ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕ 'ਪੰਜਾਬ ਦੀਆਂ ਲੋਕ ਕਹਾਣੀਆਂ' ਨੂੰ ਲੋਕ-ਅਰਪਣ
ਐਸ.ਏ.ਐਸ. ਨਗਰ 02 ਦਸੰਬਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਹਾਣੀਕਾਰ ਕਰਨਲ ਜਸਬੀਰ ਭੁੱਲਰ ਵੱਲੋਂ ਪ੍ਰਧਾਨਗੀ ਕੀਤੀ ਗਈ ਅਤੇ ਸ਼੍ਰੋਮਣੀ ਸ਼ਾਇਰਾ ਪ੍ਰੋ. ਮਨਜੀਤ ਇੰਦਰਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉੱਘੇ ਨਾਟ ਨਿਰਦੇਸ਼ਕ ਸ਼੍ਰੀ ਸੰਜੀਵਨ ਸਿੰਘ ਵਿਚਾਰ ਚਰਚਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਸਾਹਿਤਕਾਰਾਂ, ਪਾਠਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਸੰਤੋਖ ਸਿੰਘ ਧੀਰ ਦੇ ਜੀਵਨ ਅਤੇ ਰਚਨਾ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਉਂਦਿਆਂ ਕਰਵਾਏ ਜਾ ਰਹੇ ਸਮਾਗਮ ਦੇ ਮਨੋਰਥ ਬਾਰੇ ਜਾਣਕਾਰੀ ਦੇ ਕੇ ਚਰਚਾ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕ 'ਪੰਜਾਬ ਦੀਆਂ ਲੋਕ ਕਹਾਣੀਆਂ' ਨੂੰ ਲੋਕ-ਅਰਪਣ ਵੀ ਕੀਤਾ ਗਿਆ।ਪ੍ਰੋ. ਮਨਜੀਤ ਇੰਦਰਾ ਵੱਲੋਂ ਸੰਤੋਖ ਸਿੰਘ ਧੀਰ ਨਾਲ ਬਿਤਾਏ ਸਮੇਂ ਵਿੱਚੋਂ ਕਈ ਚੁਣੀਂਦਾ ਪਲ ਸ੍ਰੋਤਿਆਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਦੀ ਸਾਹਿਤਕ ਪਰਿਪੱਕਤਾ ਅਤੇ ਪ੍ਰਤਿਬੱਧਤਾ ਬਾਰੇ ਗੱਲ ਕੀਤੀ ਗਈ। ਕਰਨਲ ਜਸਬੀਰ ਭੁੱਲਰ ਵੱਲੋਂ ਭਾਵਪੂਰਤ ਟਿੱਪਣੀ ਕਰਦਿਆਂ ਸੰਤੋਖ ਸਿੰਘ ਧੀਰ ਦੀਆਂ ਲਿਖਤਾਂ ਦੇ ਸੰਦਰਭ ਵਿਚ ਆਖਿਆ ਕਿ ਉਹ ਸੱਚ ਨਾਲ ਖਲੋਣ ਵਾਲਾ ਕਲਮਕਾਰ ਸੀ ਅਤੇ ਕਿਰਤੀ ਵਰਗ ਦੇ ਜੀਵਨ ਯਥਾਰਥ ਦਾ ਚਿਤੇਰਾ ਸੀ। ਸ਼੍ਰੀ ਸੰਜੀਵਨ ਸਿੰਘ ਵੱਲੋਂ ਸੰਤੋਖ ਸਿੰਘ ਧੀਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਬੜੀਆਂ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਗਈਆਂ।
ਸੰਤੋਖ ਸਿੰਘ ਧੀਰ ਦੀ ਪੁੱਤਰੀ ਨਵਰੂਪ ਕੌਰ ਵੱਲੋਂ ਵੀ ਆਪਣੇ ਪਿਤਾ ਦੀਆਂ ਕਈ ਅਣਮੁੱਲੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਇਹ ਵੀ ਆਖਿਆ ਕਿ ਧੀਰ ਜੀ ਬਾਰੇ ਉਨਾ ਅਸੀਂ ਨਹੀਂ ਜਾਣਦੇ ਜਿੰਨਾ ਉਨ੍ਹਾਂ ਦੇ ਪਾਠਕ ਜਾਣਦੇ ਹਨ। ਭਾਣਜੀ ਭੁਪਿੰਦਰ ਕੌਰ ਵੱਲੋਂ ਆਖਿਆ ਕਿ ਸੰਤੋਖ ਸਿੰਘ ਧੀਰ ਇੱਕ ਬਹੁਤ ਹੀ ਜ਼ਿੰਦਾਦਿਲ ਇਨਸਾਨ ਸਨ। ਭਤੀਜੇ ਕੰਵਲਜੀਤ ਸਿੰਘ ਡਡਹੇੜੀ ਨੇ ਕਿਹਾ ਕਿ ਸਾਰੀ ਉਮਰ ਦੇਸ਼ ਸੇਵਾ ਕਰਨ ਤੋਂ ਬਾਅਦ ਸੰਤੋਖ ਸਿੰਘ ਧੀਰ ਨੇ ਮ੍ਰਿਤਕ ਦੇਹ ਨੂੰ ਵੀ ਦਾਨ ਕਰਨ ਦੀ ਇੱਛਾ ਰੱਖੀ। ਕਹਾਣੀਕਾਰ ਜਸਪਾਲ ਮਾਨਖੇੜਾ ਵੱਲੋਂ ਆਖਿਆ ਗਿਆ ਕਿ ਧੀਰ ਦਾ ਸਧਾਰਣ ਪਰਿਵਾਰ 'ਚੋਂ ਉੱਠ ਕੇ ਕਮਿਨਊਨਿਸਟ ਲਹਿਰ ਨਾਲ ਜੁੜਨਾ ਅਤੇ ਉਸ ਸਮੇਂ ਕਲਮ ਰਾਹੀਂ ਪੰਜਾਬ ਅਤੇ ਪੰਜਾਬੀਅਤ ਬਾਰੇ ਆਵਾਜ਼ ਉਠਾਉਣੀ ਬਹੁਤ ਹੀ ਸੰਘਰਸ਼ ਭਰਿਆ ਤੇ ਦਲੇਰਾਨਾ ਕਾਰਜ ਸੀ। ਗੁਰਨਾਮ ਕੰਵਰ ਵੱਲੋਂ ਸੰਤੋਖ ਸਿੰਘ ਧੀਰ ਜੀ ਦੇ ਪਰਿਵਾਰ ਦੀ ਤਾਰੀਫ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ ਤੇ ਅੱਗੇ ਵੀ ਵਧਾਇਆ ਹੈ। ਪ੍ਰੋ. ਦਿਲਬਾਗ ਸਿੰਘ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਵਿਚਾਰ ਚਰਚਾ ਨੂੰ ਮਹੱਤਵਪੂਰਨ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸੰਤੋਖ ਸਿੰਘ ਧੀਰ ਨੂੰ ਯਾਦ ਕਰਦੇ ਹੋਏ ਸਤਵਿੰਦਰ ਕੌਰ ਵੱਲੋਂ ਉਨ੍ਹਾਂ ਦੀ ਕਹਾਣੀ 'ਕੋਈ ਇੱਕ ਸਵਾਰ' ਤੇ ਜਸ਼ਨਪ੍ਰੀਤ ਕੌਰ ਵੱਲੋਂ ਉਨ੍ਹਾਂ ਦੀ ਕਵਿਤਾ 'ਨਾਨਕ' ਪੇਸ਼ ਕੀਤੀ ਗਈ।
ਸੰਤੋਖ ਸਿੰਘ ਧੀਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਮੌਕੇ ਉਨ੍ਹਾਂ ਦੇ ਪੁੱਤਰ ਨਵਰੀਤ ਸਿੰਘ ਅਤੇ ਦੋਹਤੇ ਰਵਿੰਦਰ ਸਿੰਘ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਰਾਜਿੰਦਰ ਕੌਰ, ਪ੍ਰੀਤ ਕੰਵਲ, ਪ੍ਰੋ. ਭੁਪਿੰਦਰ ਕੌਰ, ਜਗਦੀਪ ਕੌਰ ਨੂਰਾਨੀ, ਊਸ਼ਾ ਕੰਵਰ, ਅਤੇ ਬਲਦੇਵ ਸਿੰਘ ਬਿੰਦਰਾ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਸਨਮਾਨਿਤ ਕੀਤਾ ਗਿਆ ਅਤੇ ਪਤਵੰਤੇ ਸੱਜਣਾਂ ਦਾ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਇੰਸਟ੍ਰਕਟਰ ਸ਼੍ਰੀ ਜਤਿੰਦਰਪਾਲ ਸਿੰਘ ਅਤੇ ਸ਼੍ਰੀ ਲਖਵਿੰਦਰ ਸਿੰਘ ਵੀ ਮੌਜੂਦ ਸਨ।
No comments:
Post a Comment