ਐੱਸ ਏ ਐੱਸ ਮਿਤੀ 03 ਦਸੰਬਰ : ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਸ਼ਵਨੀ ਕੁਮਾਰ ਦੱਤਾ ਦੀ ਅਗਵਾਈ ਵਿੱਚ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ 'ਵਿਸ਼ਵ ਅਪੰਗਤਾ ਦਿਵਸ' ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਅਧਿਆਪਕਾ ਮਨਜੀਤ ਕੌਰ ਅਤੇ ਦੇਵ ਕਰਨ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਚੁਣਿੰਦਾ ਬੱਚਿਆਂ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ,ਜਿਸਦਾ ਮਕਸਦ 'ਖ਼ਾਸ ਲੋੜਾਂ' ਵਾਲੇ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਅੱਗੇ ਵੱਧਣ ਦੇ ਮੌਕੇ ਦਿਵਾਉਣਾ ਤਾਂ ਕਿ ਇਨ੍ਹਾਂ ਬੱਚਿਆਂ ਵਿੱਚ ਵੀ ਆਤਮ ਵਿਸ਼ਵਾਸ ਪੈਦਾ ਹੋ ਸਕੇ। ਇਸ ਮੌਕੇ ਇਨ੍ਹਾਂ ਬੱਚਿਆਂ ਦੇ ਗਿੱਧਾ-ਭੰਗੜਾ,ਚਿਤਰਕਲਾ,ਸਲੋਗਨ ਲਿੱਖਣ,ਤਬਲਾ ਵਾਦਨ,ਸ਼ਬਦ ਗਾਇਨ,ਫੈਂਸੀ ਡਰੈੱਸ ਅਤੇ ਹੋਰ ਵਿੱਦਿਅਕ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਪਰਮਿੰਦਰ ਕੌਰ ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਬੱਚਿਆਂ ਨੂੰ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਲਿੰਦਰ ਸਿੰਘ, ਬੀਪੀਈਓ ਗੁਰਮੀਤ ਕੌਰ,ਸਮੂਹ ਬਲਾਕਾਂ ਦੇ ਆਈਈਆਰਟੀਜ਼ ਅਤੇ ਆਈਈਵੀ ਵਲੰਟੀਅਰਜ਼ ਹਾਜ਼ਰ ਸਨ।
No comments:
Post a Comment