ਐਸ.ਏ.ਐਸ.ਨਗਰ, 28 ਅਗਸਤ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰਕਫੈੱਡ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 'ਮਾਡਲ ਫੇਅਰ ਪ੍ਰਾਈਸ' ਦੁਕਾਨਾਂ ਸਥਾਪਤ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ 12 'ਮਾਡਲ ਫੇਅਰ ਪ੍ਰਾਈਸ ਦੁਕਾਨਾਂ' ਸਥਾਪਤ ਕੀਤੀਆਂ ਜਾਣਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਪਿੰਡਾਂ ਵਿੱਚ ਰਾਸ਼ਨ ਡਿਪੂ ਨਹੀਂ ਹਨ, ਉੱਥੇ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਖੋਲ੍ਹੀਆਂ ਜਾਣੀਆਂ ਹਨ। ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 200 ਅਜਿਹੇ ਪਿੰਡ ਹਨ ਜਿੱਥੇ ਅਜਿਹੀਆਂ 'ਮਾਡਲ ਫੇਅਰ ਪ੍ਰਾਈਸ' ਦੁਕਾਨਾਂ ਸਥਾਪਤ ਕਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਚ ਪ੍ਰਤੀ ਬਲਾਕ ਦੀ ਗਿਣਤੀ 3 ਤੋਂ 5 ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ 1 ਅਕਤੂਬਰ, 2023 ਤੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦਾ ਆਟਾ ਮੁਹੱਈਆ ਕਰਵਾਉਣ ਦੇ ਦ੍ਰਿਸ਼ਟੀਕੋਣ ਤੋਂ ਵੀ ਮਾਡਲ ਫੇਅਰ ਪ੍ਰਾਈਸ ਦੁਕਾਨਾਂ ਮਹੱਤਵਪੂਰਨ ਹੋਣਗੀਆਂ, ਇਸ ਲਈ ਵਧੀਕ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟ੍ਰੇਟ ਨੂੰ ਕਿਹਾ ਗਿਆ ਹੈ ਕਿ ਹਰ ਬਲਾਕ ਦੇ ਤਿੰਨ ਤੋਂ ਪੰਜ ਪਿੰਡਾਂ ਦੀ ਸੂਚੀ ਭਲਕੇ ਤੱਕ ਇਸ ਮੰਤਵ ਦੀ ਪੂਰਤੀ ਲਈ ਸੌਂਪੀ ਜਾਵੇ।
ਉਨ੍ਹਾਂ ਦੱਸਿਆ ਕਿ ਥਾਵਾਂ/ਪਹਿਲਾਂ ਤੋਂ ਬਣੀਆਂ ਇਮਾਰਤਾਂ ਗ੍ਰਾਮ ਪੰਚਾਇਤਾਂ ਦੀ ਸੰਪਤੀ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਮਾਰਕਫੈੱਡ ਦੁਆਰਾ ਪੰਚਾਇਤਾਂ ਨੂੰ ਇੱਕ ਨਿਸ਼ਚਿਤ ਕਿਰਾਇਆ ਅਦਾ ਕੀਤਾ ਜਾ ਸਕੇ। 'ਮਾਡਲ ਫੇਅਰ ਪ੍ਰਾਈਸ' ਦੁਕਾਨਾਂ ਮਾਰਕਫੈੱਡ ਦੁਆਰਾ ਚਲਾਈਆਂ ਜਾਣਗੀਆਂ।
ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਏਡੀਸੀ (ਆਰ ਡੀ) ਗੀਤਿਕਾ ਸਿੰਘ, ਡੇਰਾਬੱਸੀ, ਮੁਹਾਲੀ ਅਤੇ ਖਰੜ ਦੇ ਐਸ ਡੀ ਐਮਜ਼ ਤੋਂ ਇਲਾਵਾ ਡੀ ਐਫ ਐਸ ਸੀ ਡਾ. ਨਵਰੀਤ ਕੌਰ ਅਤੇ ਮਾਰਕਫੈੱਡ ਦੇ ਨੁਮਾਇੰਦੇ ਹਾਜ਼ਰ ਸਨ।
No comments:
Post a Comment