ਐਚ.ਆਈ.ਵੀ. ਦੀ ਬਿਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।
ਰਾਜ ਵਿੱਚ 31 ਐਸ.ਟੀ.ਆਈ./ਆਰ.ਟੀ.ਆਈ ਕਲੀਨਿਕ (ਸੁਰੱਖਿਆ ਕੇਂਦਰ) ਚਲਾਏ ਜਾ ਰਹੇ ਹਨ। ਕਿਉਂਕਿ ਗੁਪਤ ਰੋਗਾਂ ਨਾਲ ਪੀੜ੍ਹਤ ਮਰੀਜ਼ਾਂ ਨੂੰ ਐਚ.ਆਈ.ਵੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਐਸ.ਟੀ.ਆਈ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਗੁਪਤ ਰੋਗੀਆਂ ਨੂੰ ਐਚ.ਆਈ.ਵੀ. ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਨੀਲਿਮਾ, ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀ ਅਮਿਤ ਤਲਵਾੜ, ਡਾਇਰੈਕਟਰ ਹੈਲਥ ਸਰਵਿਸਸ ਡਾ. ਰਣਜੀਤ ਸਿੰਘ ਘੋਤੜਾ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰਪਾਲ ਕੌਰ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਐਸਪੀ ਸਿੰਘ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
No comments:
Post a Comment