ਮੋਹਾਲੀ 15 ਜਨਵਰੀ : ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਸਬੰਧੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਮੋਹਾਲੀ ਸ਼ਹਿਰ ਦੀ ਗੁਰਜੋਤ ਸ਼ਾਨ ਨੂੰ ਨਵੇਂ ਸਾਲ ਮੌਕੇ ਬਿਜਨਸ ਐਂਡ ਐਂਟਰਪਰੀਨੀਊਰ ਐਵਾਰਡ 2024 ਨਾਲ ਸਨਮਾਨਿਤ ਕੀਤਾ ਹੈ। ਗੁਰਜੋਤ ਨੂੰ ਇਹ ਸਨਮਾਨ ਅੰਦਰੂਨੀ ਸਾਜੋ-ਸਜਾਵਟ ਲਈ ਦਿੱਤਾ ਗਿਆ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੰਤਰੀ ਮਾਨ ਨੇ ਕਿਹਾ ਕਿ ਗੁਰਜੋਤ ਵੱਲੋਂ ਅੰਦਰੂਨੀ ਸਾਜੋ-ਸਜਾਵਟ ਪ੍ਰਤੀ ਜਿੰਨੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ, ਉਸ ਦੇ ਸਾਹਮਣੇ ਕਈ ਸਨਮਾਨ ਛੋਟੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਜ ਬੇਹੱਦ ਸੰਜੀਦਗੀ ਭਰਿਆ ਹੁੰਦਾ ਹੈ, ਜਿਸ ਲਈ ਗੁਰਜੋਤ ਪੂਰੀ ਤਰ੍ਹਾਂ ਸਫਲਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਜੋਤ ਦੀ ਕਲਾਕਾਰੀ ਬੇਮਿਸਾਲ ਹੈ। ਬੀਤੇ ਸਾਲ ਵੀ ਗੁਰਜੋਤ ਸ਼ਾਨ ਨੂੰ ਡਿਜ਼ਾਈਨਜ਼ ਗਲੋਬਲ ਬਿਜਨਸ ਆਈਈਸੀ ਆਰਕੀਟੈਕਟ ਦੇ ਵਾਊ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਮੌਕੇ ਆਪਣੀਆਂ ਪ੍ਰਾਪਤੀਆਂ ਸਬੰਧੀ ਜ਼ਿਕਰ ਕਰਦਿਆਂ ਗੁਰਜੋਤ ਸ਼ਾਨ ਨੇ ਕਿਹਾ ਕਿ ਆਧੁਨਿਕਤਾ ਭਰੇ ਇੰਟਰਨੈਟ ਮੀਡੀਆ ਨੇ ਲੋਕਾਂ ਦੀ ਸੋਚ ਵਿੱਚ ਲਾਮਿਸਾਲ ਤਬਦੀਲੀਆਂ ਲਿਆਂਦੀਆਂ ਹਨ।ਉਨ੍ਹਾਂ ਮੁਤਾਬਿਕ ਪਹਿਲਾਂ ਜ਼ਿਆਦਾਤਰ ਅਮੀਰ ਵਰਗ ਹੀ ਇੰਟਰੀਅਰ ਡਿਜ਼ਾਇਨ ਨੂੰ ਪਹਿਲ ਦਿੰਦੇ ਸਨ ਪਰ ਹੁਣ ਇਸ ਦੌੜ ਵਿੱਚ ਲੱਗਭਗ ਹਰ ਵਰਗ ਸ਼ਾਮਿਲ ਹੋ ਚੁੱਕਾ ਹੈ। ਉਨ੍ਹਾਂ ਮੁਤਾਬਿਕ ਰਹਿਣ ਸਹਿਣ ਦੇ ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਨੇ ਇੰਟਰੀਅਰ ਡਿਜ਼ਾਇੰਨਿੰਗ ਦੇ ਖੇਤਰ ਲਈ ਨਵੇਂ ਦਿਸਹੱਦੇ ਸਿਰਜ਼ੇ ਹਨ।ਉਨ੍ਹਾਂ ਕਿਹਾ ਕਿ ਘੱਟ ਸਥਾਨ ਵਿੱਚ ਵੱਧ ਤੋਂ ਵੱਧ ਸਹੂਲਤਾਂ ਨਾਲ ਭਰਪੂਰ ਮਕਾਨ ਇਸ ਸਮੇਂ ਹਰ ਕਿਸੇ ਦੀ ਜਰੂਰਤ ਬਣੀ ਹੋਈ ਹੈ।ਜਿਸ ਪ੍ਰਤੀ ਬੱਜਟ ਦੀ ਸੀਮਾ ਵੀ ਅਹਿਮ ਬਣੀ ਹੋਈ ਹੈ। ਉਨ੍ਹਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਨਾਲ ਉਨ੍ਹਾਂ ਦੀ ਜਿੰਮੇਵਾਰੀ ਹੋਰ ਵਧ ਜਾਂਦੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਹੋਰ ਜ਼ਿਆਦਾ ਗੰਭੀਰ ਹੋਣ।
No comments:
Post a Comment