ਪਾਣੀ ਦੀ ਨਿਕਾਸੀ ਤੇਜ਼ ਕੀਤੀ ਜਾਵੇ, ਜ਼ਿਲ੍ਹੇ ਵਿੱਚੋਂ ਲੰਘਣ ਵਾਲੇ ਜਲ ਸਰੋਤਾਂ ਦੇ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਜਾਰੀ ਰੱਖੀ ਜਾਵੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ : ਐਸ.ਏ.ਐਸ.ਨਗਰ (ਮੋਹਾਲੀ) ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਜਿੱਥੇ ਕਿਤੇ ਵੀ ਬਿਜਲੀ, ਜਲ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਉੱਥੇ ਤੁਰੰਤ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨ ਅਤੇ ਸੜਕੀ ਸੰਪਰਕ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰਾਹਤ ਅਤੇ ਬਚਾਅ ਕਾਰਜਾਂ ਦੀ ਨਜ਼ਰਸਾਨੀ ਕਰਨ ਲਈ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸਥਾਈ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਦੇ ਭੋਜਨ ਅਤੇ ਮੈਡੀਕਲ ਜਾਂਚ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਨੇ ਰਾਹਤ ਕੈਂਪਾਂ ਵਿੱਚ ਠਹਿਰਾਏ ਲੋਕਾਂ ਲਈ ਡੀ ਐਫ ਐਸ ਸੀ ਨੂੰ ਲੋੜੀਂਦੇ ਭੋਜਨ ਤੇ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਿਵਲ ਸਰਜਨ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨ ਲਈ ਡਾਕਟਰੀ ਜਾਂਚ ਕਰਨ ਲਈ ਕਿਹਾ।
ਉਨ੍ਹਾਂ ਅੱਗੇ ਹਦਾਇਤ ਕੀਤੀ ਕਿ ਪਿੰਡਾਂ ਸਮੇਤ ਲਿੰਕ ਸੜਕਾਂ ਅਤੇ ਸ਼ਹਿਰੀ ਖੇਤਰਾਂ ਸਮੇਤ ਪਾਣੀ ਨਾਲ ਭਰੀਆਂ ਸੜਕਾਂ ਨੂੰ ਸਾਫ਼ ਕੀਤਾ ਜਾਵੇ ਕਿਉਂਕਿ ਇਹ ਕਾਰਵਾਈ ਕਰਨ ਦੇ ਨਾਲ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਅਤੇ ਮਦਦ ਦਾ ਹੱਥ ਵਧਾਉਣ ਦਾ ਇਹ ਸਹੀ ਸਮਾਂ ਹੈ।
ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਜੈਨ ਨੇ ਸਬੰਧਤ ਅਧਿਕਾਰੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਵਿੱਚ ਤੇਜ਼ੀ ਲਿਆਉਣ ਲਈ ਆਖਦੇ ਹੋਏ, ਸੋਤਲ, ਮਲਕਪੁਰ (ਐਸ ਵਾਈ ਐਲ ਬੰਨ੍ਹ), ਭਾਂਖਰਪੁਰ, ਮੁਬਾਰਕਪੁਰ (ਘੱਗਰ), ਬਲਟਾਣਾ (ਸੁਖਨਾ ਚੋਅ) ਆਦਿ ਸੰਵੇਦਨਸ਼ੀਲ ਥਾਵਾਂ ’ਤੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਵਹਾਅ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਲਈ ਕਿਹਾ।
ਉਨ੍ਹਾਂ ਨਗਰ ਨਿਗਮ ਮੋਹਾਲੀ ਅਤੇ ਗਮਾਡਾ ਨੂੰ ਕਿਹਾ ਕਿ ਉਹ ਆਪਣੇ ਖੇਤਰ ਦੀਆਂ ਸੜਕਾਂ ਨੂੰ ਡਿੱਗੇ ਦਰੱਖਤਾਂ ਅਤੇ ਹੋਰ ਰੁਕਾਵਟਾਂ ਤੋਂ ਸਾਫ਼ ਕਰਨ ਤੋਂ ਇਲਾਵਾ ਕੱਟਾਂ ਅਤੇ ਹੋਰ ਟੋਇਆਂ ਦੀ ਮੁਰੰਮਤ ਕਰਨ। ਇਸੇ ਤਰ੍ਹਾਂ ਈ.ਓਜ਼ ਨੂੰ ਆਪਣੀਆਂ ਸਾਰੀਆਂ ਸੜਕਾਂ ਦੀ ਜਾਂਚ ਕਰਨ ਅਤੇ ਹੜ੍ਹਾਂ ਵਿੱਚ ਨੁਕਸਾਨ ਹੋਣ 'ਤੇ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਆਲਮਗੀਰ ਵਿਖੇ ਘੱਗਰ ਵਿੱਚ ਪਾੜ ਦੇਖਣ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਂਦਿਆਂ, ਉਸਨੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਕਿਹਾ ਕਿ ਉਹ ਉੱਥੋਂ ਸੁਰੱਖਿਅਤ ਥਾਵਾਂ ਤੇ ਭੇਜੇ ਲੋਕਾਂ ਦੇ ਨਾਲ-ਨਾਲ ਸਾਧਾਪੁਰ, ਡੰਡੇਰਾ, ਖਜੂਰ ਮੰਡੀ, ਸਰਸੀਣੀ ਅਤੇ ਟਿਵਾਣਾ ਵਾਸੀਆਂ ਦੀ ਦੇਖਭਾਲ ਕਰਨ ਜੋ ਆਪਣੇ ਪਿੰਡਾਂ ਵਿੱਚ ਹੀ ਸੁਰੱਖਿਅਤ ਸਥਾਨਾਂ 'ਤੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਭੋਜਨ ਅਤੇ ਪੀਣ ਵਾਲਾ ਪਾਣੀ ਦੀ ਵਿਵਸਥਾ ਬਣਾਈ ਰੱਖੀ ਜਾਵੇ।
ਐਸ ਡੀ ਐਮ ਨੇ ਡੀ ਸੀ ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਨੂੰ ਲਾਲੜੂ ਨੇੜੇ ਪੈਲੇਸਾਂ ਵਿੱਚ ਲਿਜਾਣ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਐਨ ਡੀ ਆਰ ਐਫ ਤੇ ਫੌਜ ਨੂੰ ਇਨ੍ਹਾਂ ਪੁਆਇੰਟਾਂ 'ਤੇ ਤਾਇਨਾਤ ਕੀਤਾ ਗਿਆ ਹੈ।
ਟੀ.ਡੀ.ਆਈ.ਸਿਟੀ ਅਤੇ ਐਰੋ ਸਿਟੀ ਵਾਸੀਆਂ ਦੀ ਲਗਾਤਾਰ ਬਿਜਲੀ ਬੰਦ ਰਹਿਣ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਗਮਾਡਾ ਦੇ ਅਧਿਕਾਰੀਆਂ ਨੂੰ ਸਪਲਾਈ ਬਹਾਲ ਕਰਨ ਲਈ ਤੁਰੰਤ ਪ੍ਰਭਾਵ ਨਾਲ ਇਸ ਮਾਮਲੇ ਨੂੰ ਘੋਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਿਲਡਰਾਂ ਨੂੰ ਬਾਹਰੀ ਸਮੱਸਿਆਵਾਂ ਦੇ ਹੱਲ ਲਈ ਪੀ ਐਸ ਪੀ ਸੀ ਐਲ ਸੀ ਮਦਦ ਮੁਹਈਆ ਕਰਵਾਉਣ ਤੋਂ ਇਲਾਵਾ ਅੰਦਰੂਨੀ ਖਾਮੀਆਂ ਦੀ ਮੁਰੰਮਤ ਕਰਨ ਲਈ ਸਖ਼ਤੀ ਨਾਲ ਕਿਹਾ ਜਾਵੇ।
ਡੀ ਸੀ ਆਸ਼ਿਕਾ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ, "ਸਾਨੂੰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਲਈ ਜਲਦਬਾਜ਼ੀ ਵਿੱਚ ਨਹੀਂ ਆਉਣਾ ਚਾਹੀਦਾ। ਹਾਲਾਤ ਤੇ ਨਜ਼ਰ ਰੱਖੋ ਅਤੇ ਇਸ ਦੌਰਾਨ, ਘਰਾਂ ਨੂੰ ਵਾਪਸ ਜਾਣ ਤੋਂ ਪਹਿਲਾਂ ਕਿਸੇ ਵੀ ਤਰਾਂ ਦੇ ਖ਼ਤਰੇ ਦੀ ਮੌਜੂਦਗੀ ਦੀ ਜਾਂਚ ਕਰੋ।"
ਉਨ੍ਹਾਂ ਤਿੰਨਾਂ ਸਬ ਡਵੀਜ਼ਨਾਂ ਦੇ ਐਸ.ਡੀ.ਐਮਜ਼ ਨੂੰ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਆਪਣੇ ਫੀਲਡ ਦੌਰੇ ਜਾਰੀ ਰੱਖਣ ਲਈ ਕਿਹਾ।
ਏ.ਡੀ.ਸੀਜ਼ ਨੂੰ ਬਚਾਅ ਅਤੇ ਰਾਹਤ ਕਾਰਜਾਂ ਦੀ ਨੇੜਿਓਂ ਨਿਗਰਾਨੀ ਕਰਨ ਦਾ ਕੰਮ ਸੌਂਪਦਿਆਂ ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ ਤਾਂ ਜੋ ਉਹ ਬੇਚੈਨੀ ਜਾਂ ਬੇਗਾਨਗੀ ਮਹਿਸੂਸ ਨਾ ਕਰ ਸਕਣ।
ਪ੍ਰਸ਼ਾਸਨ ਨੂੰ ਸਹਿਯੋਗ ਦੇਣ ਅਤੇ ਧੀਰਜ ਰੱਖਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ, ਡੀ ਸੀ ਨੇ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਦੀ ਮਦਦ ਲਈ ਸਾਰਥਕ ਯਤਨਾਂ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਏ ਡੀ ਸੀਜ਼ ਪਰਮਦੀਪ ਸਿੰਘ, ਅਮਿਤ ਬੈਂਬੀ, ਦਮਨਦੀਪ ਸਿੰਘ ਮਾਨ, ਐਸ ਡੀ ਐਮਜ਼ ਰਵਿੰਦਰ ਕੁਮਾਰ ਖਰੜ, ਸਰਬਜੀਤ ਕੌਰ ਮੋਹਾਲੀ, ਹਿਮਾਂਸ਼ੂ ਗੁਪਤਾ ਡੇਰਾਬੱਸੀ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸੰਦੀਪ ਗਰਗ, ਐਮ ਸੀ ਕਮਿਸ਼ਨਰ ਨਵਜੋਤ ਕੌਰ, ਗਮਾਡਾ ਦੇ ਅਸਟੇਟ ਅਫ਼ਸਰ ਖੁਸ਼ਦਿਲ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।


No comments:
Post a Comment