ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਬੀਪੀਈਓਜ ਅਤੇ ਸਕੂਲ ਮੁਖੀਆਂ ਨਾਲ਼ ਮੀਟਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਜੁਲਾਈ : ਬਾਰਿਸ਼ ਅਤੇ ਹੜ੍ਹ ਦੇ ਪਾਣੀ ਤੋਂ ਬਚਾਅ ਲਈ ਖ਼ਾਸ ਤੌਰ ਤੇ ਪ੍ਰਬੰਧ ਕਰਨ ਲਈ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਮੁਹਾਲੀ ਦੇ ਮੁੱਖ ਦਫ਼ਤਰ ਤੋਂ ਆਨ ਲਾਈਨ ਮੀਟਿੰਗ ਕਰਕੇ ਸੰਬੋਧਨ ਕੀਤਾ। ਉਹਨਾਂ ਸਿੱਖਿਆ ਬਲਾਕਾਂ ਦੇ ਬਲਾਕ ਸਿੱਖਿਆ ਅਫ਼ਸਰਾਂ ਅਤੇ ਹੋਰਨਾਂ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨਾਲ਼ ਮੀਟਿੰਗ ਵਿੱਚ ਹਦਾਇਤਾਂ ਜਾਰੀ ਕੀਤੀਆਂ ਕਿ ਹੜ੍ਹਾਂ ਅਤੇ ਬਾਰਿਸ਼ ਦੇ ਪਾਣੀ ਤੋਂ ਸਕੂਲੀ ਇਮਾਰਤਾਂ ਨੂੰ ਨੁਕਸਾਨ ਤੋਂ ਬਚਾਅ ਲਈ ਖ਼ਾਸ ਉਪਰਾਲੇ ਕੀਤੇ ਜਾਣ। ਸਕੂਲ ਕਮਰਿਆਂ ਦੀ ਛੱਤਾਂ ਨੂੰ ਸਾਫ਼ ਕਰਵਾਇਆ ਜਾਵੇ ਤਾਂ ਕਿ ਉੱਪਰ ਪਾਣੀ ਨਾ ਖੜ੍ਹੇ, ਪਰਨਾਲਿਆਂ ਨੂੰ ਚੰਗੀ ਤਰ੍ਹਾਂ ਦਰੁਸਤ ਕਰਕੇ ਛੱਤ ਦੇ ਪਾਣੀ ਦਾ ਨਿਕਾਸ ਹੋ ਸਕੇ ਇਹ ਧਿਆਨ ਰੱਖਿਆ ਜਾਵੇ।
ਸਕੂਲ ਵਿੱਚ ਪਿਆ ਸਮਾਨ ਜਿਵੇਂ ਕੰਪਿਊਟਰ ਅਤੇ ਹੋਰ ਬਿਜਲਈ ਯੰਤਰਾਂ ਨੂੰ ਚੰਗੀ ਤਰ੍ਹਾਂ ਸਾਂਭ ਲਿਆ ਜਾਵੇ। ਬੱਚਿਆਂ ਦੇ ਬੈਠਣ ਵਾਲ਼ੇ ਫਰਨੀਚਰ ਅਤੇ ਹੋਰ ਸਾਜ਼ੋ ਸਾਮਾਨ ਨੂੰ ਬਚਾਉਣ ਲਈ ਖ਼ਾਸ ਪ੍ਰਬੰਧ ਕੀਤੇ ਜਾਣ। ਮਿਡ ਡੇ ਮੀਲ ਦਾ ਅਨਾਜ ਆਦਿ ਨੂੰ ਖ਼ਰਾਬ ਹੋਣ ਤੋਂ ਬਚਾ ਕੇ ਰੱਖਣ ਅਤੇ ਹੋਰ ਜ਼ਰੂਰੀ ਸਾਮਾਨ ਨੂੰ ਪਾਣੀ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਨੂੰ ਰੈੱਡ ਅਲਰਟ ਤੇ ਕੀਤੇ ਜਾਣ ਕਾਰਨ ਸਕੂਲ ਦੇ ਲੋਕਲ ਮੁਲਾਜ਼ਮਾਂ,ਪਿੰਡ ਦੇ ਸਰਪੰਚ, ਸ਼ਹਿਰ ਵਿੱਚ ਕੌਂਸਲਰਾਂ ਅਤੇ ਮੁਹਤੱਬਰਾਂ ਨਾਲ਼ ਰਾਬਤਾ ਬਣਾਇਆ ਜਾਵੇ ਤਾਂ ਕਿ ਉਹ ਇਸ ਬਾਰਿਸ਼ ਦੇ ਦਿਨਾਂ ਵਿੱਚ ਸਕੂਲ ਇਮਾਰਤ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਣ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਨੇ ਵੀ ਸਕੂਲਾਂ ਦੀ ਸਾਫ਼ ਸਫ਼ਾਈ ਬਾਰੇ ਸੰਬੋਧਨ ਕੀਤਾ ਅਤੇ ਵਰਦੀਆਂ ਦੀ ਖ਼ਰੀਦ ਅਤੇ ਪਿਛਲੀ ਗਰਾਂਟਸ ਦੇ ਵਰਤੋਂ ਸਰਟੀਫਿਕੇਟ ਦੇਣ ਲਈ ਕਿਹਾ ਗਿਆ। ਜ਼ਿਲ੍ਹਾ ਮੁਹਾਲੀ ਦੇ ਸਮਾਰਟ ਸਕੂਲ ਕੋਆਰਡੀਨੇਟਰ ਵਰਿੰਦਰ ਪਾਲ ਸਿੰਘ ਵੀਪੀ ਨੇ ਵੀ ਸਕੂਲਾਂ ਨੂੰ ਪਾਣੀ ਤੋਂ ਬਚਾਅ ਲਈ ਵਿਭਾਗ ਦੁਆਰਾ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹੇ ਵਿੱਚ ਅਗਲੇ ਦਿਨਾਂ ਵਿੱਚ ਪੰਜਾਬ ਸਕੂਲ ਖੇਡਾਂ ਦੀ ਨੀਤੀ ਤਹਿਤ ਖੇਡਾਂ ਕਰਵਾਉਣ ਅਤੇ ਗਰਾਉਂਡ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਯੋਜਨਾਬੰਦੀ ਕਰਨ ਲਈ ਕਿਹਾ ਗਿਆ। ਇਸ ਮੌਕੇ ਬੀਪੀਈਓਜ਼ ਵਿੱਚ ਨੀਨਾ ਰਾਣੀ, ਕਮਲਜੀਤ ਸਿੰਘ,ਗੁਰਮੀਤ ਕੌਰ, ਸਤਿੰਦਰ ਸਿੰਘ,ਜਸਵੀਰ ਕੌਰ ਅਤੇ ਜਤਿਨ ਮਿਗਲਾਨੀ ਅਤੇ ਬਲਾਕ ਖੇਡ ਅਫ਼ਸਰ ਹਾਜ਼ਰ ਸਨ।


No comments:
Post a Comment