3200 ਤੋਂ ਵੱਧ ਲੋਕ ਰਾਹਤ ਕੇਂਦਰਾਂ ਵਿਚ ਪੁੱਜੇ ਸਨ; ਹਾਲਾਤ ਨੂੰ ਮੋੜਾ ਪੈਣ ਨਾਲ ਲੋਕਾਂ ਦੀ ਵਾਪਸੀ ਸ਼ੁਰੂ
ਐਸ.ਏ.ਐਸ.ਨਗਰ, 12 ਜੁਲਾਈ : ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਰਾਹਤ ਕੇਂਦਰਾਂ ਵਿਚ ਲਿਆਂਦਾ ਜਾ ਰਿਹਾ ਹੈ। ਜਿਥੇ ਉਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਦਵਾਈਆਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਰਾਹਤ ਕੇਂਦਰਾਂ ਵਿਚ ਹੁਣ ਤੱਕ ਕਰੀਬ 3200 ਹੜ੍ਹ ਪੀੜਤ ਪੁੱਜੇ ਸਨ, ਜਿਨ੍ਹਾਂ ਨੂੰ ਪੱਕੇ ਹੋਏ ਖਾਣੇ ਸਮੇਤ ਵੱਖ-ਵੱਖ ਸਹੂਲਤਾਂ ਦਿੱਤੀਆਂ ਤੇ ਹਾਲਾਤ ਸੁਖਾਵੇਂ ਹੋਣ ਦੇ ਨਾਲ ਨਾਲ ਲੋਕ ਲਗਾਤਾਰ ਆਪਣੇ ਰਿਹਾਇਸ਼ੀ ਟਿਕਾਣਿਆਂ ਵੱਲ ਪਰਤ ਰਹੇ ਹਨ।
ਇਸ ਦੇ ਨਾਲ-ਨਾਲ ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਵਿਚ ਖਾਣੇ ਦੇ ਪੈਕਟ ਵੀ ਲਗਾਤਾਰ ਭੇਜੇ ਜਾ ਰਹੇ ਹਨ ਤੇ ਹੁਣ ਤੱਕ 1000 ਤੋਂ ਵੱਧ ਪੈਕਟ ਲੋਕਾਂ ਤੱਕ ਪੁੱਜਦੇ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਉਤੇ 22 ਰਾਹਤ ਕੇਂਦਰ ਬਣਾਏ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਥਾਪਤ ਰਾਹਤ ਕੇਂਦਰਾਂ ਵਿਚ ਰੈਣ ਬਸੇਰਾ ਲੋਹਗੜ੍ਹ, ਰੈਣ ਬਸੇਰਾ ਢਕੋਲੀ, ਰੈਣ ਬਸੇਰਾ ਪ੍ਰੀਤ ਕਲੋਨੀ, ਗੁਰਦੁਆਰਾ ਸਾਹਿਬ ਢਕੋਲੀ, ਗੁਰਦੁਆਰਾ ਗੁਰੂ ਅੰਗਦ ਦੇਵ ਜੀ ਪੁਰਾਣੀ ਅਨਾਜ ਮੰਡੀ ਡੇਰਾਬੱਸੀ, ਕਮਿਊਨਟੀ ਸੈਂਟਰ ਨੇੜੇ ਤਹਿਸੀਲ ਡੇਰਾਬੱਸੀ, ਨਿਰੰਕਾਰੀ ਭਵਨ ਨੇੜੇ ਹਲਦੀ ਰਾਮ ਅੰਬਾਲਾ ਰੋਡ ਡੇਰਾਬੱਸੀ, ਮੁਬਾਰਕਪੁਰ ਧਰਮਸ਼ਾਲਾ, ਜਸ਼ਨ ਮੈਰਿਜ ਪੈਲਸ ਲਾਲੜੂ, ਗੁਰਦੁਆਰਾ ਸਾਹਿਬ ਬਨੂੜ, ਰਾਮ ਭਵਨ, ਵਿਸ਼ਵਕਰਮਾ ਮੰਦਰ ਅਤੇ ਕਮਿਊਨਟੀ ਸੈਂਟਰ, ਗੁਰਦੁਆਰਾ ਸਾਹਿਬ ਨਯਾ ਗਾਓਂ, ਕਮਿਊਨਟੀ ਸੈਂਟਰ ਨੇੜੇ ਪੁਲਿਸ ਸਟੇਸ਼ਨ, ਬਾਲਮੀਕ ਕਲੋਨੀ, ਜੁਝਾਰ ਨਗਰ, ਪਿੰਡ ਦਾਊ, ਪਿੰਡ ਚਪੜਚਿੜੀ ਖੁਰਦ, ਪਿੰਡ ਰੁੜਕਾ, ਪਿੰਡ ਬੜਮਾਜਰਾ, ਪਿੰਡ ਸਰਸੀਣੀ, ਫੇਜ਼-11 ਮੋਹਾਲੀ, ਫੇਜ਼-6 ਮੋਹਾਲੀ ਵਿਖੇ ਸਥਾਪਤ ਰਾਹਤ ਕੇਂਦਰ ਸ਼ਾਮਲ ਹਨ।
ਹੜ੍ਹ ਪੀੜਤਾਂ ਨੂੰ ਦਿੱਤੇ ਜਾ ਰਹੇ ਖਾਣੇ ਅਤੇ ਖਾਣੇ ਦੇ ਪੈਕਟਾਂ ਬਾਰੇ ਡੀ.ਐੱਫ.ਐੱਸ.ਸੀ. ਡਾ. ਨਵਰੀਤ ਕੌਰ ਨੇ ਦੱਸਿਆ ਕਿ ਹੜ੍ਹ ਪੀੜਤਾਂ ਨੂੰ ਮੁਹਈਆ ਕਰਵਾਏ ਜਾ ਰਹੇ ਖਾਣੇ ਦੇ ਮਿਆਰ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਖ਼ੁਰਾਕ ਸਪਲਾਈ ਵਿਭਾਗ ਵੱਲੋਂ ਹਰ ਇਕ ਪੀੜਤ ਤੱਕ ਖਾਣਾ ਲਗਾਤਾਰ ਪੁੱਜਦਾ ਕਰਨ ਲਈ ਨਿੱਠ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾ ਰਹੀ।


No comments:
Post a Comment