SBP GROUP

SBP GROUP

Search This Blog

Total Pageviews

Monday, August 28, 2023

ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਵਿਸਥਾਰ ਦਾ ਸਵਾਗਤ ਪਰ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਕੋਈ ਸੱਦਾ ਨਾ ਦੇਣਾ ਨਿੰਦਣਯੋਗ: ਜਿੰਪਾ

“ਭਾਜਪਾ ਆਗੂਆਂ ਨੂੰ ਏਨੇ ਨੀਵੇਂ ਪੱਧਰ ਦੀ ਸਿਆਸਤ ਨਹੀਂ ਕਰਨੀ ਚਾਹੀਦੀ”

ਹੁਸ਼ਿਆਰਪੁਰ, 28 ਅਗਸਤ : ਹੁਸ਼ਿਆਰਪੁਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦੇ ਆਗਰਾ ਤੱਕ ਵਿਸਥਾਰ ਮੌਕੇ ਬੀਤੇ ਦਿਨੀਂ ਕਰਵਾਏ ਸਮਾਗਮ ਵਿਚ ਉਨ੍ਹਾਂ ਨੂੰ ਨਾ ਬੁਲਾਏ ਜਾਣ ‘ਤੇ ਇਸ ਨੂੰ ਹੁਸ਼ਿਆਰਪੁਰ ਦੇ ਲੋਕਾਂ ਨਾਲ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਹੁਸ਼ਿਆਰਪੁਰ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਬਾਵਜੂਦ ਰੇਲਵੇ ਮੰਤਰਾਲੇ ਦੇ ਕਿਸੇ ਉੱਚ ਅਧਿਕਾਰੀ ਜਾਂ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਗਮ ਵਿਚ ਸ਼ਿਰਕਤ ਕਰਨ ਦਾ ਕੋਈ ਸੱਦਾ ਨਹੀਂ ਭੇਜਿਆ। 24 ਘੰਟੇ ਲੋਕਾਂ ਵਿਚ ਰਹਿਣ ਵਾਲੇ ਅਤੇ ਲੋਕ ਭਲਾਈ ਕੰਮਾਂ ਨੂੰ ਪਹਿਲ ਦੇਣ ਵਾਲੇ ਜਿੰਪਾ ਨੇ ਇਸ ਗੱਲ ‘ਤੇ ਰੋਸ ਪ੍ਰਗਟ ਕੀਤਾ ਹੈ ਕਿ ਇਕ ਚੁਣੇ ਹੋਏ ਲੋਕ ਨੁਮਾਇੰਦੇ ਵੱਜੋਂ ਉਨ੍ਹਾਂ ਨੂੰ ਸਮਾਗਮ ਵਿਚ ਸੱਦਾ ਨਾ ਦੇ ਕੇ ਪ੍ਰੋਟੋਕੋਲ ਦਾ ਵੀ ਉਲੰਘਣ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਇਸ ਗੱਡੀ ਦੇ ਮਥੁਰਾ-ਆਗਰਾ ਤੱਕ ਵਿਸਥਾਰ ਦਾ ਉਹ ਸਵਾਗਤ ਕਰਦੇ ਹਨ ਕਿਉਂ ਕਿ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਇਹ ਸੰਭਵ ਹੋਇਆ ਹੈ। ਹੁਣ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸ਼ਰਧਾਲੂ ਵਰਿੰਦਾਵਨ ਆਸਾਨੀ ਨਾਲ ਜਾ ਸਕਦੇ ਹਨ। ਜਿੰਪਾ ਨੇ ਕਿਹਾ ਕਿ ਇਸ ਗੱਡੀ ਨੂੰ ਮਥੁਰਾ (ਵਰਿੰਦਾਵਨ) ਤੱਕ ਚਲਾਏ ਜਾਣ ਦੀ ਉਹ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰਦੇ ਆ ਰਹੇ ਹਨ ਅਤੇ ਇਸ ਬਾਰੇ ਕੇਂਦਰੀ ਰੇਲ ਮੰਤਰੀ ਨੂੰ 21 ਅਕਤੂਬਰ 2022 ਨੂੰ ਪੱਤਰ ਵੀ ਲਿਖ ਚੁੱਕੇ ਹਨ। ਜਿਸ ਦੇ ਜਵਾਬ ਵਿਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 30 ਨਵੰਬਰ 2022 ਨੂੰ ਪੱਤਰ ਲਿਖ ਕੇ ਦੱਸਿਆ ਸੀ ਕਿ ਇਸ ਮੰਗ ‘ਤੇ ਉਨ੍ਹਾਂ ਰੇਲਵੇ ਦੇ ਸਬੰਧਤ ਡਾਇਰੈਕਟੋਰੇਟ ਤੋਂ ਪੂਰੀ ਰਿਪੋਰਟ ਮੰਗ ਲਈ ਹੈ ਅਤੇ ਇਸ ਬਾਬਤ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 

ਇਸ ਤੋਂ ਇਲਾਵਾ ਨਵੰਬਰ-ਦਸੰਬਰ 2022 ਵਿਚ ਵੀ ਕੇਂਦਰੀ ਰੇਲਵੇ ਮੰਤਰੀ ਨਾਲ ਪੱਤਰ ਵਿਹਾਰ ਹੁੰਦਾ ਰਿਹਾ ਹੈ। ਜਿੰਪਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਰੇਲ ਦਾ ਆਗਰਾ ਤੱਕ ਵਿਸਥਾਰ ਸੰਭਵ ਹੋ ਸਕਿਆ ਜਿਸ ਕਰਕੇ ਉਹ ਕੇਂਦਰੀ ਰੇਲ ਮੰਤਰੀ ਦਾ ਧੰਨਵਾਦ ਵੀ ਕਰਦੇ ਹਨ। ਪਰ ਸਥਾਨਕ ਭਾਜਪਾ ਆਗੂਆਂ ਨੇ ਇਸ ਸਮਾਗਮ ਨੂੰ ਸਿਆਸੀ ਰੰਗਤ ਦੇ ਕੇ ਗਲਤ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਇਸ ਸਮਾਗਮ ਵਿਚ ਸਾਰੀਆਂ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ। 

ਜਿੰਪਾ ਨੇ ਕਿਹਾ ਕਿ ਉਹ ਕੇਂਦਰੀ ਰੇਲਵੇ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਸ ਬਾਬਤ ਜਾਣੂੰ ਕਰਵਾਉਣਗੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ ਉਨ੍ਹਾਂ ਬਾਰੇ ਕਾਰਵਾਈ ਕਰਨ ਲਈ ਲਿਖਣਗੇ। ਉਨ੍ਹਾਂ ਭਾਜਪਾ ਆਗੂਆਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਏਨੇ ਨੀਵੇਂ ਪੱਧਰ ਦੀ ਰਾਜਨੀਤੀ ਕਰਕੇ ਲੋਕ ਮਨਾਂ ਵਿਚ ਭਾਜਪਾ ਆਗੂਆਂ ਦਾ ਸਤਿਕਾਰ ਹੋਰ ਘਟੇਗਾ। ਜਿੰਪਾ ਨੇ ਕਿਹਾ ਕਿ ਲੋਕਾਂ ਨੇ ਜਿਨ੍ਹਾਂ ਨੂੰ ਆਪਣੇ ਨੁਮਾਇੰਦੇ ਵੱਜੋਂ ਚੁਣਿਆ ਹੈ ਉਨ੍ਹਾਂ ਨੂੰ ਸਰਕਾਰੀ ਸਮਾਗਮਾਂ ਤੋਂ ਤਾਂ ਦੂਰ ਰੱਖਿਆ ਜਾ ਸਕਦਾ ਹੈ ਪਰ ਲੋਕਾਂ ਦੇ ਦਿਲਾਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਅਤੇ ਲੋਕ ਭਲਾਈ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੇਲ ਗੱਡੀ ਨੰਬਰ 14012/14011 ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਰੇਲ ਗੱਡੀ ਦਾ ਆਗਰਾ ਤੱਕ ਵਿਸਥਾਰ ਕੀਤਾ ਗਿਆ ਹੈ। ਮਥੁਰਾ ਸਟੇਸ਼ਨ ‘ਤੇ ਉਤਰ ਕੇ ਸ਼ਰਧਾਲੂ ਵਰਿੰਦਾਵਨ ਤੱਕ ਦਾ ਸਫਰ ਹੁਣ ਅਸਾਨੀ ਨਾਲ ਕਰ ਸਕਣਗੇ। ਜਿੰਪਾ ਨੇ ਲੋਕਾਂ ਦੀ ਇਸ ਮੰਗ ਲਈ ਨਿੱਜੀ ਪੱਧਰ ‘ਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਸਨ।  

No comments:


Wikipedia

Search results

Powered By Blogger