SBP GROUP

SBP GROUP

Search This Blog

Total Pageviews

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਵੱਲੋਂ ਮੁਬਾਰਕਪੁਰ ਆਰ ਯੂ ਬੀ ਦੀਆਂ ਪਹੁੰਚ ਸੜਕਾਂ ਦੀ ਮੁਰੰਮਤ ਲਈ 60 ਲੱਖ ਰੁਪਏ ਦੇ ਫੰਡ ਮਨਜ਼ੂਰ

ਨਸ਼ਾ ਮੁਕਤ ਪਿੰਡਾਂ ਨੂੰ ਜਿੰਮ ਕਿੱਟਾਂ ਦੇਣ ਲਈ ਡੀ.ਐਮ ਐੱਫ ਵੱਲੋਂ 27.50 ਲੱਖ ਨੂੰ ਮਨਜ਼ੂਰੀ

ਐਸ.ਏ.ਐਸ.ਨਗਰ, 15 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਕੀਤੀ ਮੀਟਿੰਗ ਦੌਰਾਨ ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੀ ਮੁਰੰਮਤ ਲਈ 60 ਲੱਖ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ।


      ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਜੈਨ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਇਹ ਰਸਤਾ ਨੁਕਸਾਨਿਆ ਗਿਆ ਸੀ ਅਤੇ ਰੇਲਵੇ ਅੰਡਰ ਬ੍ਰਿਜ ਨੂੰ ਰੇਲਵੇ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ, ਇਸ ਲਈ ਰੱਖ-ਰਖਾਅ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਣਾ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ 1.20 ਕਰੋੜ ਰੁਪਏ ਦਾ ਅਨੁਮਾਨ ਤਿਆਰ ਕੀਤਾ ਗਿਆ ਹੈ।  ਕੁੱਲ ਰਕਮ ਵਿੱਚੋਂ ਅੱਧਾ ਹਿੱਸਾ ਲੋਕ ਨਿਰਮਾਣ ਵਿਭਾਗ ਵੱਲੋਂ ਸਹਿਣ ਕੀਤਾ ਜਾਣਾ ਹੈ ਜਦਕਿ ਬਾਕੀ ਹਿੱਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਆਪਣੇ ਹਿੱਸੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਜਲਦੀ ਤੋਂ ਜਲਦੀ ਟੈਂਡਰ ਜਾਰੀ ਕਰਨ ਲਈ ਬਾਕੀ ਰਕਮ ਜਾਰੀ ਕਰਨ ਲਈ ਪੀ ਡਬਲਯੂ ਡੀ ਮੁੱਖ ਦਫ਼ਤਰ ਨੂੰ ਸੂਚਨਾ ਭੇਜ ਦਿੱਤੀ ਜਾਵੇਗੀ।

     ਇਸ ਤੋਂ ਇਲਾਵਾ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਵੱਲੋਂ ਘੱਗਰ ਅਤੇ ਟਾਂਗਰੀ ਦੇ ਕੰਢਿਆਂ 'ਤੇ 12000 ਬਾਂਸ ਦੇ ਬੂਟੇ ਲਗਾਉਣ ਦੀ ਵੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਦੋਵਾਂ ਨਦੀਆਂ ਦੇ ਕੰਢਿਆਂ ਦੀ ਮਿੱਟੀ ਨੂੰ ਮਜ਼ਬੂਤ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਬਾਂਸ ਦੇ ਰੁੱਖ ਮਿੱਟੀ ਨੂੰ ਖੁਰਨ ਤੋਂ ਬਚਾਅ ਦਾ ਕੰਮ ਕਰਨਗੇ।

    ਇਸੇ ਤਰ੍ਹਾਂ ਫਾਊਂਡੇਸ਼ਨ ਨੇ ਡੇਰਾਬੱਸੀ ਬਲਾਕ ਦੇ 11 ਪਿੰਡਾਂ ਨੂੰ ਜਿੰਮ ਕਿੱਟਾਂ/ਸਾਮਾਨ ਮੁਹੱਈਆ ਕਰਵਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ, ਉਨ੍ਹਾਂ ਪਿੰਡਾਂ ਦੀ ਇਸ ਲਈ ਚੋਣ ਕੀਤੀ ਗਈ ਹੈ, ਜਿਸ ਨਾਲ ਹੋਰਨਾਂ ਪਿੰਡਾਂ ਨੂੰ ਵੀ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਹਰੇਕ ਪਿੰਡ ਨੂੰ 2.5 ਲੱਖ ਰੁਪਏ ਅਤੇ ਇਸ ਤਰ੍ਹਾਂ ਕੁੱਲ 27.5 ਲੱਖ ਰੁਪਏ ਦੀਆਂ ਜਿੰਮ ਕਿੱਟ/ਸਾਮਾਨ ਦਿੱਤੇ ਜਾਣਗੇ।

    ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹਾਂ ਦੌਰਾਨ ਸਪਲਾਈ ਬੰਦ ਕਰ ਦੇਣ ਵਾਲੀਆਂ ਤਿੰਨ ਜਨਤਕ ਰੇਤ ਖਾਣਾਂ ਪਿਛਲੇ ਦੋ ਹਫ਼ਤਿਆਂ ਤੋਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਸਸਤੀ ਰੇਤ ਪਿਟ  ਹੈੱਡਜ਼ 'ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਅਤੇ ਲੋਡਿੰਗ ਦੀ ਲਾਗਤ ਖਰੀਦਦਾਰ ਦੀ ਆਪਣੀ ਹੋਵੇਗੀ। ਜਿਨ੍ਹਾਂ ਸਾਈਟਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਟਾਂਗਰੀ-1, 2 ਅਤੇ 5 ਸ਼ਾਮਲ ਹਨ।

    ਮੀਟਿੰਗ ਵਿੱਚ ਏ.ਡੀ.ਸੀਜ਼ ਵਿਰਾਜ ਐਸ.ਤਿੜਕੇ, ਦਮਨਜੀਤ ਸਿੰਘ ਮਾਨ, ਐਸ.ਡੀ.ਐਮ ਚੰਦਰਜੋਤੀ ਸਿੰਘ, ਏ.ਸੀ.(ਯੂ.ਟੀ.) ਡੇਵੀ ਗੋਇਲ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਇੰਦਰ ਪਾਲ ਤੋਂ ਇਲਾਵਾ ਡੀ.ਡੀ.ਪੀ.ਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਤ ਗਰੋਵਰ ਹਾਜ਼ਰ ਸਨ।

No comments:


Wikipedia

Search results

Powered By Blogger