ਮੋਹਾਲੀ, 25 ਅਗਸਤ : ਭਾਰਤ ਦੇ ਗੁਆਂਢੀ ਦੇਸ਼ ਤਿੱਬਤ ਨੂੰ ਚੀਨ ਦੇ ਕਬਜ਼ੇ ਹੇਠੋਂ ਆਜ਼ਾਦ ਕਰਵਾਉਣ ਦੇ ਲਈ ਭਾਰਤ ਵਿੱਚ ਸਰਗਰਮ ਸੰਸਥਾ ਭਾਰਤ ਤਿੱਬਤ ਸੰਘ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਹੋਈ। ਇਥੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਰਤ ਤਿੱਬਤ ਸੰਘ ਦੇ ਇੰਚਾਰਜ (ਉਤਰ ਭਾਰਤ) ਡਾ. ਕੁਲਦੀਪ ਸ਼ਰਮਾ ਅਤੇ ਕੌਮੀ ਸਕੱਤਰ ਸ੍ਰੀ ਦਿਨੇਸ਼ ਜਿੰਦਲ ਦਾ ਪੰਜਾਬ ਦੀ ਜਥੇਬੰਦੀ ਵਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਉਪਰੰਤ ਡਾ. ਕੁਲਦੀਪ ਸ਼ਰਮਾ ਅਤੇ ਸ੍ਰੀ ਦਿਨੇਸ਼ ਜਿੰਦਲ ਨੇ ਸ. ਮਨਜੀਤ ਸਿੰਘ ਮੋਹਾਲੀ ਨੂੰ ਭਾਰਤ ਤਿੱਬਤ ਸੰਘ, ਪੰਜਾਬ ਦਾ ਜਨਰਲ ਸਕੱਤਰ ਥਾਪਿਆ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਕੁਲਦੀਪ ਸ਼ਰਮਾ ਨੇ ਦੱਸਿਆ ਕਿ ਚੀਨ ਦੀਆਂ ਜ਼ਿਆਦਤੀਆਂ ਤੋਂ ਤੰਗ ਆਏ ਤਿੱਬਤੀ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਅਸੀਂ ਇਸ ਸੰਸਥਾ ਦੀ ਸਥਾਪਨਾ ਕੀਤੀ ਹੈ। ਉਹਨਾਂ ਦੱਸਿਆ ਇਸ ਸੰਸਥਾ ਦੀ ਪ੍ਰਤੀਨਿਧਤਾ ਕਰ ਰਹੇ ਉੱਘੇ ਸਾਬਕਾ ਜੱਜ, ਆਈਏਐਸ ਅਤੇ ਸੂਝਵਾਨ ਲੋਕ ਪੂਰੇ ਭਾਰਤ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਅਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਤੇ ਇਨਸਾਨੀਅਤ ਦੇ ਨਾਤੇ ਇਹ ਕਾਰਜ ਆਰੰਭਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜਥੇਬੰਦੀ ਅਤੇ ਲੋਕਾਂ ਦੇ ਆਪਸੀ ਸਹਿਯੋਗ ਸਦਕਾ ਅਸੀਂ ਚੀਨ ਦੇ ਕਬਜ਼ੇ ਵਿਚੋਂ ਤਿੱਬਤ ਨੂੰ ਆਜ਼ਾਦ ਕਰਵਾਉਣ ਵਿਚ ਸਫ਼ਲ ਹੋਵਾਂਗੇ। ਉਹਨਾਂ ਦਸਿਆ ਕਿ ਇਸ ਦਾ ਸਿੱਧੇ ਤੌਰ 'ਤੇ ਫਾਇਦਾ ਭਾਰਤ ਨੂੰ ਹੋਵੇਗਾ, ਕਿਉਂਕਿ ਨੂੰ ਚੀਨ ਤੋਂ ਇਕੋ ਇਕ ਖ਼ਤਰਾ ਤਿੱਬਤ ਦੇ ਬਾਰਡਰ ਰਾਹੀਂ ਹੈ। ਜੇਕਰ ਤਿੱਬਤ ਆਜ਼ਾਦ ਹੋ ਗਿਆ ਤਾਂ ਤਿੱਬਤ ਦੇ ਭਾਰਤ ਨਾਲ ਭਾਈਵਾਲੀ ਹੋਰ ਵਧੇਗੀ ਅਤੇ ਭਾਰਤੀ ਲੋਕ ਤਿੱਬਤ ਵਿਚ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਆ-ਜਾ ਸਕਣਗੇ।
ਇਸ ਦੌਰਾਨ ਨਵੇਂ ਥਾਪੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਭਾਰਤ ਤਿੱਬਤ ਸੰਘ ਵਲੋਂ ਉਹਨਾਂ ਨੂੰ ਜੋ ਜ਼ਿੰਮੇਦਾਰੀ ਸੌਂਪੀ ਗਈ ਹੈ। ਉਹ ਉਸ ਲਈ ਦਿਨ-ਰਾਤ ਮਿਹਨਤ ਕਰਕੇ ਅੱਗੇ ਤੋਰਨਗੇ ਅਤੇ ਤਿੱਬਤ ਵਾਸੀਆਂ ਨੂੰ ਆਜ਼ਾਦ ਕਰਵਾਉਣ ਲਈ ਅਵਾਜ਼ ਬੁਲੰਦ ਕਰਨਗੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਮੱਖਣ ਲਾਲ ਬੱਲ੍ਹੋ ਸਟੇਟ ਪ੍ਰਧਾਨ (ਪੰਜਾਬ), ਜੋਗਿੰਦਰ ਸਿੰਗਲਾ ਵਾਇਸ ਪ੍ਰਧਾਨ ਪੰਜਾਬ ਸਮੇਤ ਹੋਰ ਆਗੂ ਅਤੇ ਪਤਵੰਤੇ ਹਾਜ਼ਰ ਸਨ।


No comments:
Post a Comment