ਮੋਰਿੰਡਾ 22 ਨਵੰਬਰ : ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਕੌਸਲ ਦੀ ਪ੍ਰਵਾਨਗੀ ਤੋਂ ਬਿਨਾਂ ਅਣ-ਅਧਿਕਾਰਤ ਤੌਰ ਤੇ ਲਗਾਏ ਗਏ ਬੋਰਡ ਉਤਾਰੇ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਰਦਿੰਰ ਸਿੰਘ ਸੈਨਿਟਰੀ ਇੰਸਪੈਕਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 22 ਕਰੋੜ ਦੀ ਲਾਗਤ ਨਾਲ ਬਣਾਏ ਗਏ ਅੰਡਰਬ੍ਰਿਜ ਉੱਪਰ ਵੱਖ ਵੱਖ ਦੁਕਾਨਦਾਰਾਂ ਅਤੇ ਕੰਪਨੀਆਂ ਵੱਲੋਂ ਬਿਨਾਂ ਕੌਂਸਲ ਦੇ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਤਰ੍ਹਾਂ-ਤਰ੍ਹਾਂ ਦੇ ਇਸ਼ਤਿਹਾਰੀ ਫਲੈਕਸ ਬੋਰਡ ਲਗਾਏ ਗਏ ਸਨ। ਜਿਹਨਾਂ ਨੂੰ ਨਗਰ ਕੌਸਲ ਦੇ ਕਾਰਜਕਾਰੀ ਅਧਿਕਾਰੀ ਸ੍ਰੀ ਮਨਪ੍ਰੀਤ ਸਿੰਘ ਸਿੱਧੂ ਦੇ ਆਦੇਸ਼ਾਂ ਅਨੁਸਾਰ ਉਤਾਰ ਦਿੱਤਾ ਗਿਆ ।
ਸ੍ਰੀ ਬਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਨਜਾਇਜ਼ ਤੌਰ ਤੇ ਕਬਜ਼ਾ ਕਰੀ ਬੈਠੇ ਅਤੇ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਲਗਾਈ ਬੈਠੇ ਦੁਕਾਨਦਾਰਾਂ ਨੂੰ ਇਕ ਹਫਤੇ ਦੇ ਅੰਦਰ-ਅੰਦਰ ਨਜਾਇਜ਼ ਕਬਜ਼ੇ ਛੱਡਣ ਅਤੇ ਬਜਾਰਾਂ ਵਿਚੋਂ ਗੁਜ਼ਰਦੀਆਂ ਸੜਕਾਂ ਤੋਂ ਸਬਜ਼ੀਆਂ ਤੇ ਫਲ-ਫਰੂਟ ਦੀਆਂ ਰੇਹੜੀਆਂ ਫੜ੍ਹੀਆਂ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਨਿਰਧਾਰਿਤ ਕੀਤੇ ਗਏ ਸਮੇਂ ਤੋਂ ਬਾਅਦ ਵੀ ਕੋਈ ਰੇਹੜੀ ਫੜ੍ਹੀ ਵਾਲਾ ਜਾਂ ਦੁਕਾਨਦਾਰ ਨਜਾਇਜ਼ ਕਬਜ਼ੇ ਖਾਲੀ ਨਹੀਂ ਕਰਦਾ , ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿੱਥੇ ਉਸ ਦਾ ਚਲਾਣ ਕੱਟਿਆ ਜਾਵੇਗਾ ਉਥੇ ਉਸਦਾ ਸਮਾਨ ਵੀ ਜਬਤ ਕਰ ਲਿਆ ਜਾਵੇਗਾ।
ਨਗਰ ਕੌਂਸਲ ਵੱਲੋਂ ਅਣ-ਅਧਿਕਾਰਤ ਬੋਰਡ ਲਾਹੁਣ ਲਈ ਕੀਤੀ ਕਾਰਵਾਈ ਉਪਰੰਤ ਰੇੜੀ ਫੜੀ ਵਾਲਿਆਂ ਅਤੇ ਨਜਾਇਜ਼ ਕਬਜ਼ਾ ਕਰੀ ਬੈਠੇ ਦੁਕਾਨਦਾਰਾਂ ਵਿਚ ਕਾਫ਼ੀ ਘਬਰਾਹਟ ਮਹਿਸੂਸ ਕੀਤੀ ਗਈ। ਜਦਕਿ ਸ਼ਹਿਰ ਦੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਸੁੱਖਦੀਪ ਸਿੰਘ ਭੰਗੂ, ਕੌਂਸਲਰ ਅੰਮਿ੍ਤਪਾਲ ਸਿੰਘ ਖਟੜਾ ਅਤੇ ਪਰਵਿੰਦਰ ਸਿੰਘ ਬਿੱਟੂ ਕੰਗ ਨੇ ਨਗਰ ਕੌਸਲ ਦੀ ਕਾਰਵਾਈ ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਪਣੇ ਦਫਤਰ ਦੇ ਬਾਹਰੋਂ ਕਰਨੀ ਚਾਹੀਦੀ ਹੈ, ਜਿੱਥੇ ਉਨ੍ਹਾਂ ਦੇ ਨੱਕ ਥੱਲੇ ਵੱਡੀ ਗਿਣਤੀ ਵਿਚ ਰੇੜੀ ਫੜੀ ਵਾਲਿਆਂ ਤੇ ਦੁਕਾਨਦਾਰਾਂ ਵੱਲੋ ਆਪੋ ਆਪਣਾਂ ਸਮਾਨ ਸੜਕ ਵਿਚਕਾਰ ਰਖ ਕੇ ਸ਼ਰੇਆਮ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਪਹਿਲਾਂ ਵੀ ਨਜਾਇਜ਼ ਕਬਜੇ ਹਟਾਉਣ ਸਬੰਧੀ ਟੀਮਾਂ ਗਠਨ ਕਰਨ ਦਾ ਐਲਾਨ ਕਰ ਚੁੱਕੇ ਹਨ ਪ੍ਰੰਤੂ ਜ਼ਮੀਨੀ ਪੱਧਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
No comments:
Post a Comment